1. ਮੁੱਖ ਪੰਨਾ
  2. ਸਮਾਜ
  3. ਸੰਗਠਿਤ ਅਪਰਾਧ

[ ਰਿਪੋਰਟ ] ਨਿਯਮਾਂ ਦੀ ਜਾਣਕਾਰੀ ਲੈਣ ਬਾਬਤ ਪੁਲਿਸ ਨਾਲ ਰਾਬਤਾ ਬਣਾਉਣ ਲਈ ਅੱਗੇ ਆਉਣ ਲੱਗੇ ਨੌਜਵਾਨ

ਆਰਸੀਐਮਪੀ ਵੱਲੋਂ ਵਿਦਿਆਰਥੀਆਂ ਨੂੰ ਨਿਯਮਾਂ ਦੀ ਪਾਲਣਾ ਦੀ ਅਪੀਲ

ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ ਆਰਸੀਐਮਪੀ ਅਧਿਕਾਰੀ

ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ ਆਰਸੀਐਮਪੀ ਅਧਿਕਾਰੀ

ਤਸਵੀਰ: ਸਰਬਮੀਤ ਸਿੰਘ

Sarbmeet Singh

ਕੈਨੇਡਾ ਵਿੱਚ ਹੁਲੜਬਾਜ਼ੀ ਦੀਆਂ ਵਾਪਰ ਰਹੀਆਂ ਘਟਨਾਵਾਂ ਦਰਮਿਆਨ ਕੁਝ ਅੰਤਰ ਰਾਸ਼ਟਰੀ ਵਿਦਿਆਰਥੀ ਪੁਲਿਸ ਨਾਲ ਰਾਬਤਾ ਬਣਾਉਣ ਲਈ ਅੱਗੇ ਆਉਣ ਲੱਗੇ ਹਨ I

ਸਰੀ ਵਿਚਲੀ ਕਵਾਂਟਲਿਨ ਪੌਲੀਟੈਕਨਿਕ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਸਰੀ ਆਰਸੀਐਮਪੀ ਅਤੇ ਸਰੀ ਪੁਲਿਸ ਨਾਲ ਇਕ ਰੂਬਰੂ ਪ੍ਰੋਗਰਾਮ ਰੱਖਿਆ ਗਿਆ , ਜਿਸ ਵਿੱਚ ਪੁਲਿਸ ਅਧਿਕਾਰੀਆਂ ਵੱਲੋਂ ਵਿਦਿਆਰਥੀਆਂ ਨੂੰ ਕੈਨੇਡਾ ਦੇ ਕਾਨੂੰਨ ਬਾਰੇ ਜਾਣਕਾਰੀ ਦਿੱਤੀ ਗਈ I 

ਵਿਦਿਆਰਥੀਆਂ 'ਚ ਜਾਣਕਾਰੀ ਦੀ ਘਾਟ : ਵਿਦਿਆਰਥੀ ਆਗੂ

ਕਵਾਂਟਲਿਨ ਸਟੂਡੈਂਟ ਐਸੋਸੀਏਸ਼ਨ ਤੋਂ ਅਰਮਾਨ ਢਿੱਲੋਂ ਅਤੇ ਕਰਨ ਸਿੰਘ ਨੇ ਦੱਸਿਆ ਕਿ ਕੈਨੇਡਾ ਵਿੱਚ ਨਵੇਂ ਆ ਰਹੇ ਵਿਦਿਆਰਥੀਆਂ ਨੂੰ ਕਾਨੂੰਨ ਬਾਰੇ ਮੁੱਢਲੀ ਜਾਣਕਾਰੀ ਦੇਣ ਦੇ ਇਰਾਦੇ ਨਾਲ ਉਹਨਾਂ ਵੱਲੋਂ ਆਰਸੀਐਮਪੀ ਨੂੰ ਪਹੁੰਚ ਕੀਤੀ ਗਈ I 

ਕਰਨ ਸਿੰਘ ਨੇ ਕਿਹਾ ਕੈਨੇਡਾ ਵਿੱਚ ਅੰਤਰ ਰਾਸ਼ਟਰੀ ਵਿਦਿਆਰਥੀ ਵੱਡੀ ਪੱਧਰ 'ਤੇ ਆ ਰਹੇ ਹਨ I ਨਵੇਂ ਆਏ ਹੋਣ ਕਾਰਨ ਉਹਨਾਂ ਨੂੰ ਇਥੋਂ ਦੇ ਕਾਨੂੰਨ ਬਾਰੇ ਬਹੁਤੀ ਜਾਣਕਾਰੀ ਨਹੀਂ ਹੁੰਦੀ I ਸਾਡਾ ਮਕਸਦ ਵਿਦਿਆਰਥੀਆਂ ਨੂੰ ਨਿਯਮਾਂ ਬਾਰੇ ਜਾਗਰੂਕ ਕਰਨਾ ਹੈ I

ਦੱਸਣਯੋਗ ਹੈ ਕਿ ਹਾਲ ਵਿੱਚ ਹੀ ਇਕ ਵੀਡੀਓ ਵੱਡੀ ਪੱਧਰ 'ਤੇ ਵਾਇਰਲ ਹੋਈ ਸੀ ਜਿਸ ਵਿੱਚ ਕੁਝ ਨੌਜਵਾਨਾਂ ਨੂੰ ਇਕ ਪੁਲਿਸ ਅਧਿਕਾਰੀ ਦੀ ਗੱਡੀ ਨੂੰ ਘੇਰਦੇ ਦੇਖਿਆ ਗਿਆ ਸੀ I ਇਸ ਵੀਡੀਓ ਵਿੱਚ ਕੁਝ ਨੌਜਵਾਨ ਪੁਲਿਸ ਅਧਿਕਾਰੀ ਤੋਂ ਉਸਦਾ ਬੈਜ ਨੰਬਰ ਮੰਗਦੇ ਦਿਖਾਈ ਦਿੰਦੇ ਹਨ ਅਤੇ ਨੌਜਵਾਨਾਂ ਨੇ ਵੀਡੀਓ ਦੌਰਾਨ ਦੋਸ਼ ਲਗਾਇਆ ਕਿ ਉਕਤ ਅਧਿਕਾਰੀ ਨੇ ਉਹਨਾਂ ਉੱਪਰ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ I

ਕਵਾਂਟਲਿਨ ਸਟੂਡੈਂਟ ਐਸੋਸੀਏਸ਼ਨ ਦੇ ਆਗੂ ਅਰਮਾਨ ਢਿੱਲੋਂ ਅਤੇ ਕਰਨ ਸਿੰਘ

ਕਵਾਂਟਲਿਨ ਸਟੂਡੈਂਟ ਐਸੋਸੀਏਸ਼ਨ ਦੇ ਆਗੂ ਅਰਮਾਨ ਢਿੱਲੋਂ ਅਤੇ ਕਰਨ ਸਿੰਘ

ਤਸਵੀਰ: ਸਰਬਮੀਤ ਸਿੰਘ

ਉਧਰ ਆਰਸੀਐਮਪੀ ਦਾ ਦਾਅਵਾ ਹੈ ਕਿ ਉਕਤ ਨੌਜਵਾਨਾਂ ਨੇ ਅਧਿਕਾਰੀ ਦੀ ਡਿਊਟੀ ਵਿੱਚ ਵਿਘਨ ਪਾਇਆ ਅਤੇ ਨੌਜਵਾਨਾਂ ਨੇ ਅਧਿਕਾਰੀ ਦੀ ਗੱਡੀ ਨੂੰ ਘੇਰਿਆ ਜਿਸ ਨਾਲ ਉਕਤ ਪੁਲਿਸ ਅਧਿਕਾਰੀ ਨੇ ਅਸੁਰੱਖਿਅਤ ਮਹਿਸੂਸ ਕੀਤਾ I 

ਇਸ ਮਸਲੇ ਦੇ ਸਾਹਮਣੇ ਆਉਣ ਤੋਂ ਬਾਅਦ ਕੁਝ ਮੀਡੀਆ ਰਿਪੋਰਟਾਂ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੇ ਡਿਪੋਰਟ ਕੀਤੇ ਜਾਣ ਦੀ ਗੱਲ ਚਰਚਾ ਵਿੱਚ ਆਈ ਸੀ I 

ਮੰਗ ਸਕਦੇ ਹੋ ਬੈਜ ਅਤੇ ਆਈਡੀ: ਆਰਸੀਐਮਪੀ ਅਧਿਕਾਰੀ

ਇਸ ਸੈਮੀਨਾਰ ਦੌਰਾਨ ਆਰਸੀਐਮਪੀ ਅਧਿਕਾਰੀਆਂ ਨੇ ਦੱਸਿਆ ਕਿ ਕੋਈ ਵੀ ਆਮ ਵਿਅਕਤੀ ਅਧਿਕਾਰੀ ਤੋਂ ਆਈਡੀ ਅਤੇ ਬੈਜ ਦੀ ਮੰਗ ਕਰ ਸਕਦਾ ਹੈ I ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸਾਰਜੈਂਟ ਜੈਸ ਜੌਹਲ ਨੇ ਕਿਹਾ ਨਿਯਮਾਂ ਮੁਤਾਬਿਕ ਕੋਈ ਵੀ ਵਿਅਕਤੀ ਆਰਸੀਐਮਪੀ ਅਧਿਕਾਰੀ ਤੋਂ ਆਈਡੀ ਅਤੇ ਬੈਜ ਦਿਖਾਉਣ ਦੀ ਮੰਗ ਕਰ ਸਕਦਾ ਹੈ ਅਤੇ ਇਹ ਕਾਨੂੰਨ ਦੇ ਘੇਰੇ ਵਿੱਚ ਆਉਂਦਾ ਹੈ I

ਵਿਦਿਆਰਥੀਆਂ ਨੂੰ ਵਧੇਰੇ ਜਾਣਕਾਰੀ ਦਿੰਦਿਆਂ ਆਰਸੀਐਮਪੀ ਅਧਿਕਾਰੀਆਂ ਨੇ ਕਿਹਾ ਕਿ ਇਕ ਛੋਟੀ ਜਿਹੀ ਗ਼ਲਤੀ ਵਿਦਿਆਰਥੀਆਂ ਦਾ ਭਵਿੱਖ ਖ਼ਰਾਬ ਕਰ ਸਕਦੀ ਹੈ I ਸਾਰਜੈਂਟ ਜੈਸ ਜੌਹਲ ਨੇ ਕਿਹਾ ਨਿਯਮਾਂ ਦੀ ਉਲੰਘਣਾ ਕਰਨ 'ਤੇ ਨੌਜਵਾਨਾਂ ਨੂੰ ਭਵਿੱਖ ਵਿੱਚ ਨੌਕਰੀਆਂ ਦੇ ਮੌਕੇ ਨਾ ਮਿਲਣ ਤੋਂ ਲੈ ਕੇ ਕੈਨੇਡਾ ਵਿੱਚ ਉਹਨਾਂ ਦਾ ਲੀਗਲ ਸਟੇਟਸ ਖ਼ਤਰੇ 'ਚ ਹੋਣ ਜਿਹੇ ਨਤੀਜੇ ਭੁਗਤਣੇ ਪੈ ਸਕਦੇ ਹਨ I

ਇਹ ਵੀ ਪੜ੍ਹੋ :

ਅਧਿਕਾਰੀਆਂ ਨੇ ਨੌਜਵਾਨਾਂ ਨੂੰ ਐਮਰਜੈਂਸੀ ਹਾਲਾਤ ਅਤੇ ਐਮੈਰਜੈਂਸੀ ਨਾ ਹੋਣ ਦੀ ਸੂਰਤ ਵਿੱਚ ਪੁਲਿਸ ਨੂੰ ਸੰਪਰਕ ਕਰਨ ਤੇ ਤਰੀਕੇ ਬਾਰੇ ਵੀ ਜਾਣਕਾਰੀ ਦਿੱਤੀ I

ਕਾਂਸਟੇਬਲ ਪਰਮ ਕਾਹਲੋਂ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਹੁਤ ਸਾਰੇ ਨੌਜਵਾਨ ਕੈਨੇਡਾ ਆ ਕੇ ਨਸ਼ਿਆਂ ਦੀ ਤਸਕਰੀ ਵਿੱਚ ਸ਼ਾਮਿਲ ਹੋ ਜਾਂਦੇ ਹਨ I ਪਰਮ ਕਾਹਲੋਂ ਨੇ ਕਿਹਾ ਨਸ਼ਾ ਤਸਕਰ ਨੌਜਵਾਨਾਂ ਨੂੰ ਆਪਣੇ ਕੰਮ ਲਈ ਚੁਣਦੇ ਹਨ ਕਿਉਂਕਿ ਛੋਟੀ ਉਮਰ ਵਿੱਚ ਨੌਜਵਾਨ ਸਹੀ ਅਤੇ ਗ਼ਲਤ ਦੀ ਪਹਿਚਾਣ ਨਹੀਂ ਕਰ ਪਾਉਂਦੇ I ਬਹੁਤ ਸਾਰੇ ਨੌਜਵਾਨ ਜਲਦੀ ਪੈਸੇ ਕਮਾਉਣ ਦੀ ਲਾਲਸਾ ਕਾਰਨ ਇਸ ਧੰਦੇ ਵਿੱਚ ਸ਼ਾਮਿਲ ਹੋ ਜਾਂਦੇ ਹਨ I

ਯੂਨੀਵਰਸਿਟੀ ਦੀ ਵਿਦਿਆਰਥਣ ਮਨਮੀਤ ਬਰਾੜ ਨੇ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਨਾਲ ਵਿਦਿਆਰਥੀਆਂ ਵਿੱਚ ਜਾਗਰੂਕਤਾ ਆ ਸਕਦੀ ਹੈ ਅਤੇ ਅਜਿਹੇ ਹੋਰ ਪ੍ਰੋਗਰਾਮ ਹੋਣੇ ਚਾਹੀਦੇ ਹਨ I 

ਵੱਡੀ ਗਿਣਤੀ 'ਚ ਆ ਰਹੇ ਨੇ ਵਿਦਿਆਰਥੀ

ਕੈਨੇਡਾ ਵਿੱਚ ਵੱਡੀ ਗਿਣਤੀ ਵਿੱਚ ਅੰਤਰ ਰਾਸ਼ਟਰੀ ਪੜ੍ਹਨ ਲਈ ਆ ਰਹੇ ਹਨ I 2021 ਦੌਰਾਨ 3,15,260 ਵਿਦਿਆਰਥੀ ਕੈਨੇਡਾ ਪੜ੍ਹਨ ਆਏ ਹਨ I ਇਹਨਾਂ ਵਿੱਚ ਭਾਰਤੀ ਵਿਦਿਆਰਥੀ ਦੀ ਵੀ ਵੱਡੀ ਗਿਣਤੀ ਹੈ I 2015 ਤੋਂ 2021 ਦੌਰਾਨ ਇਮੀਗ੍ਰੇਸ਼ਨ ਵਿਭਾਗ ਵੱਲੋਂ ਕੁੱਲ 13,13,524 ਸਟੱਡੀ ਵੀਜ਼ੇ ਜਾਰੀ ਕੀਤੇ ਗਏ ਹਨ I

ਕਵਾਂਟਲਿਨ ਪੌਲੀਟੈਕਨਿਕ ਯੂਨੀਵਰਸਿਟੀ ਵਿੱਚ 2021 -22 ਵਿਦਿਅਕ ਵਰ੍ਹੇ ਦੌਰਾਨ ਅੰਤਰ ਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਕਰੀਬ 38 ਫ਼ੀਸਦੀ ਹੈI

Sarbmeet Singh

ਸੁਰਖੀਆਂ