1. ਮੁੱਖ ਪੰਨਾ
  2. ਰਾਜਨੀਤੀ
  3. ਨਗਰਨਿਗਮ ਰਾਜਨੀਤੀ

[ ਰਿਪੋਰਟ ] ਮਿਉਂਸਿਪਲ ਚੋਣਾਂ : ਜਾਣੋ ਕਿਵੇਂ ਸਲੇਟ ਰਾਹੀਂ ਲੜੀਆਂ ਜਾਂਦੀਆਂ ਨੇ ਚੋਣਾਂ

ਸਿਆਸੀ ਵਿਚਾਰਧਾਰਾ ਤੋਂ ਨਿਰਲੇਪ ਹੁੰਦੀ ਹੈ ਸਲੇਟ

ਮਾਹਰਾਂ ਮੁਤਾਬਿਕ ਸਲੇਟ ਨਾਲ ਚੋਣ ਜਿੱਤਣ ਵਿੱਚ ਆਸਾਨੀ ਹੋ ਸਕਦੀ ਹੈ ਪਰ ਸਲੇਟ ਚੋਣ ਜਿੱਤਣ ਦੀ ਗਾਰੰਟੀ ਨਹੀਂ ਹੁੰਦੀ I

ਮਾਹਰਾਂ ਮੁਤਾਬਿਕ ਸਲੇਟ ਨਾਲ ਚੋਣ ਜਿੱਤਣ ਵਿੱਚ ਆਸਾਨੀ ਹੋ ਸਕਦੀ ਹੈ ਪਰ ਸਲੇਟ ਚੋਣ ਜਿੱਤਣ ਦੀ ਗਾਰੰਟੀ ਨਹੀਂ ਹੁੰਦੀ I

ਤਸਵੀਰ: Radio-Canada

Sarbmeet Singh

ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਇਸ ਸਮੇਂ ਮਿਉਂਸਿਪਲ ਚੋਣਾਂ ਲਈ ਚੋਣ ਪ੍ਰਚਾਰ ਚੱਲ ਰਿਹਾ ਹੈ I ਦੇਸ਼ ਵਿੱਚ ਮਿਉਂਸਿਪਲ ਚੋਣਾਂ ਪਾਰਟੀ ਦੇ ਚੋਣ ਨਿਸ਼ਾਨ 'ਤੇ ਨਹੀਂ ਲੜੀਆਂ ਜਾਂਦੀਆਂ ਪਰ ਕੁਝ ਸ਼ਹਿਰਾਂ ਵਿੱਚ ਸਲੇਟ ਬਣਾ ਕੇ ਚੋਣ ਲੜਨ ਦਾ ਪ੍ਰਚਲਨ ਹੈ I ਹਾਲਾਂਕਿ ਕੁਝ ਉਮੀਦਵਾਰ ਆਜ਼ਾਦ ਤੌਰ 'ਤੇ ਵੀ ਚੋਣ ਲੜਦੇ ਹਨ I

ਕੀ ਹੈ ਸਲੇਟ

ਸਲੇਟ ਤੋਂ ਭਾਵ ਹੈ ਕਿ ਕੁਝ ਉਮੀਦਵਾਰ ਇਕੱਠੇ ਹੋ ਕੇ ਚੋਣ ਲੜਦੇ ਹਨ I ਇਕ ਸਲੇਟ ਵਿੱਚ ਇਕ ਮੇਅਰ ਦੀ ਸੀਟ ਲਈ ਉਮੀਦਵਾਰ ਹੁੰਦਾ ਹੈ ਅਤੇ ਬਾਕੀ ਉਮੀਦਵਾਰ ਕੌਂਸਲਰ ਲਈ ਚੋਣ ਲੜਦੇ ਹਨ I 

ਹਰ ਸਲੇਟ ਸ਼ਹਿਰ ਦੇ ਮਸਲਿਆਂ ਨੂੰ ਧਿਆਨ ਵਿੱਚ ਰੱਖ ਕੇ ਆਪਣਾ ਇਕ ਪ੍ਰੋਗਰਾਮ ਦਿੰਦੀ ਹੈ ਅਤੇ ਚੋਣ ਜਿੱਤਣ ਤੋਂ ਬਾਅਦ ਆਪਣੇ ਕੀਤੇ ਜਾਣ ਵਾਲੇ ਕੰਮਾਂ ਨੂੰ ਜਨਤਾ ਸਾਹਮਣੇ ਰੱਖਦੀ ਹੈ I 

ਇਸਦਾ ਭਾਵ ਹੁੰਦਾ ਹੈ ਕਿ ਸਲੇਟ ਦੇ ਸਾਰੇ ਮੈਂਬਰ ਉਕਤ ਨੁਕਤਿਆਂ 'ਤੇ ਸਹਿਮਤ ਹਨ I

ਇਹ ਵੀ ਪੜ੍ਹੋ :

ਸਰੀ ਵਿੱਚ ਮੇਅਰ ਦੀ ਚੋਣ ਲੜ ਰਹੀ ਪੰਜਾਬੀ ਮੂਲ ਦੀ ਜਿਨੀ ਸਿਮਜ਼ ਦਾ ਕਹਿਣਾ ਹੈ ਕਿ ਮਿਉਂਸਿਪਲ ਚੋਣਾਂ ਵਿੱਚ ਲੜਨ ਵਾਲੇ ਉਮੀਦਵਾਰਾਂ ਦਾ ਸਿਆਸੀ ਪਿਛੋਕੜ ਅਲੱਗ ਹੋ ਸਕਦਾ ਹੈ ਪਰ ਉਹ ਫ਼ਿਰ ਵੀ ਇਕੋ ਸਲੇਟ ਹੇਠ ਚੋਣ ਲੜ ਸਕਦੇ ਹਨ I 

ਜਿਨੀ ਸਿਮਜ਼, ਜੋ ਕਿ ਸਰੀ ਫ਼ਾਰਵਰਡ ਸਲੇਟ (ਨਵੀਂ ਵਿੰਡੋ) ਹੇਠ ਚੋਣ ਲੜ ਰਹੇ ਹਨ, ਨੇ ਕਿਹਾ ਹਰ ਸਲੇਟ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖ ਕੇ ਆਪਣਾ ਪ੍ਰੋਗਰਾਮ ਲੈ ਕੇ ਆਉਂਦੀ ਹੈ I ਸਲੇਟ ਵਿੱਚ ਚੋਣ ਲੜਨ ਵਾਲੇ ਉਮੀਦਵਾਰ ਫ਼ੈਡਰਲ ਜਾਂ ਪ੍ਰੋਵਿੰਸ਼ੀਅਲ ਪੱਧਰ 'ਤੇ ਅਲੱਗ ਅਲੱਗ ਸਿਆਸੀ ਪਾਰਟੀਆਂ ਨੂੰ ਹਮਾਇਤ ਕਰਦੇ ਹੋ ਸਕਦੇ ਹਨ , ਪਰ ਮਿਉਂਸਿਪਲ ਚੋਣਾਂ ਉਹ ਇਕ ਸਲੇਟ ਦੇ ਬੈਨਰ ਹੇਠ ਲੜਦੇ ਹਨ I

ਜਿਨੀ ਸਿਮਜ਼

ਜਿਨੀ ਸਿਮਜ਼

ਤਸਵੀਰ: Radio-Canada

ਉਹਨਾਂ ਕਿਹਾ ਅਜਿਹੇ ਉਮੀਦਵਾਰ ਸਿਆਸੀ ਵਖਰੇਵੇਂ ਹੋਣ ਦੇ ਬਾਵਜੂਦ ਸ਼ਹਿਰ ਲਈ ਕਿਸੇ ਇਕ ਪ੍ਰੋਗਰਾਮ 'ਤੇ ਸਹਿਮਤ ਹੁੰਦੇ ਹਨ I

ਅੱਧੀ ਦਰਜਨ ਸਲੇਟਾਂ

ਸਰੀ ਵਿੱਚ ਹੋਣ ਜਾ ਰਹੀਆਂ ਮਿਉਂਸਿਪਲ ਚੋਣਾਂ ਲਈ 6 ਸਲੇਟਾਂ ਚੋਣ ਮੈਦਾਨ ਵਿੱਚ ਹਨ I ਚੋਣਾਂ 15 ਅਕਤੂਬਰ ਨੂੰ ਹੋਣੀਆਂ ਹਨ I

ਪੰਜਾਬੀ ਮੂਲ ਦੇ ਸੁੱਖ ਧਾਲੀਵਾਲ , ਜੋ ਕਿ ਸਰੀ ਤੋਂ 6 ਵਾਰ ਐਮ ਪੀ ਚੁਣੇ ਜਾ ਚੁੱਕੇ ਹਨ , ਅਤੇ ਇਸ ਸਮੇਂ ਵੀ ਸਰੀ ਨਿਊਟਨ ਰਾਈਡਿੰਗ (ਚੋਣ ਹਲਕਾ) ਤੋਂ ਸੱਤਾਧਾਰੀ ਲਿਬਰਲ ਪਾਰਟੀ ਦੇ ਐਮ ਪੀ ਹਨ , ਸਰੀ ਦੇ ਮੇਅਰ ਲਈ ਚੋਣ ਮੈਦਾਨ ਵਿੱਚ ਹਨ I ਧਾਲੀਵਾਲ ਦੀ ਸਲੇਟ ਦਾ ਨਾਮ ਯੂਨਾਈਟਡ ਸਰੀ  (ਨਵੀਂ ਵਿੰਡੋ)ਹੈ I

ਸੁੱਖ ਧਾਲੀਵਾਲ ਦਾ ਕਹਿਣਾ ਹੈ ਕਿ ਉਹ ਪਾਰਦਰਸ਼ਤਾ , ਪਹੁੰਚ ਅਤੇ ਸਹੂਲਤਾਂ ਦੇ ਮੁੱਦੇ 'ਤੇ ਚੋਣ ਲੜ ਰਹੇ ਹਨ I

ਸਾਬਕਾ ਐਮ ਐਲ ਏ ਅਤੇ ਐਮ ਪੀ ਗੋਰਡੀ ਹੌਗ ਸਰੀ ਫ਼ਰਸਟ ਸਲੇਟ (ਨਵੀਂ ਵਿੰਡੋ) ਨਾਲ ਚੋਣ ਲੜ ਰਹੇ ਹਨ I ਹੌਗ ਸ਼ਹਿਰ ਵਿੱਚ ਸੁਰੱਖਿਆ , ਆਰਥਿਕਤਾ ਅਤੇ ਜਵਾਬਦੇਹੀ ਆਦਿ ਮਸਲਿਆਂ ਨੂੰ ਸਾਹਮਣੇ ਰੱਖ ਕੇ ਚੋਣ ਲੜ ਰਹੇ ਹਨ I

ਮੇਅਰ ਉਮੀਦਵਾਰੀ ਦੇ ਐਲਾਨ ਤੋਂ ਬਾਅਦ ਨਿਊਜ਼ ਕਾਨਫ਼੍ਰੰਸ ਨੂੰ ਸੰਬੋਧਨ ਕਰਦੇ ਐਮਪੀ ਸੁੱਖ ਧਾਲੀਵਾਲ।

ਮੇਅਰ ਉਮੀਦਵਾਰੀ ਦੇ ਐਲਾਨ ਤੋਂ ਬਾਅਦ ਨਿਊਜ਼ ਕਾਨਫ਼੍ਰੰਸ ਨੂੰ ਸੰਬੋਧਨ ਕਰਦੇ ਐਮਪੀ ਸੁੱਖ ਧਾਲੀਵਾਲ।

ਤਸਵੀਰ:  (Ben Nelms/CBC)

ਸਾਬਕਾ ਪ੍ਰੋਵਿੰਸ਼ੀਅਲ ਮਨਿਸਟਰ ਅਤੇ ਕੌਂਸਲਰ ਬ੍ਰੈਂਡਾ ਲੌਕ ਜੋ ਕਿ ਹੁਣ ਮੇਅਰ ਦੀ ਚੋਣ ਲੜ ਰਹੇ ਹਨ , ਸ਼ਹਿਰ ਵਿੱਚ ਆਰਸੀਐਮਪੀ ਨੂੰ ਰੱਖਣ ਦੇ ਹਾਮੀ ਹਨI

ਲੌਕ ਅਤੇ ਉਹਨਾਂ ਦੇ ਹੋਰ ਸਾਥੀ ਉਮੀਦਾਰ ਸਰੀ ਕਨੈਕਟ ਸਲੇਟ  (ਨਵੀਂ ਵਿੰਡੋ)ਦੇ ਬੈਨਰ ਹੇਠ ਚੋਣ ਮੈਦਾਨ ਵਿੱਚ ਹਨ I ਸਰੀ ਕਨੈਕਟ ਸਲੇਟ ਸ਼ਹਿਰ ਪ੍ਰੋਜੈਕਟਾਂ ਲਈ ਵਧੇਰੇ ਫੰਡਿੰਗ ਅਤੇ ਅਰਜ਼ੀਆਂ ਦੀ ਪ੍ਰੋਸੈਸਿੰਗ ਨੂੰ ਤੇਜ ਕਰਨ ਦੇ ਵਾਅਦੇ ਕਰ ਰਹੇ ਹਨ I

ਸਰੀ ਦੇ ਮੌਜੂਦਾ ਮੇਅਰ ਡਗ ਮਕੈਲਮ ਜੋ ਕਿ 5 ਵੀਂ ਵਾਰ ਮੇਅਰ ਬਣਨ ਲਈ ਕਿਸਮਤ ਅਜ਼ਮਾ ਰਹੇ ਹਨ , ਸਕਾਈ ਟਰੇਨ ਦੇ ਐਕਸਟੈਂਸ਼ਨ ਅਤੇ 60,000 ਸੀਟਾਂ ਵਾਲਾ ਸਟੇਡੀਅਮ ਬਣਾਉਣ ਦੇ ਵਾਅਦੇ ਕਰ ਚੁੱਕੇ ਹਨ I ਉਹਨਾਂ ਦੀ ਸਲੇਟ ਦਾ ਨਾਮ ਸਰੀ ਸੇਫ਼ ਕੋਲਿਸ਼ਨ (ਨਵੀਂ ਵਿੰਡੋ) ਹੈ I

ਸਲੇਟ ਚੋਣ ਜਿੱਤਣ ਦੀ ਗਾਰੰਟੀ ਨਹੀਂ

ਮਾਹਰਾਂ ਮੁਤਾਬਿਕ ਸਲੇਟ ਨਾਲ ਚੋਣ ਜਿੱਤਣ ਵਿੱਚ ਆਸਾਨੀ ਹੋ ਸਕਦੀ ਹੈ ਪਰ ਸਲੇਟ ਚੋਣ ਜਿੱਤਣ ਦੀ ਗਾਰੰਟੀ ਨਹੀਂ ਹੁੰਦੀ I ਸਰੀ ਸ਼ਹਿਰ ਵਿੱਚ ਇਕ ਮੇਅਰ ਅਤੇ ਅੱਠ ਕੌਂਸਲਰ ਚੁਣੇ ਜਾਣੇ ਹਨ I ਸਰੀ ਵਿੱਚ ਵਾਰਡ ਸਿਸਟਮ ਨਹੀਂ ਹੈ ਅਤੇ ਸਭ ਤੋਂ ਵੱਧ ਵੋਟਾਂ ਲੈਣ ਵਾਲੇ ਉਮੀਦਵਾਰ ਚੋਣ ਜਿੱਤਦੇ ਹਨ ਅਤੇ ਜੇਤੂ ਉਮੀਦਵਾਰ ਅਲੱਗ ਅਲੱਗ ਸਲੇਟਾਂ ਤੋਂ ਹੋ ਸਕਦੇ ਹਨ I

ਗੈਰੀ ਥਿੰਦ

ਗੈਰੀ ਥਿੰਦ

ਤਸਵੀਰ: surreyfirsteducation.ca

ਸਰੀ ਵਿੱਚ ਸਕੂਲ ਬੋਰਡ ਦੀ ਚੋਣ ਲੜ ਰਹੇ ਪੰਜਾਬੀ ਮੂਲ ਦੇ ਗੈਰੀ ਥਿੰਦ ਨੇ ਕਿਹਾ ਬੈਲਟ ਪੇਪਰ ਵਿੱਚ ਸਲੇਟ ਦੇ ਉਮੀਦਵਾਰਾਂ ਦਾ ਜ਼ਿਕਰ ਹੁੰਦਾ ਹੈ , ਪਰ ਵੋਟਰ ਆਪਣੀ ਮਰਜ਼ੀ ਨਾਲ ਕਿਸੇ ਨੂੰ ਵੀ ਵੋਟ ਪਾ ਸਕਦੇ ਹਨ I

ਉਹਨਾਂ ਕਿਹਾ ਅਜਿਹਾ ਹੋ ਸਕਦਾ ਹੈ ਕਿ ਵੋਟਰ ਅਲੱਗ ਅਲੱਗ ਸਲੇਟਾਂ ਵਿੱਚੋਂ ਆਪਣੇ ਪਸੰਦੀਦਾ ਉਮੀਦਵਾਰ ਨੂੰ ਵੋਟ ਪਾ ਦੇਣ I ਇਕੋ ਸਲੇਟ ਨੂੰ ਵੀ ਸਾਰੀਆਂ ਵੋਟਾਂ ਪੈ ਜਾਣ ਅਜਿਹਾ ਵੀ ਸੰਭਵ ਹੈ I

Sarbmeet Singh

ਸੁਰਖੀਆਂ