1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਟ੍ਰੂਡੋ ਨੇ ਈਰਾਨ ਦੀ ‘ਨੈਤਿਕਤਾ ਪੁਲਿਸ’ ਖ਼ਿਲਾਫ਼ ਲਾਈਆਂ ਨਵੀਆਂ ਪਾਬੰਦੀਆਂ

ਵਿਰੋਧ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਨੂੰ ਕਿਹਾ, ‘ਅਸੀਂ ਤੁਹਾਡੇ ਨਾਲ ਹਾਂ’

ਤਹਿਰਾਨ ਪ੍ਰਦਰਸ਼ਨ

21 ਸਤੰਬਰ ਨੂੰ ਰਾਜਧਾਨੀ ਤਹਿਰਾਨ ਵਿਚ ਰੋਸ ਮੁਜ਼ਾਹਰਿਆਂ ਦੀ ਤਸਵੀਰ। ਪੁਲਿਸ ਹਿਰਾਸਤ ਵਿਚ ਹੋਈ ਮਾਹਸੀ ਅਮੀਨੀ ਦੀ ਮੌਤ ਤੋਂ ਬਾਅਦ ਪੂਰੇ ਈਰਾਨ ਵਿਚ ਵਿਰੋਧ ਪ੍ਰਦਰਸ਼ਨ ਚਲ ਰਹੇ ਹਨ।

ਤਸਵੀਰ: Getty Images / -

RCI

ਪ੍ਰਧਾਨ ਮੰਤਰੀ ਜਸਟਿਨ ਟ੍ਰੁਡੋ ਨੇ ਸੋਮਵਾਰ ਨੂੰ ਈਰਾਨ ਦੀ ਅਖੌਤੀ “ਨੈਤਿਕਤਾ ਪੁਲਿਸ” ਸਮੇਤ ਕਈ ਈਰਾਨੀ ਵਿਅਕਤੀਆਂ ਅਤੇ ਅਦਾਰਿਆਂ ‘ਤੇ ਨਵੀਆਂ ਪਾਬੰਦੀਆਂ ਠੋਕਣ ਦਾ ਐਲਾਨ ਕੀਤਾ।

ਈਰਾਨ ਵਿਚ 22 ਸਾਲ ਦੀ ਇੱਕ ਲੜਕੀ ਮਾਹਸਾ ਅਮੀਨੀ ਦੀ ਮੌਤ ਤੋਂ ਬਾਅਦ ਮੁਲਕ ਭਰ ਵਿਚ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਚਲ ਰਹੇ ਹਨ। 13 ਸਤੰਬਰ ਨੂੰ ਮਾਹਸਾ ਅਮੀਨੀ ਨੂੰ ਸਹੀ ਢੰਗ ਨਾਲ ਹਿਜਾਬ ਨਾ ਪਹਿਨਣ ਕਰਕੇ ਨੈਤਿਕਤਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਦੀ ਹਿਰਾਸਤ ਵਿਚ ਉਸਦੇ ਸਿਰ ‘ਤੇ ਚੋਟ ਲੱਗੀ ਅਤੇ ਉਹ ਕੋਮਾ ਵਿਚ ਚਲੀ ਗਈ। 16 ਸਤੰਬਰ ਨੂੰ ਹਸਪਤਾਲ ਵਿਚ ਉਸਦੀ ਮੌਤ ਹੋ ਗਈ।

ਇਸ ਪੂਰੀ ਘਟਨਾ ਤੋਂ ਬਾਅਦ ਈਰਾਨ ਸਰਕਾਰ ਅਤੇ ਔਰਤਾਂ ਦੇ ਲਿਬਾਸ ਦੀ ਆਜ਼ਾਦੀ ਨੂੰ ਲੈਕੇ ਮੁਲਕ ਦੇ ਸਾਰੇ 31 ਸੂਬਿਆਂ ਵਿਚ ਰੋਸ ਮੁਜ਼ਾਹਰੇ ਚਲ ਰਹੇ ਹਨ ਅਤੇ ਲੋਕ ਸੜਕਾਂ ‘ਤੇ ਉਤਰ ਆਏ ਹਨ।

ਈਰਾਨ ਦੇ ਸਰਕਾਰੀ ਮੀਡੀਆ ਅਨੁਸਾਰ ਮੁਜ਼ਾਹਰਿਆਂ ਵਿਚ ਹੁਣ ਤੱਕ ਘੱਟੋ ਘੱਟ 41 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਰਕਾਰ ਨੇ ਮੁਜ਼ਾਹਰਾਕਾਰੀਆਂ ਨਾਲ ਨਜਿੱਠਣ ਲਈ ਹਥਿਆਰਬੰਦ ਸੁਰੱਖਿਆ ਬਲਾਂ ਨੂੰ ਤੈਨਾਤ ਕੀਤਾ ਹੋਇਆ ਹੈ ਅਤੇ ਪੱਛਮੀ ਈਰਾਨ ਦੇ ਕੁਰਦਿਸ਼ ਇਲਾਕਿਆਂ - ਜੋ ਕਿ ਉਕਤ ਮੁਜ਼ਾਹਰਿਆਂ ਦਾ ਕੇਂਦਰ ਹੈ - ਵਿੱਖੇ ਸੁਰੱਖਿਆ ਇੰਤਜ਼ਾਮ ਵੀ ਸਖ਼ਤ ਕਰ ਦਿੱਤੇ ਹਨ।

ਈਰਾਨ ਵਿਚ ਵਿਰੋਧ ਕਰ ਰਹੀਆਂ ਔਰਤਾਂ ਅਤੇ ਉਹਨਾਂ ਦਾ ਸਮਰਥਨ ਕਰਨ ਵਾਲਿਆਂ ਲਈ ਸੰਦੇਸ਼: ਅਸੀਂ ਤੁਹਾਡੇ ਨਾਲ ਹਾਂ।
ਵੱਲੋਂ ਇੱਕ ਕਥਨ ਜਸਟਿਨ ਟ੍ਰੂਡੋ

ਟ੍ਰੂਡੋ ਨੇ ਕਿਹਾ, ਅਸੀਂ ਦੁਨੀਆ ਭਰ ਦੇ ਲੱਖਾਂ ਲੋਕਾਂ ਦੀਆਂ ਆਵਾਜ਼ਾਂ ਵਿਚ ਆਪਣੀ ਅਤੇ ਸਾਰੇ ਕੈਨੇਡੀਅਨਜ਼ ਦੀ ਆਵਾਜ਼ ਸ਼ਾਮਲ ਕਰਕੇ ਮੰਗ ਕਰਦੇ ਹਾਂ ਕਿ ਈਰਾਨੀ ਸਰਕਾਰ ਆਪਣੇ ਲੋਕਾਂ ਦੀ ਗੱਲ ਸੁਣੇ, ਉਹਨਾਂ ਦੀ ਆਜ਼ਾਦੀ ਅਤੇ ਅਧਿਕਾਰਾਂ ਦੇ ਘਾਣ ਨੂੰ ਖ਼ਤਮ ਕਰੇ, ਅਤੇ ਔਰਤਾਂ ਤੇ ਸਾਰੇ ਈਰਾਨੀ ਲੋਕਾਂ ਨੂੰ ਆਪਣੀ ਜ਼ਿੰਦਗੀ ਜੀਊਣ ਅਤੇ ਆਪਣੇ ਆਪ ਨੂੰ ਸ਼ਾਂਤਮਈ ਤਰੀਕੇ ਨਾਲ ਪ੍ਰਗਟ ਕਰਨ ਦੀ ਆਜ਼ਾਦੀ ਦਵੇ

ਟ੍ਰੂਡੋ ਨੇ ਇਹ ਨਹੀਂ ਦੱਸਿਆ ਕਿ ਸਪਸ਼ਟ ਤੌਰ ‘ਤੇ ਕਿਸ ‘ਤੇ ਪਾਬੰਦੀ ਲਗਾਈ ਜਾਵੇਗੀ।

ਈਰਾਨੀ ਭਾਈਚਾਰੇ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਈਰਾਨ ਵਿੱਚ ਪ੍ਰਦਰਸ਼ਨਕਾਰੀਆਂ ਨਾਲ ਇੱਕਜੁਟਤਾ ਪ੍ਰਗਟਾਉਂਦਿਆਂ ਐਤਵਾਰ ਨੂੰ ਔਟਵਾ ਵਿੱਚ ਰੈਲੀ ਕੀਤੀ।

ਈਰਾਨੀ ਭਾਈਚਾਰੇ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਈਰਾਨ ਵਿੱਚ ਪ੍ਰਦਰਸ਼ਨਕਾਰੀਆਂ ਨਾਲ ਇੱਕਜੁਟਤਾ ਪ੍ਰਗਟਾਉਂਦਿਆਂ ਐਤਵਾਰ ਨੂੰ ਔਟਵਾ ਵਿੱਚ ਰੈਲੀ ਕੀਤੀ।

ਤਸਵੀਰ:  (Justin Tang/The Canadian Press)

ਮੀਡੀਆ ਨੂੰ ਦਿੱਤੇ ਇੱਕ ਲਿਖਤ ਬਿਆਨ ਵਿਚ ਵਿਦੇਸ਼ ਮੰਤਰੀ ਮੈਲੇਨੀ ਜੋਲੀ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਕੈਨੇਡਾ ਕੁਝ ਈਰਾਨੀਆਂ ‘ਤੇ ਪਾਬੰਦੀਆਂ ਲਾਉਣ ਦਾ ਇਰਾਦਾ ਰੱਖਦਾ ਹੈ, ਜਿਸ ਵਿਚ ਨੈਤਿਕਤਾ ਪੁਲਿਸ ਦੇ ਮੈਂਬਰ ਵੀ ਸ਼ਾਮਲ ਹਨ, ਪਰ ਇਸਦੇ ਸਪਸ਼ਟ ਵੇਰਵੇ ਨਹੀਂ ਦਿੱਤੇ।

ਬੁਲਾਰੇ ਨੇ ਕਿਹਾ ਕਿ ਆਉਂਦੇ ਸਮੇਂ ਵਿਚ ਇਸ ਬਾਬਤ ਵੇਰਵੇ ਸਾਂਝੇ ਕੀਤੇ ਜਾਣਗੇ।

ਈਰਾਨ ਦੀ ਨੈਤਿਕਤਾ ਪੁਲਿਸ ਦਾ ਨਾਮ ਗਸ਼ਤੇ-ਏ-ਇਰਸ਼ਾਦ ਹੈ। ਇਹ ਪੁਲਿਸ ਦੀ ਇੱਕ ਵਿਸ਼ੇਸ਼ ਯੂਨਿਟ ਹੈ। ਇਸਲਾਮੀ ਨੈਤਿਕਤਾ ਦਾ ਸਨਮਾਨ ਯਕੀਨੀ ਬਣਾਉਣ ਅਤੇ ਜਨਤਕ ਥਾਂਵਾਂ ‘ਤੇ ‘ਗ਼ੈਰ-ਵਾਜਿਬ’ ਲਿਬਾਸ ਪਹਿਨਣ ਵਾਲਿਆਂ ਨੂੰ ਇਹ ਗ੍ਰਿਫ਼ਤਾਰ ਕਰਨ ਦਾ ਕੰਮ ਕਰਦੀ ਹੈ।

ਈਰਾਨ ਦੇ ਸ਼ਰੀਆ ਕਾਨੂੰਨ ਦੇ ਤਹਿਤ ਔਰਤਾਂ ਨੂੰ ਹਿਜਾਬ ਨਾਲ ਆਪਣੇ ਵਾਲਾਂ ਨੂੰ ਢੱਕ ਕੇ ਰੱਖਣਾ ਅਤੇ ਢਿੱਲੇ ਢਿੱਲੇ ਕੱਪੜੇ ਪਾਉਣਾ ਲਾਜ਼ਮੀ ਹੈ। ਮਰਦਾਂ ਨੂੰ ਵੀ ਸੰਜਮ ਨਾਲ ਕੱਪੜੇ ਪਾਉਣਾ ਜ਼ਰੂਰੀ ਹੈ ਪਰ ਕਾਰਕੁੰਨਾਂ ਦਾ ਕਹਿਣਾ ਹੈ ਕਿ ਨੈਤਿਕਤਾ ਪੁਲਿਸ ਦੀ ਸਖ਼ਤੀ ਦਾ ਔਰਤਾਂ ਵਧੇਰੇ ਸ਼ਿਕਾਰ ਹੁੰਦੀਆਂ ਹਨ।

ਇਹ ਪਾਬੰਦੀਆਂ 1979 ਦੀ ਈਰਾਨੀ ਕ੍ਰਾਂਤੀ ਤੋਂ ਬਾਅਦ ਹੀ ਲਾਗੂ ਹੋ ਗਈਆਂ ਸਨ ਜਦੋਂ ਮੌਲਵੀਆਂ ਦੀ ਅਗਵਾਈ ਵਾਲੀ ਇੱਕ ਕੱਟੜ-ਪੰਥੀ ਸਰਕਾਰ ਸੱਤਾ ਵਿਚ ਆਈ ਸੀ।

2021 ਵਿਚ ਕੱਟੜ ਇਸਲਾਮੀ ਨੇਤਾ ਇਬਰਾਹੀਮ ਰਈਸੀ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ, ਨੈਤਿਕਤਾ ਪੁਲਿਸ ਨੇ ਮੁਲਕ ਦੇ ਵੱਡੇ ਸ਼ਹਿਰਾਂ ਵਿਚ ਆਪਣੀ ਗਸ਼ਤ ਵਧਾ ਦਿੱਤੀ ਹੈ।

ਈਰਾਨ ਵਿਚ ਚਲ ਰਹੇ ਮੌਜੂਦਾ ਵਿਰੋਧ ਪ੍ਰਦਰਸ਼ਨ ਸਿਰਫ਼ ਹਿਜਾਬ ਵਿਰੋਧੀ ਹੀ ਨਹੀਂ ਸਗੋਂ ਰਈਸੀ ਸਰਕਾਰ ਦੀਆਂ ਮਹਿੰਗਾਈ ਨਾਲ ਨਜਿੱਠਣ ਦੀਆਂ ਮਾੜੀਆਂ ਨੀਤੀਆਂ ਦਾ ਵੀ ਵਿਰੋਧ ਹਨ। ਅੰਤਰਰਾਸ਼ਟਰੀ ਪਾਬੰਦੀਆਂ ਅਤੇ ਪਾਣੀਆਂ ਦੇ ਸੰਕਟ ਨਾਲ ਜੂਝਦੇ ਈਰਾਨ ਵਿਚ, ਜੂਨ 2022 ਵਿਚ ਸਲਾਨਾ ਮਹਿੰਗਾਈ ਦਰ 52.5 % ‘ਤੇ ਪਹੁੰਚ ਗਈ ਸੀ। 

ਈਰਾਨ ਵੱਲੋਂ ਫ਼ਲਾਈਟ-PS752 ਨੂੰ ਮਾਰ ਗਿਰਾਉਣ ਤੋਂ ਬਾਅਦ - ਜਿਸ ਵਿਚ ਕਈ ਕੈਨੇਡੀਅਨਜ਼ ਮਾਰੇ ਗਏ ਸਨ - ਵਿਰੋਧੀ ਕੰਜ਼ਰਵੇਟਿਵਜ਼ ਵੱਲੋਂ ਫ਼ੈਡਰਲ ਸਰਕਾਰ ਨੂੰ ਮੰਗ ਕੀਤੀ ਜਾ ਰਹੀ ਹੈ ਕਿ ਕੈਨੇਡਾ ਈਰਾਨ ਖ਼ਿਲਾਫ਼ ਸਖ਼ਤ ਸਟੈਂਡ ਲਵੇ ਅਤੇ ਈਰਾਨ ਦੀ ਪੈਰਾਮਿਲੀਟ੍ਰੀ ਫ਼ੋਰਸ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੌਰਪਸ (IRGC) ਨੂੰ ਇੱਕ ਅੱਤਵਾਦੀ ਸੰਗਠਨ ਘੋਸ਼ਿਤ ਕਰੇ।

IRGC ਬਾਰੇ ਪੁੱਛੇ ਜਾਣ ‘ਤੇ ਟ੍ਰੂਡੋ ਨੇ ਕਿਹਾ ਕਿ ਕੈਨੇਡਾ ਦੀ ਪਾਬੰਦੀਆਂ ਲਾਉਣ ਦੀ ਪ੍ਰਣਾਲੀ ਦੁਨੀਆ ਦੀਆਂ ਸਭ ਤੋਂ ਸਖ਼ਤ ਪ੍ਰਣਾਲੀਆਂ ਵਿਚੋਂ ਇੱਕ ਹੈ। ਉਹਨਾਂ ਕਿਹਾ ਕਿ ਕੁਝ ਈਰਾਨੀ ਵਿਅਕਤੀਆਂ ਜੋਕਿ IRGC ਦੇ ਮੈਂਬਰ ਹਨ, ‘ਤੇ ਪਾਬੰਦੀਆਂ ਲਗਾਈਆਂ ਗਈਆਂ ਹਨ ਅਤੇ ਸਰਕਾਰ ਹੋਰ ਪਾਬੰਦੀਆਂ ‘ਤੇ ਵਿਚਾਰ ਕਰਦੀ ਰਹੇਗੀ।

ਕੈਨੇਡਾ ਨੇ ਈਰਾਨ 'ਤੇ ਹਥਿਆਰਾਂ ਦੀ ਪਾਬੰਦੀ ਲਗਾਈ ਹੋਈ ਹੈ, ਕੁਝ ਸਰਕਾਰੀ ਸੰਪਤੀਆਂ ਨੂੰ ਜ਼ਬਤ ਕੀਤਾ ਹੈ, ਨਿਰਯਾਤ ਅਤੇ ਆਯਾਤ ਪਾਬੰਦੀਆਂ ਲਗਾਈਆਂ ਹਨ ਅਤੇ PS752 ਨੂੰ ਤਬਾਹ ਕਰਨ, ਈਰਾਨ ਦੀਆਂ ਪ੍ਰਮਾਣੂ ਹਥਿਆਰਾਂ ਦੀਆਂ ਇੱਛਾਵਾਂ ਅਤੇ ਕਈ ਹੋਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਵਿਰੋਧ ਵਿਚ ਵਿੱਤੀ ਪਾਬੰਦੀਆਂ ਵੀ ਲਗਾਈਆਂ ਹੋਈਆਂ ਹਨ।

ਜੌਨ ਪੌਲ ਟਸਕਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ