1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਬਾਰਡਰ ‘ਤੇ ਕੋਵਿਡ ਸਬੰਧੀ ਰੋਕਾਂ ਜਲਦੀ ਸਮਾਪਤ ਹੋਣ ਦੀ ਸੰਭਾਵਨਾ: ਸੂਤਰ

ਮੌਜੂਦਾ ਬਾਰਡਰ ਵੈਕਸੀਨ ਨੀਤੀ 30 ਸਤੰਬਰ ਤੱਕ ਜਾਰੀ ਹੈ

ਕਾਰ ਯਾਤਰੀ ਅਤੇ ਦੋ ਹੈਲਥ ਵਰਕਰ

22 ਫਰਵਰੀ, 2021 ਨੂੰ ਕਿਊਬੈਕ ਦੇ ਸੇਂਟ-ਬਰਨਾਰਡ-ਡੀ-ਲੈਕੋਲ ਵਿੱਖੇ ਬਾਰਡਰ ਕਰਾਸਿੰਗ 'ਤੇ ਅਮਰੀਕਾ ਤੋਂ ਕੈਨੇਡਾ ਦਾਖਲ ਹੋ ਰਹੇ ਇੱਕ ਯਾਤਰੀ ਦੀ ਜਾਂਚ ਅਤੇ ਕੋਵਿਡ-19 ਟੈਸਟ ਕਰਵਾਏ ਜਾਣ ਵੇਲੇ ਦੀ ਤਸਵੀਰ।

ਤਸਵੀਰ:  (Paul Chiasson/The Canadian Press)

RCI

ਫ਼ੈਡਰਲ ਸਰਕਾਰ ਦੀਆਂ ਮਹਾਂਮਾਰੀ ਸਬੰਧਤ ਬਾਰਡਰ ਰੋਕਾਂ - ਜਿਸ ਵਿਚ ਵੈਕਸੀਨ ਪ੍ਰਾਪਤ ਯਾਤਰੀਆਂ ਦੀ ਰੈਂਡਮ ਟੈਸਟਿੰਗ ਭਾਵ ਕਿਸੇ ਕਿਸੇ ਦਾ ਟੈਸਟ ਕੀਤਾ ਜਾਣਾ ਵੀ ਸ਼ਾਮਲ ਹੈ - ਜਲਦੀ ਖ਼ਤਮ ਹੋ ਸਕਦੀਆਂ ਹਨ। 

ਸੂਤਰਾਂ ਨੇ ਸੀਬੀਸੀ ਨੂੰ ਦੱਸਿਆ ਕਿ ਸਰਕਾਰ ਵੱਲੋਂ ਨੇੜਲੇ ਭਵਿੱਖ ਵਿਚ ਸਾਰੀਆਂ ਰੋਕਾਂ ਨੂੰ ਹਟਾਉਣ ਦੀ ਸੰਭਾਵਨਾ ਹੈ ਅਤੇ ਅੰਤਿਮ ਫ਼ੈਸਲਾ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੀ ਮੰਜ਼ੂਰੀ ਦੀ ਉਡੀਕ ਵਿਚ ਹੈ। ਬਾਰਡਰ ਰੋਕਾਂ 30 ਸਤੰਬਰ ਨੂੰ ਸਮਾਪਤ ਹੋ ਰਹੀਆਂ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਅਰਾਈਵਕੈਨ ਐਪ ਦਾ ਇਸਤੇਮਾਲ ਵੀ ਓਪਸ਼ਨਲ ਕੀਤਾ ਜਾ ਸਕਦਾ ਹੈ ਅਤੇ ਕੈਨੇਡਾ ਦਾਖ਼ਲ ਹੋਣ ਵਾਲਿਆਂ ਲਈ ਵੈਕਸੀਨੇਸ਼ਨ ਦੀ ਸ਼ਰਤ ਵੀ ਹਟਾਈ ਜਾ ਸਕਦੀ ਹੈ। ਭਾਵੇਂ ਕਿ ਬਹੁਤ ਸਾਰੇ ਸੂਤਰਾਂ ਨੇ ਉਕਤ ਤਬਦੀਲੀਆਂ ਦੀ ਸੰਭਾਵਨਾ ਜਤਾਈ ਹੈ, ਪਰ ਨਾਲ ਇਹ ਵੀ ਕਿਹਾ ਹੈ ਕਿ ਇਸ ਪ੍ਰਸਤਾਵ ਨੂੰ ਪ੍ਰਧਾਨ ਮੰਤਰੀ ਵੱਲੋਂ ਅਜੇ ਅੰਤਿਮ ਹਰੀ ਝੰਡੀ ਨਹੀਂ ਮਿਲੀ ਹੈ।

ਕੈਥੀ ਪੁਡਲੂਸਕੀ ਨਾਂ ਦੀ ਇੱਕ 73 ਸਾਲ ਦੀ ਬਜ਼ੁਰਗ ਔਰਤ ਨੇ ਦੱਸਿਆ ਕਿ ਕਿਵੇਂ ਰੈਂਡਮ ਟੈਸਟਿੰਗ ਕਾਰਨ ਉਸਨੂੰ ਯਾਤਰਾ ਦੌਰਾਨ ਬੇਹੱਦ ਮਾੜਾ ਤਜਰਬਾ ਹੋਇਆ।

ਨਿਊਯੌਰਕ ਦੀ ਰਹਿਣ ਵਾਲੀ ਕੈਥੀ ਅਗਸਤ ਮਹੀਨੇ ਓਨਟੇਰਿਓ ਦੇ ਨਾਇਗਰਾ-ਓਨ-ਦ-ਲੇਕ ਕਸਬੇ ਵਿਚ ਇੱਕ ਨਾਟਕ ਦੇਖਣ ਲਈ ਕੈਨੇਡਾ ਦਾਖ਼ਲ ਹੋ ਰਹੀ ਸੀ ਜਦੋਂ ਉਸਨੂੰ ਰੈਂਡਮ ਟੈਸਟ ਲਈ ਸੱਦ ਕੇ ਇੱਕ ਟੈਸਟ ਕਿੱਟ ਫ਼ੜਾ ਦਿੱਤੀ ਗਈ।

ਕੈਥੀ ਨੇ ਦੱਸਿਆ ਕਿ ਟੈਸਟ ਕਰਨ ਦੇ ਨਿਰਦੇਸ਼ ਇੰਨੇ ਪੇਚੀਦਾ ਸਨ ਕਿ ਉਸਨੂੰ ਸਮਝ ਨਹੀਂ ਆਏ ਅਤੇ ਉਸਨੇ ਨਾਟਕ ਖ਼ਤਮ ਹੋਣ ਤੋਂ ਬਾਅਦ ਦੇ ਸਮੇਂ ਤੇ ਇੱਕ ਲੋਕਲ ਫ਼ਾਰਮੇਸੀ ਨਾਲ ਇੱਕ ਵਰਚੂਅਲ ਅਪੁੲਾਇੰਟਮੈਂਟ ਬੁਕ ਕੀਤੀ ।

ਉਸਨੇ ਕਿਹਾ ਕਿ ਉਹ ਇੱਕ ਪਲ ਲਈ ਵੀ ਨਾਟਕ ਦਾ ਅਨੰਦ ਨਹੀਂ ਮਾਣ ਪਾਈ। ਕੈਥੀ ਦੱਸਦੀ ਹੈ ਕਿ ਥੇਟਰ ਦੀ ਲੌਬੀ ਵਿਚ ਹੀ ਉਸਨੇ ਇੱਕ ਹੋਰ ਕਰਮਚਾਰੀ ਦੀ ਮਦਦ ਨਾਲ ਆਪਣਾ ਟੈਸਟ ਕੀਤਾ। ਉਹ ਪਹਿਲਾਂ ਹੀ ਰੋਣ ਹੱਕੀ ਹੋਈ ਸੀ, ਅਤੇ ਉੱਤੋਂ ਉਸਨੂੰ ਪਤਾ ਚਲਦਾ ਹੈ ਕਿ ਟੈਸਟ ਤੋਂ ਬਾਅਦ ਇਸ ਕਿਟ ਨੂੰ ਨਾਲ ਲੱਗਦੇ ਸੇਂਟ ਕੈਥਰੀਨ ਸ਼ਹਿਰ ਵਿਚ ਇੱਕ FedEx ਬਕਸੇ ਵਿਚ ਡਰੌਪ ਕਰਨਾ ਹੈ। ਇਸ ਸਭ ਨਾਲ ਕੈਥੀ ਦੀ ਯਾਤਰਾ ਤਿੰਨ ਘੰਟੇ ਹੋਰ ਲੰਬੀ ਹੋ ਗਈ।

ਕੈਥੀ ਨੇ ਦੱਸਿਆ ਕਿ ਉਹ ਇਕ ਦਿਨ ਲਈ ਕੈਨੇਡਾ ਆਈ ਸੀ ਅਤੇ ਜਦੋਂ ਤੱਕ ਉਸਦੇ ਟੈਸਟ ਨਤੀਜੇ ਆਉਣੇ ਸਨ ਉਸਨੇ ਵਾਪਸ ਆਪਣੇ ਘਰ ਪਰਤ ਆਉਣਾ ਸੀ, ਇਸ ਕਰਕੇ ਕੈਨੇਡੀਅਨਜ਼ ਨੂੰ ਸੁਰੱਖਿਅਤ ਰੱਖਣ ਦੀ ਦਲੀਲ ਦੇ ਤੌਰ ‘ਤੇ ਇਹ ਟੈਸਟਿੰਗ ਬੇਮਤਲਬ ਹੋ ਜਾਂਦੀ ਹੈ।

ਮੈਂ ਵੈਕਸੀਨੇਸ਼ਨ ਦੇ, ਹਰੇਕ ਨੂੰ ਸੁਰੱਖਿਅਤ ਅਤੇ ਤੰਦਰੁਸਤ ਰੱਖਣ ਦੇ ਪੱਖ ਵਿਚ ਹਾਂ, ਪਰ ਇਹ ਸਮਝ ਤੋਂ ਬਾਹਰ ਹੈ। ਕੈਥੀ ਨੇ ਕਿਹਾ ਕਿ ਜਦੋਂ ਤੱਕ ਰੈਂਡਮ ਟੈਸਟਿੰਗ ਨਹੀਂ ਹੱਟਦੀ, ਉਹ ਕੈਨੇਡਾ ਨਹੀਂ ਆਏਗੀ।

ਲੁਈਸਟਨ-ਕੁਈਨਸਟਨ ਬ੍ਰਿਜ

ਕੈਥੀ ਪੁਡਲੂਸਕੀ ਨੇ ਕਿਹਾ ਕਿ ਉਹ ਓਨਟੇਰੀਓ ਅਤੇ ਨਿਊਯਾਰਕ ਨੂੰ ਜੋੜਨ ਵਾਲੇ ਲੁਈਸਟਨ-ਕੁਈਨਸਟਨ ਬ੍ਰਿਜ ਰਾਹੀਂ ਕੈਨੇਡਾ ਵਿੱਚ ਦਾਖਲ ਹੋ ਰਹੀ ਸੀ ਜਦੋਂ ਉਸਨੂੰ ਰੈਂਡਮ ਟੈਸਟਿੰਗ ਲਈ ਚੁਣਿਆ ਗਿਆ ਸੀ।

ਤਸਵੀਰ:  (Tijana Martin/The Canadian Press)

ਨੇਚਰ ਐਂਡ ਆਊਟਡੋਰ ਟੂਰਿਜ਼ਮ ਓਨਟੇਰਿਓ ਦੀ ਐਗਜ਼ੈਕਟਿਵ ਡਾਇਰੈਕਟਰ, ਲੌਰੀ ਮਾਰਸਿਲ ਨੇ ਕਿਹਾ ਕਿ ਟੂਰਿਜ਼ਮ ਓਪਰੇਟਰ ਬਹੁਤ ਸਾਰੇ ਯਾਤਰੀਆਂ ਤੋਂ ਇਸ ਕਿਸਮ ਦੀਆਂ ਸ਼ਿਕਾਇਤਾਂ ਸੁਣ ਰਹੇ ਹਨ, ਜੋ ਕਹਿੰਦੇ ਹਨ ਕਿ ਮਾੜੇ ਅਨੁਭਵ ਕਾਰਨ ਉਹ ਇਹਨਾਂ ਰੋਕਾਂ ਦੀ ਮੌਜੂਦਗੀ ਵਿਚ ਦੁਬਾਰਾ ਕੈਨੇਡਾ ਨਹੀਂ ਆਉਣਗੇ।

ਲੌਰੀ ਨੇ ਦੱਸਿਆ ਕਿ ਦੂਰ ਦੁਰਾਡੇ ਦੇ ਬਾਰਡਰ ਇਲਾਕਿਆਂ ਵਿਚ ਇਹ ਸਮੱਸਿਆ ਹੋਰ ਵੀ ਵਧੇਰੇ ਹੈ ਕਿਉਂਕਿ ਉੱਥੇ ਟੈਸਟ ਰਜਿਸਟਰ ਕਰਨ ਲਈ ਇੱਕ ਤਾਂ ਨੈਟਵਰਕ ਸਮੱਸਿਆ ਵੀ ਰਹਿੰਦੀ ਹੈ, ਦੂਸਰਾ ਉੱਥੇ ਕੁਰੀਅਰ ਲੋਕੇਸ਼ਨਾਂ ਵੀ ਬਹੁਤ ਘੱਟ ਹਨ ਅਤੇ ਜਿੱਥੇ ਹਨ ਉਹ ਬਹੁਤ ਦੂਰ ਹਨ।

ਏਅਰਪੋਰਟਾਂ ‘ਤੇ ਰੈਂਡਮ ਟੈਸਟਿੰਗ

ਰੈਂਡਮ ਟੈਸਟਿੰਗ ਦੇ ਨਿਯਮ ਤੋਂ ਸਿਰਫ਼ ਵਿਦੇਸ਼ੀ ਯਾਤਰੀ ਹੀ ਨਹੀਂ ਪ੍ਰੇਸ਼ਾਨ ਹੋ ਰਹੇ। ਟੋਰੌਂਟੋ ਦੇ ਪੌਲ ਮਿਲਗ੍ਰਾਮ ਅਗਸਤ ਵਿਚ ਯੂਕੇ ਤੋਂ ਇੱਕ ਕੰਮ ਨਾਲ ਸਬੰਧਤ ਟ੍ਰਿਪ ਤੋਂ ਵਾਪਸ ਆ ਰਹੇ ਸਨ ਅਤੇ ਕੈਨੇਡਾ ਪਹੁੰਚਣ ‘ਤੇ ਉਹ ਰੈਂਡਮ ਟੈਸਟ ਲਈ ਰੋਕ ਲਿੱਤੇ ਗਏ।

ਫ਼ੈਡਰਲ ਸਰਕਾਰ ਨੇ ਲੰਘੀਆਂ ਗਰਮੀਆਂ ਰੈਂਡਮ ਟੈਸਟਿੰਗ ਨੂੰ ਏਅਰਪੋਰਟਾਂ ਤੋਂ ਬਾਹਰ ਕਰਨ ਦੀ ਵਿਵਸਥਾ ਕੀਤੀ ਸੀ, ਤਾਂ ਕਿ ਭੀੜਭਾੜ ਅਤੇ ਘੜਮੱਸ ਨਾਲ ਜੂਝ ਰਹੇ ਏਅਰਪੋਰਟਾਂ ‘ਤੇ ਕੁਝ ਰਾਹਤ ਮਿਲ ਸਕੇ। ਏਅਰਪੋਰਟਾਂ ਤੋਂ ਬਾਹਰ ਪ੍ਰਾਈਵੇਟ ਲੈਬੋਰਟਰੀਆਂ ਨੂੰ ਟੈਸਟ ਕਰਨ ਦੀ ਆਗਿਆ ਦਿੱਤੀ ਸੀ।

ਪੌਲ ਨੇ ਦੱਸਿਆ ਕਿ ਉਸਨੂੰ ਇੱਕ ਈਮੇਲ ਪ੍ਰਾਪਤ ਹੋਈ ਜਿਸ ਵਿਚ ਉਸਨੂੰ LifeLabs ਵਿੱਖੇ ਕੋਵਿਡ ਟੈਸਟ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ। ਪੌਲ ਅਨੁਸਾਰ ਉਸਨੂੰ ਸਰਕਾਰ ਵੱਲੋਂ ਜੋ ਨਿਰਦੇਸ਼ ਪ੍ਰਾਪਤ ਹੋਏ ਉਹ ਬਹੁਤ ਹੀ ਪੇਚੀਦਾ ਸਨ ਤੇ ਉਸਨੂੰ ਰਜਿਸਟਰ ਕਰਵਾਉਣ ਵਿਚ ਹੀ ਇੱਕ ਘੰਟਾ ਲੱਗ ਗਿਆ।

ਮੈਂ ਕਿਉਂ ਲੱਭਦਾ ਫ਼ਿਰਾਂ ਕਿ ਟੈਸਟ ਕਿਵੇਂ ਕਰਵਾਉਣਾ ਹੈ? ਉਹਨਾਂ ਨੂੰ ਮੈਨੂੰ ਸਪਸ਼ਟ ਦੱਸਣਾ ਚਾਹੀਦਾ ਹੈ ਕਿ ਮੈਂ ਕੀ ਕਰਨਾ ਹੈ

ਪੌਲ ਨੇ ਦੱਸਿਆ ਕਿ ਉਸਨੇ ਫ਼ਾਰਮੇਸੀ ਤੋਂ ਮਦਦ ਮੰਗੀ ਅਤੇ ਬਗ਼ੈਰ ਅਪੁਆਇੰਟਮੈਂਟ ਤੋਂ ਉਸਦਾ ਟੈਸਟ ਹੋ ਗਿਆ। ਪੌਲ ਕਹਿੰਦਾ ਹੈ ਕਿ ਉਹ ਟੈਸਟ ਕਰਵਾਉਣ ਦੇ ਵਿਰੋਧ ਵਿਚ ਨਹੀਂ ਸੀ, ਪਰ ਟੈਸਟ ਕਰਵਾਉਣ ਦੀ ਪੇਚੀਦਗੀ ਨੇ ਉਸਨੂੰ ਕਾਫ਼ੀ ਤੰਗ ਕੀਤਾ।

ਮਾਹਰਾਂ ਵੱਲੋਂ ਵੇਸਟਵਾਟਰ ਜਾਂਚ ਦੀ ਸਲਾਹ

ਸਰਕਾਰ ਨੇ ਕੈਨੇਡਾ ਪਹੁੰਚਣ ਵਾਲੇ ਯਾਤਰੀਆਂ ਦੇ ਟੈਸਟ ਲਈ 1.1 ਬਿਲੀਅਨ ਡਾਲਰ ਨਿਰਧਾਰਿਤ ਕੀਤੇ ਹਨ। ਕੁਝ ਮਾਹਰਾਂ ਦਾ ਕਹਿਣਾ ਹੈ ਕਿ ਯਾਤਰੀਆਂ ਵਿਚ ਕੋਵਿਡ ਦੀ ਜਾਂਚ ਲਈ ਹੋਰ ਵੀ ਬਿਹਤਰ ਤਰੀਕੇ ਹੋ ਸਕਦੇ ਹਨ।

ਡਾ ਇਸਾਕ ਬੋਗੋਚ ਕਹਿੰਦੇ ਹਨ ਕਿ ਵੇਸਟਵਾਟਰ ਦੀ ਜਾਂਚ ਇੱਕ ਕਾਰਗਰ ਤਰੀਕਾ (ਨਵੀਂ ਵਿੰਡੋ) ਹੋ ਸਕਦਾ ਹੈ ਜਿਸ ਨਾਲ ਯਾਤਰੀਆਂ ਨੂੰ ਉੰਨੀ ਪ੍ਰੇਸ਼ਾਨੀ ਵੀ ਨਹੀਂ ਹੋਵੇਗੀ।

ਉਹਨਾਂ ਕਿਹਾ ਕਿ ਰੈਂਡਮ ਟੈਸਟਿੰਗ ਦੀ ਬਜਾਏ, ਉਡਾਣਾਂ ਅਤੇ ਏਅਰਪੋਰਟਾਂ ‘ਤੇ ਵੇਸਟਵਾਟਰ ਦੀ ਜਾਂਚ ਵਧੇਰੇ ਸੁਖਾਲਾ ਤਰੀਕਾ ਹੋਵੇਗਾ। ਉਹਨਾਂ ਕਿਹਾ ਕਿ ਇਹ ਘੱਟ ਮਹਿੰਗਾ ਅਤੇ ਵੱਧ ਕਾਰਗਰ ਉਪਾਅ ਹੋਵੇਗਾ।

ਮੰਗਲਵਾਰ ਨੂੰ ਬਾਰਡਰ ਦੇ ਨਾਲ ਵੱਸੇ ਸ਼ਹਿਰਾਂ ਦੇ ਮੇਅਰਾਂ ਅਤੇ ਐਮਪੀਜ਼ ਦੇ ਇੱਕ ਗਰੁੱਪ ਨੇ ਕੈਨੇਡਾ ਅਤੇ ਅਮਰੀਕਾ ਦੀਆਂ ਸਰਕਾਰਾਂ ਨੂੰ ਇੱਕ ਖੁੱਲੀ ਚਿੱਠੀ ਲਿਖ ਕੇ ਮਹਾਂਮਾਰੀ ਸਬੰਧਤ ਬਾਰਡਰ ਰੋਕਾਂ ਹਟਾਉਣ ਦੀ ਅਪੀਲ ਕੀਤੀ ਸੀ।

ਚਿੱਠੀ ਵਿਚ ਉਹਨਾਂ ਨੇ ਲਿਖਿਆ ਹੈ ਕਿ ਹੁਣ ਦੋਵੇਂ ਦੇਸ਼ ਮੋਟੇ ਤੌਰ ‘ਤੇ ਪਹਿਲਾਂ ਵਰਗੇ ਜੀਵਨ ਦੀ ਸਥਿਤੀ ਵਿਚ ਪਹੁੰਚ ਗਏ ਹਨ, ਪਰ ਕੋਵਿਡ ਤੋਂ ਰਿਕਵਰੀ ਵਿੱਚ ਬਾਰਡਰ ਇਲਾਕੇ ਪੱਛੜ ਗਏ ਹਨ।

ਡੈਰਨ ਮੇਜਰ, ਸੋਫ਼ੀਆ ਹੈਰਿਸ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ