1. ਮੁੱਖ ਪੰਨਾ
  2. ਸਮਾਜ
  3. ਸੰਗਠਿਤ ਅਪਰਾਧ

ਸਸਕੈਚਵਨ ’ਚ ਛੁਰੇਬਾਜ਼ੀ ਦੀਆਂ ਘਟਨਾਵਾਂ ਦੌਰਾਨ 10 ਦੀ ਮੌਤ, 15 ਜ਼ਖਮੀ

ਅਪਡੇਟ : ਇੱਕ ਮਸ਼ਕੂਕ ਦੀ ਮਿਲੀ ਲਾਸ਼, ਆਰਸੀਐਮਪੀ ਵੱਲੋਂ ਦੂਸਰੇ ਸ਼ੱਕੀ ਦੀ ਤਲਾਸ਼ ਜਾਰੀ

ਆਰਸੀਐਮਪੀ ਵੱਲੋਂ ਦੋਸ਼ੀਆਂ ਦੇ ਜਾਰੀ ਸਕੈਚ

ਆਰਸੀਐਮਪੀ ਵੱਲੋਂ ਦੋਸ਼ੀਆਂ ਦੇ ਜਾਰੀ ਸਕੈਚ

ਤਸਵੀਰ: RCMP

RCI

ਸਸਕੈਚਵਨ ਪ੍ਰੋਵਿੰਸ ਵਿੱਚ ਛੁਰੇਬਾਜ਼ੀ ਦੀਆਂ ਵਾਪਰੀਆਂ ਘਟਨਾਵਾਂ ਵਿੱਚ 10 ਵਿਅਕਤੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ I ਇਹਨਾਂ ਘਟਨਾਵਾਂ ਵਿੱਚ 15 ਵਿਅਕਤੀ ਜ਼ਖਮੀ ਹੋਏ ਹਨ I

ਆਰਸੀਐਮਪੀ ਵੱਲੋਂ ਸਸਕੈਚਵਨ ਅਤੇ ਨਾਲ ਲਗਦੇ ਪ੍ਰੋਵਿੰਸਜ਼ ਮੈਨੀਟੋਬਾ ਅਤੇ ਐਲਬਰਟਾ ਵਿੱਚ ਵੀ ਐਲਰਟ ਜਾਰੀ ਕੀਤਾ ਗਿਆ ਹੈ I 

ਆਰਸੀਐਮਪੀ ਨੇ ਇਕ ਪ੍ਰੈਸ ਵਾਰਤਾ ਦੌਰਾਨ ਦੱਸਿਆ ਕਿ ਛੁਰੇਬਾਜ਼ੀ ਦੀਆਂ ਇਹ ਘਟਨਾਵਾਂ 13 ਥਾਵਾਂ 'ਤੇ ਵਾਪਰੀਆਂ ਹਨ I ਪੁਲਿਸ ਨੇ ਇਸ ਮਾਮਲੇ ਵਿੱਚ ਦੋ ਸ਼ੱਕੀਆਂ ਦੀ ਸ਼ਨਾਖ਼ਤ ਡੈਮਿਨ ਸੈਂਡਰਸਨ ਅਤੇ ਮਾਈਲਸ ਸੈਂਡਰਸਨ ਵਜੋਂ ਕੀਤੀ ਹੈ।

ਸੋਮਵਾਰ ਨੂੰ ਪੁਲਿਸ ਨੇ ਦੋਵਾਂ ਵਿਚੋਂ ਇੱਕ ਮਸ਼ਕੂਕ ਦੀ ਲਾਸ਼ ਮਿਲਣ ਦੀ ਪੁਸ਼ਟੀ ਕੀਤੀ ਹੈ। ਪੁਲਿਸ ਅਨੁਸਾਰ 31 ਸਾਲ ਦੇ ਮਸ਼ਕੂਕ ਡੈਮੀਅਨ ਸੈਂਡਰਸਨ ਦੀ ਲਾਸ਼ ਸੋਮਵਾਰ ਸਵੇਰੇ 11:30 ਵਜੇ ਇੱਕ ਸੰਘਣੀ ਘਾਹ ਵਾਲੇ ਇਲਾਕੇ ਚੋਂ ਬਰਾਮਦ ਹੋਈ। ਪੁਲਿਸ ਅਨੁਸਾਰ ਮ੍ਰਿਤਕ ਦੇ ਸਰੀਰ ਦੇ ਜ਼ਖ਼ਮ ਆਪ ਮਾਰੇ ਹੋਏ ਪ੍ਰਤੀਤ ਨਹੀਂ ਹੋ ਰਹੇ ਹਨ। ਦੂਸਰੇ ਸ਼ੱਕੀ ਮਾਈਲਸ ਸੈਂਡਰਸਨ, ਜੋਕਿ ਡੇਮੀਅਨ ਦਾ ਭਰਾ ਹੈ, ਦੀ ਤਲਾਸ਼ ਜਾਰੀ ਹੈ।

ਰਿਜਾਇਨਾ ਦੇ  ਪੁਲਿਸ ਮੁਖੀ ਇਵਾਨ ਬਰੇ ਨੇ ਟਵਿੱਟਰ 'ਤੇ ਇੱਕ ਵੀਡੀਓ ਬਿਆਨ ਜਾਰੀ ਕਰਦਿਆਂ ਕਿਹਾ ਕਿ ਸ਼ੱਕੀ ਅਜੇ ਵੀ ਫ਼ਰਾਰ ਹੈ ਅਤੇ ਉਹਨਾਂ ਦੇ ਸ਼ਹਿਰ ਵਿੱਚ ਹੋਣ ਦੀ ਸੰਭਾਵਨਾ ਹੈ।

ਬਰੇ ਨੇ ਕਿਹਾ ਦੋਸ਼ੀਆਂ ਦੇ ਹਿਰਾਸਤ ਵਿੱਚ ਲਏ ਜਾਣ ਤੱਕ ਸਰਗਰਮੀ ਨਾਲ ਜਾਂਚ ਜਾਰੀ ਰਹੇਗੀ I

ਅਰਸੀਐਮਪੀ ਅਧਿਕਾਰੀ ਰੌਂਡਾ ਬਲੈਕਮੋਰ ਨੇ ਕਿਹਾ ਕਿ ਉਕਤ ਵਿਅਕਤੀਆਂ ਨੇ ਮਿੱਥ ਕੇ ਅਤੇ ਰੈਂਡਮ ਤਰੀਕੇ ਨਾਲ ਲੋਕਾਂ 'ਤੇ ਹਮਲਾ ਕੀਤਾ I 

ਪੁਲਿਸ ਨੇ ਜੇਮਜ਼ ਸਮਿਥ ਕ੍ਰੀ ਨੇਸ਼ਨ ਕਮਿਊਨਿਟੀ ਵਿੱਚ ਐਮਰਜੈਂਸੀ ਐਲਾਨ ਦਿੱਤੀ ਹੈ I 

ਪ੍ਰਧਾਨ ਮੰਤਰੀ ਅਤੇ ਸਸਕੈਚਵਨ ਪ੍ਰੀਮੀਅਰ ਵੱਲੋਂ ਦੁੱਖ ਦਾ ਪ੍ਰਗਟਾਵਾ

ਵੱਖ ਵੱਖ ਸਿਆਸੀ ਨੇਤਾਵਾਂ ਵੱਲੋਂ ਇਸ ਘਟਨਾ 'ਤੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ I

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਟਵੀਟ ਕਰ ਕਿਹਾ ਸਸਕੈਚਵਨ 'ਚ ਹੋਏ ਹਮਲੇ ਭਿਆਨਕ ਅਤੇ ਦਿਲ ਦਹਿਲਾਉਣ ਵਾਲੇ ਹਨ। ਮੈਂ ਉਨ੍ਹਾਂ ਲੋਕਾਂ ਬਾਰੇ ਸੋਚ ਰਿਹਾ ਹਾਂ, ਜਿਨ੍ਹਾਂ ਨੇ ਆਪਣੇ ਕਿਸੇ ਅਜ਼ੀਜ਼ ਨੂੰ ਗੁਆ ਦਿੱਤਾ ਹੈ ਅਤੇ ਜੋ ਜ਼ਖਮੀ ਹੋਏ ਹਨ I

ਸਸਕੈਚਵਨ ਪ੍ਰੀਮੀਅਰ ਸਕਾਟ ਮੋ ਨੇ ਪੁਲਿਸ ਅਤੇ ਜ਼ਖਮੀਆਂ ਦਾ ਇਲਾਜ਼ ਕਰਨ ਵਾਲੇ ਸਿਹਤ ਕਰਮਚਾਰੀਆਂ ਦਾ ਧੰਨਵਾਦ ਕੀਤਾ I ਉਹਨਾਂ ਨੇ ਪੀੜਤਾਂ ਦੇ ਦੋਸਤਾਂ ਅਤੇ ਪਰਿਵਾਰ ਨਾਲ ਹਮਦਰਦੀ ਵੀ ਪ੍ਰਗਟ ਕੀਤੀ।

ਸਕਾਟ ਮੋ ਨੇ ਟਵੀਟ ਕਰ ਕਿਹਾ ਇਸ ਹਮਲੇ ਕਾਰਨ ਦਰਦ ਅਤੇ ਨੁਕਸਾਨ ਨੂੰ ਉਚਿਤ ਰੂਪ ਵਿੱਚ ਬਿਆਨ ਕਰਨ ਲਈ ਕੋਈ ਸ਼ਬਦ ਨਹੀਂ ਹਨ। ਅਸੀਂ ਇਸ ਦੁੱਖ ਦੀ ਘੜੀ ਵਿੱਚ ਪ੍ਰੋਵਿੰਸ ਨਿਵਾਸੀਆਂ ਨਾਲ ਹਾਂ I

ਸੀਬੀਸੀ ਨਿਊਜ਼
ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ