1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਆਰਥਿਕ ਸੂਚਕ

ਕੈਨੇਡਾ ਦੀ ਮਹਿੰਗਾਈ ਦਰ ਘਟ ਕੇ 7 % ਹੋਈ, ਪਰ ਭੋਜਨ ਵਸਤਾਂ ਦੀਆਂ ਕੀਮਤਾਂ ‘ਚ ਤੇਜ਼ੀ ਜਾਰੀ

ਜੂਨ ਵਿਚ ਰਿਕਾਰਡ 8.1 % ‘ਤੇ ਪਹੁੰਚ ਗਈ ਸੀ ਮਹਿੰਗਾਈ ਦਰ

ਕੈਨੇਡਾ ਵਿਚ ਅਗਸਤ ਮਹੀਨੇ ਮਹਿੰਗਾਈ ਦਰ ਵਿਚ ਕਮੀ ਦਰਜ ਹੋਈ, ਪਰ ਖਾਧ ਪਦਾਰਥਾਂ ਦੀਆਂ ਕੀਮਤਾਂ ਵਿਚ ਤੇਜ਼ੀ ਜਾਰੀ ਹੈ।

ਕੈਨੇਡਾ ਵਿਚ ਅਗਸਤ ਮਹੀਨੇ ਮਹਿੰਗਾਈ ਦਰ ਵਿਚ ਕਮੀ ਦਰਜ ਹੋਈ, ਪਰ ਖਾਧ ਪਦਾਰਥਾਂ ਦੀਆਂ ਕੀਮਤਾਂ ਵਿਚ ਤੇਜ਼ੀ ਜਾਰੀ ਹੈ।

ਤਸਵੀਰ: George Frey/Bloomberg

RCI

ਮੰਗਲਵਾਰ ਨੂੰ ਜਾਰੀ ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਅਨੁਸਾਰ, ਕੈਨੇਡਾ ਦੀ ਮਹਿੰਗਾਈ ਦਰ ਅਗਸਤ ਮਹੀਨੇ ਘਟ ਕੇ 7 ਫ਼ੀਸਦੀ ਦਰਜ ਕੀਤੀ ਗਈ ਹੈ।

ਇਸ ਸਾਲ ਮਹਿੰਗਾਈ ਦਰ ਨੇ ਪਿਛਲੇ 40 ਸਾਲ ਦਾ ਰਿਕਾਰਡ ਤੋੜ ਦਿੱਤਾ ਸੀ। ਜੂਨ ਵਿਚ ਮਹਿੰਗਾਈ ਦਰ 8.1 ਫ਼ੀਸਦੀ 'ਤੇ ਪਹੁੰਚ ਗਈ ਸੀ। ਅਰਥਸ਼ਾਤਰੀਆਂ ਨੇ ਮਹਿੰਗਾਈ ਦਰ 7.3 ਫ਼ੀਸਦੀ 'ਤੇ ਪਹੁੰਚਣ ਦਾ ਅਨੁਮਾਨ ਲਗਾਇਆ ਸੀ।

ਭਾਵੇਂ ਕਿ ਮਹਿੰਗਾਈ ਦਰ ਉਮੀਦ ਨਾਲੋਂ ਵਧੇਰੇ ਹੇਠਾਂ ਆਈ ਹੈ, ਪਰ ਇਸਦਾ ਸਭ ਤੋਂ ਵੱਡਾ ਕਾਰਨ ਅਗਸਤ ਮਹੀਨੇ ਗੈਸ ਦੀਆਂ ਕੀਮਤਾਂ ਵਿਚ ਕਮੀ ਸੀ।

ਜੁਲਾਈ ਦੇ ਮੁਕਾਬਲੇ ਅਗਸਤ ਵਿਚ ਗੈਸ ਦੀਆਂ ਕੀਮਤਾਂ ਵਿਚ 9.6 ਫ਼ੀਸਦੀ ਦੀ ਕਮੀ ਦਰਜ ਹੋਈ। ਅਪ੍ਰੈਲ 2020 ਤੋਂ ਬਾਅਦ ਗੈਸ ਦੀਆਂ ਕੀਮਤਾਂ ਵਿਚ ਇਹ ਇੱਕ ਮਹੀਨੇ ਦੇ ਅੰਦਰ ਆਈ ਸਭ ਤੋਂ ਵੱਡੀ ਗਿਰਾਵਟ ਹੈ।

ਭਾਵੇਂ ਗੈਸ ਦੀਆਂ ਕੀਮਤਾਂ ਘਟੀਆਂ, ਪਰ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਿਚ ਤੇਜ਼ੀ ਬਰਕਰਾਰ ਰਹੀ। ਪਿਛਲੇ ਇੱਕ ਸਾਲ ਵਿਚ ਗ੍ਰੋਸਰੀਆਂ ਦੀਆਂ ਕੀਮਤਾਂ ਵਿਚ 10.8 ਫੀਸਦੀ ਵਾਧਾ ਹੋ ਚੁੱਕਾ ਹੈ।

ਸਾਲ 1981 ਤੋਂ ਬਾਅਦ ਗ੍ਰੋਸਰੀ ਦੀ ਲਾਗਤ ਵਿਚ ਹੋਇਆ ਇਹ ਸਭ ਤੋਂ ਤੇਜ਼ ਵਾਧਾ ਹੈ।

ਗ੍ਰੋਸਰੀ ਆਈਟਮਾਂ ਦੀਆਂ ਕੀਮਤਾਂ ਵਿਚ ਤੇਜ਼ੀ ਜਾਰੀਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਗ੍ਰੋਸਰੀ ਆਈਟਮਾਂ ਦੀਆਂ ਕੀਮਤਾਂ ਵਿਚ ਤੇਜ਼ੀ ਜਾਰੀ

ਤਸਵੀਰ: (CBC)

ਸਟੈਟਿਸਟਿਕਸ ਕੈਨੇਡਾ ਅਨੁਸਾਰ ਫ਼ੂਡ ਸਪਲਾਈ ਨੂੰ ਬਹੁਤ ਸਾਰੇ ਕਾਰਕ ਪ੍ਰਭਾਵਿਤ ਕਰ ਰਹੇ ਹਨ ਜਿਹਨਾਂ ਵਿਚ ਅੱਤ ਦਾ ਮੌਸਮ, ਲਾਗਤ ਵਿਚ ਵਾਧਾ, ਸਲਪਾਈ ਚੇਨ ਰੁਕਾਵਟਾਂ ਅਤੇ ਯੂਕਰੇਨ ਉੱਪਰ ਰੂਸੀ ਹਮਲਾ ਸ਼ਾਮਲ ਹਨ।

ਬੇਕਰੀ ਆਈਟਮਾਂ ਦੀਆਂ ਕੀਮਤਾਂ ਪਿਛਲੇ ਇੱਕ ਸਾਲ ਵਿਚ 15 ਫ਼ੀਸਦੀ ਤੋਂ ਵੱਧ ਉੱਪਰ ਜਾ ਚੁੱਕੀਆਂ ਹਨ ਅਤੇ ਫਲਾਂ ਦੀਆਂ ਕੀਮਤਾਂ ਵਿਚ 13 ਫ਼ੀਸਦੀ ਤੋਂ ਵਧੇਰੇ ਇਜ਼ਾਫ਼ਾ ਹੋ ਚੁੱਕਾ ਹੈ।

ਗ੍ਰੋਸਰੀ ਦੀਆਂ ਕੀਮਤਾਂ ਵਿਚ ਫ਼ਿਲਹਾਲ ਕਮੀ ਆਉਂਦੀ ਨਜ਼ਰ ਨਹੀਂ ਆ ਰਹੀ, ਪਰ ਕੁਝ ਹੋਰ ਚੀਜ਼ਾਂ ਦੀਆਂ ਕੀਮਤਾਂ ਵਿਚ ਕਮੀ ਆਉਣੀ ਸ਼ੁਰੂ ਹੋਈ ਜਾਪ ਰਹੀ ਹੈ। 

ਮਹੀਨਾਵਾਰ ਆਧਾਰ ‘ਤੇ, ਮਹਿੰਗਾਈ ਦਰ ਵਿਚ 0.3 ਫ਼ੀਸਦੀ ਕਮੀ ਆਈ ਹੈ। 2020 ਤੋਂ ਬਾਅਦ ਇਹ ਸਭ ਤੋਂ ਵੱਡੀ ਗਿਰਾਵਟ ਹੈ। 

ਭੋਜਨ ਅਤੇ ਊਰਜਾ ਵਰਗੇ ਪਰਿਵਰਤਨਸ਼ੀਲ ਕਾਰਕਾਂ ਨੂੰ ਬਾਹਰ ਕਰਕੇ ਪ੍ਰਾਪਤ ਹੋਣ ਵਾਲੀ ਕੋਰ ਮਹਿੰਗਾਈ ਵੀ ਜੁਲਾਈ ਦੇ 5.4 ਫ਼ੀਸਦੀ ਤੋਂ ਘਟ ਕੇ 5.2 ਫ਼ੀਸਦੀ ਦਰਜ ਹੋਈ ਹੈ।

ਆਰਐਸਐਮ ਕੈਨੇਡਾ ਨਾਲ ਜੁੜੇ ਅਰਥਸ਼ਾਸਤਰੀ, ਟੂ ਇੰਗੁਏਨ ਨੇ ਕਿਹਾ ਕਿ ਕੋਰ ਮਹਿੰਗਾਈ ਵਿਚ ਕਮੀ ਇੱਕ ਜ਼ਬਰਦਸਤ ਸੰਕੇਤ ਹੈ ਕਿ ਬੈਂਕ ਔਫ਼ ਕੈਨੇਡਾ ਵੱਲੋਂ ਵਿਆਜ ਦਰ ਵਿਚ ਕੀਤਾ ਵਾਧਾ ਕਾਰਗਰ ਸਾਬਿਤ ਹੋ ਰਿਹਾ ਹੈ।

ਪਰ 7 ਫ਼ੀਸਦੀ ਮਹਿੰਗਾਈ ਦਰ ਵੀ ਉਸ ਪੱਧਰ ਤੋਂ ਦੁਗਣੀ ਤੋਂ ਵੀ ਵੱਧ ਹੈ ਜਿੰਨਾ ਕੇਂਦਰੀ ਬੈਂਕ ਮੁਲਕ ਵਿਚ ਦੇਖਣਾ ਚਾਹੁੰਦਾ ਹੈ। ਇਸਦਾ ਅਰਥ ਇਹ ਹੈ ਕਿ ਆਉਣ ਵਾਲੇ ਸਮੇਂ ਵਿਚ ਮਹਿੰਗਾਈ ਨੂੰ ਕਾਬੂ ਕਰਨ ਲਈ ਵਿਆਜ ਦਰਾਂ ਵਿਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ।

ਪੀਟ ਇਵੈਂਸ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ