1. ਮੁੱਖ ਪੰਨਾ
  2. ਸਮਾਜ
  3. ਮੂਲਨਿਵਾਸੀ

ਜੋਇਸ ਇਚੈਕੁਆਨ ਦੀ ਮੌਤ ਨੂੰ ਪੂਰੇ ਹੋਏ ਦੋ ਸਾਲ

ਜਾਂਚ ਤੋਂ ਬਾਅਦ ਇਸ ਮੂਲਨਿਵਾਸੀ ਔਰਤ ਦੀ ਮੌਤ ਦਾ ਇੱਕ ਅਹਿਮ ਕਾਰਨ ‘ਨਸਲਵਾਦ’ ਦੱਸਿਆ ਗਿਆ ਸੀ

ਜੋਇਸ ਇਚੈਕੁਆਨ

28 ਸਤੰਬਰ 2022 ਨੂੰ ਮੂਲਨਿਵਾਸੀ ਔਰਤ ਜੋਇਸ ਇਚੈਕੁਆਨ ਦੀ ਮੌਤ ਨੂੰ ਪੂਰੇ ਦੋ ਸਾਲ ਬੀਤ ਗਏ ਹਨ। ਜੋਇਸ ਨੇ ਆਪਣੇ ਆਖ਼ਰੀ ਪਲਾਂ ਵਿਚ ਹੌਸਪਿਟਲ ਦੇ ਕਮਰੇ ਚੋਂ ਇੱਕ ਵੀਡਿਉ ਬਣਾਈ ਸੀ ਜਿਸ ਵਿਚ ਇੱਕ ਨਰਸ ਜੋਇਸ ਦਾ ਅਪਮਾਨ ਕਰਦੀ ਦੇਖੀ ਜਾ ਸਕਦੀ ਹੈ। ਕੋਰੋਨਰ ਨੇ ਕਿਹਾ ਸੀ ਕਿ ਨਸਲਵਾਦ ਜੋਇਸ ਦੀ ਮੌਤ ਦਾ ਵੱਡਾ ਕਾਰਨ ਸੀ।

ਤਸਵੀਰ: Radio-Canada / Jean-François Fortier

RCI

ਅੱਜ ਜੋਇਸ ਇਚੈਕੁਆਨ ਨੂੰ ਇਸ ਸੰਸਾਰ ਤੋਂ ਰੁਖ਼ਸਤ ਹੋਇਆਂ ਦੋ ਸਾਲ ਬੀਤ ਗਏ ਹਨ, ਪਰ ਮੂਲਨਿਵਾਸੀ ਭਾਈਚਾਰੇ ਲਈ ਉਸਦੀ ਮੌਤ ਅਭੁੱਲ ਹੈ।

28 ਸਤੰਬਰ 2020 ਨੂੰ, ਸੱਤ ਬੱਚਿਆਂ ਦੀ 37 ਸਾਲਾ ਮਾਂ ਜੋਇਸ ਇਚੈਕੁਆਨ ਨੇ, ਕਿਉਬੈਕ ਦੇ ਜੋਲਿਐਟ ਸ਼ਹਿਰ ਵਿਚ ਸਥਿਤ ਹਸਪਤਾਲ ਵਿਚ ਦਮ ਤੋੜਿਆ ਸੀ। ਉਹ ਫ਼ੇਫ਼ੜਿਆਂ ਨਾਲ ਸਬੰਧਤ ਬਿਮਾਰੀ ਕਾਰਨ ਹਸਪਤਾਲ ਵਿਚ ਭਰਤੀ ਹੋਈ ਸੀ। ਜੋਇਸ ਇਚੈਕੁਆਨ ਐਟੀਕਾਮੇਕੂ ਮੂਲਨਿਵਾਸੀ ਭਾਈਚਾਰੇ ਨਾਲ ਸਬੰਧਤ ਸੀ।

ਹਸਪਤਾਲ ਦੇ ਕਮਰੇ ਚੋਂ ਜੋਇਸ ਨੇ ਆਪਣੀ ਦਰਦ ਚ ਰੋਂਦਿਆਂ ਦੀ ਇੱਕ ਵੀਡਿਉ ਬਣਾਕੇ ਪ੍ਰਸਾਰਿਤ ਕੀਤੀ ਸੀ ਜਿਸ ਵਿਚ ਉਸਦੀ ਜ਼ਿੰਦਗੀ ਦੇ ਆਖ਼ਰੀ ਪਲਾਂ ਦੌਰਾਨ ਨਰਸਾਂ ਉਸਦਾ ਅਪਮਾਨ ਕਰ ਰਹੀਆਂ ਸਨ ਅਤੇ ਮਜ਼ਾਖ਼ ਉਡਾ ਰਹੀਆਂ ਸਨ। ਇਸ ਘਟਨਾ ਤੋਂ ਬਾਅਦ ਹੈਲਥ ਕੇਅਰ ਸਿਸਟਮ ਵਿਚ ਮੌਜੂਦ ਨਸਲਵਾਦ ਅਤੇ ਇਸਨੂੰ ਖ਼ਤਮ ਕਰਨ ਦੀ ਚਰਚਾ ਸਰਗਰਮ ਹੋ ਗਈ ਸੀ।

ਜੋਇਸ ਇਚੈਕੁਆਨ

ਜੋਇਸ ਇਚੈਕੁਆਨ ਦੀ ਮੌਤ ਦੀ ਕੋਰੋਨਰ ਵੱਲੋਂ ਜਾਂਚ ਕੀਤੀ ਗਈ ਸੀ ਜਿਸ ਵਿਚ ਪਤਾ ਲੱਗਿਆ ਕਿ ਜੋਇਸ ਦੀ ਮੌਤ ਦਾ ਵੱਡਾ ਕਾਰਨ ਨਸਲਵਾਦ ਅਤੇ ਪੱਖਪਾਤ ਸੀ।

ਤਸਵੀਰ: Facebook

ਜੋਇਸ ਦੀ ਮੌਤ ਦੀ ਜਾਂਚ ਕਰ ਰਹੀ ਕੋਰੋਨਰ ਜੀਹੈਨ ਕੈਮਲ ਨੇ ਪਿਛਲੇ ਸਾਲ ਆਪਣੀ ਰਿਪੋਰਟ ਵਿਚ ਕਿਹਾ ਸੀ ਕਿ ਨਸਲਵਾਦ ਅਤੇ ਵਿਤਕਰਾ ਜੋਇਸ ਦੀ ਮੌਤ ਦਾ ਅਹਿਮ ਕਾਰਨ ਬਣੇ ਸਨ ਅਤੇ ਉਸਦੀ ਮੌਤ ਕੁਦਰਤੀ ਨਹੀਂ ਸਗੋਂ ਇੱਕ ‘ਹਾਦਸਾ’ ਸੀ ਕਿਉਂਕਿ ਉਸਨੂੰ ਉਹ ਹੈਲਥ ਸੇਵਾ ਨਹੀਂ ਮਿਲੀ ਜਿਸ ਦੀ ਉਹ ਹੱਕਦਾਰ ਸੀ। 

ਕੋਰੋਨਰ ਮੁਤਾਬਕ ਜੋਇਸ ਨੂੰ ਬਿਹਤਰ ਕੇਅਰ ਦੇ ਨਾਲ ਬਚਾਇਆ ਜਾ ਸਕਦਾ ਸੀ। ਜੋਇਸ ਦੇ ਪਤੀ ਕੈਰਲ ਡੂਬ ਨੇ ਕਿਹਾ ਸੀ ਕਿ ਜੋਇਸ ਮੂਲਨਿਵਾਸੀ ਹੋਣ ਕਰਕੇ ਮਾਰੀ ਗਈ ਹੈ। ਕੋਰੋਨਰ ਕੈਮਲ ਨੇ ਆਪਣੀ ਰਿਪੋਰਟ ਵਿਚ ਲਿਖਿਆ ਸੀ ਕਿ ਜੋਇਸ ਨੂੰ ਨਸ਼ੇੜੀ ਵੀ ਗਰਦਾਨਿਆ ਗਿਆ ਸੀ ਜਦ ਕਿ ਉਸਦੇ ਨਸ਼ੇ ਕਰਨ ਦਾ ਕੋਈ ਸਬੂਤ ਨਹੀਂ ਸੀ।

ਜੋਇਸ ਦੀ ਮੌਤ ਤੋਂ ਬਾਅਦ ਐਟੀਕਾਮੇਕੂ ਮੂਲਨਿਵਾਸੀ ਭਾਈਚਾਰੇ ਨੇ ਸਰਕਾਰ ਨੂੰ ਜੋਇਸ ਸਿਧਾਂਤ (ਨਵੀਂ ਵਿੰਡੋ) ਦੇ ਰੂਪ ਵਿਚ, ਕੁਝ ਸਿਫ਼ਾਰਸ਼ਾਂ ਕੀਤੀਆਂ ਸਨ, ਜਿਹਨਾਂ ਦਾ ਉਦੇਸ਼ ਮੂਲਨਿਵਾਸੀ ਭਾਈਚਾਰਿਆਂ ਨੂੰ ਪੱਖਪਾਤ ਤੋਂ ਮੁਕਤ ਹੈਲਥ ਕੇਅਰ ਸੇਵਾਵਾਂ ਸੁਨਿਸ਼ਚਿਤ ਕੀਤੇ ਜਾਣ ਨੂੰ ਸੂਬਾਈ ਕਾਨੂੰਨ ਵਿਚ ਸ਼ਾਮਲ ਕਰਵਾਉਣਾ ਸੀ।

ਸੂਬਾ ਸਰਕਾਰ ਨੇ ਇਸ ਜੋਇਸ ਸਿਧਾਂਤ ਦੀਆਂ ਤਜਵੀਜ਼ਾਂ ‘ਤੇ ਅਧਾਰਤ ਕਾਨੂੰਨ ਬਣਾਉਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਇਹਨਾਂ ਸਿਫ਼ਾਰਸ਼ਾਂ ਵਿਚ ‘ਸੰਸਥਾਗਤ ਨਸਲਵਾਦ’ ਦਾ ਜ਼ਿਕਰ ਸੀ। 

ਕਿਊਬੈਕ ਪ੍ਰੀਮੀਅਰ ਫ਼੍ਰੈਂਸੁਆ ਲਿਗੋਅ

ਪ੍ਰੀਮੀਅਰ ਫ਼੍ਰੈਂਸੁਆ ਲਿਗੋਅ ਕਹਿੰਦੇ ਰਹੇ ਹਨ ਕਿ ਉਹ ਨਹੀਂ ਮੰਨਦੇ ਕਿ ਕਿਊਬੈਕ ਵਿਚ ਸੰਸਥਾਗਤ ਨਸਲਵਾਦ ਮੌਜੂਦ ਹੈ।

ਤਸਵੀਰ: La Presse canadienne / Jacques Boissinot

ਪ੍ਰੀਮੀਅਰ ਲਿਗੋਅ ਹਮੇਸ਼ਾ ਤੋਂ ਸੂਬੇ ਵਿਚ ਸੰਸਥਾਗਤ ਨਸਲਵਾਦ ਮੌਜੂਦ ਹੋਣ ਨੂੰ ਅਸਵੀਕਾਰ ਕਰਦੇ ਰਹੇ ਹਨ।

ਉਹਨਾਂ ਦਾ ਕਹਿਣਾ ਹੈ ਕਿ ਲੋਕ ਨਸਲਵਾਦੀ ਹੁੰਦੇ ਹਨ, ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਪੂਰਾ ਹੈਲਥ ਸਿਸਟਮ ਨਸਲਵਾਦੀ ਹੈ।

ਗ਼ੌਰਤਲਬ ਹੈ ਕਿ ਫ਼੍ਰੈਸੁਆ ਲਿਗੋਅ ਦੇ ਜੋਇਸ ਇਚੈਕੁਆਨ ਦੀ ਮੌਤ ਨਾਲ ਸਬੰਧਤ ਤਾਜ਼ਾ ਦਾਅਵਿਆਂ ਨੇ ਵੀ ਵਿਵਾਦ ਖੜਾ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਮੁਆਫ਼ੀ ਮੰਗਣੀ ਪਈ ਹੈ।

ਬੀਤੇ ਦਿਨੀਂ ਲਿਗੋਅ ਨੇ ਕਿਹਾ ਸੀ ਕਿ ਹਸਪਤਾਲ ਵਿਚ ਜੋਇਸ ਨਾਲ ਜੋ ਸਮੱਸਿਆ ਪੇਸ਼ ਆਈ ਸੀ, ਉਹ ਹੁਣ ਹੱਲ ਹੋ ਗਈ ਹੈ। ਕਿਊਬੈਕ ਵਿਚ ਸੂਬਾਈ ਚੋਣਾਂ ਦੇ ਮੱਦੇਨਜ਼ਰ ਹੋਈ ਇੱਕ ਡਿਬੇਟ ਵਿਚ ਫ਼੍ਰੈਂਸੁਆ ਲਿਗੋਅ ਸੰਸਥਾਗਤ ਨਸਲਵਾਦ ਦੀ ਮੌਜੂਦਗੀ ਨੂੰ ਅਸਵੀਕਾਰ ਕਰਨ ਦੌਰਾਨ ਦਿੱਤੀ ਦਲੀਲ ਵਿਚ ਅਜਿਹਾ ਬੋਲੇ ਸਨ।

ਬਾਅਦ ਵਿਚ ਉਹਨਾਂ ਨੇ ਮੁਆਫ਼ੀ ਮੰਗਦਿਆਂ ਕਿਹਾ ਸੀ ਕਿ ਉਹਨਾਂ ਦਾ ਕਿਸੇ ਨੂੰ ਦੁੱਖ ਪਹੁੰਚਾਉਣ ਦਾ ਇਰਾਦਾ ਨਹੀਂ ਸੀ ਅਤੇ ਉਹਨਾਂ ਨੇ ਸਵੀਕਾਰਿਆ ਕਿ ਅਜੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੋਣਾ ਬਾਕੀ ਹੈ।

ਡਿਬੇਟ ਦੌਰਾਨ ਲਿਗੋਅ ਨੇ ਕਿਹਾ ਸੀ ਕਿ ਨਸਲਵਾਦ ਨਾਲ ਲੜਾਈ ਵਿਚ ਇਕਜੁਟ ਹੋਣ ਦੀ ਜ਼ਰੂਰਤ ਹੈ ਅਤੇ ਉਹਨਾਂ ਨੇ ਮੂਲਨਿਵਾਸੀ ਭਾਈਚਾਰੇ ਲਈ ਹੈਲਥ ਕੇਅਰ ਅਤੇ ਹੋਰ ਸੇਵਾਵਾਂ ਵਿਚ ਸੁਧਾਰ ਲਈ ਆਪਣੇ ਵੱਲੋਂ ਕੀਤੀ 200 ਮਿਲੀਅਨ ਡਾਲਰ ਦੀ ਵਚਨਬੱਧਤਾ ‘ਤੇ ਵੀ ਜ਼ੋਰ ਦਿੱਤਾ।

ਐਟੀਕਾਮੇਕੂ ਨੇਸ਼ਨ ਦੇ ਗ੍ਰੈਂਡ ਚੀਫ਼ ਕੌਂਸਟੈਂਟ ਅਵਾਸ਼ੀਸ਼

ਐਟੀਕਾਮੇਕੂ ਨੇਸ਼ਨ ਦੇ ਗ੍ਰੈਂਡ ਚੀਫ਼ ਕੌਂਸਟੈਂਟ ਅਵਾਸ਼ੀਸ਼ ਨੇ ਕਿਹਾ ਕਿ ਉਹ ਪ੍ਰੀਮੀਅਰ ਲਿਗੋਅ ਦੀਆਂ ਟਿੱਪਣੀਆਂ ਤੋਂ ਬੇਹੱਦ ਹੈਰਾਨ ਹਨ।

ਤਸਵੀਰ: Radio-Canada / Ivanoh Demers

ਲਿਗੋਅ ਦੀਆਂ ਟਿੱਪਣੀਆਂ ਤੋਂ ਬਾਅਦ ਐਟੀਕਾਮੇਕੂ ਮੂਲਨਿਵਾਸੀ ਭਾਈਚਾਰਾ ਕਾਫ਼ੀ ਹੈਰਾਨ ਹੋਇਆ ਹੈ। ਐਟੀਕਾਮੇਕੂ ਨੇਸ਼ਨ ਦੇ ਗ੍ਰੈਂਡ ਚੀਫ਼ ਕੌਂਸਟੈਂਟ ਅਵਾਸ਼ੀਸ਼ ਨੇ ਕਿਹਾ ਕਿ ਉਹ ਪ੍ਰੀਮੀਅਰ ਲਿਗੋਅ ਦੀਆਂ ਟਿੱਪਣੀਆਂ ਤੋਂ ਬੇਹੱਦ ਹੈਰਾਨ ਹਨ। 

ਉਹਨਾਂ ਕਿਹਾ ਕਿ ਸਮੱਸਿਆ ਦਾ ਹੱਲ ਤਾਂ ਕਿਤੇ ਨੇੜੇ ਤੇੜੇ ਵੀ ਨਹੀਂ ਹੈ, ਜਿਵੇਂ ਕਿ ਪ੍ਰੀਮੀਅਰ ਨੇ ਕਿਹਾ ਹੈ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਸੂਬਾ ਸਰਕਾਰ ਨੂੰ ਸੰਸਥਾਗਤ ਨਸਲਵਾਦ ਦੀ ਮੌਜੂਦਗੀ ਸਵੀਕਾਰਨੀ ਚਾਹੀਦੀ ਹੈ ਤਾਂ ਹੀ ਇਸਦਾ ਹੱਲ ਹੋ ਸਕਦਾ ਹੈ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ