1. ਮੁੱਖ ਪੰਨਾ
  2. ਅਰਥ-ਵਿਵਸਥਾ

ਕੈਨੇਡਾ ਵਿਚ ਕਿਰਾਏ ਦੇ ਘਰ ਵਿਚ ਰਹਿਣ ਵਾਲਿਆਂ ਦੀ ਗਿਣਤੀ ਵਿਚ ਆਈ ਤੇਜ਼ੀ

10 ਮਿਲੀਅਨ ਪਰਿਵਾਰ ਘਰਾਂ ਦੇ ਮਾਲਕ, 5 ਮਿਲੀਅਨ ਪਰਿਵਾਰ ਕਿਰਾਏਦਾਰ

ਸਟੈਟਿਸਟਿਕਸ ਕੈਨੇਡਾ ਦੇ ਨਵੇਂ ਅੰਕੜਿਆਂ ਅਨੁਸਾਰ ਕੈਨੇਡਾ ਵਿਚ ਕਿਰਾਏ ਦੇ ਘਰ ਵਿਚ ਰਹਿਣ ਵਾਲੇ ਪਰਿਵਾਰਾਂ ਦੀ ਗਿਣਤੀ ਵਧ ਰਹੀ ਹੈ।

ਸਟੈਟਿਸਟਿਕਸ ਕੈਨੇਡਾ ਦੇ ਨਵੇਂ ਅੰਕੜਿਆਂ ਅਨੁਸਾਰ ਕੈਨੇਡਾ ਵਿਚ ਕਿਰਾਏ ਦੇ ਘਰ ਵਿਚ ਰਹਿਣ ਵਾਲੇ ਪਰਿਵਾਰਾਂ ਦੀ ਗਿਣਤੀ ਵਧ ਰਹੀ ਹੈ।

ਤਸਵੀਰ: (David Horemans/CBC)

RCI

ਮਰਦਮਸ਼ੁਮਾਰੀ ਦੇ ਅੰਕੜੇ ਦਰਸਾਉਂਦੇ ਹਨ ਕਿ ਕਿਰਾਏ ‘ਤੇ ਰਹਿਣ ਵਾਲੇ ਪਰਿਵਾਰਾਂ ਦੀ ਗਿਣਤੀ ਘਰਾਂ ਦੀ ਮਲਕੀਅਤ ਵਾਲੇ ਪਰਿਵਾਰਾਂ ਦੀ ਗਿਣਤੀ ਨਾਲੋਂ ਦੁਗਣੀ ਤੇਜ਼ੀ ਨਾਲ ਵਧੀ ਹੈ।

ਸਟੈਟਿਸਟਿਕਸ ਕੈਨੇਡਾ ਦੇ ਬੁੱਧਵਾਰ ਨੂੰ ਜਾਰੀ ਹੋਏ ਅੰਕੜਿਆਂ ਵਿਚ ਸਾਹਮਣੇ ਆਇਆ ਹੈ ਕਿ 2011 ਤੋਂ 2021 ਦੇ ਦਰਮਿਆਨ ਕਿਰਾਏ ‘ਤੇ ਰਹਿਣ ਵਾਲੇ ਪਰਿਵਾਰਾਂ ਦੀ ਗਿਣਤੀ 21 ਫ਼ੀਸਦੀ ਵਧੀ ਹੈ। ਉੱਥੇ ਦੂਜੇ ਪਾਸੇ ਇਸੇ ਸਮੇਂ ਦੌਰਾਨ ਘਰ ਦੀ ਮਲਕੀਅਤ ਵਾਲੇ ਭਾਵ ਆਪਣੇ ਖ਼ੁਦ ਦੇ ਘਰ ਵਿਚ ਰਹਿਣ ਵਾਲੇ ਪਰਿਵਾਰਾਂ ਦੀ ਗਿਣਤੀ ਸਿਰਫ਼ 8 ਫ਼ੀਸਦੀ ਵਧੀ ਹੈ।

ਭਾਵੇਂ ਕਿ ਇਹ ਪਾੜਾ ਘਟ ਰਿਹਾ ਹੈ ਪਰ ਫ਼ਿਰ ਵੀ ਆਪਣੇ ਘਰਾਂ ਵਿਚ ਰਹਿਣ ਵਾਲੇ ਲੋਕਾਂ ਦੀ ਗਿਣਤੀ ਕਿਰਾਏ ‘ਤੇ ਰਹਿਣ ਵਾਲਿਆਂ ਦੇ ਮੁਕਾਬਲੇ ਕਿਤੇ ਵੱਧ ਹੈ। ਪਿਛਲੇ ਸਾਲ ਦੇ ਅੰਕੜਿਆਂ ਵਿਚ 10 ਮਿਲੀਅਨ ਤੋਂ ਵੱਧ ਪਰਿਵਾਰਾਂ ਕੋਲ ਆਪਣਾ ਘਰ ਸੀ, ਜਦਕਿ 5 ਮਿਲੀਅਨ ਪਰਿਵਾਰ ਕਿਰਾਏ ‘ਤੇ ਰਹਿ ਰਹੇ ਸਨ।

ਕੁੱਲ ਮਿਲਾ ਕੇ, ਕੈਨੇਡੀਅਨਜ਼ ਕੋਲ 2011 ਦੇ ਮੁਕਾਬਲੇ ਆਪਣੇ ਘਰ ਦੇ ਮਾਲਕ ਹੋਣ ਦੀ ਸੰਭਾਵਨਾ ਘੱਟ ਸੀ।

ਘਰ ਦੀ ਮਲਕੀਅਤ ਤੋਂ ਦੂਰ ਜਾਣ ਦੀ ਗੱਲ ਖਾਸ ਤੌਰ 'ਤੇ ਉਸ ਪੀੜ੍ਹੀ ਵਿੱਚ ਨਜ਼ਰ ਆਈ ਹੈ ਜੋ ਆਮ ਤੌਰ 'ਤੇ ਖ਼ੁਦ ਦਾ ਘਰ ਖ਼ਰੀਦਣਾ ਚਾਹੁੰਦਾ ਹੈ: ਨੌਜਵਾਨ ਬਾਲਗ਼ ਤਬਕਾ।

ਘਰਾਂ ਦੀ ਮਲਕੀਅਤ ਦੀ ਦਰ ਵਿਚ ਨਿਘਾਰ ਦਰਜ ਹੋ ਰਿਹਾ ਹੈ।ਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਘਰਾਂ ਦੀ ਮਲਕੀਅਤ ਦੀ ਦਰ ਵਿਚ ਨਿਘਾਰ ਦਰਜ ਹੋ ਰਿਹਾ ਹੈ।

ਤਸਵੀਰ: (CBC)

ਸਾਲ 2011 ਵਿੱਚ, 25 ਤੋਂ 29 ਸਾਲ ਦੀ ਉਮਰ ਦੇ ਲੋਕਾਂ ਵਿੱਚੋਂ ਲਗਭਗ 44 ਫ਼ੀਸਦੀ ਕੋਲ ਆਪਣੇ ਘਰ ਸਨ। 2021 ਤੱਕ, ਇਹ ਤਾਦਾਦ ਘਟ ਕੇ 36.5 ਫ਼ੀਸਦੀ ਰਹਿ ਗਈ।

30 ਤੋਂ 34 ਸਾਲ ਦੇ ਉਮਰ ਵਰਗ ਵਿਚ ਵੀ ਇਸ ਰੁਝਾਨ ਵਿਚ ਕਮੀ ਆਈ। 2011 ਵਿਚ ਇਸ ਉਮਰ ਵਰਗ ਦੇ 59.2 ਫ਼ੀਸਦੀ ਲੋਕਾਂ ਕੋਲ ਆਪਣਾ ਘਰ ਸੀ ਪਰ 2021 ਵਿਚ ਇਹ ਤਾਦਾਦ 52.3 ਫ਼ੀਸਦੀ ਦਰਜ ਹੋਈ।

2021 ਦੇ ਅੰਕੜਿਆਂ ਅਨੁਸਾਰ ਕੈਨੇਡਾ ਵਿਚ ਘਰ ਦੀ ਮਲਕੀਅਤ ਵਾਲੇ ਲੋਕਾਂ ਵਿਚੋਂ 41.3 ਫ਼ੀਸਦੀ ਲੋਕ 56 ਤੋਂ 75 ਸਾਲ ਦੀ ਉਮਰ ਦੇ ਦਰਮਿਆਨ ਹਨ।

ਦੂਜੇ ਪਾਸੇ ਕਿਰਾਏ ਦੇ ਮਕਾਨ ਵਿਚ ਰਹਿਣ ਵਾਲਿਆਂ ਵਿਚੋਂ 32.6 ਫ਼ੀਸਦੀ, 25 ਤੋਂ 40 ਸਾਲ ਦੀ ਉਮਰ ਦੇ ਦਰਮਿਆਨ ਹਨ।

ਭਾਵੇਂ ਕਿਰਾਏ ‘ਤੇ ਰਹਿਣਾ ਅਤੇ ਘਰ ਖ਼ਰੀਦਣਾ ਦੋਵੇਂ ਇੱਕ ਵੱਡਾ ਖ਼ਰਚਾ ਹੈ, ਪਰ ਆਪਣੇ ਘਰਾਂ ਵਿਚ ਰਹਿਣ ਵਾਲਿਆਂ ਲਈ ਸਥਿਤੀ ਇਸ ਲਿਹਾਜ਼ ਨਾਲ ਬਿਹਤਰ ਹੈ ਕਿਉਂਕਿ ਪਿਛਲੇ ਕੁਝ ਸਮੇਂ ਵਿਚ ਉਹਨਾਂ ਦੇ ਘਰਾਂ ਦਾ ਮੁੱਲ ਕਾਫ਼ੀ ਵਧ ਗਿਆ ਹੈ। ਪਰ ਕਿਰਾਏਦਾਰਾਂ ਨਾਲ ਸਥਿਤੀ ਉਲਟ ਹੋ ਗਈ ਹੈ ਕਿਉਂਕਿ ਕਿਰਾਇਆਂ ਦੀ ਔਸਤ ਲਾਗਤ ਵਿਚ ਵਾਧਾ ਹੋ ਗਿਆ ਹੈ।

ਅੰਕੜਿਆਂ ਅਨੁਸਾਰ ਪਿਛਲੇ ਪੰਜ ਸਾਲਾਂ ਵਿਚ ਕਿਰਾਏ ਦੀ ਔਸਤ ਲਾਗਤ ਵਿਚ 17.6 ਫ਼ੀਸਦੀ ਵਾਧਾ ਹੋਇਆ ਹੈ। 2016 ਵਿਚ ਔਸਤ ਕਿਰਾਇਆ 910 ਡਾਲਰ ਪ੍ਰਤੀ ਮਹੀਨਾ ਸੀ ਜੋਕਿ 2021 ਵਿਚ ਵਧਕੇ 1,070 ਡਾਲਰ ਦਰਜ ਹੋਇਆ ਹੈ।

ਘਰਾਂ ਦੇ ਮਾਲਕਾਂ ਦੀ ਔਸਤ ਰਿਹਾਇਸ਼ੀ ਲਾਗਤ ਵੀ 2016 ਦੇ 1,130 ਡਾਲਰ ਦੇ ਮੁਕਾਬਲੇ 2021 ਵਿਚ 1,240 ਡਾਲਰ ਦਰਜ ਹੋਈ ਹੈ, ਪਰ ਕਿਰਾਏਦਾਰਾਂ ਦੀ ਔਸਤ ਰਿਹਾਇਸ਼ੀ ਲਾਗਤ ਦਾ ਵਾਧਾ, ਇਸ 9.7 ਫ਼ੀਸਦੀ ਦੇ ਵਾਧੇ ਨਾਲੋਂ ਤਕਰੀਬਨ ਦੁੱਗਣਾ ਹੈ।

ਪੀਟ ਇਵੈਂਸ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ