1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਯਾਤਰਾ

[ ਰਿਪੋਰਟ ] ਜਲਦ ਸ਼ੁਰੂ ਹੋ ਸਕਦੀ ਹੈ ਕੈਨੇਡਾ ਤੋਂ ਪੰਜਾਬ ਲਈ ਸਿੱਧੀ ਚਾਰਟਰ ਉਡਾਣ

ਕੈਨੇਡਾ ਤੋਂ ਸਿੱਧੀ ਚਾਰਟਰ ਉਡਾਣ ਸੰਭਵ : ਟਰਾਂਸਪੋਰਟ ਕੈਨੇਡਾ

ਰੌਇਲ ਕੈਨੇਡੀਅਨ ਏਅਰਲਾਈਨ ਵੱਲੋਂ ਲਾਹੌਰ ਅਤੇ ਅੰਮ੍ਰਿਤਸਰ ਸਮੇਤ ਮਿਡਲ ਈਸਟ ਲਈ ਜਲਦ ਹੀ ਉਡਾਣਾਂ ਸ਼ੁਰੂ ਕਰਨ ਦੀ ਗੱਲ ਆਖੀ ਹੈ

ਰੌਇਲ ਕੈਨੇਡੀਅਨ ਏਅਰਲਾਈਨ ਵੱਲੋਂ ਲਾਹੌਰ ਅਤੇ ਅੰਮ੍ਰਿਤਸਰ ਸਮੇਤ ਮਿਡਲ ਈਸਟ ਲਈ ਜਲਦ ਹੀ ਉਡਾਣਾਂ ਸ਼ੁਰੂ ਕਰਨ ਦੀ ਗੱਲ ਆਖੀ ਹੈ I

ਤਸਵੀਰ: Radio-Canada / Matthew Howard

Sarbmeet Singh

ਪੰਜਾਬੀ ਭਾਈਚਾਰੇ ਵੱਲੋਂ ਕੈਨੇਡਾ ਤੋਂ ਅੰਮ੍ਰਿਤਸਰ ਦੀ ਸਿੱਧੀ ਉਡਾਣ ਦੀ ਮੰਗ ਦਰਮਿਆਨ ਇਕ ਕੈਨੇਡੀਅਨ ਕੰਪਨੀ ਨੇ ਜਲਦ ਹੀ ਇਹ ਉਡਾਣ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ I

ਰੌਇਲ ਕੈਨੇਡੀਅਨ ਏਅਰਲਾਈਨ ਵੱਲੋਂ ਲਾਹੌਰ , ਚੰਡੀਗੜ੍ਹ ਅਤੇ ਅੰਮ੍ਰਿਤਸਰ ਸਮੇਤ ਮਿਡਲ ਈਸਟ ਲਈ ਜਲਦ ਹੀ ਉਡਾਣਾਂ ਸ਼ੁਰੂ ਕਰਨ ਦੀ ਗੱਲ ਆਖੀ ਗਈ ਹੈ I

ਰੌਇਲ ਕੈਨੇਡੀਅਨ ਏਅਰਲਾਈਨ ਦੇ ਪ੍ਰੈਜ਼ੀਡੈਂਟ ਵਸੀਮ ਜਾਵੇਦ ਦਾ ਕਹਿਣਾ ਹੈ ਕਿ ਉਹਨਾਂ ਦੀ ਕੰਪਨੀ ਵੱਲੋਂ ਭਾਈਚਾਰੇ ਦੀ ਮੰਗ 'ਤੇ ਇਹ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ I

ਰੇਡੀਓ ਕੈਨੇਡਾ ਇੰਟਰਨੈਸ਼ਨਲ ਨਾਲ ਗੱਲਬਾਤ ਦੌਰਾਨ ਵਸੀਮ ਜਾਵੇਦ ਨੇ ਕਿਹਾ ਅਸੀਂ ਇਕ ਚਾਰਟਰ ਉਡਾਣ ਸ਼ੁਰੂ ਕਰਨ ਜਾ ਰਹੇ ਹਾਂ , ਜਿਸ ਲਈ ਅੰਮ੍ਰਿਤਸਰ , ਲਾਹੌਰ , ਚੰਡੀਗੜ੍ਹ ਅਤੇ ਹੋਰ ਏਅਰਪੋਰਟ ਅਥਾਰਿਟੀਜ਼ ਨਾਲ ਗੱਲਬਾਤ ਚੱਲ ਰਹੀ ਹੈ I

ਰੌਇਲ ਕੈਨੇਡੀਅਨ ਏਅਰਲਾਈਨ ਵੱਲੋਂ ਹਾਲ ਵਿੱਚ ਹੀ ਕੀਤੇ ਇਕ ਸਮਾਗਮ ਦਾ ਦ੍ਰਿਸ਼

ਰੌਇਲ ਕੈਨੇਡੀਅਨ ਏਅਰਲਾਈਨ ਵੱਲੋਂ ਹਾਲ ਵਿੱਚ ਹੀ ਕੀਤੇ ਇਕ ਸਮਾਗਮ ਦਾ ਦ੍ਰਿਸ਼

ਤਸਵੀਰ: ਧੰਨਵਾਦ ਸਹਿਤ ਸੈਂਡੀ ਚੱਠਾ

ਰੌਇਲ ਕੈਨੇਡੀਅਨ ਏਅਰਲਾਈਨ ਤੋਂ ਸੈਂਡੀ ਚੱਠਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੰਪਨੀ ਸ਼ੁਰੂਆਤ ਵਿੱਚ ਟੋਰੌਂਟੋ ਤੋਂ ਲਾਹੌਰ, ਅੰਮ੍ਰਿਤਸਰ ਅਤੇ ਚੰਡੀਗੜ੍ਹ ਉਡਾਣਾਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ , ਪਰ ਬਾਅਦ ਵਿੱਚ ਵੈਨਕੂਵਰ ਸਮੇਤ ਹੋਰਨਾਂ ਸ਼ਹਿਰਾਂ ਤੋਂ ਵੀ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ I

ਕੈਨੇਡਾ ਤੋਂ ਸਿੱਧੀ ਚਾਰਟਰ ਉਡਾਣ ਸੰਭਵ : ਟਰਾਂਸਪੋਰਟ ਕੈਨੇਡਾ

ਦੱਸਣਯੋਗ ਹੈ ਕਿ ਵੱਖ ਵੱਖ ਦੇਸ਼ਾਂ ਵਿੱਚ ਹਵਾਈ ਉਡਾਣਾਂ , ਏਅਰ ਟਰਾਂਸਪੋਰਟ ਐਗਰੀਮੈਂਟ ਮੁਤਾਬਿਕ ਚਲਦੀਆਂ ਹਨ I ਟਰਾਂਸਪੋਰਟ ਕੈਨੇਡਾ ਵੱਲੋਂ ਰੇਡੀਓ ਕੈਨੇਡਾ ਇੰਟਰਨੈਸ਼ਨਲ ਨਾਲ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ ਭਾਰਤ-ਕੈਨੇਡਾ ਦਰਮਿਆਨ ਹੋਏ ਸਮਝੌਤੇ ਤਹਿਤ ਕੈਨੇਡੀਅਨ ਏਅਰਲਾਈਨ ਸਿੱਧੀ ਅੰਮ੍ਰਿਤਸਰ ਨਹੀਂ ਜਾ ਸਕਦੀ I

ਵਸੀਮ ਜਾਵੇਦ ਦਾ ਦਾਅਵਾ ਹੈ ਕਿ ਉਹਨਾਂ ਦੀ ਉਡਾਣ ਉੱਪਰ ਉਕਤ ਸਮਝੌਤੇ ਦਾ ਕੋਈ ਪ੍ਰਭਾਵ ਨਹੀਂ ਹੋਵੇਗਾ I ਜਾਵੇਦ ਨੇ ਕਿਹਾ ਸਾਡੀ ਉਡਾਣ ਇਕ ਚਾਰਟਰ ਉਡਾਣ ਵਜੋਂ ਕੰਮ ਕਰੇਗੀ ਅਤੇ ਸਾਨੂੰ ਅੰਮ੍ਰਿਤਸਰ ਵਿੱਚ ਉਤਰਨ ਲਈ ਏਅਰਪੋਰਟ ਦੀ ਪ੍ਰਵਾਨਗੀ ਦੀ ਲੋੜ ਪਵੇਗੀ , ਜਿਸ ਲਈ ਅਸੀਂ ਕੰਮ ਕਰ ਰਹੇ ਹਾਂ I

ਟਰਾਂਸਪੋਰਟ ਕੈਨੇਡਾ ਨੇ ਰੇਡੀਓ ਕੈਨੇਡਾ ਇੰਟਰਨੈਸ਼ਨਲ ਨੂੰ ਇਕ ਈ-ਮੇਲ ਵਿੱਚ ਦੱਸਿਆ ਹੈ ਕਿ ਚਾਰਟਰ ਉਡਾਣਾਂ ਉੱਪਰ ਭਾਰਤ-ਕੈਨੇਡਾ ਦਰਮਿਆਨ ਹੋਏ ਏਅਰ ਟਰਾਂਸਪੋਰਟ ਐਗਰੀਮੈਂਟ ਦਾ ਪ੍ਰਭਾਵ ਨਹੀਂ ਹੁੰਦਾ I

ਟਰਾਂਸਪੋਰਟ ਕੈਨੇਡਾ ਦਾ ਕਹਿਣਾ ਹੈ ਕਿ ਕੈਨੇਡਾ ਤੋਂ ਅਜਿਹੀ ਸਿੱਧੀ ਚਾਰਟਰ ਉਡਾਣ ਲਈ ਵੀ ਮੰਜ਼ੂਰੀ ਦੀ ਲੋੜ ਪੈਂਦੀ ਹੈ ਅਤੇ ਇਹ ਨਿਯਮ ਟਰਾਂਸਪੋਰਟ ਐਗਰੀਮੈਂਟ ਤੋਂ ਅਲੱਗ ਹੁੰਦੇ ਹਨ I

ਇਹ ਵੀ ਪੜ੍ਹੋ :

ਫ਼ਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਤੋਂ ਅਨੰਤਦੀਪ ਢਿੱਲੋਂ ਦਾ ਕਹਿਣਾ ਹੈ ਕਿ ਇਹ ਉਹਨਾਂ ਦੀ ਮੰਗ ਵੱਲ ਇਕ ਹੋਰ ਸਾਰਥਿਕ ਕਦਮ ਹੈ I ਅਨੰਤਦੀਪ ਢਿੱਲੋਂ ਨੇ ਕਿਹਾ ਕੋਵਿਡ ਦੌਰਾਨ ਜਦੋਂ ਬਹੁਤ ਸਾਰੇ ਕੈਨੇਡੀਅਨ ਭਾਰਤ ਵਿੱਚ ਸਨ ਤਾਂ ਉਹਨਾਂ ਨੂੰ ਚਾਰਟਰ ਉਡਾਣਾਂ ਰਾਹੀਂ ਕੈਨੇਡਾ ਲਿਆਂਦਾ ਗਿਆ ਸੀ I

ਵਸੀਮ ਜਾਵੇਦ ਨੇ ਕਿਹਾ ਕਿ ਕੈਨੇਡਾ ਵਿੱਚ ਉਹਨਾਂ ਵੱਲੋਂ ਹੋਰਨਾਂ ਕੰਪਨੀਆਂ ਨਾਲ ਵੀ ਤਾਲਮੇਲ ਕੀਤਾ ਜਾ ਰਿਹਾ ਹੈ ਤਾਂ ਜੋ ਸ਼ੁਰੂਆਤ ਵਿੱਚ ਯਾਤਰੀ ਵੱਖ ਵੱਖ ਸ਼ਹਿਰਾਂ ਤੋਂ ਉਡਾਣ ਲਈ ਟੋਰੌਂਟੋ ਪਹੁੰਚ ਸਕਣ I

ਕੈਨੇਡੀਅਨ ਟਰਾਂਸਪੋਰਟ ਮਿਨਿਸਟਰ ਉਮਰ ਅਲਗ਼ਬਰਾ ਭਾਰਤੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨਾਲਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਕੈਨੇਡੀਅਨ ਟਰਾਂਸਪੋਰਟ ਮਿਨਿਸਟਰ ਉਮਰ ਅਲਗ਼ਬਰਾ ਭਾਰਤੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨਾਲ

ਤਸਵੀਰ: ਧੰਨਵਾਦ ਸਹਿਤ ਜੋਤੀਰਾਦਿੱਤਿਆ ਸਿੰਧੀਆ ਟਵਿੱਟਰ

ਕੰਪਨੀ ਪ੍ਰਬੰਧਕਾਂ ਮੁਤਾਬਿਕ ਉਹਨਾਂ ਦੀ ਫ਼ਲਾਈਟ ਦੀ ਸਮਰੱਥਾ ਆਮ ਉਡਾਣ ਵਾਂਗ ਹੀ ਹੋਵੇਗੀ I ਵਸੀਮ ਜਾਵੇਦ ਨੇ ਦੱਸਿਆ ਕਿ ਉਹਨਾਂ ਦੀ ਏਅਰਲਾਈਨ ਕੈਨੇਡੀਅਨ ਹੈ ਅਤੇ ਹਾਲ ਵਿੱਚ ਹੀ ਸ਼ੁਰੂ ਕੀਤੀ ਗਈ ਹੈ I ਉਹਨਾਂ ਕਿਹਾ ਕਿ ਫ਼ਿਲਹਾਲ ਏਅਰਲਾਈਨ ਦੀ ਕਿਸੇ ਵੀ ਦੇਸ਼ ਵਿੱਚ ਕੋਈ ਵੀ ਉਡਾਣ ਨਹੀਂ ਜਾ ਰਹੀ ਹੈ ਅਤੇ ਸਾਰਾ ਕੰਮ ਸ਼ੁਰੂਆਤੀ ਪ੍ਰਕਿਰਿਆ ਵਿੱਚ ਹੈ I

ਪੁਰਾਣੀ ਹੈ ਮੰਗ

ਜ਼ਿਕਰਯੋਗ ਹੈ ਕਿ ਸਿੱਧੀ ਉਡਾਣ ਦੀ ਮੰਗ ਲੰਬੇ ਸਮੇਂ ਤੋਂ ਚੱਲ ਰਹੀ ਹੈ I ਭਾਰਤ ਦੇ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਵੀ ਮਈ ਮਹੀਨੇ ਦੌਰਾਨ ਆਪਣੇ ਕੈਨੇਡਾ ਦੌਰੇ ਦੌਰਾਨ ਕੈਨੇਡਾ ਦੇ ਟਰਾਂਸਪੋਰਟ ਮਿਨਿਸਟਰ ਉਮਰ ਅਲਗ਼ਬਰਾ ਨਾਲ ਮੁਲਾਕਾਤ ਕਰ ਚੁੱਕੇ ਹਨ I

ਅੰਮ੍ਰਿਤਸਰ ਤੋਂ ਐਮ ਪੀ ਗੁਰਜੀਤ ਔਜਲਾ ਵੀ ਇਸ ਮਸਲੇ ਨੂੰ ਭਾਰਤੀ ਸੰਸਦ ਵਿੱਚ ਉਠਾ ਚੁੱਕੇ ਹਨ I ਸੰਸਦ ਵਿੱਚ ਬੋਲਦਿਆਂ ਗੁਰਜੀਤ ਔਜਲਾ ਨੇ ਕਿਹਾ ਸੀ ਕਿ ਅੰਮ੍ਰਿਤਸਰ ਦਾ ਏਅਰਪੋਰਟ ਭਾਰਤ ਦੀ ਆਜ਼ਾਦੀ ਤੋਂ ਵੀ ਪਹਿਲਾਂ ਦਾ ਹੈ ਅਤੇ ਇਹ 1930 ਦੌਰਾਨ ਬਣਿਆ ਸੀ I ਗੁਰਜੀਤ ਔਜਲਾ ਵੱਲੋਂ ਵੀ ਜੋਤੀਰਾਦਿੱਤਿਆ ਸਿੰਧੀਆ ਨਾਲ ਇਸ ਬਾਬਤ ਮੁਲਾਕਾਤ ਕੀਤੀ ਗਈ ਸੀ I

ਮਿਸ਼ਨ -ਮਾਸਕੀ- ਫਰੇਜ਼ਰ ਕੈਨਿਅਨ ਰਾਈਡਿੰਗ ਤੋਂ ਐਮ ਪੀ ਬਰੈਡ ਵਿਸ ਅਤੇ ਬ੍ਰੈਂਪਟਨ ਨੌਰਥ ਤੋਂ ਐਮ ਪੀ ਰੂਬੀ ਸਹੋਤਾ ਵੱਲੋਂ ਇਸ ਮਸਲੇ ਨੂੰ ਹਾਊਸ ਆਫ਼ ਕਾਮਨਜ਼ ਵਿੱਚ ਉਠਾਇਆ ਜਾ ਚੁੱਕਾ ਹੈ I

ਅੰਮ੍ਰਿਤਸਰ ਹਵਾਈ ਅੱਡੇ ਦੇ ਅਧਿਕਾਰੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਰ ਹਫ਼ਤੇ 40 ਅੰਤਰ ਰਾਸ਼ਟਰੀ ਉਡਾਣਾਂ ਅੰਮ੍ਰਿਤਸਰ ਉੱਤਰਦੀਆਂ ਹਨ ਅਤੇ ਐਨੀ ਹੀ ਗਿਣਤੀ ਅੰਮ੍ਰਿਤਸਰ ਤੋਂ ਵੱਖ ਵੱਖ ਦੇਸ਼ਾਂ ਨੂੰ ਜਾਣ ਵਾਲੀਆਂ ਉਡਾਣਾਂ ਦੀ ਹੈ I ਇਹ ਉਡਾਣਾਂ ਯੂ ਕੇ , ਇਟਲੀ ਅਤੇ ਸਿੰਗਾਪੁਰ ਜਿਹੇ ਦੇਸ਼ਾਂ ਤੋਂ ਆਉਂਦੀਆਂ ਅਤੇ ਜਾਂਦੀਆਂ ਹਨI

ਸੈਂਡੀ ਚੱਠਾ ਦਾ ਕਹਿਣਾ ਹੈ ਕਿ ਇਸ ਉਡਾਣ ਦੇ ਸ਼ੁਰੂ ਹੋਣ ਨਾਲ ਪੰਜਾਬੀ ਮੂਲ ਦੇ ਯਾਤਰੀ ਸਿੱਧਾ ਪੰਜਾਬ ਉੱਤਰ ਸਕਣਗੇ , ਜਿਸ ਨਾਲ ਉਹਨਾਂ ਦਾ ਪੈਸੇ ਅਤੇ ਸਮਾਂ ਬਚੇਗਾ I

Sarbmeet Singh

ਸੁਰਖੀਆਂ