- ਮੁੱਖ ਪੰਨਾ
- ਅਰਥ-ਵਿਵਸਥਾ
- ਖੇਤੀਬਾੜੀ
[ ਰਿਪੋਰਟ ] ਵਾਜਿਬ ਭਾਅ ਨਾ ਮਿਲਣ ਕਾਰਨ ਪ੍ਰੇਸ਼ਾਨ ਹਨ ਬ੍ਰਿਟਿਸ਼ ਕੋਲੰਬੀਆ ਦੇ ਸੇਬ ਉਤਪਾਦਕ
ਸੇਬ ਛੱਡ ਹੋਰ ਫ਼ਸਲਾਂ ਲਗਾ ਰਹੇ ਹਨ ਕਿਸਾਨ

ਕਿਸਾਨ ਸੇਬ ਦੀ ਥਾਂ ਹੋਰ ਫ਼ਸਲਾਂ ਲਗਾ ਰਹੇ ਹਨI
ਤਸਵੀਰ: Jane Robertson/CBC
ਬ੍ਰਿਟਿਸ਼ ਕੋਲੰਬੀਆ ਵਿੱਚ ਸੇਬਾਂ ਦਾ ਉਤਪਾਦਨ ਕਰ ਰਹੇ ਕਿਸਾਨ ਸਹੀ ਭਾਅ ਨਾ ਮਿਲਣ ਕਰਕੇ ਡਾਢੇ ਪ੍ਰੇਸ਼ਾਨ ਹਨ I
ਅਜਿਹੇ ਵਿੱਚ ਕਿਸਾਨ ਆਪਣੇ ਸੇਬ ਦੇ ਬਾਗ ਪੱਟਣ ਅਤੇ ਹੋਰ ਫ਼ਸਲਾਂ ਲਗਾਉਣ ਲਈ ਵੀ ਮਜਬੂਰ ਹੋ ਰਹੇ ਹਨI
ਪੰਜਾਬੀ ਮੂਲ ਦੇ ਸਰਬਜੀਤ ਸਿੰਘ ਰਾਏ ਨੇ ਦੱਸਿਆ ਕਿ ਉਸਨੇ ਆਪਣੇ 28 ਏਕੜ ਵਿੱਚ ਲੱਗੇ ਸੇਬ ਪੱਟ ਕੇ ਅੰਗੂਰ ਲਗਾਉਣ ਦਾ ਫ਼ੈਸਲਾ ਕੀਤਾ ਹੈ I ਅਜਿਹੀ ਹੀ ਕਹਾਣੀ ਹਰਜੀਤ ਸਿੰਘ ਦੀ ਹੈ , ਜਿੰਨ੍ਹਾਂ ਨੇ ਕਰੀਬ 24 ਏਕੜ ਰਕਬੇ 'ਚੋਂ ਸੇਬ ਪੱਟ ਕੇ ਅੰਗੂਰ ਲਗਾਏ ਹਨ I
ਕਿਸਾਨ ਪਿੰਦਰ ਧਾਲੀਵਾਲ ਦਾ ਕਹਿਣਾ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿੱਚ 800 ਦੇ ਕਰੀਬ ਸੇਬ ਉਤਪਾਦਕ ਹਨ, ਪਰ ਗਿਣਤੀ ਲਗਾਤਾਰ ਘਟ ਰਹੀ ਹੈ I
ਵਾਜਿਬ ਭਾਅ ਦਾ ਮੁੱਦਾ
ਕਿਸਾਨਾਂ ਦੀ ਨੁਮਾਇੰਦਗੀ ਕਰਦੀ , ਬੀਸੀ ਫ਼ਰੂਟ ਗ੍ਰੋਅਰਜ਼ ਐਸੋਸੀਏਸ਼ਨ ਦੇ ਮੈਨੇਜਰ ਗਲੈਨ ਲੂਕਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਕਰਵਾਏ ਗਏ ਸਰਵੇ ਦਰਸਾਉਂਦੇ ਹਨ ਕਿ ਕਿਸਾਨਾਂ ਨੂੰ ਸੇਬ ਉਤਪਾਦਨ ਦੀ ਲਾਗਤ $0.347 ਪ੍ਰਤੀ ਪੌਂਡ ਪੈਂਦੀ ਹੈ I
ਲੂਕਸ ਨੇ ਕਿਹਾ ਆਪਣੇ ਸਾਰੇ ਖ਼ਰਚੇ ਕੱਢ ਕੇ ਕਿਸਾਨ $.50 ਪ੍ਰਤੀ ਪੌਂਡ ਦੀ ਤਵੱਕੋਂ ਰੱਖਦੇ ਹਨ , ਪਰ ਲੰਘੇ 2 ਸਾਲਾਂ ਦੌਰਾਨ ਫ਼ਸਲ ਦਾ ਭਾਅ $0.12 to $0.22 ਪ੍ਰਤੀ ਪੌਂਡ ਰਿਹਾ ਹੈ , ਜਿਸ ਕਾਰਨ ਕਿਸਾਨਾਂ ਵਿੱਚ ਨਿਰਾਸ਼ਾ ਹੈ I

ਕਿਸਾਨ ਮਹਿੰਦਰ ਸਿੰਘ ਧਾਲੀਵਾਲ
ਤਸਵੀਰ: ਸਰਬਮੀਤ ਸਿੰਘ
ਜ਼ਿਕਰਯੋਗ ਹੈ ਕਿ ਕਿਸਾਨ ਸੇਬਾਂ ਨੂੰ ਪ੍ਰਾਈਵੇਟ ਤੌਰ 'ਤੇ ਵੇਚਦੇ ਹਨ I ਸੇਬਾਂ ਦੀ ਕੋਈ ਸਰਕਾਰੀ ਖ਼ਰੀਦ ਜਾਂ ਸਰਕਾਰੀ ਭਾਅ ਨਹੀਂ ਹੁੰਦਾ I
ਰਕਬਾ ਘਟਿਆ : ਬੀਸੀ ਫ਼ਰੂਟ ਗ੍ਰੋਅਰਜ਼ ਐਸੋਸੀਏਸ਼ਨ
ਬੀਸੀ ਫ਼ਰੂਟ ਗ੍ਰੋਅਰਜ਼ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਵਾਜਿਬ ਭਾਅ ਨਾ ਮਿਲਣ ਦੇ ਕਾਰਨ ਸੇਬਾਂ ਹੇਠ ਰਕਬਾ ਲਗਾਤਾਰ ਘਟ ਰਿਹਾ ਹੈ ਅਤੇ ਕਿਸਾਨ ਹੋਰ ਫ਼ਸਲਾਂ ਵੱਲ ਆਕਰਸ਼ਿਤ ਹੋ ਰਹੇ ਹਨ I
ਗਲੈਨ ਲੂਕਸ ਨੇ ਕਿਹਾ 2018 ਦੌਰਾਨ ਇਲਾਕੇ ਵਿੱਚ 8500 ਏਕੜ 'ਤੇ ਸੇਬਾਂ ਦਾ ਉਤਪਾਦਨ ਹੋ ਰਿਹਾ ਸੀ ਜੋ ਕਿ 2022 ਵਿੱਚ ਘੱਟ ਕੇ 7100 ਏਕੜ ਰਹਿ ਗਿਆ ਹੈ I ਇਹ ਕਾਫ਼ੀ ਚਿੰਤਾਜਨਕ ਹੈ I
ਇਹ ਵੀ ਪੜੋ :
- ਭਾਰਤ ਦੇ ਮੌਡੀਫਾਈਡ ਟ੍ਰੈਕਟਰਾਂ ਦੀ ਕੈਨੇਡਾ ਵਿੱਚ ਚੜਤ
- ਖਾਦਾਂ ਦੇ ਭਾਅ ਵਧਣ ਕਾਰਨ ਕੈਨੇਡਾ ਵਿਚਲੇ ਕਿਸਾਨ ਪ੍ਰੇਸ਼ਾਨ
- ਕਿਸਾਨਾਂ ਨੂੰ ਰਾਹਤ ਦੇਣ ਲਈ ਕੈਨੇਡੀਅਨ ਸਰਕਾਰ ਵੱਲੋਂ ਵਿਆਜ ਮੁਕਤ ਲੋਨ ਰਕਮ ਵਿੱਚ ਵਾਧਾ
ਕਾਸ਼ਤਕਾਰ ਰੂਪੀ ਧਾਲੀਵਾਲ ਦਾ ਕਹਿਣਾ ਹੈ ਕਿ ਵਾਜਿਬ ਭਾਅ ਨਾ ਮਿਲਣ ਕਾਰਨ ਕਿਸਾਨਾਂ ਦੇ ਖ਼ਰਚੇ ਵੀ ਪੂਰੇ ਨਹੀਂ ਹੋ ਪਾ ਰਹੇ I ਉਹਨਾਂ ਕਿਹਾ ਬਹੁਤ ਸਾਰੇ ਕਿਸਾਨ ਰੇਟ ਨਾ ਮਿਲਣ ਕਰਕੇ ਪ੍ਰੇਸ਼ਾਨ ਹਨ I ਲੰਘੇ ਕੁਝ ਸਾਲਾਂ ਦੌਰਾਨ ਖਾਦਾਂ ਅਤੇ ਸਪਰੇਹਾਂ ਆਦਿ ਦੇ ਭਾਅ ਵੀ ਵਧੇ ਹਨ , ਜਿਸ ਨਾਲ ਕਿਸਾਨਾਂ ਉੱਪਰ ਆਰਥਿਕ ਬੋਝ ਹੋਰ ਵਧਿਆ ਹੈ I
ਸਰਕਾਰ ਬਾਂਹ ਫੜੇ : ਸੇਬ ਉਤਪਾਦਕ
ਇਹਨਾਂ ਸੇਬ ਕਾਸ਼ਤਕਾਰਾਂ ਵੱਲੋਂ ਪ੍ਰੋਵਿੰਸ਼ੀਅਲ ਸਰਕਾਰ ਨੂੰ ਕਿਸਾਨਾਂ ਦੀ ਬਾਂਹ ਫ਼ੜਨ ਦੀ ਅਪੀਲ ਕੀਤੀ ਜਾ ਰਹੀ ਹੈ I ਪਿੰਦਰ ਧਾਲੀਵਾਲ ਨੇ ਕਿਹਾ ਬਹੁਤ ਸਾਰੇ ਵਪਾਰੀ ਲਾਗਲੇ ਦੇਸ਼ਾਂ ਤੋਂ ਸੇਬ ਲੈ ਕੇ ਕੈਨੇਡਾ ਆਉਂਦੇ ਹਨ , ਜੋ ਕਿ ਜੂਸ ਅਤੇ ਵਿਕਰੀ ਲਈ ਵਰਤਿਆ ਜਾਂਦਾ ਹੈ I ਇਸ ਨਾਲ ਬ੍ਰਿਟਿਸ਼ ਕੋਲੰਬੀਆ ਵਿਚਲੇ ਸੇਬ ਦੀ ਵਿਕਰੀ ਅਤੇ ਭਾਅ 'ਤੇ ਅਸਰ ਪੈਂਦਾ ਹੈ I
ਕਿਸਾਨ ਤਲਵਿੰਦਰ ਬਾਸੀ ਦਾ ਕਹਿਣਾ ਹੈ ਕਿ ਸਰਕਾਰ ਕੋਈ ਅਜਿਹਾ ਕਦਮ ਚੁੱਕ ਸਕਦੀ ਹੈ ਜਿਸ ਨਾਲ ਪ੍ਰੋਵਿੰਸ ਵਿਚਲੇ ਉਤਪਾਦਕਾਂ ਨੂੰ ਲਾਭ ਮਿਲੇ I ਬਾਸੀ ਨੇ ਕਿਹਾ ਬਹੁਤ ਸਾਰੇ ਕਿਸਾਨ ਅੰਗੂਰਾਂ ਦੀ ਕਾਸ਼ਤ ਇਸ ਲਈ ਕਰ ਰਹੇ ਹਨ ਕਿਉਂਕਿ ਕੁਝ ਸਾਲ ਪਹਿਲਾਂ ਪ੍ਰੋਵਿੰਸ਼ੀਅਲ ਸਰਕਾਰ ਨੇ ਸੂਬੇ ਵਿਚਲੇ ਸਟੋਰਾਂ ਨੂੰ ਸਿਰਫ਼ ਬੀਸੀ ਦੀ ਬਣੀ ਵਾਈਨ ਰੱਖਣ ਅਤੇ ਲੋਕਲ ਵਾਈਨ ਦੀ ਵਿਕਰੀ ਨੂੰ ਪਹਿਲ ਦੇਣ ਦਾ ਐਲਾਨ ਕੀਤਾ ਸੀ I

ਕਾਸ਼ਤਕਾਰ ਰੂਪੀ ਧਾਲੀਵਾਲ ਦਾ ਕਹਿਣਾ ਹੈ ਕਿ ਵਾਜਿਬ ਭਾਅ ਨਾ ਮਿਲਣ ਕਾਰਨ ਕਿਸਾਨਾਂ ਦੇ ਖ਼ਰਚੇ ਵੀ ਪੂਰੇ ਨਹੀਂ ਹੋ ਪਾ ਰਹੇ I
ਤਸਵੀਰ: ਸਰਬਮੀਤ ਸਿੰਘ
ਉਹਨਾਂ ਕਿਹਾ ਜੇਕਰ ਸਰਕਾਰ ਇਸੇ ਤਰ੍ਹਾਂ ਹੀ ਪ੍ਰੋਵਿੰਸ ਵਿਚਲੇ ਸੇਬ ਦੇ ਵਿਕਰੀ ਨੂੰ ਪਹਿਲ ਦੇਣ ਬਾਬਤ ਕੋਈ ਕਾਨੂੰਨ ਲਿਆਵੇ ਤਾਂ ਕਿਸਾਨਾਂ ਦੀ ਜੂਨ ਸੁਧਾਰ ਸਕਦੀ ਹੈ I
ਗਲੈਨ ਲੂਕਸ ਦਾ ਕਹਿਣਾ ਹੈ ਕਿ ਐਸੋਸੀਏਸ਼ਨ ਵੱਲੋਂ ਲਗਾਤਾਰ ਸਰਕਾਰ ਨਾਲ ਰਾਬਤਾ ਸਾਧ ਕੇ ਆਪਣੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪੁੱਜਦਾ ਕੀਤਾ ਜਾ ਰਿਹਾ ਹੈ I ਲੂਕਸ ਨੇ ਕਿਹਾ ਸਰਕਾਰ ਨੇ ਕਿਸਾਨਾਂ ਨਾਲ ਮੀਟਿੰਗਾਂ ਕਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ ਸੀ I
ਉਧਰ ਬ੍ਰਿਟਿਸ਼ ਕੋਲੰਬੀਆ ਦੇ ਖੇਤੀਬਾੜੀ ਮੰਤਰਾਲੇ ਨੇ ਰੇਡੀਓ ਕੈਨੇਡਾ ਇੰਟਰਨੈਸ਼ਨਲ ਨੂੰ ਇਕ ਈ-ਮੇਲ ਵਿੱਚ ਪ੍ਰੋਵਿੰਸ ਵਿਚਲੇ ਕਿਸਾਨਾਂ ਦੀ ਸਮੇਂ ਸਮੇਂ 'ਤੇ ਸਹਾਇਤਾ ਕਰਨ ਦੀ ਗੱਲ ਆਖੀ ਹੈ I
ਮੰਤਰਾਲੇ ਦਾ ਕਹਿਣਾ ਹੈ ਕਿ ਲੰਘੇ 5 ਸਾਲਾਂ ਦੌਰਾਨ ਪ੍ਰੋਵਿੰਸ ਦੀ ਬਾਗ਼ਬਾਨੀ ਲਈ ਵੱਖ ਵੱਖ ਪ੍ਰੋਗਰਾਮਾਂ ਅਧੀਨ $86.5 ਮਿਲੀਅਨ ਦੀ ਸਹਾਇਤਾ ਕੀਤੀ ਗਈ ਹੈ I ਖੇਤੀਬਾੜੀ ਮੰਤਰਾਲੇ ਦਾ ਕਹਿਣਾ ਹੈ ਕਿ ਇਸਤੋਂ ਇਲਾਵਾ ਲੋਕਲ ਉਤਪਾਦਨ ਦੀ ਖ਼ਰੀਦ ਨੂੰ ਉਤਸ਼ਾਹਿਤ ਕਰਨ ਲਈ ਲੋੜੀਂਦੇ ਉਪਰਾਲੇ ਕੀਤੇ ਜਾ ਰਹੇ ਹਨ I