1. ਮੁੱਖ ਪੰਨਾ
  2. ਸਿਹਤ
  3. ਜਨਤਕ ਸਿਹਤ

‘ਡੂੰਘਾ ਹੋ ਰਿਹੈ ਹੈਲਥ-ਕੇਅਰ ਸਿਸਟਮ ਦਾ ਸੰਕਟ’, ਕੈਨੇਡੀਅਨ ਮੈਡੀਕਲ ਅਸੋਸੀਏਸ਼ਨ ਦੇ ਮੁਖੀ ਦੀ ਚਿਤਾਵਨੀ

ਡਾਕਟਰੀ ਅਭਿਆਸ ਲਈ ਨੈਸ਼ਨਲ ਲਾਈਸੈਂਸਿੰਗ ਪ੍ਰਣਾਲੀ ਦਾ ਦਿੱਤਾ ਸੁਝਾਅ

26 ਅਪ੍ਰੈਲ 2022 ਨੂੰ ਟੋਰੌਂਟੋ ਦੇ ਹੰਬਰ ਰਿਵਰ ਹਸਪਤਾਲ ਵਿਚ ਐਮਰਜੈਂਸੀ ਡਾਕਟਰ ਨੂੰ ਮਿਲਣ ਲਈ ਘੱਟੋ ਘੱਟ ਉਡੀਕ ਸਮਾਂ ਦਰਸਾਉਂਦਾ ਸਾਈਨ।

26 ਅਪ੍ਰੈਲ 2022 ਨੂੰ ਟੋਰੌਂਟੋ ਦੇ ਹੰਬਰ ਰਿਵਰ ਹਸਪਤਾਲ ਵਿਚ ਐਮਰਜੈਂਸੀ ਡਾਕਟਰ ਨੂੰ ਮਿਲਣ ਲਈ ਘੱਟੋ ਘੱਟ ਉਡੀਕ ਸਮਾਂ ਦਰਸਾਉਂਦਾ ਸਾਈਨ।

ਤਸਵੀਰ: CBC/Alex Lupul

RCI

ਕੈਨੇਡੀਅਨ ਮੈਡੀਕਲ ਅਸੋਸੀਏਸ਼ਨ ਦੇ ਨਵੇਂ ਪ੍ਰੈਜ਼ੀਡੈਂਟ ਨੇ ਬੁੱਧਵਾਰ ਨੂੰ ਕਿਹਾ ਕਿ ਵਿੱਤੀ ਮਦਦ ਅਤੇ ਡਾਕਟਰਾਂ ਤੇ ਮੈਡੀਕਲ ਪੇਸ਼ੇਵਰਾਂ ਦੀ ਗਿਣਤੀ ਵਧਾਉਣ ਦੀ ਯੋਜਨਾ ਦੀ ਅਣਹੋਂਦ ਵਿਚ ਪਹਿਲਾਂ ਤੋਂ ਹੀ ਜੂਝ ਰਹੇ ਕੈਨੇਡੀਅਨ ਹੈਲਥ ਕੇਅਰ ਸਿਸਟਮ ਦਾ ਸੰਕਟ ਹੋਰ ਵੀ ਡੂੰਘਾ ਹੋ ਸਕਦਾ ਹੈ।

ਡਾ ਐਲਿਕਾ ਲਾਫ਼ੌਂਟੇਨ, ਜੋਕਿ ਐਲਬਰਟਾ ਤੋਂ ਇੱਕ ਅਨੈਸਥੀਓਲੌਜਿਸਟ ਹਨ, ਅਤੇ ਅਸੋਸੀਏਸ਼ਨ ਦੇ ਮੁਖੀ ਬਣਨ ਵਾਲੇ ਪਹਿਲੇ ਮੂਲਨਿਵਾਸੀ ਹਨ, ਨੇ ਸੀਬੀਸੀ ਨਿਊਜ਼ ਨੂੰ ਦੱਸਿਆ ਕਿ ਕੈਨੇਡਾ ਦਾ ਹੈਲਥ ਕੇਅਰ ਇਸ ਸਮੇਂ ਸੰਕਟ ਵਿਚ ਹੈ ਅਤੇ ਮੁਲਕ ਦੇ ਕੁਝ ਹਿੱਸਿਆਂ ਵਿਚ ਚੰਗੀ ਹੈਲਥ ਕੇਅਰ ਬੇਤਹਾਸ਼ਾ ਸੀਮਤ ਹੈ।

ਉਹਨਾਂ ਨੇ ਹਾਲ ਹੀ ਵਿਚ ਔਟਵਾ, ਦੱਖਣ-ਪੱਛਮੀ ਓਨਟੇਰਿਓ ਅਤੇ ਕਿਊਬੈਕ ਦੇ ਕੁਝ ਹਸਪਤਾਲਾਂ ਵਿਚ ਐਮਰਜੈਂਸੀ ਰੂਮ ਬੰਦ ਹੋਣ ਅਤੇ ਟੋਰੌਂਟੋ ਅਤੇ ਮੌਂਟਰੀਅਲ ਵਰਗੇ ਸ਼ਹਿਰਾਂ ਵਿਚ ਐਮਰਜੈਂਸੀ ਰੂਮਾਂ ਵਿਚ ਇਲਾਜ ਸ਼ੁਰੂ ਹੋਣ ਵਿਚ ਬੇਹੱਦ ਦੇਰੀ ਵਰਗੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਇਹ ਰੁਝਾਨ ਕੈਨੇਡਾ ਵੱਲੋਂ ਸਹੀ ਸਮੇਂ ਤੇ ਲੋਕਾਂ ਨੂੰ ਸਿਹਤ ਸੁਵਿਧਾਵਾਂ ਪ੍ਰਦਾਨ ਕਰਨ ਦੇ ਵਾਅਦੇ ਨੂੰ ਤੋੜ ਰਹੇ ਹਨ।

ਡਾ ਲਾਫ਼ੌਂਟੇਨ ਨੇ ਕਿਹਾ, ਅਸੀਂ ਪਿਛਲੇ ਲੰਬੇ ਸਮੇਂ ਤੋਂ ਕਹਿ ਰਹੇ ਹਾਂ ਕਿ ਅਸੀਂ ਇਸ ਸਿਸਟਮ ਦੇ ਢਹਿ ਜਾਣ ਬਾਰੇ ਫ਼ਿਕਰਮੰਦ ਹਾਂ। ਕੁਝ ਥਾਂਵਾਂ ‘ਤੇ ਤਾਂ ਇਹ ਢਹਿਣਾ ਸ਼ੁਰੂ ਵੀ ਹੋ ਗਿਆ ਹੈ

ਉਹਨਾਂ ਕਿਹਾ ਕਿ ਜੇ ਤੁਸੀਂ ਸੇਵਾਵਾਂ ਪ੍ਰਾਪਤ ਨਹੀਂ ਕਰ ਪਾ ਰਹੇ ਤਾਂ ਇਸਦਾ ਸਿੱਧਾ ਅਰਥ ਇਹ ਹੀ ਹੈ ਕਿ ਸਿਸਟਮ ਢਹਿ ਗਿਆ ਹੈ ਭਾਵ ਠੱਪ ਹੋ ਗਿਆ ਹੈ।

ਕੈਨੇਡੀਅਨ ਮੈਡੀਕਲ ਅਸੋਸੀਏਸ਼ਨ ਨੇ ਹਾਲ ਹੀ ਵਿਚ ਇੱਕ ਰਿਪੋਰਟ ਨਸ਼ਰ ਕੀਤੀ ਸੀ ਜਿਸ ਵਿਚ ਕਿਹਾ ਗਿਆ ਸੀ, ਕਿ ਸਾਰੇ ਸੂਬਿਆਂ ਅਤੇ ਪ੍ਰਦੇਸ਼ਾਂ ਵਿਚ ਹੈਲਥ ਕੇਅਰ ਸਿਸਟਮ ਇੱਕੋ ਜਿਹੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ - ਖ਼ਾਸ ਤੌਰ ‘ਤੇ ਸਟਾਫ਼ ਦੀ ਘਾਟ ਦੀ ਸਮੱਸਿਆ।

ਕੈਨੇਡੀਅਨ ਮੈਡੀਕਲ ਅਸੋਸੀਏਸ਼ਨ ਦੇ ਨਵੇਂ ਪ੍ਰੈਜ਼ੀਡੈਂਟ ਡਾ ਐਲਿਕਾ ਲਾਫ਼ੌਂਟੇਨ

ਕੈਨੇਡੀਅਨ ਮੈਡੀਕਲ ਅਸੋਸੀਏਸ਼ਨ ਦੇ ਨਵੇਂ ਪ੍ਰੈਜ਼ੀਡੈਂਟ ਡਾ ਐਲਿਕਾ ਲਾਫ਼ੌਂਟੇਨ

ਤਸਵੀਰ: (Submitted by Canadian Medical Association)

ਵਧ ਰਹੀ ਆਬਾਦੀ ਦੀ ਤਾਂ ਗੱਲ ਬਾਅਦ ਵਿਚ ਹੈ, ਪਹਿਲਾਂ ਤਾਂ ਮੌਜੂਦਾ ਹੈਲਥ ਕੇਅਰ ਥਾਂਵਾਂ ‘ਤੇ ਹੀ ਲੋੜੀਂਦੇ ਡਾਕਟਰ ਅਤੇ ਨਰਸਾਂ ਉਪਲਬਧ ਨਹੀਂ ਹਨ।

ਲਾਫ਼ੌਨਟੇਨ ਵੱਲੋਂ ਪ੍ਰਸਤਾਵਿਤ ਹੱਲ ਵਿਚੋਂ ਇੱਕ ਪੈਨ-ਨੈਸ਼ਨਲ ਲਾਇਸੈਂਸ ਹੈ, ਜਿਸ ਤੋਂ ਭਾਵ ਇੱਕ ਅਜਿਹੀ ਲਾਇਸੈਂਸ ਪ੍ਰਣਾਲੀ ਤੋਂ ਹੈ ਜਿਸ ਨਾਲ ਡਾਕਟਰਾਂ ਨੂੰ ਪੂਰੇ ਮੁਲਕ ਵਿਚ ਮੈਡੀਕਲ ਪ੍ਰੈਕਟਿਸ ਕਰਨ ਲਈ ਘੱਟ ਤੋਂ ਘੱਟ ਕਾਨੂੰਨੀ ਅਤੇ ਤਕਨੀਕੀ ਰੁਕਾਵਟਾਂ ਪੇਸ਼ ਆਉਣ।

ਇਸ ਸਿਸਟਮ ਨਾਲ ਡਾਕਟਰਾਂ ਨੂੰ ਕੰਮ ਕਰਨ ਵਿਚ ਵਧੇਰੇ ਲਚਕੀਲਾਪਣ ਮਿਲੇਗਾ ਅਤੇ ਉਹ ਉੱਥੇ ਜਾਕੇ ਕੰਮ ਕਰ ਸਕਦੇ ਹੋਣਗੇ, ਜਿੱਥੇ ਉਹਨਾਂ ਦੀ ਸਭ ਤੋਂ ਵੱਧ ਜ਼ਰੂਰਤ ਹੋਵੇਗੀ।

ਡਾ ਲਾਫ਼ੌਂਟੇਨ ਨੇ ਕਿਹਾ ਕਿ ਮੌਜੂਦਾ ਸਿਸਟਮ - ਜਿੱਥੇ ਹਰੇਕ ਸੂਬੇ ਦਾ ਆਪਣਾ ਲਾਈਸੈਂਸ ਹੁੰਦਾ ਹੈ - ਇਹ ਇੱਕ ਵੱਡੀ ਰੁਕਾਵਟ ਹੈ।

ਹੈਲਥ ਕੇਅਰ ਵਿਚ ਭਰਤੀ ਲਈ ਇੱਕ ਰਾਸ਼ਟਰੀ ਯੋਜਨਾ ਜ਼ਰੂਰੀ

ਉਹਨਾਂ ਕਿਹਾ ਕਿ ਇੱਕ ਨੈਸ਼ਨਲ ਫ਼ਿਜ਼ੀਸ਼ੀਅਨ ਲਾਇਸੈਂਸ ਅੰਤਰਰਾਸ਼ਟਰੀ ਪੱਧਰ 'ਤੇ ਸਿਖਲਾਈ ਪ੍ਰਾਪਤ ਡਾਕਟਰਾਂ ਦੇ ਪ੍ਰਮਾਣ ਪੱਤਰਾਂ ਦੀ ਪੁਸ਼ਟੀ ਕਰਨ ਲਈ ਇੱਕ ਇਕਹਿਰੀ ਅਤੇ ਸੁਚਾਰੂ ਪ੍ਰਕਿਰਿਆ ਪ੍ਰਦਾਨ ਕਰ ਸਕਦਾ ਹੈ।

ਉਹਨਾਂ ਕਿਹਾ ਕਿ ਫ਼ੈਡਰਲ ਸਰਕਾਰ ਨੂੰ ਸੂਬਾ ਅਤੇ ਪ੍ਰਦੇਸ਼ ਸਰਕਾਰਾਂ ਨਾਲ ਮੀਟਿੰਗ ਕਰਨੀ ਚਾਹੀਦੀ ਹੈ ਅਤੇ ਸਟਾਫ਼ ਦੀ ਘਾਟ ਦੀ ਸਮੱਸਿਆ ਦਾ ਹੱਲ ਕਰਨ ਲਈ ਕੋਈ ਰਾਸ਼ਟਰੀ ਪਲਾਨ ਤਿਆਰ ਕਰਨਾ ਚਾਹੀਦਾ ਹੈ।

ਡਾ ਲਾਫ਼ੌਂਟੇਨ ਦਾ ਕਹਿਣਾ ਹੈ ਕਿ ਉਕਤ ਮਾਮਲੇ ‘ਤੇ ਸਹਿਯੋਗ ਕਰਨ ਤੋਂ ਇਲਾਵਾ ਫ਼ੈਡਰਲ ਸਰਕਾਰ ਨੂੰ ਸਿਸਟਮ ਵਿਚ ਹੋਰ ਪੈਸਾ ਵੀ ਪਾਉਣਾ ਚਾਹੀਦਾ ਹੈ।

ਫ਼ੈਡਰਲ ਹੈਲਥ ਮਿਨਿਸਟਰ ਯੌਂ ਈਵ ਡਿਉਕਲੋ ਨੇ ਹਾਲ ਹੀ ਵਿਚ ਸੂਬਾ ਸਰਕਾਰਾਂ ਨੂੰ ਹੋਰ ਪੈਸੇ ਦੇਣ ਦੀ ਗੱਲ ਆਖੀ ਸੀ, ਪਰ ਉਹਨਾਂ ਕਿਹਾ ਸੀ ਕਿ ਇਹ ਕੋਈ ਬਲੈਂਕ ਚੈੱਕ ਨਹੀਂ ਹੋਵੇਗਾ।

ਡਿਉਕਲੋ ਨੇ ਹੈਲਥ ਕੇਅਰ ਖ਼ਰਚਿਆਂ ਲਈ ਪੰਜ ਤਰਜੀਹਾਂ ਨਿਰਧਾਰਿਤ ਕੀਤੀਆਂ ਹਨ:

  • ਸਰਵਿਸ ਬੈਕਲੌਗ ਦਾ ਅੰਤ
  • ਸਟਾਫ਼ ਦੀ ਗਿਣਤੀ ਵਿਚ ਵਾਧਾ
  • ਪ੍ਰਾਈਮਰੀ ਕੇਅਰ ਤੱਕ ਬਿਹਤਰ ਪਹੁੰਚ
  • ਲੌਂਗ-ਟਰਮ ਕੇਅਰ, ਸੀਨੀਅਰਜ਼ ਕੇਅਰ ਪ੍ਰਣਾਲੀ ਵਿਚ ਸੁਧਾਰ, ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਬਾਬਤ ਵਧੇਰੇ ਸਰੋਤ
  • ਹੈਲਥ ਕੇਅਰ ਡਾਟਾ ਨੂੰ ਡਿਜੀਟਲ ਕਰਨਾ ਅਤੇ ਵਧੇਰੇ ਵਰਚੁਅਲ ਹੈਲਥ ਕੇਅਰ ਦੀ ਸੁਵਿਧਾ ਦੇਣੀ

ਗ਼ੌਰਤਲਬ ਹੈ ਕਿ ਕੈਨੇਡਾ ਦੇ ਬਾਹਰੋਂ ਸਿਖਲਾਈ ਪ੍ਰਾਪਤ ਡਾਕਟਰਾਂ ਦਾ ਮੁੱਦਾ ਪਿਛਲੇ ਕੁਝ ਸਮੇਂ ਵਿਚ ਕਾਫ਼ੀ ਸੁਰਖ਼ੀਆਂ ਵਿਚ ਰਿਹਾ ਹੈ।

ਓਨਟੇਰਿਓ ਦੀ ਹੈਲਥ ਮਿਨਿਸਟਰ ਸਿਲਵੀਆ ਜੋਨਜ਼ ਨੇ ਸੂਬਾਈ ਰੈਗੁਲੇਟਰੀ ਅਦਾਰਿਆਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਸਿਖਿਅਤ ਨਰਸਾਂ ਅਤੇ ਡਾਕਟਰਾਂ ਨੂੰ ਜਲਦੀ ਰਜਿਸਟਰ ਕਰਨ ਲਈ ਯੋਜਨਾ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।

ਨੋਵਾ ਸਕੋਸ਼ੀਆ ਅਤੇ ਨਿਊਫ਼ੰਡਲੈਂਡ ਐਂਡ ਲੈਬਰਾਡੌਰ ਸੂਬਿਆਂ ਵਿਚ ਵੀ ਯੂਕਰੇਨ ਤੋਂ ਹਿਜਰਤ ਕਰਕੇ ਆ ਰਹੇ ਡਾਕਟਰਾਂ ਨੂੰ ਸਿਸਟਮ ਵਿਚ ਸ਼ਾਮਲ ਕਰਨ ਲਈ ਪ੍ਰਕਿਰਿਆਵਾਂ ਨੂੰ ਸੁਚਾਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਜੌਨ ਪੌਲ ਟਸਕਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ