1. ਮੁੱਖ ਪੰਨਾ
  2. ਸਮਾਜ
  3. ਇਮੀਗ੍ਰੇਸ਼ਨ

ਕੈਨੇਡੀਅਨ ਵਰਕ ਪਰਿਮਟ ਦਵਾਉਣ ਬਦਲੇ ਟੈਂਪੋਰੇਰੀ ਵਰਕਰਾਂ ਨਾਲ ਹੁੰਦੀ ਠੱਗੀ

ਭਾਰਤ ਤੋਂ ਕੈਨੇਡਾ ਆਈ ਪਵਨ ਨੇ ਦੱਸਿਆ ਕਿ ਵਰਕ ਪਰਮਿਟ ਦੇ ਬਦਲੇ ਇੱਕ ਇੰਪਲੋਇਰ ਨੇ ਉਸ ਕੋਲੋਂ 30,000 ਡਾਲਰ ਮੰਗੇ ਸੀ

ਪਵਨ

ਭਾਰਤ ਤੋਂ ਕੈਨੇਡਾ ਆਈ ਪਵਨ ਨੇ ਦੱਸਿਆ ਕਿ ਵਰਕ ਪਰਮਿਟ ਦੇ ਬਦਲੇ ਉਸ ਕੋਲੋਂ 30,000 ਡਾਲਰ ਮੰਗੇ ਗਏ ਸੀ, ਜਿਸ ਵਿਚੋਂ ਉਸਨੇ 5,000 ਡਾਲਰ ਦੇ ਵੀ ਦਿੱਤੇ ਸਨ, ਪਰ ਉਸਨੂੰ ਵਰਕ ਪਰਮਿਟ ਪ੍ਰਾਪਤ ਨਹੀਂ ਹੋਇਆ।

ਤਸਵੀਰ: Radio-Canada / Ken Leedham

RCI

ਕੈਨੇਡਾ ਵਿਚ ਬਾਹਰੋਂ ਆਏ ਟੈਂਂਪੋਰੇਰੀ ਵਰਕਰਾਂ ਵੱਲੋਂ ਵਰਕ ਪਰਮਿਟ ਪ੍ਰਾਪਤ ਕਰਨ ਲਈ ਨੌਕਰੀਦਾਤਾਵਾਂ ਅਤੇ ਰਿਕਰੂਟਰਾਂ ਨੂੰ ਹਜ਼ਾਰਾਂ ਡਾਲਰਾਂ ਦਾ ਭੁਗਤਾਨ ਕਰਨ ਦੇ ਰੁਝਾਨ ਦਾ ਖ਼ੁਲਾਸਾ ਹੋਇਆ ਹੈ - ਅਤੇ ਵਿਡੰਬਨਾ ਇਹ ਹੈ ਕਿ ਇਸ ਭੁਗਤਾਨ ਦੇ ਬਾਵਜੂਦ ਵੀ ਅਕਸਰ ਵਰਕਰਾਂ ਦੇ ਹੱਥ ਕੁਝ ਨਹੀਂ ਲੱਗਦਾ।

ਸੀਬੀਸੀ ਰੇਡੀਓ ਕੈਨੇਡਾ ਨੇ ਕਈ ਮਾਹਰਾਂ ਨਾਲ ਗੱਲ ਕੀਤੀ ਜਿਹਨਾਂ ਦੱਸਿਆ ਕਿ ਬੀਸੀ ਵਿਚ ਕੁਝ ਨੌਕਰੀਦਾਤਾ ਅਤੇ ਇਮੀਗ੍ਰੇਸ਼ਨ ਕੰਸਲਟੈਂਟ ਅਕਸਰ ਹੀ ਵਿਦੇਸ਼ੀ ਕਾਮਿਆਂ ਦਾ ਫ਼ਾਇਦਾ ਚੁੱਕਦੇ ਹਨ।

ਭਾਰਤ ਤੋਂ ਕੈਨੇਡਾ ਆਈ ਲੜਕੀ, ਪਵਨ ਨੇ ਦੱਸਿਆ ਕਿ ਉਸਨੂੰ ਟੈਂਪੋਰੇਰੀ ਫ਼ੌਰਨ ਵਰਕਰਜ਼ (TFW) ਪਰਮਿਟ ਦੇ ਬਦਲੇ 30,000 ਡਾਲਰ ਦੀ ਮੰਗ ਕੀਤੀ ਗਈ ਸੀ, ਅਤੇ ਇੱਕ ਰਿਕਰੂਟਰ ਅਤੇ ਨੌਕਰੀਦਾਤਾ ਨੇ ਉਸ ਕੋਲੋਂ ਖ਼ਾਸੀ ਫ਼ੀਸ ਵੀ ਪ੍ਰਾਪਤ ਕੀਤੀ ਪਰ ਮੁੜਕੇ ਪਵਨ ਦੇ ਹੱਥ ਕੁਝ ਵੀ ਨਾ ਲੱਗਾ।

25 ਸਾਲ ਦੀ ਪਵਨ ਨੇ ਦੱਸਿਆ ਕਿ ਇਸ ਪ੍ਰਕਿਰਿਆ ਦੌਰਾਨ ਉਸ ਨੂੰ ਬਹੁਤ ਲਾਰੇ ਲਗਾਏ ਗਏ, ਝੂਠ ਬੋਲਿਆ ਗਿਆ ਅਤੇ ਜਦੋਂ ਉਸਨੇ ਵੈਨਕੂਵਰ ਆਈਲੈਂਡ ਵਿਚ ਇੱਕ ਨੌਕਰੀ ਸ਼ੁਰੂ ਕੀਤੀ - ਜਿਸ ਰਾਹੀਂ ਉਸਨੂੰ ਵਰਕ ਪਰਮਿਟ ਮਿਲਣਾ ਚਾਹੀਦਾ ਸੀ, ਉਦੋਂ ਪ੍ਰੋਸੈਸਿੰਗ ਫ਼ੀਸ ਦੇ ਨਾਂ ‘ਤੇ ਉਸ ਕੋਲੋਂ ਨਾਜਾਇਜ਼ ਤੌਰ ‘ਤੇ ਪੈਸੇ ਵੀ ਮੰਗੇ ਗਏ ਅਤੇ ਆਪਣੇ ਪਰਮਿਟ ਬਾਰੇ ਪੁੱਛੇ ਜਾਣ 'ਤੇ ਉਸਨੂੰ ਧਮਕੀਆਂ ਵੀ ਦਿੱਤੀਆਂ ਗਈਆਂ।

ਪਵਨ ਕੋਲ ਹੁਣ ਨਾ ਨੌਕਰੀ ਹੈ ਅਤੇ ਨਾ ਹੀ ਉਸ ਕੋਲ ਪਰਮਿਟ ਹੈ। ਪਵਨ ਲੋਕਾਂ ਨੂੰ ਹੁਣ ਆਗਾਹ ਕਰ ਰਹੀ ਹੈ ਕਿ ਕਿਵੇਂ ਇਹ ਸਿਸਟਮ ਟੈਂਪੋਰੇਰੀ ਫ਼ੌਰਨ ਵਰਕਰਾਂ ਨੂੰ ਰਿਕਰੂਟਰਾਂ ਅਤੇ ਨੌਕਰੀਦਾਤਾਵਾਂ ਦੇ ਹੱਥੋਂ ਸ਼ੋਸ਼ਣ ਹੋਣ ਲਈ ਛੱਡ ਦਿੰਦਾ ਹੈ।

ਪਵਨ ਦਾ ਤਜਰਬਾ ਕੋਈ ਨਿਵੇਕਲਾ ਨਹੀਂ ਹੈ।

ਸੀਬੀਸੀ ਰੇਡੀਓ ਕੈਨੇਡਾ ਨੇ ਕਈ ਮਾਹਰਾਂ ਨਾਲ ਗੱਲ ਕੀਤੀ ਜਿਹਨਾਂ ਦੱਸਿਆ ਕਿ ਬੀਸੀ ਵਿਚ ਕੁਝ ਨੌਕਰੀਦਾਤਾ ਅਤੇ ਇਮੀਗ੍ਰੇਸ਼ਨ ਕੰਸਲਟੈਂਟ ਅਕਸਰ ਹੀ ਵਿਦੇਸ਼ੀ ਕਾਮਿਆਂ ਦਾ ਫ਼ਾਇਦਾ ਚੁੱਕਦੇ ਹਨ ਅਤੇ ਵਰਕ ਪਰਮਿਟ ਦੇਣ ਦੇ ਬਦਲੇ ਉਹਨਾਂ ਕੋਲੋਂ ਹਜ਼ਾਰਾਂ ਡਾਲਰ ਠੱਗ ਲੈਂਦੇ ਹਨ।

ਇੰਪਲੋਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ (ESDC) ਨੇ ਇਹ ਅੰਕੜੇ ਤਾਂ ਨਹੀਂ ਦਿੱਤੇ ਕਿ ਕਿੰਨੇ ਕੁ ਨੌਕਰੀਦਾਤਾਵਾਂ ਨੇ ਵਰਕਰਾਂ ਕੋਲੋਂ ਨਾਜਾਇਜ਼ ਫ਼ੀਸ ਪ੍ਰਾਪਤ ਕੀਤੀ ਹੈ, ਪਰ ਅਦਾਰੇ ਨੇ ਕਿਹਾ ਕਿ ਅਪ੍ਰੈਲ ਤੋਂ ਅਗਸਤ ਦੇ ਦਰਮਿਆਨ ਉਸਨੂੰ 2,000 ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ।

ਪਵਨ ਦੇ ਵਕੀਲ ਨੇ ਸੀਬੀਸੀ ਨੂੰ ਪਵਨ ਦੀ ਗੋਤ ਅਤੇ ਨੌਕਰੀਦਾਤਾ ਦਾ ਨਾਮ ਨਸ਼ਰ ਨਾ ਕਰਨ ਲਈ ਆਖਿਆ ਸੀ, ਜਿਸ ਲਈ ਸੀਬੀਸੀ ਸਹਿਮਤ ਹੈ, ਤਾਂ ਕਿ ਮੌਜੂਦਾ ਪ੍ਰਕਿਰਿਆ ਪ੍ਰਭਾਵਿਤ ਨਾ ਹੋਵੇ।

ਵੱਧ ਫ਼ੀਸ ਅਤੇ ਫੋਕੇ ਵਾਅਦੇ

ਪਵਨ ਪਿਛਲੇ 6 ਸਾਲ ਤੋਂ ਬੀਸੀ ਵਿਚ ਰਹਿ ਰਹੀ ਹੈ। ਪਰ ਪਿਛਲੇ ਸਾਲ ਉਹ ਆਪਣੇ ਪਤੀ ਤੋਂ ਅਲਿਹਦਾ ਹੋ ਗਈ, ਜਿਸ ਦਾ ਅਰਥ ਹੈ ਕਿ ਉਸਦਾ ਸਪਾਊਜ਼ਲ ਵੀਜ਼ਾ ਜਲਦੀ ਐਕਸਪਾਇਰ ਹੋ ਜਾਣਾ ਹੈ।

ਇੱਕ ਜਾਣ-ਪਛਾਣ ਵਾਲੇ ਨੇ, ਜੋਕਿ ਇੱਕ ਇਮੀਗ੍ਰੇਸ਼ਨ ਕੰਸਲਟੈਂਟ ਹੈ, ਪਵਨ ਨੂੰ ਵੈਨਕੂਵਰ ਆਈਲੈਂਡ ਦੇ ਇੱਕ ਨੌਕਰੀਦਾਤਾ ਨਾਲ ਮਿਲਵਾਇਆ, ਜਿਸ ਦਾ ਦਾਅਵਾ ਸੀ ਕਿ ਉਸ ਕੋਲ ਪਵਨ ਨੂੰ ਟੈਂਪੋਰੇਰੀ ਵਰਕਰ ਦੇ ਤੌਰ ‘ਤੇ ਨੌਕਰੀ ‘ਤੇ ਰੱਖਣ ਲਈ ਲੋੜੀਂਦੇ ਕਾਗ਼ਜ਼ ਮੌਜੂਦ ਸਨ।

ਕੈਨੇਡਾ ਵਿਚ ਕਿਸੇ ਨੂੰ ਟੈਂਪੋਰੇਰੀ ਫ਼ੌਰਨ ਵਰਕਰ (TFW) ਦੇ ਤੌਰ ‘ਤੇ ਨੌਕਰੀ ‘ਤੇ ਰੱਖਣ ਲਈ, ਕੰਪਨੀ ਨੂੰ ਐਲ ਐਮ ਆਈ ਏ, ਯਾਨੀ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ (LMIA) ਪ੍ਰਾਪਤ ਕਰਨਾ ਜ਼ਰੂਰੀ ਹੁੰਦਾ ਹੈ।

ਪਵਨ ਦੇ ਕੰਸਲਟੈਂਟ ਨੇ ਉਸਨੂੰ ਦੱਸਿਆ ਸੀ ਕਿ ਉਸਦੀ ਕੰਪਨੀ ਨੂੰ LMIA ਪ੍ਰਾਪਤ ਹੋ ਗਿਆ ਹੈ ਅਤੇ ਆਪਣੇ ਖ਼ਰਚੇ ਪੂਰੇ ਕਰਨ ਲਈ ਪਵਨ ਤੋਂ ਵਾਧੂ ਫ਼ੀਸ ਪ੍ਰਾਪਤ ਕੀਤੀ। ਜਦਕਿ, ਪਵਨ ਦੇ ਵਕੀਲ ਨੇ ਦੱਸਿਆ ਕਿ ਨੌਕਰੀਦਾਤਾ ਵਰਕਰ ਕੋਲੋਂ LMIA ਦਸਤਾਵੇਜ਼ ਪ੍ਰਾਪਤ ਕਰਨ ਦੀ ਫ਼ੀਸ ਨਹੀਂ ਮੰਗ ਸਕਦਾ ਅਤੇ ਅਜਿਹਾ ਕਰਨਾ ਗ਼ੈਰ-ਕਾਨੂੰਨੀ ਹੈ।

ਇੰਪਲੋਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ (ESDC) ਨੇ ਦੱਸਿਆ ਕਿ ਇਸ ਪ੍ਰਕਿਰਿਆ ਵਿਚ ਕਰੀਬ 1,000 ਡਾਲਰ ਦਾ ਖ਼ਰਚ ਆਉਂਦਾ ਹੈ।

ਪਵਨ 30,000 ਡਾਲਰ ਵਿਚੋਂ 5,000 ਦੇਣ ਲਈ ਰਾਜ਼ੀ ਹੋ ਗਈ, ਅਤੇ ਬਾਕੀ ਦੀ ਰਾਸ਼ੀ LMIA ਮਿਲਣ ‘ਤੇ ਅਦਾ ਕੀਤੀ ਜਾਣੀ ਸੀ।

ਮੈਨੂੰ ਬਿਲਕੁਲ ਜਾਣਕਾਰੀ ਨਹੀਂ ਸੀ ਕਿ ਇਹ ਪ੍ਰਕਿਰਿਆ ਕਿਵੇਂ ਕੰਮ ਕਰਦੀ ਹੈ। ਪਵਨ ਨੇ ਕਿਹਾ ਕਿ ਉਸਦੇ ਇੱਕ ਦੋਸਤ ਨੇ ਉਸਨੂੰ ਦੱਸਿਆ ਸੀ ਕਿ ਇੰਨਾ ਕੁ ਖ਼ਰਚਾ ਤਾਂ ਆਮ ਗੱਲ ਹੈ।

ਚੈਟ ਦੀ ਤਸਵੀਰ

LMIA ਬਾਰੇ ਆਪਣੇ ਨੌਕਰੀਦਾਤਾ ਨਾਲ ਕੀਤੀ ਪਵਨ ਦੀ ਬੇਚੈਨੀ ਭਰੀ ਚੈਟ

ਤਸਵੀਰ: Radio-Canada / Ken Leedham

ਕੰਮ-ਕਾਜ ਦੀਆਂ ਮਾੜੀਆਂ ਸਥਿਤੀਆਂ

ਪਿਛਲੇ ਦਸੰਬਰ, ਪਵਨ ਵੈਨਕੂਵਰ ਆਈਲੈਂਡ ਸ਼ਿਫ਼ਟ ਹੋ ਗਈ ਅਤੇ ਪਰਮਿਟ ਦੀ ਉਡੀਕ ਦੇ ਨਾਲ ਨਾਲ ਉਸਨੇ ਕੰਪਨੀ ਨਾਲ ਨੌਕਰੀ ਸ਼ੁਰੂ ਕਰ ਦਿੱਤੀ। ਉਸਦਾ ਪਿਛਲਾ ਵੀਜ਼ਾ ਬਾਕੀ ਸੀ ਪਰ ਜਲਦੀ ਐਕਸਪਾਇਰ ਹੋਣ ਵਾਲਾ ਸੀ।

ਸੀਬੀਸੀ ਨੇ ਜੌਬ ਆਫਰ ਨੂੰ ਰਿਵੀਊ ਕੀਤਾ, ਜਿਸ ਵਿਚ ਲਿਖਿਆ ਹੈ ਕਿ ਪਵਨ ਨੂੰ 20 ਡਾਲਰ ਪ੍ਰਤੀ ਘੰਟਾ ਤਨਖ਼ਾਹ ਮਿਲੇਗੀ, ਉਸਨੂੰ ਸੱਤੇ ਦਿਨ ਕੰਮ ਕਰਨਾ ਹੋਵੇਗਾ ਅਤੇ ਓਵਰ-ਟਾਈਮ ਵਿਚ ਉਸਨੂੰ ਡੇਢ਼ ਗੁਣਾ ਤਨਖ਼ਾਹ ਮਿਲੇਗੀ। ਪਰ ਪਵਨ ਦੇ ਪੇਅ-ਸਟੱਬ ਤੋਂ ਪਤਾ ਲੱਗਾ ਕਿ ਉਸਨੂੰ ਮਿਨੀਮਮ ਵੇਜ (ਘੱਟੋ ਘੱਟ ਉਜਰਤ) ਦਿੱਤੀ ਗਈ ਅਤੇ ਉਸਨੂੰ ਹਫ਼ਤੇ ਵਿਚ ਛੇ ਦਿਨ, 9 ਘੰਟੇ ਪ੍ਰਤੀ ਦਿਨ ਕੰਮ ਕਰਵਾਇਆ ਜਾਂਦਾ ਸੀ। ਇਸ ਦੌਰਾਨ ਨਾ ਉਸਨੂੰ ਬ੍ਰੇਕ ਮਿਲਦੀ ਸੀ ਅਤੇ ਨਾ ਓਵਰ-ਟਾਈਮ ਦਿੱਤਾ ਜਾਂਦਾ ਸੀ।

ਪਵਨ ਨੇ ਕਿਹਾ, ਮੈੈਂ ਸੋਚਿਆ ਸੀ ਕਿ ਉਹ LMIA ਵਿਚ ਮੇਰੀ ਮਦਦ ਕਰਨਗੇ ਇਸ ਲਈ ਮੈਂ ਕੁਝ ਨ੍ਹੀਂ ਕਿਹਾ

ਪਵਨ ਨੇ ਉੱਥੇ 9 ਮਹੀਨੇ ਨੌਕਰੀ ਕੀਤੀ ਅਤੇ ਉਹ ਲਗਾਤਾਰ ਆਪਣੇ ਪਟਮਿਟ ਦੇ ਸਟੈਟਸ ਬਾਰੇ ਪੁੱਛਦੀ ਰਹੀ।

ਸੀਬੀਸੀ ਰੇਡੀਓ-ਕੈਨੇਡਾ ਨੂੰ ਰਿਸਰਚ ਦੌਰਾਨ ਪਤਾ ਲੱਗਾ ਕਿ ਉਕਤ ਕੰਪਨੀ ਟੈਂਪੋਰੇਰੀ ਫ਼ੌਰਨ ਵਰਕਰ ਨੂੰ ਨੌਕਰੀ ਦੇਣ ਲਈ ਬੀਸੀ ਜਾਂ ਫ਼ੈਡਰਲ ਦੋਵਾਂ ਚੋਂ ਕਿਸੇ ਸਰਕਾਰ ਕੋਲ ਰਜਿਸਟਰ ਨਹੀਂ ਹੈ।

ਬਹੁਤ ਸਾਰੀਆਂ ਇਮੀਗ੍ਰੇਸ਼ਨ ਸਹਾਇਤਾ ਸੇਵਾਵਾਂ ਨਾਲ ਸੰਪਰਕ ਕਰਨ ਤੋਂ ਬਾਅਦ, ਪਵਨ ਨੇ ਨੌਕਰੀ ਛੱਡ ਦਿੱਤੀ। ਅਖ਼ੀਰ ਉਸਨੇ 5,000 ਡਾਲਰ ਵੀ ਗੁਆਏ ਅਤੇ ਉਸਨੂੰ ਵਰਕ ਪਰਮਿਟ ਵੀ ਨਹੀਂ ਮਿਲੀਆ।

ਪਵਨ ਕਹਿੰਦੀ ਹੈ, ਉਹਨਾਂ [ਕੈਨੇਡੀਅਨ ਸਰਕਾਰ] ਨੂੰ ਇਹਨਾਂ ਸਥਿਤੀਆਂ ਅਤੇ ਉਨ੍ਹਾਂ ਕਾਨੂੰਨਾਂ ਅਤੇ ਨਿਯਮਾਂ ਬਾਰੇ ਜੋ ਪਰਵਾਸੀਆਂ ਲਈ ਉਪਲਬਧ ਹਨ, ਬਾਰੇ ਵਧੇਰੇ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ। 

ਇਹ ਹੁਣ ਆਮ ਹੀ ਹੋ ਰਿਹਾ ਹੈ:ਮਾਹਰ

ਹਰ ਸਾਲ ਕਰੀਬ 100,000 ਟੈਂਪੋਰੇਰੀ ਫ਼ੌਰਨ ਵਰਕਰ (TFW) ਕੈਨੇਡਾ ਆਉਂਦੇ ਹਨ।

ਵੈਨਕੂਵਰ ਦੇ ਮਾਈਗ੍ਰੈਂਟ ਵਰਕਰਜ਼ ਸੈਂਟਰ ਦਾ ਕਹਿਣਾ ਹੈ ਕਿ ਬਹੁਤ ਸਾਰੇ ਨੌਕਰੀਦਾਤਾ ਇਹਨਾਂ ਵਰਕਰਾਂ ਨੂੰ ਰੱਖਣ ਲਈ ਰਿਕਰੂਟਰਾਂ ਦਾ ਸਹਾਰਾ ਲੈਂਦੇ ਹਨ।

ਸੈਂਟਰ ਨਾਲ ਜੁੜੇ ਜੌਨਾਥਨ ਬ੍ਰਾਊਨ ਨੇ ਕਿਹਾ ਕਿ ਵਰਕਰਾਂ ਨੂੰ ਖ਼ੁਦ ਨੂੰ ਵੀ ਨ੍ਹੀਂ ਪਤਾ ਹੁੰਦਾ ਕਿ ਨੌਕਰੀਦਾਤਾ ਜਾਂ ਰਿਕਰੂਟਰਾਂ ਵੱਲੋਂ ਨੌਕਰੀ ਦੇਣ ਲਈ ਪੈਸੇ ਮੰਗਣਾ ਗ਼ੈਰ-ਕਾਨੂੰਨੀ ਹੈ।

ਜੌਨਾਥਨ ਨੇ ਕਿਹਾ, ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਕੈਨੇਡਾ ਆਉਣ ਲਈ ਇਹ ਇੱਕ ਨੌਰਮਲ ਪ੍ਰਕਿਰਿਆ ਹੈ

ਉਸਦਾ ਕਹਿਣਾ ਹੈ ਕਿ ਰਿਕਰੂਟਰਾਂ ਵੱਲੋਂ ਪਰਮਿਟ ਦੇ ਬਦਲੇ ਮੰਗੇ ਜਾਣ ਵਾਲੀ ਰਾਸ਼ੀ ਵਿਚ ਵੀ ਵਾਧਾ ਹੋ ਰਿਹਾ ਹੈ। ਇਹ 20 ਹਜ਼ਾਰ ਤੋਂ 30 ਹਜ਼ਾਰ ਡਾਲਰ ਦੇ ਦਰਮਿਆਨ ਹੋ ਗਈ ਹੇ ਅਤੇ ਇੱਕ ਮਾਮਲੇ ਵਿਚ ਤਾਂ ਇੱਕ ਵਰਕਰ ਕੋਲੋਂ 75,000 ਅਮਰੀਕੀ ਡਾਲਰ ਮੰਗੇ ਗਏ ਸਨ।

ਫ਼ੈਡਰਲ ਸਰਕਾਰ ਦਾ ਕਹਿਣਾ ਹੈ ਕਿ 22,000 ਤੋਂ ਵੱਧ ਨੌਕਰੀਦਾਤਾਵਾਂ ਨੇ LMIA ਪ੍ਰਦਾਨ ਕੀਤੇ ਹਨ। ਨੌਕਰੀਦਾਤਾਵਾਂ ਨੂੰ ਟੈਂਪੋਰੇਰੀ ਫ਼ੌਰਨ ਵਰਕਰਜ਼ ਪ੍ਰੋਗਰਾਮ ਦੀਆਂ ਵਿਸ਼ੇਸ਼ ਸ਼ਰਤਾਂ ਦੀ ਪਾਲਣਾ ਕਰਨ ਦੀ ਲੋੜ ਹੁੰਦੀ ਹੈ।

ਜੇ ਨੌਕਰੀਦਾਤਾ ਪ੍ਰੋਗਰਾਮ ਦੀਆਂ ਸ਼ਰਤਾਂ ਦੀ ਪਾਲਣਾ ਨਹੀਂ ਕਰਦੇ ਤਾਂ ਉਹਨਾਂ ਨੂੰ ਪ੍ਰਤੀ ਉਲੰਘਣਾ, 500 ਤੋਂ 1,000 ਡਾਲਰ ਤੋਂ ਲੈਕੇ 1 ਮਿਲੀਅਨ ਡਾਲਰ ਤੱਕ ਦਾ ਵੀ ਜੁਰਮਾਨਾ ਹੋ ਸਕਦਾ ਹੈ ਅਤੇ ਉਹਨਾਂ ਦੀ ਮੰਜ਼ੂਰ ਕੀਤੀ LMIA ਵੀ ਰੱਦ ਹੋ ਸਕਦੀ ਹੈ।

ਪਾਲਣਾ ਨਾ ਕਰਨ ਵਾਲਿਆਂ ਦੀ ਸੂਚੀ ਇੱਥੋਂ ਪ੍ਰਾਪਤ ਕੀਤੀ ਜਾ ਸਕਦੀ ਹੈ। (ਨਵੀਂ ਵਿੰਡੋ)

ਜੋਲ ਬੈਲਾਰਡ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ


ਸ਼ੋਸ਼ਣ ਦਾ ਸਾਹਮਣਾ ਕਰ ਰਹੇ ਮਾਈਗ੍ਰੈਂਟ ਵਰਕਰ ਆਪਣੀ ਸਥਿਤੀ ਦੀ ਜਾਣਕਾਰੀ ਸਰਵਿਸ ਕੈਨੇਡਾ ਦੇ ਵਿਸ਼ੇਸ਼ ਨੰਬਰ: 1-866-602-9448 ‘ਤੇ ਦੇ ਸਕਦੇ ਹਨ। ਏਜੰਸੀ ਦਾ ਕਹਿਣਾ ਹੈ ਕਿ ਸਾਰੀਆਂ ਸ਼ਿਕਾਇਤਾਂ ਦਾ 48 ਘੰਟਿਆਂ ਦੇ ਅੰਦਰ ਅੰਦਰ ਜਵਾਬ ਦਿੱਤਾ ਜਾਂਦਾ ਹੈ।

ਸੁਰਖੀਆਂ