1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਇਮੀਗ੍ਰੇਸ਼ਨ

[ ਰਿਪੋਰਟ ] ਕੈਨੇਡਾ ਵਿੱਚ ਲੋ ਸਕਿਲਡ ਨੌਕਰੀਆਂ ਕਰਦੇ ਟੈਂਪਰੇਰੀ ਫੌਰਨ ਵਰਕਰਾਂ ਨੂੰ ਪੀ ਆਰ ਹੋਣ ਦੀ ਆਸ ਬੱਝੀ

ਜਲਦ ਹੀ ਐਲਾਨੇ ਜਾਣਗੇ ਸਥਾਈ ਪ੍ਰੋਗਰਾਮ : ਰਣਦੀਪ ਸਰਾਏ

ਕੈਨੇਡਾ ਦੇ ਇਮੀਗ੍ਰੇਸ਼ਨ ਮਨਿਸਟਰ ਸ਼ੌਨ ਫ਼੍ਰੇਜ਼ਰ ਨੇ ਇਕ ਟਵੀਟ ਕਰ ਇਸ ਬਾਬਤ ਜਲਦ ਹੀ ਪ੍ਰੋਗਰਾਮ ਲਿਆਉਣ ਦੀ ਗੱਲ ਆਖੀ ਹੈ I

ਕੈਨੇਡਾ ਦੇ ਇਮੀਗ੍ਰੇਸ਼ਨ ਮਨਿਸਟਰ ਸ਼ੌਨ ਫ਼੍ਰੇਜ਼ਰ ਨੇ ਇਕ ਟਵੀਟ ਕਰ ਇਸ ਬਾਬਤ ਜਲਦ ਹੀ ਪ੍ਰੋਗਰਾਮ ਲਿਆਉਣ ਦੀ ਗੱਲ ਆਖੀ ਹੈ I

ਤਸਵੀਰ: La Presse canadienne / Adrian Wyld

Sarbmeet Singh

ਹਾਊਸ ਆਫ਼ ਕਾਮਨਜ਼ ਦੇ ਮੁੜ ਤੋਂ ਸ਼ੁਰੂ ਹੋਣ ਨਾਲ ਕੈਨੇਡਾ ਵਿੱਚ ਤਜਰਬਾ ਹਾਸਿਲ ਕਾਮਿਆਂ ਅਤੇ ਲੋ ਸਕਿਲਡ ਸ਼੍ਰੇਣੀਆਂ ਵਿੱਚ ਕੰਮ ਕਰਦੇ ਟੈਂਪਰੇਰੀ ਫੌਰਨ ਵਰਕਰਾਂ ਦੇ ਪੀ ਆਰ ਹੋਣ ਲਈ ਪ੍ਰੋਗਰਾਮ ਆਉਣ ਦੀ ਆਸ ਬੱਝ ਗਈ ਹੈ I

ਕੁਝ ਮਹੀਨੇ ਪਹਿਲਾਂ ਪੰਜਾਬੀ ਮੂਲ ਦੇ ਸਰੀ ਸੈਂਟਰ ਤੋਂ ਲਿਬਰਲ ਐਮ ਪੀ ਰਣਦੀਪ ਸਰਾਏ ਵੱਲੋਂ ਮੋਸ਼ਨ (M-44) ਲਿਆਂਦਾ ਗਿਆ ਸੀ ਜੋ ਕਿ ਵੱਖ ਵੱਖ ਇਕਨੌਮਿਕ ਕੈਟੇਗਿਰੀਜ਼ ਵਿੱਚ ਕੈਨੇਡਾ ਵਿੱਚ ਪਹਿਲਾਂ ਤੋਂ ਹੀ ਕੰਮ ਕਰਦੇ ਵਿਅਕਤੀਆਂ ਨੂੰ ਪਹਿਲ ਦੇਣ ਦੀ ਮੰਗ ਕਰਦਾ ਸੀ I 

ਕੈਨੇਡਾ ਦੇ ਇਮੀਗ੍ਰੇਸ਼ਨ ਮਨਿਸਟਰ ਸ਼ੌਨ ਫ਼੍ਰੇਜ਼ਰ ਨੇ ਇਕ ਟਵੀਟ ਕਰ ਇਸ ਬਾਬਤ ਜਲਦ ਹੀ ਪ੍ਰੋਗਰਾਮ ਲਿਆਉਣ ਦੀ ਗੱਲ ਆਖੀ ਹੈ I ਮਨਿਸਟਰ ਫ਼੍ਰੇਜ਼ਰ ਵੱਲੋਂ ਇਸ ਪ੍ਰੋਗਰਾਮ ਸੰਬੰਧੀ ਕੁਝ ਨੁਕਤੇ ਵੀ ਸਾਂਝੇ ਕੀਤੇ ਗਏ ਹਨ I 

ਰੇਡੀਓ ਕੈਨੇਡਾ ਇੰਟਰਨੈਸ਼ਨਲ ਨਾਲ ਗੱਲਬਾਤ ਦੌਰਾਨ ਐਮ ਪੀ ਰਣਦੀਪ ਸਰਾਏ ਨੇ ਦੱਸਿਆ ਕਿ ਉਹਨਾਂ ਦੇ ਮੋਸ਼ਨ ਨੂੰ ਹਾਂ ਪੱਖੀ ਹੁੰਗਾਰਾ ਮਿਲ ਰਿਹਾ ਹੈ ਅਤੇ ਜਲਦ ਹੀ ਕੋਈ ਪ੍ਰੋਗਰਾਮ ਆ ਸਕਦਾ ਹੈ I

ਰਣਦੀਪ ਸਰਾਏ ਨੇ ਕਿਹਾ ਬਹੁਤ ਸਾਰੇ ਕਾਮਿਆਂ ਨੂੰ ਆਪਣੇ ਰੋਜ਼ਾਨਾ ਦੇ ਕੰਮ ਕਾਰ ਦੌਰਾਨ ਅੰਗਰੇਜ਼ੀ ਦੀ ਮੁਹਾਰਤ ਦੀ ਬਹੁਤੀ ਲੋੜ ਨਹੀਂ ਪੈਂਦੀ ਅਤੇ ਉਹ ਲੰਬੇ ਸਮੇਂ ਤੋਂ ਕੈਨੇਡਾ ਵਿੱਚ ਕੰਮ ਕਰਕੇ ਦੇਸ਼ ਦੀ ਆਰਥਿਕਤਾ ਵਿੱਚ ਯੋਗਦਾਨ ਪਾ ਰਹੇ ਹਨI

ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਵੱਖ ਵੱਖ ਕੰਮਾਂ ਨੂੰ ਲੈਵਲਜ਼ (National Occupational Classification (ਨਵੀਂ ਵਿੰਡੋ)) ਵਿੱਚ ਵੰਡਿਆ ਗਿਆ ਹੈ I ਫ਼ਾਰਮ ਵਰਕਰਜ਼ , ਮੀਟ ਕਟਰ ਅਤੇ ਪੋਲਟਰੀ ਕਾਮੇ ਨੌਕ ਸੀ (C) ਸ਼੍ਰੇਣੀ ਵਿੱਚ ਆਉਂਦੇ ਹਨ I ਇਸੇ ਤਰ੍ਹਾਂ ਹੀ ਕੁੱਕ ਨੌਕ ਬੀ (B) ਵਿੱਚ ਆਉਂਦੇ ਹਨ I ਜ਼ਿਕਰਯੋਗ ਹੈ ਕਿ ਇਸ ਸਮੇਂ ਕੈਨੇਡਾ ਵਿੱਚ ਨੌਕ ਸੀ ਅਤੇ ਡੀ ਵਿੱਚ ਕੰਮ ਕਰਦੇ ਕਾਮਿਆਂ ਲਈ ਪੀ ਆਰ ਦੇ ਬਹੁਤ ਘੱਟ ਮੌਕੇ ਹਨ I

ਲੋ ਸਕਿਲਡ ਸ਼੍ਰੇਣੀਆਂ ਵਿੱਚ ਕੰਮ ਕਰਦੇ ਕਾਮਿਆਂ ਨੂੰ ਜਲਦ ਹੀ ਖ਼ੁਸ਼ਖ਼ਬਰੀ ਮਿਲ ਸਕਦੀ ਹੈ I ਸਰਕਾਰ ਅਜਿਹੇ ਕਾਮਿਆਂ ਲਈ ਆਇਲਟਸ ਦੀ ਮੁਹਾਰਤ ਵਿੱਚ ਕੁਝ ਢਿੱਲ ਦੇਣ ਦੀ ਯੋਜਨਾ ਬਣਾ ਰਹੀ ਹੈ I
ਵੱਲੋਂ ਇੱਕ ਕਥਨ ਰਣਦੀਪ ਸਰਾਏ , ਐਮ ਪੀ , ਸਰੀ ਸੈਂਟਰ

ਕੈਨੇਡਾ ਵਿੱਚ ਵੱਖ ਵੱਖ ਪ੍ਰੋਗਰਾਮਾਂ ਅਧੀਨ ਪੀ ਆਰ ਲੈਣ ਲਈ ਭਾਸ਼ਾ ਵਿੱਚ ਮੁਹਾਰਤ ਦਾ ਅਲੱਗ ਅਲੱਗ ਲੈਵਲ ਹੋਣਾ ਲਾਜ਼ਮੀ ਹੈI  ਵੱਖ ਵੱਖ ਪ੍ਰੋਗਰਾਮਾਂ ਵਿੱਚ ਅੰਗਰੇਜ਼ੀ ਜਾਂ ਫ੍ਰੈਂਚ ਭਾਸ਼ਾ ਦੀ ਮੁਹਾਰਤ ਦੇ ਨੰਬਰ ਮਿਲਦੇ ਹਨ , ਜਿੰਨ੍ਹਾਂ ਸਦਕਾ ਬਿਨੈਕਾਰ ਦੀ ਪੀ ਆਰ ਹੁੰਦੀ ਹੈ I

ਇਹ ਵੀ ਪੜ੍ਹੋ :

ਸਥਾਈ ਪ੍ਰੋਗਰਾਮ ਦੀ ਯੋਜਨਾ

ਪ੍ਰਾਪਤ ਜਾਣਕਾਰੀ ਅਨੁਸਾਰ ਇਮੀਗ੍ਰੇਸ਼ਨ ਵਿਭਾਗ ਵੱਲੋਂ ਮੋਸ਼ਨ 44 'ਤੇ ਕਾਰਵਾਈ ਨੂੰ ਅੱਗੇ ਵਧਾਉਂਦਿਆ ਇਸ ਬਾਬਤ ਕੋਈ ਅਜਿਹਾ ਪ੍ਰੋਗਰਾਮ ਬਣਾਉਣ ਦੀ ਯੋਜਨਾ ਹੈ ਜੋ ਪੱਕੇ ਤੌਰ 'ਤੇ ਚੱਲੇਗਾ I ਰਣਦੀਪ ਸਰਾਏ ਨੇ ਅਸਥਾਈ ਅਤੇ ਥੋੜੇ ਸਮੇਂ ਲਈ ਪ੍ਰੋਗਰਾਮ ਆਉਣ ਦੀਆਂ ਅਟਕਲਾਂ ਨੂੰ ਰੱਦ ਕੀਤਾ I  ਰਣਦੀਪ ਸਰਾਏ ਨੇ ਕਿਹਾ ਸਰਕਾਰ ਵੱਲੋਂ ਸਥਾਈ ਪ੍ਰੋਗਰਾਮ ਲਿਆਂਦਾ ਜਾਵੇਗਾ , ਜਿਸ ਨਾਲ ਕਾਮਿਆਂ ਦੀ ਪੀ ਆਰ ਦਾ ਰਾਸਤਾ ਪੱਧਰ ਹੋਵੇਗਾ I

ਐਮ ਪੀ ਸਰਾਏ ਨੇ ਦੱਸਿਆ ਕਿ ਕੈਨੇਡਾ ਵਿਚ ਕੰਮ ਕਰ ਰਹੇ ਗੈਰ ਦਸਤਾਵੇਜ਼ੀ ਵਿਅਕਤੀਆਂ ਲਈ ਵੀ ਰਾਹ ਪੱਧਰਾ ਹੋਣ ਦੀ ਯੋਜਨਾ ਹੈ I ਉਹਨਾਂ ਦੱਸਿਆ ਕਿ ਸਰਕਾਰ ਅਜਿਹੇ ਵਿਅਕਤੀਆਂ ਲਈ ਪਹਿਲਾਂ ਕੋਈ ਵਰਕ ਪਰਮਿਟ ਆਦਿ ਦੇ ਕੇ ਪੀ ਆਰ ਪ੍ਰੋਗਰਾਮ ਲਿਆਉਣ ਦੀ ਯੋਜਨਾ ਬਣਾ ਰਹੀ ਹੈ I

ਕੈਨੇਡੀਅਨ ਤਜਰਬੇ ਨੂੰ ਵਧੇਰੇ ਤਰਜੀਹ

ਰਣਦੀਪ ਸਰਾਏ ਨੇ ਦੱਸਿਆ ਕਿ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਪ੍ਰੋਗਰਾਮ ਵਿੱਚ ਕੈਨੇਡੀਅਨ ਤਜਰਬੇ ਨੂੰ ਤਰਜੀਹ ਦਿੱਤੀ ਜਾ ਰਹੀ ਹੈ I ਸਰਾਏ ਨੇ ਕਿਹਾ ਸਰਕਾਰ ਵੱਲੋਂ ਲੰਘੇ ਸਾਲ ਕੈਨੇਡਾ ਵਿੱਚ ਕੰਮ ਕਰ ਰਹੇ ਕਾਮਿਆਂ ਨੂੰ ਪੀ ਆਰ ਦੇਣ ਦੇ ਇਰਾਦੇ ਨਾਲ ਟੀ ਆਰ ਟੂ ਪੀ ਆਰ ਪ੍ਰੋਗਰਾਮ ਲਿਆਂਦਾ ਗਿਆ ਸੀ I ਉਸੇ ਤਰਜ 'ਤੇ ਹੁਣ ਕੈਨੇਡੀਅਨ ਤਜਰਬੇ ਨੂੰ ਪਹਿਲ ਦੇ ਕੇ ਪ੍ਰੋਗਰਾਮ ਲਿਆਂਦਾ ਜਾਵੇਗਾ I

ਦੱਸਣਯੋਗ ਹੈ ਕਿ ਕੈਨੇਡਾ ਵਿੱਚ ਪੜ੍ਹਨ ਆਉਂਦੇ ਅੰਤਰ ਰਾਸ਼ਟਰੀ ਵਿਦਿਆਰਥੀ ਕੈਨੇਡਾ ਵਿੱਚ ਕੰਮ ਕਰਨ ਦਾ ਤਜਰਬਾ ਹਾਸਿਲ ਕਰ ਪੀ ਆਰ ਲਈ ਅਪਲਾਈ ਕਰਦੇ ਹਨ I ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰ ਅਜਿਹੇ ਵਿਦਿਆਰਥੀਆਂ ਨੂੰ ਮੁੜ ਤੋਂ ਮੈਡੀਕਲ ਨਾ ਕਰਾਉਣ ਦੀ ਸਹੂਲਤ ਵੀ ਦੇ ਰਹੀ ਹੈ I 

ਟੀਚੇ ਵਧਾਏ ਜਾਣਗੇ : ਸਰਾਏ

ਰਣਦੀਪ ਸਰਾਏ ਨੇ ਕਿਹਾ ਕਿ ਸਰਕਾਰ ਵੱਲੋਂ ਨਵੰਬਰ ਮਹੀਨੇ ਦੌਰਾਨ ਆਉਂਦੇ ਸਾਲਾਂ ਲਈ ਇਮੀਗ੍ਰੇਸ਼ਨ ਟੀਚਿਆਂ ਦਾ ਐਲਾਨ ਕੀਤਾ ਜਾਵੇਗਾ ਅਤੇ ਟੀਚੇ ਵਧਾਏ ਜਾਣਗੇ I ਜ਼ਿਕਰਯੋਗ ਹੈ ਕਿ ਕੈਨੇਡਾ ਵੱਲੋਂ ਟੀਚੇ ਵਿੱਚ ਹਰ ਸਾਲ ਇਕ ਪ੍ਰਤੀਸ਼ਤ ਦਾ ਵਾਧਾ ਕੀਤਾ ਜਾਂਦਾ ਹੈ I 

ਸਰਕਾਰ ਵੱਲੋਂ 2022 ਦੌਰਾਨ 4,31,645 , 2023 ਦੌਰਾਨ , 4,47,055 ਅਤੇ 2024 ਦੌਰਾਨ 4,51,000 ਵਿਅਕਤੀਆਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਦੇਣ ਦਾ ਟੀਚਾ ਮਿਥਿਆ ਗਿਆ ਹੈ I ਰਣਦੀਪ ਸਰਾਏ ਨੇ ਕਿਹਾ ਸਰਕਾਰ ਇਹਨਾ ਟੀਚਿਆਂ ਵਿੱਚ ਵਾਧਾ ਕਰਨ ਦੀ ਯੋਜਨਾ ਬਣਾ ਰਹੀ ਹੈ I

Sarbmeet Singh

ਸੁਰਖੀਆਂ