1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਇਮੀਗ੍ਰੇਸ਼ਨ

[ ਰਿਪੋਰਟ ] ਹੁਣ ਔਨਲਾਈਨ ਲੱਗੇਗੀ ਸਪਾਊਜ਼ਲ ਸਪੌਂਸਰਸ਼ਿਪ ਅਰਜ਼ੀ

ਪ੍ਰੋਵਿੰਸ਼ੀਅਲ ਨੌਮਿਨੀ ਸਮੇਤ ਹੋਰ ਪ੍ਰੋਗਰਾਮਾਂ ਤਹਿਤ ਔਨਲਾਈਨ ਲੱਗਣਗੀਆਂ ਅਰਜ਼ੀਆਂ

Deux mains de mariés dont l'une échange une bague à l'autre.

La transformation des cérémonies de mariage en pleine pandémie.

ਤਸਵੀਰ: Shutterstock / KirylV

Sarbmeet Singh

ਆਪਣੇ ਸਪਾਊਜ਼ ਨੂੰ ਸਪੌਂਸਰ ਕਰਨ ਲਈ ਬਿਨੈਕਾਰ ਹੁਣ ਔਫ਼ਲਾਈਨ ਦੀ ਬਜਾਏ ਔਨਲਾਈਨ ਅਰਜ਼ੀ ਦੇ ਸਕਣਗੇ I ਇਸਤੋਂ ਇਲਾਵਾ ਪ੍ਰੋਵਿੰਸ਼ੀਅਲ ਨੌਮਿਨੀ ਪ੍ਰੋਗਰਾਮ ਵੀ 23 ਸਤੰਬਰ ਤੋਂ ਔਨਲਾਈਨ ਹੋ ਜਾਣਗੇ I

ਇਮੀਗ੍ਰੇਸ਼ਨ ਵਿਭਾਗ ਵੱਲੋਂ ਇਹ ਕਦਮ ਬੈਕਲੌਗ ਘਟਾਉਣ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਦੇ ਇਰਾਦੇ ਨਾਲ ਲਿਆ ਗਿਆ ਹੈ I ਵਿਭਾਗ ਵੱਲੋਂ ਨਵਾਂ ਪੋਰਟਲ ਵੀ ਜਾਰੀ (ਨਵੀਂ ਵਿੰਡੋ) ਕਰ ਦਿੱਤਾ ਗਿਆ ਹੈ I 

ਇਮੀਗ੍ਰੇਸ਼ਨ ਮਾਹਰ ਅਮਰਜੀਤ ਬਾਵਾ ਨੇ ਦੱਸਿਆ ਕਿ ਇਸ ਨਾਲ ਬਿਨੈਕਾਰਾਂ ਨੂੰ ਵੀ ਸੁਵਿਧਾ ਮਿਲੇਗੀ I

ਅਮਰਜੀਤ ਬਾਵਾ ਨੇ ਕਿਹਾ ਔਨਲਾਈਨ ਤਰੀਕੇ ਨਾਲ ਆਪਣੀ ਅਰਜ਼ੀ ਦੇਣਾ ਬਹੁਤ ਸੁਵਿਧਾਜਨਕ ਹੈ ਜਦਕਿ ਔਫ਼ਲਾਈਨ ਤਰੀਕੇ ਵਿੱਚ ਬਿਨੈਕਾਰਾਂ ਨੂੰ ਕਾਗਜ਼ਾਂ ਨੂੰ ਤਰਤੀਬ ਦੇਣ ਵਿੱਚ ਬਹੁਤ ਮਿਹਨਤ ਕਰਨੀ ਪੈਂਦੀ ਸੀ I

ਪ੍ਰਾਪਤ ਜਾਣਕਾਰੀ ਅਨੁਸਾਰ 23 ਸਤੰਬਰ ਤੋਂ ਅਰਜ਼ੀ ਸਿਰਫ਼ ਔਨਲਾਈਨ ਤਰੀਕੇ ਨਾਲ ਹੀ ਦਿੱਤੀ ਜਾ ਸਕੇਗੀ I ਬਿਨੈਕਾਰ ਹੁਣ ਔਫ਼ਲਾਈਨ ਤਰੀਕੇ ਨਾਲ ਅਰਜ਼ੀ ਨਹੀਂ ਦੇ ਸਕਣਗੇ I 

ਕੀ ਹੈ ਸਪਾਊਜ਼ਲ ਸਪੌਂਸਰਸ਼ਿਪ ਪ੍ਰੋਗਰਾਮ

ਕੈਨੇਡਾ ਵਿੱਚ ਪੀ ਆਰ ਅਤੇ ਸਿਟੀਜ਼ਨ ਵਿਅਕਤੀ ਆਪਣੇ ਸਪਾਊਜ਼ ਅਤੇ ਬੱਚਿਆਂ ਨੂੰ ਕੈਨੇਡਾ ਦੀ ਪੀ ਆਰ ਲਈ ਸਪੌਂਸਰ ਕਰਦੇ ਹਨ I 

ਪ੍ਰਾਪਤ ਜਾਣਕਾਰੀ ਅਨੁਸਾਰ ਬਿਨੈਕਰ ਆਪਣੇ ਕੈਨੇਡਾ ਵਿੱਚ ਅਤੇ ਕੈਨੇਡਾ ਤੋਂ ਬਾਹਰ ਰਹਿੰਦੇ ਸਪਾਊਜ਼ ਨੂੰ ਸਪੌਂਸਰ ਕਰ ਸਕਦੇ ਹਨ I ਕੈਨੇਡਾ ਵਿੱਚ ਰਹਿੰਦੇ ਸਪਾਊਜ਼ ਨੂੰ ਇਨ ਕੈਨੇਡਾ ਕਲਾਸ ਸ਼੍ਰੇਣੀ ਅਤੇ ਬਾਹਰ ਰਹਿੰਦੇ ਸਪਾਊਜ਼ ਨੂੰ ਫ਼ੈਮਿਲੀ ਕਲਾਸ ਸ਼੍ਰੇਣੀ ਅਧੀਨ ਸਪੌਂਸਰ ਕੀਤਾ ਜਾਂਦਾ ਹੈ I 

ਇਨ ਕੈਨੇਡਾ ਕਲਾਸ ਸ਼੍ਰੇਣੀ ਵਿੱਚ ਬਿਨੈਕਾਰ ਪੀ ਆਰ ਦੀ ਅਰਜ਼ੀ ਦੇ ਨਾਲ ਨਾਲ ਓਪਨ ਵਰਕ ਪਰਮਿਟ ਲਈ ਅਰਜ਼ੀ ਦਿੰਦੇ ਹਨ ਜਦਕਿ ਫ਼ੈਮਿਲੀ ਕਲਾਸ ਸ਼੍ਰੇਣੀ ਵਿੱਚ ਸਿਰਫ਼ ਪੀ ਆਰ ਲਈ ਅਰਜ਼ੀ ਦਿੱਤੀ ਜਾਂਦੀ ਹੈ I 

ਨਿਯਮਾਂ ਮੁਤਾਬਿਕ ਸਪੌਂਸਰ ਕਰਨ ਵਾਲੇ ਵਿਅਕਤੀ ਦੀ ਉਮਰ 18 ਸਾਲ ਦੀ ਹੋਣੀ ਚਾਹੀਦੀ ਹੈ I ਅਮਰਜੀਤ ਬਾਵਾ ਨੇ ਦੱਸਿਆ ਨਿਯਮਾਂ ਮੁਤਾਬਿਕ ਸਪੌਂਸਰ ਕਰਨ ਵਾਲਾ ਵਿਅਕਤੀ ਇਕ ਵਾਰ ਕਿਸੇ ਨੂੰ ਸਪੌਂਸਰ ਕਰਨ ਤੋਂ ਬਾਅਦ 3 ਸਾਲ ਲਈ ਕਿਸੇ ਹੋਰ ਨੂੰ ਸਪੌਂਸਰ ਨਹੀਂ ਕਰ ਸਕਦਾ I

ਇਹ ਵੀ ਪੜ੍ਹੋ :

ਇਮੀਗ੍ਰੇਸ਼ਨ ਅਰਜ਼ੀ ਲਗਾਉਣ ਸਮੇਂ ਦਿੱਤੀ ਗ਼ਲਤ ਜਾਣਕਾਰੀ ਲਗਾ ਸਕਦੀ ਹੈ 5 ਸਾਲ ਦੀ ਪਾਬੰਦੀ

ਕੈਨੇਡੀਅਨ ਨਾਗਰਿਕਤਾ ਲੈਣ ਤੋਂ ਬਾਅਦ ਵੀ ਵਿਅਕਤੀ ਹੋ ਸਕਦੇ ਹਨ ਡਿਪੋਰਟ

ਬੈਕਲੌਗ ਖ਼ਤਮ ਕਰਨ ਲਈ ਜਲਦ ਭਰਤੀ ਕੀਤੇ ਜਾਣਗੇ 1250 ਨਵੇਂ ਕਰਮਚਾਰੀ : ਸ਼ੌਨ ਫ਼੍ਰੇਜ਼ਰ

ਉਹਨਾਂ ਕਿਹਾ ਸਪੌਂਸਰ ਹੋ ਕੇ ਆਏ ਵਿਅਕਤੀ ਉੱਪਰ ਇਹ ਪਾਬੰਦੀ 5 ਸਾਲ ਲਈ ਲਾਗੂ ਹੈ I ਇਹ ਕਦਮ ਪ੍ਰੋਗਰਾਮ ਦੀ ਦੁਰਵਰਤੋਂ ਰੋਕਣ ਦੇ ਲਿਹਾਜ਼ ਨਾਲ ਲਿਆ ਗਿਆ ਸੀ I

ਨਿਯਮਾਂ ਮੁਤਾਬਿਕ ਸਪੌਂਸਰ ਕਰਨ ਵਾਲਾ ਵਿਅਕਤੀ ਆਪਣੇ ਸਪਾਊਜ਼ ਨੂੰ ਤਿੰਨ ਸਾਲ ਲਈ ਵਿੱਤੀ ਇਮਦਾਦ ਦੇਣ ਦਾ ਇਕਰਾਰ ਕਰਦਾ ਹੈ I 22 ਸਾਲ ਦੀ ਉਮਰ ਦੇ ਬੱਚਿਆਂ ਨੂੰ ਸਪੌਂਸਰ ਕਰਨ ਲਈ ਵੀ ਇਕਰਾਰ ਦੀ ਮਿਆਦ ਤਿੰਨ ਸਾਲ ਹੁੰਦੀ ਹੈ I 22 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਇਹ ਕਰਾਰ ਉਹਨਾਂ ਦੇ 25 ਦੇ ਹੋਣ ਤੱਕ ਜਾਂ 10 ਸਾਲ ਤੱਕ ਦਾ ਹੁੰਦਾ ਹੈ I

ਔਨਲਾਈਨ ਪੋਰਟਲ

ਇਮੀਗ੍ਰੇਸ਼ਨ ਵਿਭਾਗ ਵੱਲੋਂ ਔਨਲਾਈਨ ਤਰੀਕੇ ਨਾਲ ਅਰਜ਼ੀਆਂ ਦੇਣ ਲਈ ਨਵਾਂ ਔਨਲਾਈਨ ਪੋਰਟਲ ਸ਼ੁਰੂ ਕੀਤਾ ਜਾ ਚੁੱਕਾ ਹੈ I  ਵਿਭਾਗ ਦਾ ਦਾਅਵਾ ਹੈ ਕਿ ਔਨਲਾਈਨ ਪੋਰਟਲ ਜਿੱਥੇ ਬਿਨੈਕਾਰਾਂ ਨੂੰ ਅਰਜ਼ੀ ਦੇਣ ਵਿੱਚ ਸੌਖ ਅਤੇ ਲਚਕ ਪ੍ਰਦਾਨ ਕਰਦਾ ਹੈ ਉਥੇ ਹੀ ਆਪਣੀ ਅਰਜ਼ੀ ਦਿੱਤੇ ਜਾਣ ਦੀ ਤੁਰੰਤ ਰਸੀਦ ਮਿਲ ਸਕਦੀ ਹੈ I

ਭਾਰਤੀ ਮੂਲ ਦੇ ਕਰਨਪ੍ਰੀਤ ਸਿੰਘ , ਜੋ ਕਿ ਆਪਣੀ ਸਪਾਊਜ਼ਲ ਸਪੌਂਸਰਸ਼ਿਪ ਦੀ ਅਰਜ਼ੀ ਲਗਾਉਣ ਦੀ ਤਿਆਰੀ ਕਰ ਰਹੇ ਹਨ, ਦਾ ਕਹਿਣਾ ਹੈ ਕਿ ਇਹ ਵਿਭਾਗ ਦਾ ਇਕ ਚੰਗਾ ਕਦਮ ਹੈ I ਕਰਨਪ੍ਰੀਤ ਨੇ ਕਿਹਾ ਉਮੀਦ ਹੈ ਕਿ ਬਿਨੈਕਾਰਾਂ ਦੀਆਂ ਅਰਜ਼ੀਆਂ ਦਾ ਨਿਪਟਾਰਾ ਸਮੇਂ ਸਿਰ ਹੋ ਸਕੇਗਾ ਅਤੇ ਲੋਕ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਇਕੱਠੇ ਹੋ ਸਕਣਗੇ I

ਜ਼ਿਕਰਯੋਗ ਹੈ ਕਿ ਬਹੁਤ ਸਾਰੇ ਬਿਨੈਕਾਰ ਲੰਬੇ ਸਮੇਂ ਤੋਂ ਬੈਕਲੌਗ ਤੋਂ ਪ੍ਰੇਸ਼ਾਨ ਹਨ I  ਫ਼ਰਵਰੀ ਮਹੀਨੇ ਦੌਰਾਨ ਕੈਨੇਡਾ ਵਿੱਚ ਲਗਭਗ 2 ਮਿਲੀਅਨ ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲੌਗ ਸੀ I

ਇਹਨਾਂ ਵਿਚ 5 ਲੱਖ ਤੋਂ ਵਧੇਰੇ ਪਰਮਾਨੈਂਟ ਰੈਜ਼ੀਡੈਂਸ ਲਈ ਅਰਜ਼ੀਆਂ, 7 ਲੱਖ ਤੋਂ ਵਧੇਰੇ ਟੈਮਪੋਰੈਰੀ ਰੈਜ਼ੀਡੈਂਸ (ਸਟਡੀ ਪਰਮਿਟ, ਵਰ ਪਰਮਿਟ, ਟੀ ਆਰ ਵੀਜ਼ਾ ਅਤੇ ਵਿਜ਼ਿਟਰ ਐਕਸਟੈਂਸ਼ਨ) ਲਈ ਅਰਜ਼ੀਆਂ ਅਤੇ 4 ਲੱਖ ਤੋਂ ਵਧੇਰੇ ਕੈਨੇਡੀਅਨ ਨਾਗਰਿਕਤਾ ਲਈ ਅਰਜ਼ੀਆਂ ਸ਼ਾਮਿਲ ਸਨ I

ਬਿਨੈਕਾਰ ਨੂੰ 1080 ਡਾਲਰ ਦੀ ਫ਼ੀਸ ਭਰਨੀ ਪੈਂਦੀ ਹੈ ਅਤੇ ਬੱਚਿਆਂ ਲਈ 150 ਡਾਲਰ ਦੇਣੇ ਪੈਂਦੇ ਹਨ I ਸਪਾਊਜ਼ਲ ਸਪੌਂਸਰਸ਼ਿਪ ਬਾਰੇ ਵਧੇਰੇ ਜਾਣਕਾਰੀ ਇਥੋਂ ਪ੍ਰਾਪਤ (ਨਵੀਂ ਵਿੰਡੋ) ਕਰੋ I 

ਪ੍ਰੋਵਿੰਸ਼ੀਅਲ ਨੌਮਿਨੀ ਪ੍ਰੋਗਰਾਮ

ਇਸਤੋਂ ਇਲਾਵਾ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਪ੍ਰੋਵਿੰਸ਼ੀਅਲ ਨੌਮਿਨੀ ਪ੍ਰੋਗਰਾਮਾਂ (ਨਾਨ ਐਕਸਪ੍ਰੈਸ ਐਂਟਰੀ) ਨੂੰ ਵੀ 23 ਸਤੰਬਰ ਤੋਂ ਔਨਲਾਈਨ ਕੀਤਾ ਜਾ ਰਿਹਾ ਹੈ I 

ਦੱਸਣਯੋਗ ਹੈ ਕਿ ਕੈਨੇਡਾ ਵਿੱਚ ਹਰੇਕ ਪ੍ਰੋਵਿੰਸ ਵੱਲੋਂ ਆਪੋ ਆਪਣੇ ਪੱਧਰ 'ਤੇ ਪ੍ਰੋਗਰਾਮ ਚਲਾਏ ਜਾਂਦੇ ਹਨ , ਜਿੰਨ੍ਹਾਂ ਸਦਕਾ ਬਿਨੈਕਾਰ ਪੀ ਆਰ ਹਾਸਿਲ ਕਰ ਸਕਦੇ ਹਨ I

ਜ਼ਿਰਕਯੋਗ ਹੈ ਕਿ ਕਾਮਿਆਂ ਦੀ ਘਾਟ ਦੀ ਸਮੱਸਿਆ ਦਾ ਹਵਾਲਾ ਦਿੰਦਿਆਂ ਕੁਝ ਸੂਬਾਈ ਇਮੀਗ੍ਰੇਸ਼ਨ ਮੰਤਰੀਆਂ ਵੱਲੋਂ ਫ਼ੈਡਰਲ ਸਰਕਾਰ ਨੂੰ ਇਮੀਗ੍ਰੇਸ਼ਨ ‘ਤੇ ਵਧੇਰੇ ਇਖ਼ਤਿਆਰ ਦਿੱਤੇ ਜਾਣ ਦੀ ਮੰਗ ਕੀਤੀ ਜਾਂ ਚੁੱਕੀ ਹੈ I

ਅਮਰਜੀਤ ਬਾਵਾ ਨੇ ਕਿਹਾ ਪ੍ਰੋਵਿੰਸ਼ੀਅਲ ਨੌਮਿਨੀ ਪ੍ਰੋਗਰਾਮਾਂ ਦਾ ਘੱਟ ਪ੍ਰਚਲਿਤ ਹੋਣ ਦਾ ਕਾਰਨ ਅਰਜ਼ੀਆਂ ਦੀ ਪ੍ਰੋਸੈਸਿੰਗ ਵਿੱਚ ਲਗਦਾ ਵਧੇਰੇ ਸਮਾਂ ਸੀ I ਹੁਣ ਇਸ ਨਵੇਂ ਕਦਮ ਨਾਲ ਬਿਨੈਕਾਰ ਇਹਨਾਂ ਪ੍ਰੋਗਰਾਮਾਂ ਵੱਲ ਆਕਰਸ਼ਿਤ ਹੋਣਗੇ I

ਇਸਤੋਂ ਇਲਾਵਾ 23 ਸਤੰਬਰ ਤੋਂ ਰੂਰਲ ਅਤੇ ਨੌਰਦਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਵੀ ਔਨਲਾਈਨ ਕੀਤਾ ਜਾ ਰਿਹਾ ਹੈ I 

Sarbmeet Singh

ਸੁਰਖੀਆਂ