1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਅੰਤਰਰਾਸ਼ਟਰੀ ਰਾਜਨੀਤੀ

ਮਹਾਰਾਣੀ ਐਲੀਜ਼ਾਬੈਥ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ

8 ਸਤੰਬਰ ਨੂੰ ਹੋਇਆ ਸੀ ਦੇਹਾਂਤ

ਮਹਾਰਾਣੀ ਐਲੀਜ਼ਾਬੈਥ ਦਾ ਤਾਬੂਤ। 19 ਸਤੰਬਰ ਨੂੰ ਬ੍ਰਿਟੇਨ ਦੀ ਸਭ ਤੋਂ ਲੰਬੇ ਸਮੇਂ ਲਈ ਸ਼ਾਸਕ ਰਹੀ ਮਹਾਰਾਣੀ ਐਲੀਜ਼ਾਬੈਥ ਦਾ ਅੰਤਿਮ ਸੰਸਕਾਰ ਕੀਤਾ ਗਿਆ।

ਮਹਾਰਾਣੀ ਐਲੀਜ਼ਾਬੈਥ ਦਾ ਤਾਬੂਤ। 19 ਸਤੰਬਰ ਨੂੰ ਬ੍ਰਿਟੇਨ ਦੀ ਸਭ ਤੋਂ ਲੰਬੇ ਸਮੇਂ ਲਈ ਸ਼ਾਸਕ ਰਹੀ ਮਹਾਰਾਣੀ ਐਲੀਜ਼ਾਬੈਥ ਦਾ ਅੰਤਿਮ ਸੰਸਕਾਰ ਕੀਤਾ ਗਿਆ।

ਤਸਵੀਰ: AP / Jeff J Mitchell

RCI

ਸੋਮਵਾਰ 19 ਸਤੰਬਰ ਨੂੰ ਮਹਾਰਾਣੀ ਐਲੀਜ਼ਾਬੈਥ ਨੂੰ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਵਿਦਾਈ ਦਿੱਤੀ ਗਈ। ਬ੍ਰਿਟੇਨ ਦੀ ਸਭ ਤੋਂ ਲੰਬੇ ਰਾਜਕਾਲ ਵਾਲੀ ਸ਼ਾਸਕ ਐਲੀਜ਼ਾਬੈਥ ਨੂੰ ਉਹਨਾਂ ਦੇ ਪਤੀ ਦੀ ਕਬਰ ਦੇ ਨਾਲ ਦਫ਼ਨ ਕੀਤਾ ਗਿਆ।

ਮਹਾਰਾਣੀ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ 2,000 ਮਹਿਮਾਨਾਂ ਵਿਚ 500 ਰਾਸ਼ਟਰਪਤੀ, ਪ੍ਰਧਾਨ ਮੰਤਰੀ, ਸ਼ਾਹੀ ਪਰਿਵਾਰ ਦੇ ਮੈਂਬਰ ਅਤੇ ਹੋਰ ਪਤਵੰਤੇ ਸ਼ਾਮਲ ਹੋਏ, ਜਿਹਨਾਂ ਵਿਚ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਵੀ ਸ਼ਾਮਲ ਹਨ।

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਆਪਣੀ ਪਤਨੀ ਸੋਫ਼ੀ ਟ੍ਰੂਡੋ ਨਾਲ ਮਹਾਰਾਣੀ ਦੀਆਂ ਅੰਤਿਮ ਰਸਮਾਂ ਲਈ ਪਹੁੰਚਦੇ ਹੋਏ।

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਆਪਣੀ ਪਤਨੀ ਸੋਫ਼ੀ ਟ੍ਰੂਡੋ ਨਾਲ ਮਹਾਰਾਣੀ ਦੀਆਂ ਅੰਤਿਮ ਰਸਮਾਂ ਲਈ ਪਹੁੰਚਦੇ ਹੋਏ।

ਤਸਵੀਰ:  (Phil Noble/AFP/Getty Images)

ਲੰਡਨ ਦੇ ਵਿੰਡਸਰ ਕੈਸਲ ਦੇ ਬਾਹਰ ਹਜ਼ਾਰਾਂ ਲੋਕ ਵੀ ਆਪਣੀ ਮਹਾਰਾਣੀ ਨੂੰ ਆਖ਼ਰੀ ਵਾਰੀ ਰੁਖ਼ਸਤ ਕਰਨ ਲਈ ਪਹੁੰਚੇ ਹੋਏ ਸਨ। 96 ਸਾਲ ਦੀ ਐਲੀਜ਼ਾਬੈਥ ਨੇ 70 ਸਾਲ ਤੱਕ ਰਾਜਸੱਤਾ ਸੰਭਾਲੀ ਸੀ।

ਕਿੰਗ ਚਾਰਲਜ਼ ਅਤੇ ਪ੍ਰਿੰਸੈਸ ਰੌਇਲ ਐਨੀ

ਸੋਮਵਾਰ ਨੂੰ ਵੈਸਟਮਿੰਸਟਰ ਐਬੇ ਵਿਚ ਮੌਜੂਦ ਕਿੰਗ ਚਾਰਲਜ਼ ਅਤੇ ਪ੍ਰਿੰਸੈਸ ਰੌਇਲ ਐਨੀ।

ਤਸਵੀਰ: (Chris Jackson/Getty Images)

ਵੈਸਟਮਿਨਿਸਟਰ ਐਬੇ ਪਿਛਲੇ 1,000 ਸਾਲਾਂ ਤੋਂ ਕਿੰਨੇ ਹੀ ਸ਼ਾਸਕਾਂ ਦੇ ਵਿਆਹਾਂ ਤੋਂ ਲੈਕੇ ਉਹਨਾਂ ਦੀਆਂ ਤਾਜਪੋਸ਼ੀਆਂ ਅਤੇ ਅੰਤਿਮ ਰਸਮਾਂ ਤੱਕ ਦਾ ਗਵਾਹ ਰਿਹਾ ਹੈ। ਕੈਂਟਰਬਰੀ ਦੇ ਆਰਕਬਿਸ਼ਪ, ਜਸਟਿਨ ਵੈਲਬੀ ਨੇ ਕਿਹਾ ਜਿਸ ਕਿਸਮ ਦਾ ਪਿਆਰ ਐਲੀਜ਼ਾਬੈਥ ਦੇ ਹਿੱਸੇ ਆਇਆ ਹੈ ਉਹ ਬਹੁਤ ਘੱਟ ਲੀਡਰਾਂ ਨੂੰ ਨਸੀਬ ਹੁੰਦਾ ਹੈ।

ਵਿੰਡਸਰ ਕੈਸਲ ਦੇ ਸੇਂਟ ਜੌਰਜ ਚੈਪਲ ਵਿੱਖੇ ਇੱਕ ਸ਼ਾਹੀ ਸੇਵਾ ਆਯੋਜਿਤ ਹੋਈ ਜਿਸ ਵਿਚ ਸ਼ਾਸਕ ਦੀ ਰਾਜਸੱਤਾ ਅਤੇ ਸ਼ਕਤੀ ਦਾ ਪ੍ਰਤੀਕ ਤਾਜ, ਛੜੀ ਅਤੇ ਸ਼ਾਹੀ ਚਿੰਨ੍ਹਾਂ ਨੂੰ ਤਾਬੂਤ ਤੋਂ ਹਟਾ ਕੇ ਓਟਰ (ਧਾਰਮਿਕ ਰਸਮਾਂ ਲਈ ਬਣੀ ਉੱਚੀ ਜਗ੍ਹਾ) ‘ਤੇ ਰੱਖ ਦਿੱਤਾ ਗਿਆ।

ਵੌਂਡ ਔਫ਼ ਔਫ਼ਿਸ

ਸ਼ਾਹੀ ਪਰਿਵਾਰ ਦੇ ਸਭ ਤੋਂ ਸੀਨੀਅਰ ਅਧਿਕਾਰੀ ਲੌਰਡ ਚੈਂਬਰਲੇਨ “ਵੌਂਡ ਔਫ਼ ਔਫ਼ਿਸ” ਭਾਵ ਸੱਤਾ ਦੀ ਪ੍ਰਤੀਕ ਛੜੀ ਨੂੰ ਤੋੜਦੇ ਹੋਏ। ਇਹ ਰਸਮ ਗੁਜ਼ਰ ਗਏ ਸ਼ਾਸਕ ਦੀ ਸੱਤਾ ਦੇ ਅੰਤ ਦਾ ਪ੍ਰਤੀਕ ਹੈ।

ਤਸਵੀਰ: (Ben Birchall/AFP via Getty Images)

ਸ਼ਾਹੀ ਪਰਿਵਾਰ ਦੇ ਸਭ ਤੋਂ ਸੀਨੀਅਰ ਅਧਿਕਾਰੀ ਲੌਰਡ ਚੈਂਬਰਲੇਨ ਨੇ ਫ਼ੇਰ ਵੌਂਡ ਔਫ਼ ਔਫ਼ਿਸ ਭਾਵ ਸੱਤਾ ਦੀ ਪ੍ਰਤੀਕ ਛੜੀ ਨੂੰ ਤੋੜ ਦਿੱਤਾ, ਜੋਕਿ ਗੁਜ਼ਰ ਗਏ ਸ਼ਾਸਕ ਦੀ ਸੱਤਾ ਦੇ ਅੰਤ ਦਾ ਪ੍ਰਤੀਕ ਹੈ।

ਉਸਤੋਂ ਬਾਅਦ ਗੌਡ ਸੇਵ ਦਾ ਕੁਈਨ ਦਾ ਗਾਣ ਕੀਤਾ ਗਿਆ। ਐਲੀਜ਼ਾਬੈਥ ਨੂੰ ਉਸੇ ਚੈਪਲ ਵਿਚ ਦਫ਼ਨ ਕੀਤਾ ਗਿਆ ਹੈ ਜਿੱਥੇ ਉਹਨਾਂ ਦੇ ਪਤੀ ਪ੍ਰਿੰਸ ਫ਼ਿਲਿਪ, ਜਿਹਨਾਂ ਦੀ ਪਿਛਲੇ ਸਾਲ ਹੀ 99 ਸਾਲ ਦੀ ਉਮਰ ਵਿਚ ਮੌਤ ਹੋਈ ਸੀ, ਪਿਤਾ ਕਿੰਗ ਜੌਰਜ, ਮਾਤਾ ਅਤੇ ਭੈਣ ਪ੍ਰਿੰਸੈਸ ਮਾਰਗਰੇਟ ਦਫ਼ਨ ਹਨ।

ਜਸਟਿਨ ਵੈਲਬੀ ਨੇ ਆਪਣੇ ਉਪਦੇਸ਼ ਵਿਚ ਕਿਹਾ ਕਿ ਮਹਾਮਹਿਮ ਐਲੀਜ਼ਾਬੈਥ ਨੇ ਆਪਣਾ ਸਾਰਾ ਜੀਵਨ ਆਪਣੇ ਮੁਲਕ ਅਤੇ ਕੌਮਨਵੈਲਥ ਦੀ ਸੇਵਾ ਨੂੰ ਸਮਰਪਿਤ ਕੀਤਾ ਸੀ। 

ਦਫ਼ਨ ਤੋਂ ਬਾਅਦ ਤਾਬੂਤ ਨੂੰ ਸ਼ਾਹੀ ਫ਼ੌਜੀ ਕਾਫ਼ਲੇ ਦੇ ਨਾਲ ਪੂਰੇ ਸਨਮਾਨਾਂ ਨਾਲ ਲੰਡਨ ਦੀਆਂ ਸੜਕਾਂ ਚੋਂ ਗੁਜ਼ਾਰਿਆ ਗਿਆ। ਸੋਗੀ ਸੰਗੀਤ ਦੇ ਬੈਂਡ ਨਾਲ ਇਸ ਕਾਫ਼ਲੇ ਨੂੰ ਦੇਖਣ ਲਈ ਵੀ ਹਜ਼ਾਰਾਂ ਲੋਕ ਮੌਜੂਦ ਸਨ।

ਐਲਿਜ਼ਾਬੈਥ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਲ ਸ਼ਾਹੀ ਪਰਿਵਾਰ ਦੇ ਕੁਝ ਮੈਂਬਰਾਂ ਨੇ ਰਸਮੀ ਵਰਦੀਆਂ ਪਹਿਨੀਆਂ ਸਨ ਅਤੇ ਕੁਝ ਨੇ ਸੋਗ ਵਿਚ ਕਾਲੇ ਰੰਗ ਦੇ ਲਿਬਾਸ ਪਹਿਨੇ ਹੋਏ ਸਨ।

ਸ਼ਾਹੀ ਕਾਫ਼ਲੇ ਵਿਚ ਸ਼ਾਮਲ ਰੌਇਲ ਕੈਨੇਡੀਅਨ ਮਾਊਂਟੇਡ ਪੁਲਿਸ (ਆਰਸੀਐਮਪੀ) ਦੇ ਮੈਂਬਰ

ਸ਼ਾਹੀ ਕਾਫ਼ਲੇ ਵਿਚ ਸ਼ਾਮਲ ਰੌਇਲ ਕੈਨੇਡੀਅਨ ਮਾਊਂਟੇਡ ਪੁਲਿਸ (ਆਰਸੀਐਮਪੀ) ਦੇ ਮੈਂਬਰ

ਤਸਵੀਰ: (Marko Djurica/AFP/Getty Images)

ਸ਼ਾਹੀ ਕਾਫ਼ਲੇ ਦੀ ਝਲਕ  ਲੈਣ ਲਈ ਦੂਰ ਦੂਰ ਤੋਂ ਬ੍ਰਿਟੇਨ ਪਹੁੰਚੇ ਮਹਾਰਾਣੀ ਦੇ ਚਾਹੁਣ ਵਾਲੇ ਬੈਰੀਅਰਾਂ, ਖੰਬਿਆਂ ਅਤੇ ਪੌੜੀਆਂ ‘ਤੇ ਚੜ੍ਹੇ ਵੀ ਨਜ਼ਰ ਆਏ।

ਐਲੀਜ਼ਬੈਥ ਦੀ ਉਮਰ ਦੇ ਪ੍ਰਤੀਕ ਵੱਜੋਂ ਐਬੇ ਦੀ ਘੰਟੀ ਨੂੰ 96 ਵਾਰੀ ਵਜਾਇਆ ਗਿਆ। ਅੰਤਿਮ ਸੰਸਕਾਰ ਤੋਂ ਬਾਅਦ 2 ਮਿੰਟ ਦਾ ਮੌਨ ਧਾਰਨ ਕੀਤਾ ਗਿਆ।

ਸੋਮਵਾਰ ਨੂੰ ਮਹਾਰਾਣੀ ਐਲੀਜ਼ਾਬੈਥ ਦੀ ਅੰਤਿਮ ਵਿਦਾਈ ਦੇਖਣ ਲਈ ਲੰਡਨ ਵਿਚ ਲੱਖਾਂ ਲੋਕ ਜਮਾਂ ਹੋਏ।

ਸੋਮਵਾਰ ਨੂੰ ਮਹਾਰਾਣੀ ਐਲੀਜ਼ਾਬੈਥ ਦੀ ਅੰਤਿਮ ਵਿਦਾਈ ਦੇਖਣ ਲਈ ਲੰਡਨ ਵਿਚ ਲੱਖਾਂ ਲੋਕ ਜਮਾਂ ਹੋਏ।

ਤਸਵੀਰ: (Richard Heathcote/Getty Images)

8 ਸਤੰਬਰ ਨੂੰ ਐਲੀਜ਼ਾਬੈਥ ਦਾ ਸਕੌਟਲੈਂਡ ਦੇ ਬਾਲਮੋਰਲ ਕੈਸਲ ਵਿੱਖੇ ਦੇਹਾਂਤ ਹੋ ਗਿਆ ਸੀ। 

ਐਲੀਜ਼ਾਬੈਥ 1952 ਵਿਚ ਰਾਜ ਤਖ਼ਤ ਤੇ ਬਿਰਾਜਮਾਨ ਹੋਏ ਸਨ ਅਤੇ ਉਹ ਬ੍ਰਿਟੇਨ ਅਤੇ ਕੈਨੇਡਾ ਸਮੇਤ ਕਿੰਨੇ ਹੀ ਕਾਮਨਵੈਲਥ ਦੇਸ਼ਾਂ ਦੇ ਮੁਖੀ ਰਹੇ ਸਨ। 

ਆਪਣੇ 70 ਸਾਲ ਦੇ ਸ਼ਾਸਨ ਦੌਰਾਨ ਮਹਾਰਾਣੀ ਐਲੀਜ਼ਾਬੈਥ ਬ੍ਰਿਟਿਸ਼ ਰਾਜ ਦੇ ਨਿਘਾਰ ਤੋਂ ਲੈਕੇ, ਅਫ਼ਰੀਕੀ ਅਤੇ ਕੈਰੇਬੀਅਨ ਦੇਸ਼ਾਂ ਵਿਚੋਂ ਬਸਤੀਵਾਦੀ ਵਿਵਸਥਾ ਦੇ ਖ਼ਾਤਮੇ ਅਤੇ ਵਿਸ਼ਵ ਯੁੱਧ ਵਰਗੀਆਂ ਕਿੰਨੀਆਂ ਹੀ ਇਤਿਹਾਸਕ ਘਟਨਾਵਾਂ ਦੇ ਗਵਾਹ ਰਹੇ ਹਨ।

ਕੈਨੇਡਾ ਵਿਚ ਵੀ ਮਹਾਰਾਣੀ ਦੇ ਸੰਸਕਾਰ ਵਾਲੇ ਦਿਨ ਫ਼ੈਡਰਲ ਛੁੱਟੀ ਦਾ ਐਲਾਨ ਕੀਤਾ ਗਿਆ ਸੀ। 200 ਤੋਂ ਵੱਧ ਦੇਸ਼ਾਂ ਵਿਚ ਐਲੀਜ਼ਾਬੈਥ ਦੀਆਂ ਅੰਤਿਮ ਰਸਮਾਂ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ।

ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੋਵਾਂ ਨੇ ਐਲਾਨ ਕੀਤਾ ਹੈ ਕਿ ਉਹ ਮਹਾਰਾਣੀ ਦੀ ਯਾਦ ਵਿਚ, ਸਿਰਫ ਇੱਕ-ਵਾਰ, ਸਰਕਾਰੀ ਛੁੱਟੀ ਮਨਾਉਣਗੇ।

ਨਿਊਜ਼ੀਲੈਂਡ ਵਿਚ 26 ਸਤੰਬਰ ਨੂੰ ਕੁਈਨ ਐਲੀਜ਼ਾਬੈਥ ਮੈਮੋਰੀਅਲ ਡੇਅ ਮਨਾਇਆ ਜਾਵੇਗਾ ਅਤੇ ਆਸਟ੍ਰੇਲੀਆ ਵਿਚ 22 ਸਤੰਬਰ ਨੂੰ ਛੁੱਟੀ ਕੀਤੀ ਗਈ ਹੈ।

ਰੋਏਟਰਜ਼, ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ