1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਕੈਨੇਡਾ ‘ਚ ਵਧ ਰਹੀ ਮਹਿੰਗਾਈ ਦੌਰਾਨ ਐਨਡੀਪੀ ਵੱਲੋਂ ਗ੍ਰੋਸਰੀ ਸਟੋਰਾਂ ਦੇ ਮੁਨਾਫ਼ੇ ਦੀ ਜਾਂਚ ਕਰਨ ਦੀ ਮੰਗ

ਸਟੈਟਿਸਟਿਕਸ ਕੈਨੇਡਾ ਅਨੁਸਾਰ ਪਿਛਲੇ ਇੱਕ ਸਾਲ ਦੌਰਾਨ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਿਚ 10.8 ਫ਼ੀਸਦੀ ਵਾਧਾ

ਭਾਵੇਂ ਮਹਿੰਗਾਈ ਦਰ ਵਿਚ ਕਮੀ ਆਉਣੀ ਸ਼ੁਰੂ ਹੋ ਗਈ ਹੈ, ਪਰ ਅੰਕੜਿਆਂ ਅਨੁਸਾਰ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਿਚ ਤੇਜ਼ੀ ਬਰਕਰਾਰ ਹੈ।

ਭਾਵੇਂ ਮਹਿੰਗਾਈ ਦਰ ਵਿਚ ਕਮੀ ਆਉਣੀ ਸ਼ੁਰੂ ਹੋ ਗਈ ਹੈ, ਪਰ ਅੰਕੜਿਆਂ ਅਨੁਸਾਰ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਿਚ ਤੇਜ਼ੀ ਬਰਕਰਾਰ ਹੈ।

ਤਸਵੀਰ: Reuters / Carlos Osorio

RCI

ਫ਼ੈਡਰਲ ਐਨਡੀਪੀ ਭੋਜਨ ਦੀਆਂ ਵੱਧ ਰਹੀਆਂ ਕੀਮਤਾਂ ਦੀ ਇੱਕ ਸੰਸਦੀ ਜਾਂਚ ਕਰਵਾਉਣ ਦੀ ਮੰਗ ਕਰ ਰਹੀ ਹੈ ਤਾਂ ਕਿ ਇਹ ਨਿਰਧਾਰਤ ਕੀਤਾ ਜਾ ਸਕੇ ਕਿ ਵੱਡੀਆਂ ਗ੍ਰੋਸਰੀ ਕੰਪਨੀਆਂ ਮਹਿੰਗਾਈ ਦੇ ਬਹਾਨੇ ਆਪਣਾ ਮੁਨਾਫ਼ਾ ਤਾਂ ਨਹੀਂ ਵਧਾ ਰਹੀਆਂ।

ਸਟੈਟਿਸਟਿਕਸ ਕੈਨੇਡਾ ਅਨੁਸਾਰ ਪਿਛਲੇ ਇੱਕ ਸਾਲ ਦੌਰਾਨ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਿਚ 10.8 ਫ਼ੀਸਦੀ ਵਾਧਾ ਹੋ ਚੁੱਕਾ ਹੈ।

ਐਨਡੀਪੀ ਐਗਰੀਕਲਚਰ ਕ੍ਰਿਟਿਕ ਐਲਿਸਟੇਅਰ ਮਕਗ੍ਰੈਗਰ ਦਾ ਕਹਿਣਾ ਹੈ ਕਿ ਉਹ ਬੁੱਧਵਾਰ ਨੂੰ ਪਾਰਲੀਮੈਂਟ ਦੀ ਖੇਤੀਬਾੜੀ ਕਮੇਟੀ ਕੋਲ ਇੱਕ ਮੋਸ਼ਨ ਪੇਸ਼ ਕਰਨ ਦੀ ਯੋਜਨਾ ਬਣਾ ਰਹੇ ਹਨ ਤਾਂ ਕਿ ਗ੍ਰੋਸਰੀ ਚੇਨਾਂ ਵੱਲੋਂ ਮਹਿੰਗਾਈ ਦਾ ਫ਼ਾਇਦਾ ਚੁੱਕੇ ਜਾਣ ਦੀ ਐਮਪੀਜ਼ ਜਾਂਚ ਕਰ ਸਕਣ।

ਮਕਗ੍ਰੈਗਰ ਨੇ ਕਿਹਾ, ਮੇਰਾ ਮੰਨਣਾ ਹੈ ਕਿ ਕੈਨੇਡੀਅਨਜ਼ ਜਵਾਬ ਦੇ ਹੱਕਦਾਰ ਹਨ…ਇਸ ਸਮੇਂ ਵਿਚ ਜਿੱਥੇ ਹਰ ਚੀਜ਼ ਦੀਆਂ ਕੀਮਤਾਂ ਵਧ ਰਹੀਆਂ ਹਨ, ਬਦਕਿਸਮਤੀ ਨਾਲ ਉਹਨਾਂ ਕੋਲ ਇੱਕ ਲਿਬਰਲ ਸਰਕਾਰ ਹੈ ਜਿਸਨੇ ਇਸ ਸਾਰੇ ਮਾਮਲੇ ਵਿਚ ਕਾਰਪੋਰੇਟ ਵਰਗ ਦੇ ਲਾਲਚ ਦੀ ਭੂਮਿਕਾ ਵੱਲ ਬਹੁਤਾ ਧਿਆਨ ਹੀ ਨਹੀਂ ਦਿੱਤਾ ਹੈ

ਕੈਨੇਡਾ ਦੀਆਂ ਤਿੰਨ ਪ੍ਰਮੁੱਖ ਗ੍ਰੋਸਰੀ ਚੇਨਾਂ ਨੇ ਆਪਣੀਆਂ ਤਾਜ਼ਾ ਵਿੱਤੀ ਰਿਪੋਰਟਾਂ ਵਿਚ ਮੁਨਾਫ਼ੇ ਵਿਚ ਵਾਧਾ ਦਰਜ ਕੀਤਾ ਹੈ। ਲੌਬਲੌ ਨੇ 387 ਮਿਲੀਅਨ ਦਾ ਤਿਮਾਹੀ ਮੁਨਾਫ਼ਾ ਦਰਜ ਕੀਤਾ - ਜੋਕਿ ਇਸ ਸਾਲ ਪਹਿਲਾਂ ਦੇ ਮੁਨਾਫ਼ੇ ਨਾਲੋਂ 12 ਮਿਲੀਅਨ ਜਾਂ 3.2 ਫ਼ੀਸਦੀ ਵੱਧ ਹੈ।

ਇਸੇ ਤਰ੍ਹਾਂ ਮੈਟਰੋ ਨੇ 275 ਮਿਲੀਅਨ ਦਾ ਤਿਮਾਹੀ ਮੁਨਾਫ਼ਾ ਰਿਪੋਰਟ ਕੀਤਾ ਜਦਕਿ ਪਿਛਲੇ ਸਾਲ ਇਸ ਸਮੇਂ ਦੌਰਾਨ ਇਹ ਮੁਨਾਫ਼ਾ 252.4 ਮਿਲੀਅਨ ਸੀ। ਐਮਪਾਇਰ ਦੇ ਤਿਮਾਹੀ ਮੁਨਾਫ਼ੇ, 178.5 ਮਿਲੀਅਨ, ਵਿਚ ਪਿਛਲੇ ਸਾਲ ਦੀ ਇਸੇ ਤਿਮਾਹੀ ਦੇ ਮੁਕਾਬਲੇ 6.6 ਮਿਲੀਅਨ ਡਾਲਰ ਵਧੇਰੇ ਦਰਜ ਹੋਇਆ ਹੈ।

ਸ਼ੌਪਰਜ਼ ਡਰੱਗ ਮਾਰਟ, ਸੁਪਰਸਟੋਰ ਅਤੇ ਨੋ ਫ਼੍ਰਿੱਲਜ਼ ਲੌਬਲੌ ਦੀ ਮਲਕੀਅਤ ਹਨ, ਫ਼ੂਡ ਬੇਸਿਕਸ, ਯੌਂ ਕੁਟੂ, ਮੈਟਰੋ ਅਤੇ ਕੁਝ ਹੋਰ ਬ੍ਰਾਂਡ ਮੈਟਰੋ ਅਧੀਨ ਆਉਂਦੇ ਹਨ ਅਤੇ ਐਮਪਾਇਰ ਕੋਲ ਸੋਬੀਜ਼ ਤੇ ਫ਼੍ਰੈਸ਼ਕੋ ਦੀ ਮਲਕੀਅਤ ਹੈ।

ਐਨਡੀਪੀ ਐਗਰੀਕਲਚਰ ਕ੍ਰਿਟਿਕ ਐਲਿਸਟੇਅਰ ਮਕਗ੍ਰੈਗਰ

ਐਨਡੀਪੀ ਐਗਰੀਕਲਚਰ ਕ੍ਰਿਟਿਕ ਐਲਿਸਟੇਅਰ ਮਕਗ੍ਰੈਗਰ

ਤਸਵੀਰ: La Presse canadienne / Justin Tang

ਭਾਵੇਂ ਲੌਬਲੌ ਅਤੇ ਮੈਟਰੋ ਨੇ ਆਪਣੇ ਵਧੇ ਹੋਏ ਮੁਨਾਫ਼ੇ ਦਾ ਕਾਰਨ ਫ਼ਰਮਾਸੂਟਿਕਲ ਵਿਕਰੀ ਵਿਚ ਵਾਧੇ ਨੂੰ ਦੱਸਿਆ ਹੈ, ਪਰ ਮਕਗ੍ਰੈਗਰ ਦਾ ਕਹਿਣਾ ਹੈ ਕਿ ਇਸ ਬਾਬਤ ਘੋਖ ਕਰਨੀ ਬਣਦੀ ਹੈ।

ਯੂਨੀਵਰਸਿਟੀ ਔਫ਼ ਟੋਰੌਂਟੋ ਦੇ ਪ੍ਰੋਫ਼ੈਸਰ ਅਤੇ ਵਿੱਤ ਮਾਹਰ, ਪਾਰਥਾ ਮੋਹਨਰਾਮ ਨੇ ਕਿਹਾ ਕਿ ਇਸ ਗੱਲ ਦਾ ਬਹੁਤ ਘੱਟ ਸਬੂਤ ਹੈ ਕਿ ਵੱਡੇ ਗ੍ਰੋਸਰੀ ਸਟੋਰ ਆਪਣੇ ਮੁਨਾਫ਼ੇ ਨੂੰ ਵਧਾਉਣ ਲਈ ਮਹਿੰਗਾਈ ਨੂੰ ਬਹਾਨੇ ਵਜੋਂ ਵਰਤ ਰਹੇ ਹਨ।

ਇਹ ਇਲਜ਼ਾਮ ਲਗਾਉਣਾ ਅਸਲ ਵਿੱਚ ਬਹੁਤ ਮੁਸ਼ਕਲ ਹੈ ਕਿ ਇਹ ਲੋਕ ਅਸਲ ਵਿੱਚ ਮੁਨਾਫ਼ਾਖ਼ੋਰ ਹਨ, ਪਰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਦਾ ਕਾਰੋਬਾਰ ਵਧੀਆ ਚਲ ਰਿਹਾ ਹੈ

ਡਲਹੌਜ਼ੀ ਯੂਨੀਵਰਸਿਟੀ ਦੀ ਇੱਕ ਤਾਜ਼ਾ ਰਿਪੋਰਟ (ਨਵੀਂ ਵਿੰਡੋ) ਵਿੱਚ ਪਿਛਲੇ ਪੰਜ ਸਾਲਾਂ ਵਿੱਚ ਕੈਨੇਡਾ ਦੇ ਪ੍ਰਮੁੱਖ ਗ੍ਰੋਸਰਾਂ ਦੇ ਮੁਨਾਫ਼ਿਆਂ ਦੀ ਘੋਖ ਕੀਤੀ ਗਈ ਹੈ ਅਤੇ ਮਹਿੰਗਾਈ ਵਿੱਚ ਹਾਲ ਹੀ ਵਿੱਚ ਹੋਏ ਵਾਧੇ ਨੂੰ ਬਹਾਨਾ ਬਣਾਕੇ ਮੁਨਾਫ਼ੇ ਕਮਾਉਣ ਦਾ ਕੋਈ ਸਬੂਤ ਨਹੀਂ ਮਿਲਿਆ।

ਰਿਪੋਰਟ ਦੇ ਖੋਜੀਆਂ ਵਿਚੋਂ ਇੱਕ ਸਿਲਵੇਨ ਸ਼ਾਰਲੇਬੋਏ ਨੇ ਕਿਹਾ, ਜੇ ਲੋਕ ਗ੍ਰੋਸਰੀ ਵਾਲਿਆਂ ‘ਤੇ ਮੁਨਾਫਾਖੋਰੀ ਦਾ ਦੋਸ਼ ਲਗਾ ਰਹੇ ਹਨ ਤਾਂ ਸਾਨੂੰ ਨਹੀਂ ਪਤਾ ਕਿ ਉਹ ਆਪਣਾ ਡੇਟਾ ਕਿੱਥੋਂ ਪ੍ਰਾਪਤ ਕਰ ਰਹੇ ਹਨ

ਪਰ ਸ਼ਾਰਲੇਬੋਏ, ਜੋਕਿ ਡਲਹੌਜ਼ੀ ਯੂਨੀਵਰਸਿਟੀ ਵਿਚ ਐਗਰੀ ਫ਼ੂਡ ਐਨਾਲਿਟਿਕਸ ਲੈਬ ਦੇ ਡਾਇਰੈਕਟਰ ਵੀ ਹਨ, ਨੇ ਕਿਹਾ ਕਿ ਭੋਜਨ ਦੀ ਵਧ ਰਹੀ ਲਾਗਤ ਬਾਰੇ ਅਧੀਐਨ ਕੀਤਾ ਜਾਣਾ ਚਾਹੀਦਾ ਹੈ, ਜੋ ਸਿਰਫ਼ ਗ੍ਰੋਸਰੀ ਕੰਪਨੀਆਂ ਦੇ ਮੁਨਾਫ਼ਿਆਂ ‘ਤੇ ਹੀ ਕੇਂਦਰਤ ਨਾ ਹੋਵੇ।

ਮੁੱਖ ਗ੍ਰੋਸਰੀ ਕੰਪਨੀਆਂ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ, ਰੀਟੇਲ ਕੌਂਸਲ ਔਫ਼ ਕੈਨੇਡਾ ਨੇ ਕਿਹਾ ਕਿ ਉਹ ਸੰਸਦੀ ਕਮੇਟੀ ਦੇ ਅਧਿਐਨ ਦਾ ਵਿਰੋਧ ਨਹੀਂ ਕਰਦੀ - ਪਰ ਸ਼ਾਰਲੇਬੋਏ ਵਾਂਗ - ਕੌਂਸਲ ਦੀ ਵੀ ਦਲੀਲ ਹੈ ਕਿ ਹੋਰ ਬਾਹਰੀ ਕਾਰਕਾਂ - ਜਿਵੇਂ ਯੂਕਰੇਨ ਵਿਚ ਜੰਗ - ਦੇ ਭੋਜਨ ਦੀਆਂ ਕੀਮਤਾਂ ‘ਤੇ ਪੈ ਰਹੇ ਪ੍ਰਭਾਵ ਨੂੰ ਵੀ ਵੇਖਣਾ ਚਾਹੀਦਾ ਹੈ।

ਗ੍ਰੋਸਰੀ ਸਟੋਰ

ਰੀਟੇਲ ਕੌਂਸਲ ਔਫ਼ ਕੈਨੇਡਾ ਨੇ ਕਿਹਾ ਕਿ ਉਹ ਸੰਸਦੀ ਕਮੇਟੀ ਦੇ ਅਧਿਐਨ ਦਾ ਵਿਰੋਧ ਨਹੀਂ ਕਰਦੀ - ਪਰ ਸ਼ਾਰਲੇਬੋਏ ਵਾਂਗ - ਕੌਂਸਲ ਦੀ ਵੀ ਦਲੀਲ ਹੈ ਕਿ ਹੋਰ ਬਾਹਰੀ ਕਾਰਕਾਂ - ਜਿਵੇਂ ਯੂਕਰੇਨ ਵਿਚ ਜੰਗ - ਦੇ ਭੋਜਨ ਦੀਆਂ ਕੀਮਤਾਂ ‘ਤੇ ਪੈ ਰਹੇ ਪ੍ਰਭਾਵ ਨੂੰ ਵੀ ਵੇਖਣਾ ਚਾਹੀਦਾ ਹੈ।

ਤਸਵੀਰ: CBC/Radio-Canada

ਖੇਤੀਬਾੜੀ ਕਮੇਟੀ ਦੇ ਵਾਈਸ-ਚੇਅਰ ਅਤੇ ਕੰਜ਼ਰਵੇਟਿਵ ਐਮਪੀ ਜੌਨ ਬਾਰਲੌ ਦੇ ਬੁਲਾਰੇ ਨੇ ਸੀਬੀਸੀ ਨਿਊਜ਼ ਨੂੰ ਦੱਸਿਆ ਕਿ ਬਾਰਲੌ ਜਦੋਂ ਤੱਕ ਇਸ ਮੋਸ਼ਨ ਨੂੰ ਪੜ੍ਹ ਨਹੀਂ ਲੈਂਦੇ ਉਦੋਂ ਤੱਕ ਇਸ ਉੱਪਰ ਟਿੱਪਣੀ ਨਹੀਂ ਕਰਨਗੇ।

ਸੀਬੀਸੀ ਨੇ ਖੇਤੀਬਾੜੀ ਕਮੇਟੀ ਦੇ ਲਿਬਰਲ ਮੈਂਬਰਾਂ ਨਾਲ ਇਹ ਪੁੱਛਣ ਲਈ ਸੰਪਰਕ ਕੀਤਾ ਕਿ ਕੀ ਉਹ ਅਧਿਐਨ ਦਾ ਸਮਰਥਨ ਕਰਨਗੇ ਜਾਂ ਨਹੀਂ, ਪਰ ਇਸ ਖ਼ਬਰ ਦੇ ਨਸ਼ਰ ਹੋਣ ਤੱਕ ਕੋਈ ਜਵਾਬ ਪ੍ਰਾਪਤ ਨਹੀਂ ਹੋਇਆ।

ਡੈਰਨ ਮੇਜਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ