1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਇਮੀਗ੍ਰੇਸ਼ਨ ਦੇ ਮੁੱਦੇ ‘ਤੇ ਕਿਊਬੈਕ ਦੇ ਪਾਰਟੀ ਲੀਡਰਾਂ ਦੇ ਵੱਖੋ-ਵੱਖਰੇ ਵਾਅਦੇ

2022 ਵਿਚ ਕਰੀਬ 70,000 ਇਮੀਗ੍ਰੈਂਟਸ ਸ਼ਾਮਲ ਕਰੇਗਾ ਕਿਊਬੈਕ

(ਖੱਬੇ ਤੋਂ ਸੱਜੇ) ਕੋਅਲੀਸ਼ਨ ਐਵੇਨਿਰ ਕਿਊਬੈਕ ਲੀਡਰ ਫ਼੍ਰੈਂਸੁਆ ਲਿਗੋਅ,  ਲਿਬਰਲ ਲੀਡਰ ਡੌਮਿਨਿਕ ਐਂਗਲਾਡ, ਕਿਊਬੈਕ ਸੌਲੀਡੇਅਰ ਦੇ ਸਹਿ-ਬੁਲਾਰੇ ਗੈਬਰੀਅਲ ਨੈਡੋ-ਡੁਬੋਏ, ਪਾਰਟੀ ਕਿਊਬੈਕਵਾ ਲੀਡਰ ਪੌਲ ਸੇਂਟ-ਪੀਅਰ ਪਲੈਮੰਡਨ ਅਤੇ ਕਿਊਬੈਕ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਰਿਕ ਡੁਹੇਮ

(ਖੱਬੇ ਤੋਂ ਸੱਜੇ) ਕੋਅਲੀਸ਼ਨ ਐਵੇਨਿਰ ਕਿਊਬੈਕ ਲੀਡਰ ਫ਼੍ਰੈਂਸੁਆ ਲਿਗੋਅ, ਲਿਬਰਲ ਲੀਡਰ ਡੌਮਿਨਿਕ ਐਂਗਲਾਡ, ਕਿਊਬੈਕ ਸੌਲੀਡੇਅਰ ਦੇ ਸਹਿ-ਬੁਲਾਰੇ ਗੈਬਰੀਅਲ ਨੈਡੋ-ਡੁਬੋਏ, ਪਾਰਟੀ ਕਿਊਬੈਕਵਾ ਲੀਡਰ ਪੌਲ ਸੇਂਟ-ਪੀਅਰ ਪਲੈਮੰਡਨ ਅਤੇ ਕਿਊਬੈਕ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਰਿਕ ਡੁਹੇਮ

ਤਸਵੀਰ: CBC

RCI

ਕਾਮਿਆਂ ਦੀ ਘਾਟ ਦੀ ਸਮੱਸਿਆ ਨਾਲ ਜੂਝਦੇ ਕਿਊਬੈਕ ਨੂੰ ਹਰ ਸਾਲ ਕਿੰਨੇ ਪਰਵਾਸੀਆਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ, ਇਸ ਬਾਰੇ ਮੁੱਖ ਪਾਰਟੀਆਂ ਦੇ ਲੀਡਰ ਵੱਖੋ ਵੱਖਰੇ ਨਜ਼ਰੀਏ ਪੇਸ਼ ਕਰ ਰਹੇ ਹਨ।

ਪਾਰਟੀ ਕਿਊਬੈਕਵਾ ਲੀਡਰ ਪੌਲ ਸੇਂਟ-ਪੀਅਰ ਪਲੈਮੰਡਨ ਦਾ ਪ੍ਰਸਤਾਵ ਹੈ ਕਿ ਫ਼੍ਰੈਂਚ ਭਾਸ਼ਾ ਅਤੇ ਕਿਊਬੈਕ ਦੇ ਸੱਭਿਆਚਾਰ ਨੂੰ ਸੁਰੱਖਿਅਤ ਰੱਖਣ ਲਈ ਇਮੀਗ੍ਰੇਸ਼ਨ ਦੇ ਪੱਧਰ ਵਿਚ ਕਟੌਤੀ ਕਰਕੇ ਇਸ ਨੂੰ 35,000 ਸਲਾਨਾ ਦੇ ਪੱਧਰ ‘ਤੇ ਲਿਆਉਣਾ ਚਾਹੀਦਾ ਹੈ।

ਇਹ ਪ੍ਰਸਤਾਵ ਅਜਿਹੇ ਸਮੇਂ ਵਿਚ ਸਾਹਮਣੇ ਆਇਆ ਹੈ ਜਦੋਂ ਕਾਮਿਆਂ ਦੀ ਘਾਟ ਨਾਲ ਜੱਦੋ-ਜਿਹਦ ਵਿਚ ਉਲਝੇ ਸੂਬੇ ਦੇ ਬਿਜ਼ਨਸ ਗਰੁੱਪ ਸਾਰੀਆਂ ਸਿਆਸੀ ਪਾਰਟੀਆਂ ਨੂੰ ਵਧੇਰੇ ਇਮੀਗ੍ਰੈਂਟਸ ਸੱਦਣ ਦੀ ਗੁਹਾਰ ਲਗਾ ਰਹੇ ਹਨ। ਉਹਨਾਂ ਮੁਤਾਬਕ ਸੂਬੇ ਵਿਚ ਇਸ ਸਮੇਂ 200,000 ਤੋਂ ਵੱਧ ਅਸਾਮੀਆਂ ਖ਼ਾਲੀ ਪਈਆਂ ਹਨ।

ਪਰ ਪਲੈਮੰਡਨ ਇਸ ਤਰਕ ਨਾਲ ਸਹਿਮਤ ਨਹੀਂ ਹਨ ਕਿ ਇਮੀਗ੍ਰੇਸ਼ਨ ਵਿਚ ਵਾਧੇ ਨਾਲ ਕਾਮਿਆਂ ਦੀ ਘਾਟ ਦਾ ਮਸਲਾ ਹੱਲ ਹੋ ਜਾਵੇਗਾ। ਉਹਨਾਂ ਦਾ ਕਹਿਣਾ ਹੈ ਕਿ ਵਧੇਰੇ ਇਮੀਗ੍ਰੈਂਟਸ ਵੱਧ ਵਸਤੂਆਂ ਅਤੇ ਸੇਵਾਵਾਂ ਦੀ ਖਪਤ ਕਰਨਗੇ, ਜਿਸ ਦੇ ਫਲਸਰੂਪ ਹੋਰ ਕਾਮਿਆਂ ਦੀ ਜ਼ਰੂਰਤ ਪਵੇਗੀ।

ਕਿਊਬੈਕ ਲਿਬਰਲ ਲੀਡਰ ਡੌਮਿਨਿਕ ਐਂਗਲਾਡ ਨੇ ਕਿਹਾ ਕਿ ਪਲੈਮੰਡਨ ਜ਼ਮੀਨੀ ਹਕੀਕਤ ਨਾਲ ਪੂਰੀ ਤਰ੍ਹਾਂ ਟੁੱਟੇ ਹੋਏ ਹਨ ਅਤੇ ਉਹ ਕਾਮਿਆਂ ਦੀ ਘਾਟ ਨਾਲ ਜੂਝ ਰਹੇ ਨੌਕਰੀਦਾਤਾਵਾਂ ਨੂੰ ਸੁਣ ਹੀ ਨਹੀਂ ਰਹੇ।

ਡੌਮਿਨਿਕ ਦਾ ਕਹਿਣਾ ਹੈ ਕਿ ਜੇ ਚੋਣਾਂ ਵਿਚ ਉਹ ਜੇਤੂ ਹੁੰਦੀ ਹੈ, ਤਾਂ ਸ਼ੁਰੂਆਤ ਵਿਚ ਹਰ ਸਾਲ 70,000 ਇਮੀਗ੍ਰੈਂਟਸ ਦਾ ਟੀਚਾ ਰੱਖਿਆ ਜਾਵੇਗਾ ਅਤੇ ਫ਼ਿਰ ਵੱਖੋ ਵੱਖਰੇ ਖੇਤਰਾਂ ਦੀਆਂ ਅਸਲ ਲੋੜਾਂ ਨੂੰ ਨਿਰਧਾਰਿਤ ਕਰਕੇ ਅੱਗੇ ਵੱਲ ਵਧਿਆ ਜਾਵੇਗਾ।

ਹਾਲ ਹੀ ਦੇ ਸਾਲਾਂ ਵਿਚ ਕਿਊਬੈਕ ਦਾ ਅਧਿਕਾਰਤ ਪਰਮਾਨੈਂਟ ਇਮੀਗ੍ਰੇਸ਼ਨ ਪੱਧਰ 40,000 ਤੋਂ 50,000 ਸਲਾਨਾ ਦੇ ਵਿਚਕਾਰ ਨਿਰਧਾਰਿਤ ਕੀਤਾ ਗਿਆ ਹੈ, ਪਰ ਕੋਵਿਡ-19 ਮਹਾਂਮਾਰੀ ਕਾਰਨ ਪੈਦਾ ਹੋਈ ਕਾਮਿਆਂ ਦੀ ਘਾਟ ਦੀ ਭਰਪਾਈ ਲਈ, ਸਾਲ 2022 ਵਿਚ ਸੂਬਾ 70,000 ਇਮੀਗ੍ਰੈਂਟਸ ਨੂੰ ਸ਼ਾਮਲ ਕਰੇਗਾ।

ਕੋਅਲੀਸ਼ਨ ਐਵੇਨਿਰ ਕਿਊਬੈਕ (CAQ) ਲੀਡਰ ਫ਼੍ਰੈਂਸੁਆ ਲਿਗੋਅ ਨੇ ਐਤਵਾਰ ਰਾਤ ਨੂੰ ਰੇਡੀਓ-ਕੈਨੇਡਾ ਨੂੰ ਦਿੱਤੇ ਇੱਕ ਟੀਵੀ ਇੰਟਰਵਿਊ ਵਿਚ ਕਿਹਾ ਕਿ ਜੇ ਸੂਬਾ ਫ਼੍ਰੈਂਚ ਭਾਸ਼ਾ ਨੂੰ ਸੁਰੱਖਿਅਤ ਰੱਖਣਾ ਚਾਹੁੰਦਾ ਹੈ ਤਾਂ ਉਹ ਹਰ ਸਾਲ ਵੱਧ ਤੋਂ ਵੱਧ 50,000 ਇਮੀਗ੍ਰੈਂਟਸ ਨੂੰ ਹੀ ਸਵੀਕਾਰ ਕਰ ਸਕਦਾ ਹੈ।

ਲਿਗੋਅ ਨੇ ਕਿਹਾ ਕਿ ਇਹ ਸੰਖਿਆ, ਅਜੇ ਵੀ, ਕਿਊਬਿਕ ਨੂੰ ਆਪਣੀ ਆਬਾਦੀ ਦੇ ਮੁਕਾਬਲੇ ਦੁਨੀਆ ਵਿੱਚ ਸਭ ਤੋਂ ਵੱਧ ਪਰਵਾਸੀਆਂ ਨੂੰ ਸਵੀਕਾਰ ਕਰਨ ਵਾਲੀਆਂ ਥਾਵਾਂ ਵਿੱਚੋਂ ਇੱਕ ਬਣਾਉਂਦੀ ਹੈ।

ਕਿਊਬੈਕ ਸੌਲੀਡੇਅਰ ਦੇ ਸਹਿ-ਬੁਲਾਰੇ ਗੈਬਰੀਅਲ ਨੈਡੋ-ਡੁਬੋਏ ਨੇ ਉਸੇ ਟੀਵੀ ਪ੍ਰੋਗਰਾਮ ਵਿਚ ਸੁਝਾਅ ਦਿੱਤਾ ਕਿ ਉਹਨਾਂ ਦਾ ਮੰਨਣਾ ਹੈ ਕਿ ਸੂਬਾ 60,000 ਤੋਂ 80,000 ਨਵੇਂ ਇਮੀਗ੍ਰੈਂਟਸ ਨੂੰ ਸਵੀਕਾਰ ਕਰ ਸਕਦਾ ਹੈ।

ਕਿਊਬੈਕ ਕੰਜ਼ਰਵੇਟਿਵ ਪਾਰਟੀ ਨੇ ਕੰਮ ਵਾਲੀ ਥਾਂ 'ਤੇ ਆਟੋਮੇਸ਼ਨ ਨੂੰ ਵਧਾਉਣ ਅਤੇ ਕਿਊਬਿਕ ਦੀ ਜਨਮ ਦਰ ਨੂੰ ਵਧਾਉਣ ਲਈ ਕੰਮ ਕਰਦੇ ਹੋਏ, ਹੌਲੀ-ਹੌਲੀ ਇਮੀਗ੍ਰੇਸ਼ਨ ਟੀਚਿਆਂ ਵਿਚ ਕਟੌਤੀ ਦਾ ਪ੍ਰਸਤਾਵ ਦਿੱਤਾ ਹੈ।

3 ਅਕਤੂਬਰ ਨੂੰ ਕਿਊਬੈਕ ਵਿਚ ਸੂਬਾਈ ਚੋਣਾਂ ਹਨ।

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ