- ਮੁੱਖ ਪੰਨਾ
- ਸਮਾਜ
- ਨਫ਼ਰਤ ਅਧਾਰਤ ਅਪਰਾਧ
ਟੋਰੌਂਟੋ ’ਚ ਸਵਾਮੀਨਰਾਇਣ ਮੰਦਿਰ ਦੀ ਕੰਧ ’ਤੇ ਲਿਖੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ
ਟੋਰੌਂਟੋ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ

ਮੰਦਿਰ ਵੱਲੋਂ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ ਹੈ I
ਤਸਵੀਰ: ਧੰਨਵਾਦ ਸਹਿਤ ਸਵਾਮੀਨਰਾਇਣ ਮੰਦਿਰ
ਟੋਰੌਂਟੋ ਦੇ ਬੀਏਪੀਐਸ ਸ਼੍ਰੀ ਸਵਾਮੀਨਰਾਇਣ ਮੰਦਿਰ ਦੀ ਕੰਧ 'ਤੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖਣ ਦਾ ਮਾਮਲਾ ਸਾਹਮਣੇ ਆਇਆ ਹੈ I
ਪ੍ਰਾਪਤ ਜਾਣਕਾਰੀ ਅਨੁਸਾਰ ਮੰਦਿਰ ਵੱਲੋਂ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ ਹੈ I
ਮੰਦਿਰ ਵੱਲੋਂ ਇਸ ਘਟਨਾ ਦੀ ਨਿੰਦਾ ਕੀਤੀ ਗਈ ਹੈ I ਇਕ ਪ੍ਰੈਸ ਰਿਲੀਜ਼ ਵਿੱਚ ਮੰਦਿਰ ਦੇ ਮਹੰਤ ਸਵਾਮੀ ਮਹਾਰਾਜ ਨੇ ਸ਼ਰਧਾਲੂਆਂ ਨੂੰ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕੀਤੀ ਹੈ I
ਮੰਦਿਰ ਦੇ ਪ੍ਰਬੰਧਕਾਂ ਨੇ ਇਸ ਘਟਨਾ 'ਤੇ ਦੁੱਖ ਦਾ ਇਜ਼ਹਾਰ ਕੀਤਾ ਹੈ I ਮੰਦਿਰ ਦੇ ਪ੍ਰਬੰਧਕਾਂ ਨੇ ਕਿਹਾ ਇਸ ਘਟਨਾ ਨਾਲ ਸਾਨੂੰ ਗਹਿਰਾ ਦੁੱਖ ਪਹੁੰਚਿਆ ਹੈ I ਅਸੀਂ ਸ਼ਾਂਤੀ ਅਤੇ ਸਦਭਾਵਨਾ ਬਰਕਰਾਰ ਰੱਖਣ ਲਈ ਕੰਮ ਕਰ ਰਹੇ ਹਾਂ I ਸਾਡੀ ਸ਼ਰਧਾਲੂਆਂ ਨੂੰ ਅਪੀਲ ਹੈ ਕਿ ਉਹ ਸ਼ਾਂਤੀ ਬਣਾਈ ਰੱਖਣ I
ਟੋਰੌਂਟੋ ਪੁਲਿਸ ਨੇ ਰੇਡੀਓ ਕੈਨੇਡਾ ਇੰਟਰਨੈਸ਼ਨਲ ਨੂੰ ਸ਼ਿਕਾਇਤ ਮਿਲੇ ਹੋਣ ਦੀ ਪੁਸ਼ਟੀ ਕੀਤੀ ਹੈ I ਇਕ ਲਿਖਤ ਈ-ਮੇਲ ਵਿੱਚ ਟੋਰੌਂਟੋ ਪੁਲਿਸ ਨੇ ਕਿਹਾ ਸਾਨੂੰ ਅਧਿਕਾਰਿਤ ਤੌਰ 'ਤੇ ਸ਼ਿਕਾਇਤ ਮਿਲ ਚੁੱਕੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ I
ਭਾਰਤੀ ਹਾਈ ਕਮਿਸ਼ਨ ਵੱਲੋਂ ਜਾਂਚ ਦੀ ਮੰਗ
ਇਸ ਮਾਮਲੇ ਦਾ ਨੋਟਿਸ ਲੈਂਦਿਆਂ ਕੈਨੇਡਾ ਵਿਚਲੇ ਭਾਰਤੀ ਹਾਈ ਕਮਿਸ਼ਨ ਨੇ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ I ਇਕ ਟਵੀਟ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਕਿਹਾ ਅਸੀਂ ਇਸ ਘਟਨਾ ਦੀ ਨਿੰਦਾ ਕਰਦੇ ਹਾਂ I ਅਸੀਂ ਕੈਨੇਡੀਅਨ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਜਾਂਚ ਕਰਨ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ I
ਮੰਦਿਰ ਦੇ ਪ੍ਰਬੰਧਕਾਂ ਨੇ ਭਾਰਤੀ ਹਾਈ ਕਮਿਸ਼ਨ ਦਾ ਧੰਨਵਾਦ ਕੀਤਾ ਹੈ I
ਸਿਆਸਤਦਾਨਾਂ ਵੱਲੋਂ ਨਿਖੇਧੀ
ਬ੍ਰੈਂਪਟਨ ਦੇ ਐਮ ਪੀਜ਼ ਅਤੇ ਮੇਅਰ ਸਮੇਤ ਹੋਰਨਾਂ ਵੱਲੋਂ ਇਸ ਘਟਨਾ ਦੀ ਨਿੰਦਾ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ I
ਇਹ ਵੀ ਪੜ੍ਹੋ :
- ਓਨਟੇਰੀਓ ਵਿਚ ਸਰਦਾਰ ਪਟੇਲ ਦਾ ਬੁੱਤ ਸਥਾਪਿਤ
- ਰਿਚਮੰਡ ਹਿੱਲ ਦੇ ਵਿਸ਼ਨੂ ਹਿੰਦੂ ਮੰਦਿਰ ਵਿੱਖੇ ਸਥਿਤ ਮਹਾਤਮਾ ਗਾਂਧੀ ਦੇ ਬੁੱਤ ਨਾਲ ਛੇੜਛਾੜ
ਸਿਟੀ ਆਫ਼ ਬ੍ਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੇ ਟਵੀਟ ਕਰ ਕਿਹਾ ਮੰਦਿਰ ਵਿੱਚ ਵਾਪਰੀ ਇਸ ਘਟਨਾ ਨੂੰ ਸੁਣ ਕੇ ਬਹੁਤ ਦੁੱਖ ਲੱਗਿਆ I ਜੀਟੀਏ ਵਿੱਚ ਅਜਿਹੀਆਂ ਘਟਨਾਵਾਂ ਲਈ ਕੋਈ ਥਾਂ ਨਹੀਂ ਹੈ I
ਬ੍ਰੈਂਪਟਨ ਸਾਊਥ ਤੋਂ ਐਮ ਪੀ ਸੋਨੀਆ ਸਿੱਧੂ ਨੇ ਵੀ ਇਸ ਘਟਨਾ ਉੱਪਰ ਇਕ ਟਵੀਟ ਕਰ ਦੁੱਖ ਜ਼ਾਹਰ ਕੀਤਾ ਹੈ I ਭਾਰਤੀ ਮੂਲ ਦੇ ਐਮ ਪੀ ਚੰਦਰਾ ਆਰੀਆ ਵੱਲੋਂ ਵੀ ਘਟਨਾ ਦੀ ਨਿੰਦਾ ਕੀਤੀ ਗਈ ਹੈ I
ਦੱਸਣਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਟੋਰੌਂਟੋ ਦੇ ਨਜ਼ਦੀਕ ਪੈਂਦੇ ਸ਼ਹਿਰ ਰਿਚਮੰਡ ਹਿੱਲ ਵਿੱਚ ਸਥਿਤ ਵਿਸ਼ਨੂ ਮੰਦਿਰ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ I

ਮਹਾਤਮਾ ਗਾਂਧੀ ਦੇ ਬੁੱਤ 'ਤੇ ਰੇਪਿਸਟ ਅਤੇ ਖ਼ਾਲਿਸਤਾਨ ਸ਼ਬਦ ਲਿਖਕੇ ਨੁਕਸਾਨ ਪਹੁੰਚਾਇਆ ਗਿਆ ਹੈ।
ਤਸਵੀਰ: (Supplied by Vishnu Mandir Hindu Temple)
ਗਾਂਧੀ ਦੇ ਬੁੱਤ ਉੱਪਰ ਰੇਪਿਸਟ (ਬਲਾਤਕਾਰੀ) ਅਤੇ ਖ਼ਾਲਿਸਤਾਨ ਵਰਗੇ ਸ਼ਬਦ ਲਿਖੇ ਗਏ ਸਨ I