1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਪ੍ਰਧਾਨ ਮੰਤਰੀ ਦੀ ਪਸੰਦ ਵੱਜੋਂ ਜਸਟਿਨ ਟ੍ਰੂਡੋ ਮਾਮੂਲੀ ਫ਼ਰਕ ਨਾਲ ਪੀਅਰ ਪੌਲੀਐਵ ਤੋਂ ਅੱਗੇ: ਸਰਵੇਖਣ

ਸਰਵੇਖਣ ਅਨੁਸਾਰ ਪਿਛਲੇ ਸਾਲ ਦੀ ਤੁਲਨਾ ਵਿਚ ਕੰਜ਼ਰਵੇਟਿਵਜ਼ ਦੀ ਸਥਿਤੀ ਮਜ਼ਬੂਤ ਹੋਈ

ਟ੍ਰੂਡੋ ਅਤੇ ਪੌਲੀਐਵ

15 ਸਤੰਬਰ 2022 ਨੂੰ ਹਾਊਸ ਔਫ਼ ਕੌਮਨਜ਼ ਦੇ ਵਿਸ਼ੇਸ਼ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨਵੇਂ ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੂੰ ਮਿਲਦੇ ਹੋਏ।

ਤਸਵੀਰ: La Presse canadienne / Sean Kilpatrick

RCI

ਇੱਕ ਨਵੇਂ ਸਰਵੇਖਣ ਵਿਚ ਜ਼ਿਆਦਾਤਰ ਕੈਨੇਡੀਅਨਜ਼ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਜਸਟਿਨ ਟ੍ਰੂਡੋ ਦਾ ਨਾਂ ਲਿੱਤਾ ਹੈ, ਪਰ ਟ੍ਰੂਡੋ ਪੀਅਰ ਪੌਲੀਐਵ ਤੋਂ ਥੋੜਾ ਜਿੰਨਾ ਹੀ ਅੱਗੇ ਹਨ।

ਲੈਜਰ ਵੱਲੋਂ ਲੰਘੇ ਵੀਕੈਂਡ ਇੱਕ ਸਰਵੇਖਣ ਮੁਕੰਮਲ ਕੀਤਾ ਗਿਆ ਹੈ, ਜਿਸ ਵਿਚ ਕਰੀਬ 1,500 ਲੋਕਾਂ ਨੇ ਹਿੱਸਾ ਲਿਆ ਸੀ।

ਨਤੀਜੇ ਦਰਸਾਉਂਦੇ ਹਨ ਕਿ ਪਿਛਲੇ ਇੱਕ ਸਾਲ ਵਿਚ ਲਿਬਰਲਾਂ ਦੀ ਲੋਕਪ੍ਰੀਅਤਾ ਘਟੀ ਹੈ, ਜਦੋਂ ਟ੍ਰੂਡੋ ਘੱਟ ਗਿਣਤੀ ਸਰਕਾਰ ਬਣਾਉਣ ਲਈ ਦੂਸਰੀ ਵਾਰੀ ਮੁੜ ਚੁਣੇ ਗਏ ਸਨ।

ਸਰਵੇਖਣ ਵਿਚ ਹਿੱਸਾ ਲੈਣ ਵਾਲਿਆਂ ਚੋਂ ਕਰੀਬ 28 ਫ਼ੀਸਦੀ ਨੇ ਕਿਹਾ ਕਿ ਜੇ ਅੱਜ ਚੋਣਾਂ ਹੁੰਦੀਆਂ ਹਨ ਤਾਂ ਉਹ ਲਿਬਰਲਾਂ ਨੂੰ ਵੋਟ ਪਾਉਣਗੇ, ਜਦਕਿ ਪਿਛਲੇ ਸਤੰਬਰ ਅਜਿਹਾ ਕਹਿਣ ਵਾਲਿਆਂ ਦੀ ਗਿਣਤੀ 33 ਫ਼ੀਸਦੀ ਸੀ।

ਨਤੀਜੇ ਦਰਸਾਉਂਦੇ ਹਨ ਕਿ ਕੁਝ ਸਾਬਕਾ ਲਿਬਰਲ ਵੋਟਰ ਖੱਬੇ ਅਤੇ ਸੱਜੇ ਪੱਖ ਵੱਲ ਤਬਦੀਲ ਹੋ ਰਹੇ ਹਨ।

ਕਰੀਬ 34 ਫ਼ੀਸਦੀ ਲੋਕਾਂ ਨੇ ਕਿਹਾ ਕਿ ਉਹ ਕੰਜ਼ਰਵੇਟਿਵਜ਼ ਨੂੰ ਵੋਟ ਪਾਉਣਗੇ। ਪਿਛਲੇ ਸਾਲ ਅਜਿਹੇ ਪੋਲ ਵਿਚ 26 ਫ਼ੀਸਦੀ ਲੋਕਾਂ ਨੇ ਕੰਜ਼ਰਵੇਟਿਵਜ਼ ਦੇ ਹੱਕ ਵਿਚ ਭੁਗਤਣ ਦੀ ਗੱਲ ਆਖੀ ਸੀ।

23 ਫ਼ੀਸਦੀ ਨੇ ਐਨਡੀਪੀ ਨੂੰ ਵੋਟ ਪਾਉਣ ਦੀ ਗੱਲ ਆਖੀ ਹੈ ਅਤੇ ਇਹ ਗਿਣਤੀ ਵੀ ਪਿਛਲੇ ਸਾਲ 18 ਫ਼ੀਸਦੀ ਸੀ।

ਤਿੰਨ ਤਿੰਨ ਫ਼ੀਸਦੀ ਲੋਕਾਂ ਨੇ ਗ੍ਰੀਨ ਪਾਰਟੀ ਔਫ਼ ਕੈਨੇਡਾ ਅਤੇ ਪੀਪਲਜ਼ ਪਾਰਟੀ ਔਫ਼ ਕੈਨੇਡਾ ਦੇ ਪੱਖ ਵਿਚ ਵੋਟ ਪਾਉਣ ਦੀ ਗੱਲ ਆਖੀ।

ਪਰ ਜਦੋਂ ਇਹ ਸਵਾਲ ਪੁੱਛਿਆ ਗਿਆ ਕਿ ਸਭ ਤੋਂ ਬਿਹਤਰ ਪ੍ਰਧਾਨ ਮੰਤਰੀ ਕੌਣ ਹੋਵੇਗਾ, ਤਾਂ ਜਸਟਿਨ ਟ੍ਰੂਡੋ ਨੂੰ ਪੀਅਰ ਪੌਲੀਐਵ ਅਤੇ ਜਗਮੀਤ ਸਿੰਘ ਦੋਵਾਂ ਦੇ ਮੁਕਾਬਲੇ ਚੜ੍ਹਤ ਪ੍ਰਾਪਤ ਹੋਈ।

24 ਫ਼ੀਸਦੀ ਲੋਕਾਂ ਨੇ ਟ੍ਰੂਡੋ ਦਾ ਵਿਕਲਪ ਚੁਣਿਆ, ਜੋ ਕਿ ਪੀਅਰ ਪੌਲੀਐਵ ਨਾਲੋਂ 3 ਅੰਕ ਵੱਧ ਅਤੇ ਜਗਮੀਤ ਸਿੰਘ ਨਾਲੋਂ 7 ਅੰਕ ਵੱਧ ਹੈ।

ਨਵਾਂ ਸਰਵੇਖਣ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ 10 ਦਿਨ ਪਹਿਲਾਂ ਪੀਅਰ ਪੌਲੀਐਵ ਨੇ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਚੋਣ ਜਿੱਤੀ ਹੈ। ਉਹ ਨਾ ਸਿਰਫ਼ ਜੇਤੂ ਹੋਏ ਹਨ ਸਗੋਂ ਉਹਨਾਂ ਨੂੰ 68 ਫ਼ੀਸਦੀ ਤੋਂ ਵੱਧ ਅੰਕ ਵੀ ਪ੍ਰਾਪਤ ਹੋਏ ਹਨ। ਇਸ ਨਿਰਣਾਇਕ ਨਤੀਜੇ ਨੇ ਪੌਲੀਐਵ ਲਈ ਅਗਲੀਆਂ ਆਮ ਚੋਣਾਂ ਵਿੱਚ ਇੱਕ ਸੰਯੁਕਤ ਪਾਰਟੀ ਦੀ ਅਗਵਾਈ ਕਰਨ ਲਈ ਮਜ਼ਬੂਤ ​​ਸਥਿਤੀ ਪੈਦਾ ਕੀਤੀ ਹੈ।

ਸਰਵੇਖਣ ਦੇ ਖੇਤਰੀ ਇਲਾਕਿਆਂ ਦੇ ਵਿਸ਼ਲੇਸ਼ਣ ਵਿਚ ਸਾਹਮਣੇ ਆਇਆ ਹੈ, ਕਿ ਪੀਅਰ ਪੌਲੀਐਵ ਨੂੰ ਕਿਊਬੈਕ ਵਿਚ ਸਭ ਤੋਂ ਘੱਟ ਸਮਰਥਨ ਪ੍ਰਾਪਤ ਹੈ ਅਤੇ ਐਲਬਰਟਾ ਵਿਚ ਉਹ ਸਭ ਤੋਂ ਵੱਧ ਲੋਕਪ੍ਰੀਅ ਹਨ। ਜਦਕਿ ਜਸਟਿਨ ਟ੍ਰੂਡੋ ਅਟਲਾਂਟਿਕ ਕੈਨੇਡਾ ਵਿਚ ਸਭ ਤੋਂ ਵੱਧ ਲੋਕਪ੍ਰੀਅ ਹਨ ਅਤੇ ਐਲਬਰਟਾ ਵਿਚ ਉਹਨਾਂ ਨੂੰ ਸਭ ਤੋਂ ਘੱਟ ਸਮਰਥਨ ਪ੍ਰਾਪਤ ਹੈ।

ਓਨਟੇਰਿਓ ਵਿਚ ਸਥਿਤੀ ਪੂਰੀ ਫਸਵੀਂ ਜਾਪਦੀ ਹੈ, ਕਿਉਂਕਿ 34 ਫ਼ੀਸਦੀ ਲੋਕਾਂ ਦਾ ਕਹਿਣਾ ਹੈ ਕਿ ਉਹ ਪੀਅਰ ਪੌਲੀਐਵ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਸਰਕਾਰ ਚੁਣਨਗੇ ਜਦਕਿ 32 ਫ਼ੀਸਦੀ ਨੇ ਟ੍ਰੂਡੋ ਦੀ ਅਗਵਾਈ ਵਿਚ ਲਿਬਰਲ ਸਰਕਾਰ ਚੁਣਨ ਦੀ ਗੱਲ ਆਖੀ ਹੈ।

ਸਟੈਫ਼ਨੀ ਟੇਲਰ - ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ