- ਮੁੱਖ ਪੰਨਾ
- ਰਾਜਨੀਤੀ
- ਪ੍ਰਾਂਤਿਕ ਰਾਜਨੀਤੀ
ਕਿਊਬੈਕ ਚੋਣਾਂ : ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਸ਼ੁਰੂ
3 ਅਕਤੂਬਰ ਨੂੰ ਪੈਣਗੀਆਂ ਵੋਟਾਂ

ਬਹੁਮਤ ਹਾਸਲ ਕਰਨ ਲਈ ਕਿਸੇ ਪਾਰਟੀ ਦੇ ਘੱਟੋ-ਘੱਟ 63 ਐਮਐਲਏ ਚੁਣੇ ਜਾਣੇ ਚਾਹੀਦੇ ਹਨ।
ਤਸਵੀਰ: The Canadian Press
ਕਿਊਬੈਕ ਵਿੱਚ 3 ਅਕਤੂਬਰ ਨੂੰ ਹੋਣ ਜਾ ਰਹੀਆਂ 43ਵੀਂਆਂ ਪ੍ਰੋਵਿੰਸ਼ੀਅਲ ਚੋਣਾਂ ਲਈ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ I
ਕੋਲਿਸ਼ਨ ਐਵੀਨਾਰ ਕਿਊਬੈਕ ਦੇ ਲੀਡਰ ਫ਼੍ਰੈਂਸੁਆ ਲਿਗੋਅ ਵੱਲੋਂ ਲੈਫਟੀਨੈਂਟ-ਗਵਰਨਰ ਨਾਲ ਮੁਲਾਕਾਤ ਤੋਂ ਬਾਅਦ ਲਜਿਸਲੇਚਰ ਨੂੰ ਭੰਗ ਕੇ ਦਿੱਤਾ ਗਿਆ I
ਪ੍ਰੋਵਿੰਸ ਦੇ ਸ਼ਹਿਰਾਂ ਵਿੱਚ ਚੋਣ ਪ੍ਰਚਾਰ ਲਈ ਹੋਰਡਿੰਗ ਲੱਗ ਚੁੱਕੇ ਹਨ I ਇਹ ਚੋਣ ਮੁਹਿੰਮ ਕਰੀਬ 5 ਹਫ਼ਤੇ ਤੱਕ ਚੱਲੇਗੀ I
ਕਿਊਬੈਕ ਲਿਬਰਲਜ਼ ਅਤੇ ਫ਼੍ਰੈਂਸੁਆ ਲਿਗੋਅ ਦੀ ਕੋਲਿਸ਼ਨ ਐਵੀਨਾਰ ਕਿਊਬੈਕ ਪਾਰਟੀ ਵੱਲੋਂ ਐਤਵਾਰ ਨੂੰ ਪ੍ਰੈਸ ਵਾਰਤਾ ਕਰਨ ਆਪੋ ਆਪਣੀ ਚੋਣ ਮੁਹਿੰਮ ਦਾ ਐਲਾਨ ਕੀਤਾ ਗਿਆ I
ਪਾਰਟੀ ਕਿਊਬੈਕਵਾ ਦੇ ਨੇਤਾ ਪੌਲ ਸੇਂਟ-ਪੀਅਰ ਪਲਾਮੌਂਡਨ ਨੇ ਮੌਂਟਰੀਅਲ 'ਚ ਜਨਤਾ ਨਾਲ ਰਾਬਤਾ ਕੀਤਾ ਅਤੇ ਕੰਜ਼ਰਵੇਟਿਵ ਪਾਰਟੀ ਆਫ ਕਿਊਬੈਕ ਦੇ ਲੀਡਰ ਐਰਿਕ ਦੁਹਾਈਮ ਵੱਲੋਂ ਵੋਟਰਾਂ ਨਾਲ ਸੰਪਰਕ ਸਾਧਿਆ ਗਿਆ I

ਕੰਜ਼ਰਵੇਟਿਵ ਪਾਰਟੀ ਆਫ ਕਿਊਬੈਕ ਦੇ ਲੀਡਰ ਐਰਿਕ ਦੁਹਾਈਮ ਚੋਣ ਪ੍ਰਚਾਰ ਦੌਰਾਨ
ਤਸਵੀਰ: Radio-Canada
ਕਿਊਬੈਕ ਸੌਲੀਡੇਅਰ ਪਾਰਟੀ ਵੱਲੋਂ ਸੇਂਟ-ਫ੍ਰੈਂਕੋਇਸ ਰਾਈਡਿੰਗ ਵਿੱਚ ਚੋਣ ਪ੍ਰਚਾਰ ਕੀਤਾ ਗਿਆ I
ਹਾਲ ਵਿੱਚ ਹੀ ਸਾਰੀਆਂ ਪ੍ਰਮੁੱਖ ਪਾਰਟੀਆਂ ਦੇ ਨੇਤਾਵਾਂ ਨੇ ਉਮੀਦਵਾਰਾਂ ਦੇ ਨਾਮ ਜਾਰੀ ਕਰਨ ਦੇ ਨਾਲ ਨਾਲ ਵੱਖ ਵੱਖ ਚੋਣ ਵਾਅਦੇ ਕੀਤੇ ਹਨ।
ਆਰਥਿਕਤਾ ਦਾ ਮੁੱਦਾ
ਚੋਣ ਪ੍ਰਚਾਰ ਦੌਰਾਨ ਆਰਥਿਕਤਾ ਦਾ ਮੁੱਦਾ ਪ੍ਰਮੁੱਖ ਮੁੱਦਿਆਂ 'ਚੋਂ ਇੱਕ ਹੈ I ਲਿਬਰਲ ਲੀਡਰ ਡੋਮਿਨਿਕ ਐਂਗਲੇਡ ਨੇ ਕਿਹਾ ਕਿ ਅਰਥਵਿਵਸਥਾ ਚੋਣਾਂ ਦੌਰਾਨ ਪ੍ਰਮੁੱਖ ਮੁੱਦਾ ਰਹੇਗਾ ਅਤੇ ਉਹਨਾਂ ਦੋਸ਼ ਲਗਾਇਆ ਕਿ ਕੋਲਿਸ਼ਨ ਐਵੀਨਾਰ ਕਿਊਬੈਕ ਦੁਆਰਾ ਪ੍ਰੋਵਿੰਸ ਦੀ ਆਰਥਿਕਤਾ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ।
ਉਹਨਾਂ ਕਿਹਾ ਕਿਸੇ ਵੀ ਸੂਬਾ ਨਿਵਾਸੀ ਨੂੰ ਸਵਾਲ ਕਰੋ ਕਿ ਕੀ ਉਹ ਅੱਜ ਚਾਰ ਸਾਲ ਪਹਿਲਾਂ ਨਾਲੋਂ ਬਿਹਤਰ ਹਨ ਅਤੇ ਉਹ ਇਸ ਸਵਾਲ ਦਾ ਜਵਾਬ ਨਾ 'ਚ ਦੇਣਗੇ I
ਉਧਰ ਇਕ ਪ੍ਰੈਸ ਵਾਰਤਾ ਦੌਰਾਨ , ਫ਼੍ਰੈਂਸੁਆ ਲਿਗੋਅ ਨੇ ਕਿਹਾ ਕਿ ਉਹਨਾਂ ਨੂੰ ਪ੍ਰੋਵਿੰਸ ਦੀ ਆਰਥਿਕਤਾ 'ਤੇ ਮਾਣ ਹੈ ਪਰ ਉਨ੍ਹਾਂ ਨੇ ਮੰਨਿਆ ਕਿ ਮਹਿੰਗਾਈ , ਵੋਟਰਾਂ ਦੀ ਵੱਡੀ ਚਿੰਤਾ ਹੈ I
ਲਿਗੋਅ ਨੇ ਕਿਹਾ ਕਿਊਬੈਕ ਵਿੱਚ ਤਨਖਾਹਾਂ ਕਦੇ ਵੀ ਐਨੀ ਤੇਜ਼ੀ ਨਾਲ ਨਹੀਂ ਵਧੀਆਂ I ਅਸੀਂ ਇਸ ਗੱਲ ਨਾਲ ਸਹਿਮਤ ਹੋ ਸਕਦੇ ਹਾਂ ਕਿ ਸਾਡੇ ਕਰਮਚਾਰੀਆਂ ਲਈ ਇਸ ਸਮੇਂ ਕੁਝ ਚੰਗਾ ਹੈ I
ਹੈਲਥ , ਹਾਊਸਿੰਗ ਅਤੇ ਕਲਾਈਮੇਟ ਚੇਂਜ਼
ਕਿਊਬੈਕ ਸੌਲੀਡੇਅਰ ਪਾਰਟੀ ਆਪਣੇ ਆਪ ਨੂੰ ਕੋਲਿਸ਼ਨ ਐਵੀਨਾਰ ਕਿਊਬੈਕ ਦੀ ਮੁੱਖ ਵਿਰੋਧੀ ਪਾਰਟੀ ਵਜੋਂ ਦਰਸਾ ਰਹੀ ਹੈ I
ਪਾਰਟੀ ਦੇ ਗੈਬਰੀਅਲ ਨਡੇਉ-ਡੁਬੋਇਸ ਦਾ ਕਹਿਣਾ ਹੈ ਕਿ ਪ੍ਰੋਵਿੰਸ ਨਿਵਾਸੀਆਂ ਲਈ ਕਲਾਈਮੇਟ ਚੇਂਜ਼ ਦੇ ਮੁੱਦੇ 'ਤੇ ਆਪਣਾ ਫ਼ਤਵਾ ਦੇਣ ਦਾ ਇਹ ਆਖ਼ਰੀ ਮੌਕਾ ਹੈ I
ਗੈਬਰੀਅਲ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਹਾਊਸਿੰਗ ਅਤੇ ਆਵਾਜਾਈ ਦੇ ਸੰਕਟ ਨੂੰ ਹੱਲ ਕਰਨ ਲਈ ਇਕ ਬਿਹਤਰੀਨ ਪਲੇਟਫ਼ਾਰਮ ਪੇਸ਼ ਕਰੇਗੀ I

ਕਿਊਬੇਕ ਸੌਲੀਡੇਅਰ ਪਾਰਟੀ ਆਪਣੇ ਆਪ ਨੂੰ ਕੋਲਿਸ਼ਨ ਐਵੀਨਾਰ ਕਿਊਬੈਕ ਦੀ ਮੁੱਖ ਵਿਰੋਧੀ ਪਾਰਟੀ ਵਜੋਂ ਦਰਸਾ ਰਹੀ ਹੈ I
ਤਸਵੀਰ: Matt D'Amours/CBC
ਕੋਲਿਸ਼ਨ ਐਵੀਨਾਰ ਕਿਊਬੈਕ ਕੋਲ ਵਰਤਮਾਨ ਵਿੱਚ 76 ਐਮਐਲਏ ਹਨ I 27 ਐਮਐਲਏ ਲਿਬਰਲ ਨਾਲ ਸੰਬੰਧਿਤ ਹਨ ਅਤੇ ਪਾਰਟੀ ਕਿਊਬੈਕਵਾ ਕੋਲ 7 ਐਮਐਲਏ ਹਨ I ਇਕ ਐਮਐਲਏ ਕੰਜ਼ਰਵੇਟਿਵ ਅਤੇ 10 ਕਿਊਬੈਕ ਸੌਲੀਡੇਅਰ ਪਾਰਟੀ ਦੇ ਹਨ I ਕਿਊਬੈਕ ਵਿੱਚ 4 ਐਮਐਲਏ ਆਜ਼ਾਦ ਹਨ I
ਬਹੁਮਤ ਹਾਸਲ ਕਰਨ ਲਈ ਕਿਸੇ ਪਾਰਟੀ ਦੇ ਘੱਟੋ-ਘੱਟ 63 ਐਮਐਲਏ ਚੁਣੇ ਜਾਣੇ ਚਾਹੀਦੇ ਹਨ। ਕੋਲਿਸ਼ਨ ਐਵੀਨਾਰ ਕਿਊਬੈਕ ਨੇ 2018 ਵਿੱਚ 74 ਸੀਟਾਂ ਜਿੱਤੀਆਂ ਸਨ ।
ਹੋਲੀ ਕਾਬਰੇਰਾ , ਵੈਰਿਟੀ ਸਟੀਵਨਸਨ ਸੀਬੀਸੀ ਨਿਊਜ਼
ਪੰਜਾਬੀ ਅਨੁਵਾਦ ਸਰਬਮੀਤ ਸਿੰਘ