1. ਮੁੱਖ ਪੰਨਾ
  2. ਵਾਤਾਵਰਨ
  3. ਮੌਸਮ ਦੇ ਹਾਲਾਤ

ਫ਼ਿਓਨਾ ਚੱਕਰਵਾਤ: 200,000 ਤੋਂ ਵੱਧ ਘਰਾਂ ਦੀ ਬਿਜਲੀ ਅਜੇ ਵੀ ਠੱਪ

ਨੋਵਾ ਸਕੋਸ਼ੀਆ ਵਿਚ ਸਵਾ ਲੱਖ ਤੋਂ ਵੱਧ ਘਰ ਬਿਜਲੀ ਸੇਵਾ ਤੋਂ ਬਗ਼ੈਰ

ਕੈਨੇਡੀਅਨ ਫ਼ੌਜ ਦਾ ਮੈਂਬਰ

ਨੋਵਾ ਸਕੋਸ਼ੀਆ ਦੇ ਕੇਪ ਬ੍ਰੈਟਨ ਵਿੱਖੇ ਦਰਖ਼ਤ ਅਤੇ ਮਲਬਾ ਹਟਾਉਣ ਵਿਚ ਕੈਨੇਡੀਅਨ ਫ਼ੌਜਾਂ ਸਹਾਇਤਾ ਕਰ ਰਹੀਆਂ ਹਨ।

ਤਸਵੀਰ: La Presse canadienne / Vaughan Merchant

RCI

ਸ਼ਨੀਵਾਰ ਨੂੰ ਕੈਨੇਡਾ ਦੇ ਅਟਲਾਂਟਿਕ ਖੇਤਰ ਵਿਚ ਆਏ ਜ਼ਬਰਦਸਤ ਚੱਕਰਵਾਤ ‘ਫ਼ਿਓਨਾ’ ਕਾਰਨ ਪ੍ਰਭਾਵਿਤ ਹੋਇਆ ਜਨ-ਜੀਵਨ ਤਿੰਨ ਦਿਨਾਂ ਬਾਅਦ ਵੀ ਬਹਾਲ ਨਹੀਂ ਹੋਇਆ ਹੈ। ਨੋਵਾ ਸਕੋਸ਼ੀਆ, ਨਿਊ ਬ੍ਰੰਜ਼ਵਿਕ ਅਤੇ ਪ੍ਰਿੰਸ ਐਡਵਰਡ ਆਈਲੈਂਡ ਵਿਚ 200,000 ਤੋਂ ਵੱਧ ਘਰਾਂ ਵਿਚ ਅਜੇ ਵੀ ਬਿਜਲੀ ਸੇਵਾਵਾਂ ਮੁੜ ਸ਼ੁਰੂ ਨਹੀਂ ਹੋਈਆਂ ਹਨ।

ਮੰਗਲਵਾਰ ਤੱਕ ਨਿਊਫ਼ੰਡਲੈਂਡ ਐਂਡ ਲੈਬਰਾਡੌਰ ਅਤੇ ਕਿਊਬੈਕ ਦੇ ਦੱਖਣੀ ਹਿੱਸੇ ਵਿਚ ਤਾਂ ਜ਼ਿਆਦਾਤਰ ਘਰਾਂ ਵਿਚ ਬਿਜਲੀ ਬਹਾਲ ਹੋ ਗਈ ਸੀ, ਪਰ ਮੈਰੀਟਾਈਮ ਸੂਬਿਆਂ ਵਿਚ ਅਜੇ ਵੀ ਬਿਜਲੀ ਠੱਪ ਪਈ ਹੈ।

ਨੋਵਾ ਸਕੋਸ਼ੀਆ, ਨਿਊਫ਼ੰਡਲੈਂਡ ਐਂਡ ਲੈਬਰਾਡੌਰ ਅਤੇ ਪ੍ਰਿੰਸ ਐਡਵਰਡ ਆਈਲੈਂਡ ਦੀ ਗੁਹਾਰ ‘ਤੇ ਕੈਨੇਡੀਅਨ ਫ਼ੌਜਾਂ ਨੇ ਸੋਮਵਾਰ ਤੋਂ ਇਹਨਾਂ ਸੂਬਿਆਂ ਵਿਚ ਮਲਬਾ ਹਟਾਉਣ ਅਤੇ ਟੁੱਟੇ ਦਰਖ਼ਤਾਂ ਨੂੰ ਪਾਸੇ ਕਰਨ ਦੇ ਕਾਰਜ ਸ਼ੁਰੂ ਕਰ ਦਿੱਤੇ ਸਨ ਤਾਂ ਕਿ ਬਿਜਲੀ ਦੀਆਂ ਤਾਰਾਂ ਦੀ ਮੁਰੰਮਤ ਕੀਤੀ ਜਾ ਸਕੇ।

ਸੇਵਾਵਾਂ ਬਹਾਲ ਕਰਨ ਦੇ ਕਾਰਜ ਜਾਰੀ ਹਨ ਅਤੇ ਬਿਜਲੀ ਕੰਪਨੀਆਂ ਲਗਾਤਾਰ ਬਿਜਲੀ ਤੋਂ ਬਗ਼ੈਰ ਬਚੇ ਘਰਾਂ ਬਾਰੇ ਆਪਣੀ ਵੈਬਸਾਈਟ ‘ਤੇ ਅਪਡੇਟ ਦੇ ਰਹੀਆਂ ਹਨ।

ਨੋਵਾ ਸਕੋਸ਼ੀਆ

ਮੰਗਲਵਾਰ ਦੁਪਹਿਰ 1:30 ਵਜੇ (ਸਥਾਨਕ ਸਮਾਂ) ਤੱਕ, ਨੋਵਾ ਸਕੋਸ਼ੀਆ ਵਿਚ 130,300 ਘਰਾਂ ਵਿਚ ਬਿਜਲੀ ਨਹੀਂ (ਨਵੀਂ ਵਿੰਡੋ) ਪਰਤੀ ਸੀ। ਸ਼ਨੀਵਾਰ ਨੂੰ ਤੂਫ਼ਾਨ ਕਰਕੇ 400,000 ਘਰਾਂ ਵਿਚ ਬਿਜਲੀ ਠੱਪ ਹੋਈ ਸੀ। ਨੋਵਾ ਸਕੋਸ਼ੀਆ ਵਿਚ ਕਰੀਬ 525,000 ਘਰ ਹਨ।

ਸੂਬੇ ਦੇ 50 ਫ਼ੀਸਦੀ ਤੋਂ ਵੱਧ ਘਰਾਂ ਵਿਚ ਬਿਜਲੀ ਸੇਵਾਵਾਂ ਬਹਾਲ ਹੋ ਗਈਆਂ ਹਨ, ਪਰ ਇਹ ਬਹਾਲੀ ਹਰ ਖੇਤਰ ਵਿਚ ਵੱਖਰੀ ਹੈ।

ਸਭ ਤੋਂ ਵੱਧ ਬਿਜਲੀ ਠੱਪ ਸਿਡਨੀ ਸ਼ਹਿਰ ਵਿਚ ਹੋਈ ਹੈ ਜਿੱਥੇ 41,500 ਕਸਟਮਰ ਪ੍ਰਭਾਵਿਤ ਹਨ। ਟ੍ਰੂਰੋ ਵਿਚ 23,200, ਸਟੈਲਰਟਨ ਵਿਚ 19,000 ਅਤੇ ਡਾਰਟਮਾਊਥ ਵਿਚ ਕਰੀਬ 17,000 ਘਰ ਅਜੇ ਵੀ ਬਿਜਲੀ ਤੋਂ ਬਗ਼ੈਰ ਹਨ।

ਹੈਲੀਫ਼ੈਕਸ ਵਿਚ ਕਰੀਬ 5,000 ਘਰਾਂ ਵਿਚ ਬਿਜਲੀ ਬਹਾਲ ਨਹੀਂ ਹੋਈ ਹੈ।

ਪਿੰਸ ਐਡਵਰਡ ਆਈਲੈਂਡ

ਸਥਾਨਕ ਸਮੇਂ ਦੇ ਦੁਪਹਿਰ 12 ਵਜੇ ਤੱਕ ਦੇ ਅੰਕੜੇ ਅਨੁਸਾਰ, 71,456 ਘਰਾਂ ਵਿਚ ਬਿਜਲੀ ਨਹੀਂ (ਨਵੀਂ ਵਿੰਡੋ) ਆਈ ਸੀ। ਸਟ੍ਰੈਟਫ਼ੋਰਡ, ਕੌਰਨਵਾਲ, ਕੈਨਜ਼ਿੰਗਟਨ ਅਤੇ ਸੂਰਿਸ ਵਿਚ ਸਭ ਤੋਂ ਵੱਧ ਲੋਕ ਬਿਜਲੀ ਠੱਪ ਹੋਣ ਨਾਲ ਪ੍ਰਭਾਵਿਤ ਹਨ। ਇਹਨਾਂ ਇਲਾਕਿਆਂ ਵਿਚੋਂ ਹਰੇਕ ਵਿਚ ਘੱਟੋ ਘੱਟ 1,000 ਘਰਾਂ ਵਿਚ ਬਿਜਲੀ ਨਹੀਂ ਹੈ।

ਟੁੱਟ ਘਰ ਨੂੰ ਦੇਖਦਾ ਇੱਕ ਵਿਅਕਤੀ

24 ਸਤੰਬਰ ਨੂੰ ਕੈਨੇਡਾ ਦੇ ਪੁਰਬੀ ਹਿੱਸੇ ਵਿਚ ਆਏ ਤੂਫ਼ਾਨੀ ਚੱਕਰਵਾਤ ਫ਼ਿਓਨਾ ਨੇ 5 ਸੂਬਿਆਂ ਵਿਚ ਜਨ-ਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਸੇਵਾਵਾਂ ਨੂੰ ਤੇਜ਼ੀ ਨਾਲ ਬਹਾਲ ਕਰਨ ਲਈ ਫ਼ੌਜਾਂ ਦੀ ਮਦਦ ਲਿੱਤੀ ਜਾ ਰਹੀ ਹੈ।

ਤਸਵੀਰ: La Presse canadienne

ਨਿਊ ਬ੍ਰੰਜ਼ਵਿਕ

ਮੰਗਲਵਾਰ ਦੁਪਹਿਰ 1:30 ਵਜੇ ਤੱਕ , ਨਿਊ ਬ੍ਰੰਜ਼ਵਿਕ ਦੇ 3,108 ਘਰਾਂ ਵਿਚ ਬਿਜਲੀ ਸੇਵਾਵਾਂ ਬਹਾਲ ਨਹੀਂ (ਨਵੀਂ ਵਿੰਡੋ) ਹੋਈਆਂ ਹਨ। ਸੈਡੀਐਕ ਕੈਪ ਪੇਲੇ ਅਤੇ ਸੈਕਵਿਲ ਪੋਰਟ ਐਲਗਿਨ ਇਲਾਕੇ ਸਭ ਤੋਂ ਵੱਧ ਪ੍ਰਭਾਵਿਤ ਹਨ।

ਅਨਮ ਖ਼ਾਨ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ