1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਆਰਥਿਕ ਸੂਚਕ

ਕੈਨੇਡੀਅਨ ਡਾਲਰ 2020 ਤੋਂ ਬਾਅਦ ਦੇ ਸਭ ਤੋਂ ਹੇਠਲੇ ਪੱਧਰ ‘ਤੇ ਡਿੱਗਿਆ

ਮਾਹਰਾਂ ਨੂੰ ਇਸ ਸਾਲ ਦੇ ਅਖ਼ੀਰ ਤੱਕ ਹੋਰ ਗਿਰਾਵਟ ਦੀ ਸੰਭਾਵਨਾ

1 ਕੈਨੇਡੀਅਨ ਡਾਲਰ ਦਾ ਸਿੱਕਾ

1 ਕੈਨੇਡੀਅਨ ਡਾਲਰ ਦਾ ਸਿੱਕਾ

ਤਸਵੀਰ: DirkKafka/stock.adobe.com

RCI

ਯੂ ਐਸ ਡਾਲਰ ਦੇ ਮੁਕਾਬਲੇ ਕੈਨੇਡੀਅਨ ਡਾਲਰ 2020 ਤੋਂ ਬਾਅਦ ਦੇ ਸਭ ਤੋਂ ਹੇਠਲੇ ਪੱਧਰ ‘ਤੇ ਖਿਸਕ ਗਿਆ ਹੈ।

ਸ਼ੁੱਕਰਵਾਰ ਸਵੇਰੇ 1 ਕੈਨੇਡੀਅਨ ਡਾਲਰ ਦਾ ਮੁੱਲ ਯੂ ਐਸ ਦੇ 75.15 ਸੈਂਟ ਤੱਕ ਡਿੱਗਿਆ ਦਰਜ ਕੀਤਾ ਗਿਆ। ਅਕਤੂਬਰ 2020 ਤੋਂ ਬਾਅਦ ਇਹ ਹੁਣ ਤੱਕ ਦਾ ਸਭ ਤੋਂ ਹੇਠਲਾ ਪੱਧਰ ਹੈ।

ਮੰਗਲਵਾਰ ਨੂੰ ਅਮਰੀਕਾ ਵਿਚ ਮਹਿੰਗਾਈ ਦੇ ਨਵੇਂ ਅੰਕੜੇ ਜਾਰੀ ਹੋਣ ਤੋਂ ਬਾਅਦ ਕੈਨੇਡੀਅਨ ਡਾਲਰ ਦੀ ਵੈਲਿਊ ਵਿਚ ਇੱਕ ਸੈਂਟ ਤੋਂ ਵੱਧ ਦੀ ਗਿਰਾਵਟ ਆਈ ਸੀ।

ਕਿਸੇ ਦੇਸ਼ ਦੀ ਕਰੰਸੀ ਕਿਸੇ ਹੋਰ ਦੇਸ਼ ਦੇ ਆਰਥਿਕ ਡਾਟਾ ਜਾਰੀ ਹੋਣ ਨਾਲ ਹੇਠਾਂ ਨਹੀਂ ਜਾਂਦੀ, ਪਰ ਇਸ ਕੇਸ ਵਿਚ ਅਜਿਹਾ ਨਹੀਂ ਹੈ।

ਅਮਰੀਕਾ ਵਿਚ ਲਗਾਤਾਰ ਵਧ ਰਹੀ ਮਹਿੰਗਾਈ ਨੇ ਇਸ ਗੱਲ ਦੀ ਸੰਭਾਵਨਾ ਵਧਾ ਦਿੱਤੀ ਹੈ ਕਿ ਅਮਰੀਕਾ ਦਾ ਕੇਂਦਰੀ ਬੈਂਕ ਵਧੇਰੇ ਤੇਜ਼ੀ ਨਾਲ ਵਿਆਜ ਦਰਾਂ ਵਿਚ ਵਾਧਾ ਕਰੇਗਾ। ਯੂ ਐਸ ਫ਼ੈਡਰਲ ਰਿਜ਼ਰਵ ਵੱਲੋਂ ਅਗਲੇ ਹਫ਼ਤੇ ਵਿਆਜ ਦਰਾਂ ਵਿਚ ਵਾਧਾ ਕੀਤਾ ਜਾਣਾ ਹੈ। ਜੇ ਜ਼ਿਆਦਾ ਨਹੀਂ, ਤਾਂ ਘੱਟੋ ਘੱਟ 75 ਫ਼ੀਸਦੀ ਅੰਕਾਂ ਤੋਂ 3.25 ਫ਼ੀਸਦੀ ਵਾਧਾ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ।

ਨਿਵੇਸ਼ਕਾਂ ਦਾ ਅਨੁਮਾਨ ਹੈ ਕਿ ਯੂ ਐਸ ਵਿਚ ਵਿਆਜ ਦਰਾਂ ਅਖ਼ੀਰ 4 ਜਾਂ 5 ਫ਼ੀਸਦੀ ‘ਤੇ ਵੀ ਪਹੁੰਚ ਜਾਣਗੀਆਂ।

ਜੇ ਫ਼ੈਡਜ਼ ਵੱਲੋਂ ਅਗਲੇ ਸਾਲ ਵਿਆਜ ਦਰ 4.5 ਫ਼ੀਸਦੀ ਤੱਕ ਵਧਾਈ ਜਾਂਦੀ ਹੈ, ਜਿਵੇਂ ਕਿ ਨਿਵੇਸ਼ਕ ਉਮੀਦ ਕਰਦੇ ਹਨ, ਤਾਂ ਇਹ ਬੈਂਕ ਔਫ਼ ਕੈਨੇਡਾ ਨਾਲੋਂ ਕੀਤੇ ਵਾਧਿਆਂ ਨਾਲੋਂ ਕਿਤੇ ਵੱਧ ਹੋਵੇਗੀ। ਇਸ ਕਰਕੇ ਇਹਨਾਂ ਦੋ ਮੁਲਕਾਂ ਦੀਆਂ ਕਰੰਸੀਆਂ ਵਿਚ ਪਾੜਾ ਵਧ ਰਿਹਾ ਹੈ।

ਵਿਆਜ ਦਰਾਂ ਵਿਚ ਵਾਧਾ ਕਿਵੇਂ ਕਰਦਾ ਹੈ ਕਰੰਸੀ ਨੂੰ ਪ੍ਰਭਾਵਿਤ

ਵਿਆਜ ਦਰਾਂ ਵਿਚ ਵਾਧਾ ਉਸ ਦੇਸ਼ ਦੀ ਕਰੰਸੀ ਦੇ ਮੁੱਲ ਨੂੰ ਵਧਾ ਦਿੰਦਾ ਹੈ ਕਿਉਂਕਿ ਨਿਵੇਸ਼ਕਾਂ ਨੂੰ ਉਸ ਮੁਲਕ ਵਿਚ ਆਪਣਾ ਪੈਦਾ ਵਧੇਰੇ ਸੁਰੱਖਿਅਤ ਲੱਗਦਾ ਹੈ, ਕਿਉਂਕਿ ਅਜਿਹਾ ਕਰਨ ਨਾਲ ਉਹਨਾਂ ਨੂੰ ਵਧੇਰੇ ਰਿਟਰਨ (ਮੁਨਾਫ਼ਾ) ਪ੍ਰਾਪਤ ਹੁੰਦਾ ਹੈ। ਇਸ ਸਮੇਂ ਇਸ ਅਨਿਸ਼ਚਿਤਤਾ ਦੇ ਦੌਰ ਵਿਚ ਆਪਣਾ ਪੈਸਾ ਰੱਖਣ ਲਈ ਯੂ ਐਸ ਡਾਲਰ ਸਭ ਤੋਂ ਸੁਰੱਖਿਅਤ ਵਿਕਲਪ ਵੱਜੋਂ ਦੇਖਿਆ ਜਾ ਰਿਹਾ ਹੈ।

ਫ਼ੌਰਨ ਐਕਸਚੇਂਜ ਫ਼ਰਮ ਫ਼ੌਰੈਕਸਲਾਈਵ ਦੇ ਚੀਫ਼ ਕਰੰਸੀ ਐਨਾਲਿਸਟ, ਐਡਮ ਬਟਨ ਨੇ ਕਿਹਾ, ਯੂ ਐਸ ਡਾਲਰ ਵਿਚ ਇਸ ਸਮੇਂ ਸੈਲਾਬ ਆਇਆ ਹੋਇਆ ਹੈ ਕਿਉਂਕਿ ਇਸਨੂੰ ਇੱਕ ਸੁਰੱਖਿਅਤ ਵਿਕਲਪ ਮੰਨਿਆ ਜਾਂਦਾ ਹੈ ਅਤੇ ਯੂ ਐਸ ਦਾ ਅਰਥਚਾਰਾ ਇਸ ਸਮੇਂ ਕਿਸੇ ਨਾਲੋਂ ਵੀ ਵਧੇਰੇ ਮਜ਼ਬੂਤ ਹੈ

ਇਸ ਸਮੇਂ ਯੂ ਐਸ ਡਾਲਰ ਨੂੰ ਛੱਡ ਕੇ ਤਕਰੀਬਨ ਹਰੇਕ ਕਰੰਸੀ ਦੀ ਵੈਲਿਊ ਹੀ ਹੇਠਾਂ ਜਾ ਰਹੀ ਹੈ। ਯੂਰੋ, ਬ੍ਰਿਟਿਸ਼ ਪਾਊਂਡ ਅਤੇ ਜਪਾਨੀ ਯੈਨ ਦੇ ਮੁਕਾਬਲੇ ਕੈਨੇਡੀਅਨ ਡਾਲਰ ਦਾ ਮੁੱਲ ਇਸ ਸਾਲ ਭਾਵੇਂ ਵਧਿਆ ਹੈ, ਪਰ ਅਮਰੀਕੀ ਡਾਲਰ ਦੇ ਮੁਕਾਬਲੇ ਇਸ ਵਿਚ ਨਿਘਾਰ ਆਇਆ ਹੈ।

ਮਾਹਰਾਂ ਦਾ ਅਨੁਮਾਨ ਹੈ ਕਿ ਕੈਨੇਡਾ ਵਿਚ ਹਾਊਸਿੰਗ ਮਾਰਕੀਟ ਅਤੇ ਲੋਕਾਂ ਦੇ ਖ਼ਰਚਣ ਦੀ ਸਮਰੱਥਾ ਜਲਦੀ ਹੀ ਬੈਂਕ ਔਫ਼ ਕੈਨੇਡਾ ਵੱਲੋਂ ਵਿਆਜ ਦਰਾਂ ਵਿਚ ਹੋਰ ਵਾਧਾ ਕਰਨ ਤੋਂ ਰੋਕ ਦੇਵੇਗੀ। ਕੈਨੇਡਾ ਦਾ ਕੇਂਦਰੀ ਬੈਂਕ ਯੂ ਐਸ ਦੇ ਫ਼ੈਡਰਲ ਰਿਜ਼ਰਵ ਦੇ ਪੱਧਰ ਤੱਕ ਵਿਆਜ ਦਰਾਂ ਨਹੀਂ ਵਧਾ ਸਕਦਾ ਅਤੇ ਜੇ ਇੱਦਾਂ ਹੁੰਦਾ ਹੈ ਤਾਂ ਵਧੇਰੇ ਪੈਸਾ ਯੂ ਐਸ ਨੂੰ ਜਾਵੇਗਾ ਅਤੇ ਇਸ ਸਾਲ ਦੇ ਅਖ਼ੀਰ ਤੱਕ ਯੂ ਐਸ ਡਾਲਰ ਦੇ ਮੁਕਾਬਲੇ ਕੈਨੇਡੀਅਨ ਡਾਲਰ 73 ਸੈਂਟ ਦੇ ਪੱਧਰ ‘ਤੇ ਵੀ ਆ ਸਕਦਾ ਹੈ।

ਪੀਟ ਇਵੈਂਸ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ