1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਕੈਨੇਡਾ ਵਿਚ ‘ਫ਼ਿਓਨਾ’ ਚੱਕਰਵਾਤ ਨੇ ਮਚਾਈ ਤਬਾਹੀ, ਫ਼ੈਡਰਲ ਸਰਕਾਰ ਵੱਲੋਂ ਫ਼ੌਜੀ ਮਦਦ ਦਾ ਐਲਾਨ

ਮੌਜੂਦਾ ਹਾਲਾਤ ਦੇ ਮੱਦੇਨਜ਼ਰ ਟ੍ਰੂਡੋ ਨੇ ਜਾਪਾਨ ਫ਼ੇਰੀ ਰੱਦ ਕੀਤੀ

ਤਬਾਹ ਹੋਏ ਘਰਾਂ ਦੀ ਤਸਵੀਰ

ਨਿਊ ਫ਼ੰਡਲੈਂਡ ਐਂਡ ਲੈਬਰਾਡੌਰ ਸੂਬੇ ਦੇ ਪੋਰਟ ਔਕਸ ਬਾਸਕਸ ਤੋਂ 45 ਕਿਲੋਮੀਟਰ ਦੂਰ ਪੂਰ ਵਿਚ ਸਥਿਤ ਰੋਜ਼ ਬਲਾਂਸ਼ੇ ਸ਼ਹਿਰ ਨੂੰ ਚੱਕਰਵਾਤ ਫ਼ਿਓਨਾ ਨੇ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ।

ਤਸਵੀਰ: (Pauline Billard via The Associated Press)

RCI

ਕੈਨੇਡਾ ਦੇ ਪੂਰਬੀ ਹਿੱਸੇ ਵਿਚ ਆਏ ਭਿਆਨਕ ਚੱਕਰਵਾਤ ‘ਫ਼ਿਓਨਾ’ ਨੇ ਜ਼ਬਰਦਸਤ ਤਬਾਹੀ ਮਚਾ ਦਿੱਤੀ ਹੈ। ਤੇਜ਼ ਤੂਫ਼ਾਨ ਤੋਂ ਜਨ-ਜੀਵਨ ਖ਼ਾਸਾ ਪ੍ਰਭਾਵਿਤ ਹੋਇਆ ਹੈ ਅਤੇ ਇਸਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਰਾਹਤ ਕਾਰਜਾਂ ਲਈ ਕੈਨੇਡੀਅਨ ਫ਼ੌਜਾਂ ਨੂੰ ਤੈਨਾਤ ਕਰਨ ਦਾ ਐਲਾਨ ਕੀਤਾ ਹੈ।

ਸ਼ਨੀਵਾਰ ਨੂੰ ਇੱਕ ਪ੍ਰੈੱਸ ਕਾਨਫ਼੍ਰੰਸ ਦੌਰਾਨ ਬੋਲਦਿਆਂ ਟ੍ਰੂਡੋ ਨੇ ਦੱਸਿਆ ਕਿ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਉਹਨਾਂ ਨੇ ਆਪਣਾ ਜਾਪਾਨ ਦੌਰਾ ਰੱਦ ਕਰ ਦਿੱਤਾ ਹੈ। ਜੁਲਾਈ ਵਿਚ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਦਾ ਕਤਲ ਕਰ ਦਿੱਤਾ ਗਿਆ ਸੀ, ਅਤੇ ਉਹਨਾਂ ਦੇ ਸੰਸਕਾਰ ਸਬੰਧੀ ਸਰਕਾਰੀ ਸਮਾਗਮ ਵਿਚ ਸ਼ਾਮਲ ਹੋਣ ਲਈ ਟ੍ਰੂਡੋ ਨੇ ਵੀ ਜਾਪਾਨ ਜਾਣਾ ਸੀ।

ਪੂਰੇ ਅਟਲਾਂਟਿਕ ਕੈਨੇਡਾ ਵਿਚ ਇਸ ਸਮੇਂ ਜਨ-ਜੀਵਨ ਪ੍ਰਭਾਵਿਤ ਹੈ। ਟ੍ਰੂਡੋ ਨੇ ਦੱਸਿਆ ਕਿ ਉਹਨਾਂ ਨੇ ਚੱਕਰਵਾਤ ਪ੍ਰਭਾਵਿਤ ਪੂਰਬੀ ਸੂਬਿਆਂ ਨਿਊ ਫ਼ੰਡਲੈਂਡ ਐਂਡ ਲੈਬਰਾਡੌਰ, ਪ੍ਰਿੰਸ ਐਡਵਰਡ ਆਈਲੈਂਡ, ਨੋਵਾ ਸਕੋਸ਼ੀਆ, ਨਿਊ ਬ੍ਰੰਜ਼ਵਿਕ ਅਤੇ ਕਿਊਬੈਕ ਦੇ ਪ੍ਰੀਮੀਅਰਾਂ ਨਾਲ ਵੀ ਗੱਲ ਕੀਤੀ ਹੈ।

ਟ੍ਰੂਡੋ ਨੇ ਕਿਹਾ, ਮੈਂ ਉਹਨਾਂ ਨੂੰ ਕਿਹਾ ਕਿ ਫ਼ੈਡਰਲ ਸਰਕਾਰ ਉਹਨਾਂ ਦੀ ਹਰ ਸੰਭਵ ਮਦਦ ਕਰੇਗੀ

ਚੱਕਰਵਾਤ ‘ਫ਼ਿਓਨਾ’ ਨੇ ਸ਼ਨੀਵਾਰ ਨੂੰ ਨੋਵਾ ਸਕੋਸ਼ੀਆ ਵਿਚ ਦਸਤਕ ਦਿੱਤੀ ਸੀ। ਤੂਫ਼ਾਨੀ ਬਾਰਿਸ਼ਾਂ ਅਤੇ ਸ਼ਕਤੀਸ਼ਾਲੀ ਹਵਾਵਾਂ ਨੇ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਲੱਖਾਂ ਘਰਾਂ ਅਤੇ ਕਾਰੋਬਾਰਾਂ ਦੀ ਬਿਜਲੀ ਠੱਪ ਹੋ ਗਈ ਹੈ ਅਤੇ ਕਿੰਨੇ ਹੀ ਸ਼ਹਿਰਾਂ ਵਿਚ ਹੜ੍ਹ ਆ ਗਏ ਹਨ।

ਵੀਡੀਓਜ਼ ਵਿਚ ਤਬਾਹੀ ਦਾ ਮੰਜ਼ਰ ਨਜ਼ਰੀਂ ਪੈ ਰਿਹਾ ਹੈ ਜਿਸ ਵਿਚ ਢਹਿ ਚੁੱਕੇ ਘਰ ਹੜ੍ਹ ਦੇ ਪਾਣੀ ਵਿਚ ਰੁੜ੍ਹਦੇ ਦੇਖੇ ਜਾ ਸਕਦੇ ਹਨ।

ਰੱਖਿਆ ਮੰਤਰੀ ਅਨੀਤਾ ਅਨੰਦ ਨੇ ਕਿਹਾ ਕਿ ਪ੍ਰਭਾਵਿਤ ਇਲਾਕਿਆਂ ਵਿਚ ਟ੍ਰਾਂਸਪੋਰਟੇਸ਼ਨ ਸੇਵਾਵਾਂ ਬਹਾਲ ਕਰਨ ਅਤੇ ਸੜਕਾਂ ਤੇ ਡਿੱਗੇ ਦਰਖ਼ਤ ਅਤੇ ਮਲਬਾ ਹਟਾਉਣ ਲਈ ਫ਼ੌਜੀ ਦਸਤੇ ਤੈਨਾਤ ਕੀਤੇ ਜਾਣਗੇ। ਹਾਲਾਂਕਿ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਕਿੰਨੀ ਗਿਣਤੀ ਵਿਚ ਫ਼ੌਜੀ ਦਸਤੇ ਤੈਨਾਤ ਹੋਣਗੇ।

ਕੈਨੇਡਾ ਆਉਣ ਤੋਂ ਪਹਿਲਾਂ ਫ਼ਿਓਨਾ ਚੱਕਰਵਾਤ ਨੇ ਕੈਰੇਬੀਅਨ ਵਿਚ ਵੀ ਭਾਰੀ ਤਬਾਹੀ ਮਚਾਈ ਸੀ, ਜਿਸ ਵਿਚ ਘੱਟੋ ਘੱਟ 5 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਸੀ। ਕੈਨੇਡਾ ਵਿਚ ਹੁਣ ਤੱਕ ਇਸ ਤੂਫ਼ਾਨ ਨਾਲ ਇੱਕ ਮੌਤ ਦੀ ਪੁਸ਼ਟੀ ਹੋਈ ਹੈ। ਮ੍ਰਿਤਕ 73 ਸਾਲ ਦੀ ਇੱਕ ਬਜ਼ੁਰਗ ਔਰਤ ਦੱਸੀ ਜਾ ਰਹੀ ਹੈ ਜੋ ਨਿਊ ਫ਼ੰਡਲੈਂਡ ਐਂਡ ਲੈਬਰਾਡੌਰ ਦੇ ਪੋਰਟ ਔਕਸ ਬਾਸਕਸ ਇਲਾਕੇ ਦੀ ਰਹਿਣ ਵਾਲੀ ਸੀ। ਘਰ ਤਬਾਹ ਹੋਣ ਨਾਲ ਇਹ ਔਰਤ ਹੜ੍ਹ ਦੇ ਪਾਣੀਆਂ ਵਿਚ ਲਾਪਤਾ ਹੋ ਗਈ ਸੀ ਅਤੇ ਹੁਣ ਉਸਦੀ ਲਾਸ਼ ਬਰਾਮਦ ਹੋ ਗਈ ਹੈ।

ਐਤਵਾਰ ਸਵੇਰ ਤੱਕ ਨੋਵਾ ਸਕੋਸ਼ੀਆ ਵਿਚ 256,000 ਲੋਕ ਬਿਜਲੀ ਗੁਲ ਹੋਣ ਕਰਕੇ ਪ੍ਰਭਾਵਿਤ ਸਨ। ਪ੍ਰਿੰਸ ਐਡਵਰਡ ਆਈਲੈਂਡ ਦੇ 95 ਫ਼ੀਸਦੀ ਘਰਾਂ ਵਿਚ ਬਿਜਲੀ ਠੱਪ ਸੀ। ਇਸੇ ਤਰ੍ਹਾਂ ਨਿਊ ਬ੍ਰੰਜ਼ਵਿਕ ਵਿਚ ਵੀ 20,000 ਤੋਂ ਵੱਧ ਘਰ ਅਤੇ ਕਾਰੋਬਾਰ ਬਿਜਲੀ ਠੱਪ ਹੋਣ ਕਰਕੇ ਪ੍ਰਭਾਵਿਤ ਸਨ।

ਬਿਜਲੀ ਕੰਪਨੀਆਂ ਦਾ ਕਹਿਣਾ ਹੈ ਕਿ ਸੇਵਾਵਾਂ ਪੂਰੀ ਤਰ੍ਹਾਂ ਬਹਾਲ ਹੋਣ ਵਿਚ ਕਈ ਦਿਨ ਲੱਗ ਸਕਦੇ ਹਨ।

ਮੀਂਹ ਅਤੇ ਹਵਾਵਾਂ

ਕੈਨੇਡੀਅਨ ਹਰੀਕੇਨ ਸੈਂਟਰ ਨੇ ਟਵੀਟ ਕੀਤਾ ਫ਼ਿਓਨਾ ਦਾ ਵਾਯੂ ਦਾਬ ਸਭ ਤੋਂ ਘੱਟ ਸੀ, ਜੋਕਿ ਇੱਕ ਸ਼ਕਤੀਸ਼ਾਲੀ ਤੂਫ਼ਾਨ ਦਾ ਸੰਕੇਤ ਹੁੰਦਾ ਹੈ, ਅਤੇ ਇਹ ਬਾਰਿਸ਼ਾਂ ਲਿਆਉਣ ਵਾਲਾ ਕੈਨੇਡਾ ਦਾ ਹੁਣ ਤੱਕ ਦਾ ਰਿਕਾਰਡ ਹੋਣ ਵਾਲਾ ਸਭ ਤੋਂ ਸ਼ਕਤੀਸ਼ਾਲੀ ਤੂਫ਼ਾਨ ਸੀ।

ਫ਼ਿਓਨਾ ਨਾਲ ਨੋਵਾ ਸਕੋਸ਼ੀਆ ਵਿਚ ਕਰੀਬ 200 ਮਿਲੀਮੀਟਰ ਤੱਕ ਬਾਰਿਸ਼ ਹੋਈ ਅਤੇ ਨਿਊ ਬ੍ਰੰਜ਼ਵਿਕ ਵਿਚ 150 ਮਿਲੀਮੀਟਰ ਤੱਕ ਬਾਰਿਸ਼ ਰਿਕਾਰਡ ਹੋਈ।

ਪ੍ਰਿੰਸ ਐਡਵਰਡ ਆਈਲੈਂਡ ਦੀ ਰਾਜਧਾਨੀ ਸ਼ਾਰਲੇਟਾਊਨ ਵਿਚ 80 ਮਿਲੀਮੀਟਰ ਅਤੇ ਨਿਊਫ਼ੰਡਲੈਂਡ ਐਂਡ ਲੈਬਰਾਡੌਰ ਦੇ ਰੈਕਹਾਊਸ ਇਲਾਕੇ ਵਿਚ 77.2 ਮਿਲੀਮੀਟਰ ਬਾਰਿਸ਼ ਰਿਕਾਰਡ ਹੋਈ।

ਇੱਕ ਚਾਰਟਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਅਟਲਾਂਟਿਕ ਕੈਨੇਡਾ ਵਿਚ ਤੇਜ਼ ਹਵਾਵਾਂ ਤੋਂ ਸਭ ਤੋਂ ਵੱਧ ਪ੍ਰਭਾਵਿਤ ਇਲਾਕੇ

ਤਸਵੀਰ: (CBC)

ਨਿਊਫ਼ੰਡਲੈਂਡ ਐਂਡ ਲੈਬਰਾਡੌਰ ਸੂਬੇ ਦੇ ਗ੍ਰੀਨ ਆਈਲੈਂਡ ਇਲਾਕੇ ਵਿਚ ਤੂਫ਼ਾਨੀ ਹਵਾਵਾਂ ਦੀ ਰਫ਼ਤਾਰ 177 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਗਈ ਸੀ ਅਤੇ ਫ਼ਿਓਨਾ ਵਿਚ ਤਬਾਹ ਹੋਏ ਸ਼ਹਿਰ ਪੋਰਟ ਔਕਸ ਬਾਸਕਸ ਵਿਚ ਹਵਾਵਾਂ ਦੀ ਗਤੀ 134 ਕਿ.ਮੀ ਪ੍ਰਤੀ ਘੰਟਾ ਹੋ ਗਈ ਸੀ।

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਕਿਹਾ ਹੈ ਕਿ ਫ਼ੈਡਰਲ ਸਰਕਾਰ ਅਗਲੇ 30 ਦਿਨਾਂ ਤੱਕ ਕੈਨੇਡੀਅਨਜ਼ ਵੱਲੋਂ ਰੈਡ ਕਰਾਸ ਨੂੰ ਦਿੱਤੀਆਂ ਜਾਣ ਵਾਲੀਆਂ ਡੋਨੇਸ਼ਨਾਂ ਦੇ ਬਰਾਬਰ ਦੀ ਰਾਸ਼ੀ ਦਾ ਵੀ ਯੋਗਦਾਨ ਪਾਏਗੀ।

ਉਹਨਾਂ ਨੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦੀ ਵੀ ਗੱਲ ਆਖੀ ਹੈ।

ਕ੍ਰਿਸਟੀਅਨ ਪਾਸ-ਲੈਂਗ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

Associated Press ਵੱਲੋਂ ਜਾਣਕਾਰੀ ਸਹਿਤ।

ਸੁਰਖੀਆਂ