1. ਮੁੱਖ ਪੰਨਾ
  2. ਸਮਾਜ

ਓਨਟੇਰਿਓ ਵਿਚ ਘਰ ਖ਼ਰੀਦਣ ਅਤੇ ਵੇਚਣ ਦੀ ਪ੍ਰਕਿਰਿਆ ਵਿਚ ਨਸਲਵਾਦ ਮੌਜੂਦ: ਰਿਪੋਰਟ

4 ਚੋਂ 1 ਬਲੈਕ, ਮੂਲਨਿਵਾਸੀ ਅਤੇ ਗ਼ੈਰ-ਗੋਰੀ ਨਸਲ ਦੇ ਰੀਐਲਟਰਾਂ ਨੇ ਵਿਤਕਰੇ ਅਤੇ ਨਸਲਵਾਦ ਦਾ ਅਨੁਭਵ ਕੀਤਾ ਹੈ

ਸੂਬੇ ਦੀ ਰੀਅਲ ਅਸਟੇਟ ਸੰਸਥਾ, OREA ਵੱਲੋਂ ਜਾਰੀ ਨਵੀਂ ਰਿਪੋਰਟ ਅਨੁਸਾਰ ਇੱਕ ਤਿਹਾਈ ਤੋਂ ਵੱਧ ਰੀਐਲਟਰਾਂ ਨੇ ਨਸਲਵਾਦ ਜਾਂ ਵਿਤਕਰੇ ਦਾ ਅਨੁਭਵ ਕੀਤਾ ਹੈ।

ਸੂਬੇ ਦੀ ਰੀਅਲ ਅਸਟੇਟ ਸੰਸਥਾ, OREA ਵੱਲੋਂ ਜਾਰੀ ਨਵੀਂ ਰਿਪੋਰਟ ਅਨੁਸਾਰ ਇੱਕ ਤਿਹਾਈ ਤੋਂ ਵੱਧ ਰੀਐਲਟਰਾਂ ਨੇ ਨਸਲਵਾਦ ਜਾਂ ਵਿਤਕਰੇ ਦਾ ਅਨੁਭਵ ਕੀਤਾ ਹੈ।

ਤਸਵੀਰ:  (Evan Mitsui/CBC)

RCI

ਓਨਟੇਰਿਓ ਰੀਅਲ ਅਸਟੇਟ ਅਸੋਸੀਏਸ਼ਨ ਦੀ ਨਵੀਂ ਰਿਪੋਰਟ ਦਰਸਾਉਂਦੀ ਹੈ ਕਿ ਘਰ ਖ਼ਰੀਦਣ ਅਤੇ ਵੇਚਣ ਦੀ ਪ੍ਰਕਿਰਿਆ ਦੌਰਾਨ ਰੀਐਲਟਰ ਅਤੇ ਕਲਾਇੰਟਸ ਵਿਤਕਰੇ ਅਤੇ ਨਸਲਵਾਦ ਦਾ ਸਾਹਮਣਾ ਕਰ ਰਹੇ ਹਨ, ਪਰ ਅਜਿਹੇ ਮਾਮਲਿਆਂ ਨੂੰ ਰਿਪੋਰਟ ਕਰਨ ਦਾ ਕੋਈ ਕਾਰਗਰ ਤਰੀਕਾ ਉਪਲਬਧ ਨਹੀਂ ਹੈ।

ਫ਼ਾਈਟਿੰਗ ਫ਼ੌਰ ਫ਼ੇਅਰ ਹਾਊਸਿੰਗ ਰਿਪੋਰਟ ਅਨੁਸਾਰ ਇੱਕ ਤਿਹਾਈ ਤੋਂ ਵੱਧ ਰੀਐਲਟਰਾਂ ਨੇ ਨਸਲਵਾਦ ਜਾਂ ਵਿਤਕਰੇ ਦਾ ਅਨੁਭਵ ਕੀਤਾ ਹੈ ਅਤੇ ਹਰੇਕ ਚਾਰ ਵਿਚੋਂ ਇੱਕ BIPOC ਯਾਨੀ ਬਲੈਕ, ਮੂਲਨਿਵਾਸੀ ਜਾਂ ਗ਼ੈਰ-ਗੋਰੇ ਭਾਈਚਾਰੇ ਨਾਲ ਸਬੰਧਤ ਰੀਐਲਟਰ ਨੇ ਕਿਹਾ ਕਿ ਉਹਨਾਂ ਦੀ ਪਛਾਣ ਕਰਕੇ ਕਲਾਇੰਟਸ ਨੇ ਉਹਨਾਂ ਨਾਲ ਕੰਮ ਕਰਨ ਤੋਂ ਇਨਕਾਰ ਵੀ ਕੀਤਾ ਹੈ।

10 ਵਿਚੋਂ 2 ਗਾਹਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਛਾਣ ਕਾਰਨ ਉਹਨਾਂ ਨਾਲ ਗ਼ਲਤ ਵਿਵਹਾਰ ਕੀਤਾ ਜਾ ਚੁੱਕਾ ਹੈ, ਅਤੇ ਬਲੈਕ, ਮੂਲਨਿਵਾਸੀ, ਗ਼ੈਰ-ਗੋਰੀ ਨਸਲ ਅਤੇ ਐਲ.ਜੀ.ਬੀ.ਟੀ.ਕਿਊ. ਭਾਈਚਾਰੇ ਨਾਲ ਸਬੰਧਤ ਵਿਅਕਤੀਆਂ ਨਾਲ ਅਜਿਹਾ ਵਧੇਰੇ ਹੋਇਆ ਹੈ।

ਰਿਪੋਰਟ ਨੇ ਓਨਟੇਰਿਓ ਰੀਅਲ ਅਸਟੇਟ ਅਸੋਸੀਏਸ਼ਨ ਨੂੰ ਅਜਿਹੀ ਪ੍ਰਕਿਰਿਆ ਤਿਆਰ ਕਰਨ ਲਈ ਵੀ ਉਤਸ਼ਾਹਿਤ ਕੀਤਾ ਹੈ ਜਿੱਥੇ ਇਸ ਸੈਕਟਰ ਵਿਚ ਨਸਲਵਾਦ ਅਤੇ ਵਿਤਕਰੇ ਬਾਰੇ ਸ਼ਿਕਾਇਤਾਂ ਨੂੰ ਆਸਾਨੀ ਨਾਲ ਦਰਜ ਕੀਤਾ ਜਾ ਸਕੇ, ਉਨ੍ਹਾਂ ਦੀ ਜਾਂਚ ਕੀਤੀ ਜਾ ਸਕੇ ਅਤੇ ਨਤੀਜੇ ਵੱਜੋਂ ਸਖ਼ਤ ਜੁਰਮਾਨੇ ਕੀਤੇ ਜਾ ਸਕਣ। 

ਨਵੀਂ ਰਿਪੋਰਟ ਵਿਚ ਕੌਂਡੋਮੀਨੀਅਮ ਐਕਟ ਵਿਚ ਸਾਰੇ ਵਿਅਕਤੀਆਂ ਨਾਲ ਬਰਾਬਰ ਦਾ ਵਿਵਹਾਰ ਯਕੀਨੀ ਬਣਾਉਣ ਦੀ ਵੀ ਮੰਗ ਕੀਤੀ ਗਈ ਹੈ ਕਿਉਂਕਿ 43 % ਰੀਐਲਟਰਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਦੇਖਿਆ ਹੈ ਕਿ ਕਿਵੇਂ ਵਿਤਕਰੇ ਕਰਕੇ ਕਿਰਾਏ ਦੀ ਡੀਲ ਸਿਰੇ ਨਹੀਂ ਚੜ੍ਹੀ।

ਨਾਲ ਹੀ ਉਹ ਨਵੇਂ ਕਿਰਾਏ ਦੇ ਪ੍ਰੋਜੈਕਟਾਂ 'ਤੇ ਸਰਕਾਰ ਦੁਆਰਾ ਲਗਾਈਆਂ ਗਈਆਂ ਲਾਗਤਾਂ ਨੂੰ ਘਟਾ ਕੇ ਅਤੇ ਅਗਲੇ 10 ਸਾਲਾਂ ਵਿੱਚ 99,000 ਕਮਿਊਨਿਟੀ ਹਾਊਸਿੰਗ ਯੂਨਿਟਾਂ ਦਾ ਨਿਰਮਾਣ ਕਰਕੇ ਸਾਰਿਆਂ ਲਈ ਘਰ ਦੀ ਮਲਕੀਅਤ ਨੂੰ ਵਧੇਰੇ ਪਹੁੰਚਯੋਗ ਬਣਾਉਣਾ ਚਾਹੁੰਦੇ ਹਨ।

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ