- ਮੁੱਖ ਪੰਨਾ
- ਰਾਜਨੀਤੀ
- ਪ੍ਰਾਂਤਿਕ ਰਾਜਨੀਤੀ
ਕਿਊਬੈਕ ’ਚ 3 ਅਕਤੂਬਰ ਨੂੰ ਹੋਣਗੀਆਂ ਪ੍ਰੋਵਿੰਸ਼ੀਅਲ ਚੋਣਾਂ
ਕਿਊਬੈਕ ਪ੍ਰੀਮੀਅਰ ਫ਼੍ਰੈਂਸੁਆ ਲਿਗੋਅ ਨੂੰ ਮੁੜ ਸੱਤਾ 'ਚ ਆਉਣ ਦੀ ਉਮੀਦ

ਪ੍ਰੀਮੀਅਰ ਫ਼੍ਰੈਂਸੁਆ ਲਿਗੋਅ
ਤਸਵੀਰ: Radio-Canada
ਕਿਊਬੈਕ ਵਿੱਚ ਪ੍ਰੋਵਿੰਸ਼ੀਅਲ ਚੋਣਾਂ 3 ਅਕਤੂਬਰ ਨੂੰ ਹੋਣ ਜਾ ਰਹੀਆਂ ਹਨ I ਸਿਆਸੀ ਪਾਰਟੀਆਂ ਐਤਵਾਰ ਨੂੰ ਅਧਿਕਾਰਿਤ ਤੌਰ 'ਤੇ ਆਪਣੀ ਚੋਣ ਮੁਹਿੰਮ ਦਾ ਐਲਾਨ ਕਰਨਗੀਆਂ I
ਕੋਲਿਸ਼ਨ ਐਵੀਨਾਰ ਕਿਊਬੈਕ ਦੇ ਲੀਡਰ ਅਤੇ ਕਿਊਬੈਕ ਪ੍ਰੀਮੀਅਰ ਫ਼੍ਰੈਂਸੁਆ ਲਿਗੋਅ ਵੱਲੋਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਪਾ ਇਸਦਾ ਐਲਾਨ ਕੀਤਾ I
ਪ੍ਰੀਮੀਅਰ ਫ਼੍ਰੈਂਸੁਆ ਲਿਗੋਅ ਨੇ ਕਿਹਾ ਮੈਂ ਸਾਰੇ ਉਮੀਦਵਾਰਾਂ ਲਈ ਇੱਕ ਚੰਗੀ ਮੁਹਿੰਮ ਦੀ ਕਾਮਨਾ ਕਰਨਾ ਕਰਦਾ ਹਾਂ I
ਨਿਯਮਾਂ ਮੁਤਾਬਿਕ ਕਿਊਬੈਕ ਵਿੱਚ ਚੋਣਾਂ 4 ਸਾਲ ਦੇ ਵਕਫ਼ੇ ਬਾਅਦ ਅਕਤੂਬਰ ਦੇ ਪਹਿਲੇ ਸੋਮਵਾਰ ਹੁੰਦੀਆਂ ਹਨI ਚੋਣ ਮੁਹਿੰਮ ਲਈ 33 ਤੋਂ 39 ਦਿਨ ਰੱਖੇ ਜਾਂਦੇ ਹਨ I ਇਹਨਾਂ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਨੂੰ ਪ੍ਰਚਾਰ ਲਈ 36 ਦਿਨ ਮਿਲਣਗੇ I
ਐਤਵਾਰ ਨੂੰ ਪ੍ਰੀਮੀਅਰ ਫ਼੍ਰੈਂਸੁਆ ਲਿਗੋਅ , ਲੈਫਟੀਨੈਂਟ-ਗਵਰਨਰ ਮਿਸ਼ੇਲ ਡੋਯੋਨ ਨੂੰ ਮਿਲ ਕੇ ਲਜਿਸਲੇਚਰ ਨੂੰ ਭੰਗ ਕਰਨ ਅਤੇ ਆਮ ਚੋਣਾਂ ਕਰਾਉਣ ਲਈ ਕਹਿਣਗੇ।
ਹਾਲਾਂਕਿ ਚੋਣ ਮੁਹਿੰਮ ਅਧਿਕਾਰਤ ਤੌਰ 'ਤੇ ਲੈਫਟੀਨੈਂਟ-ਗਵਰਨਰ ਦੇ ਇਸ ਐਲਾਨ ਤੋਂ ਬਾਅਦ ਸ਼ੁਰੂ ਹੋਵੇਗੀ , ਪਰ ਸਿਆਸੀ ਪਾਰਟੀਆਂ ਵੱਲੋਂ ਕੁਝ ਹਫਤਿਆਂ ਤੋਂ ਸੋਸ਼ਲ ਮੀਡੀਆ 'ਤੇ ਸੰਦੇਸ਼ ਪ੍ਰਸਾਰਿਤ ਕੀਤੇ ਜਾ ਰਹੇ ਹਨ I
ਲਿਬਰਲ ਅਤੇ ਕੰਜ਼ਰਵੇਟਿਵ ਦੋਵਾਂ ਨੇ ਆਪਣੇ ਪ੍ਰਚਾਰ ਪਲੇਟਫਾਰਮਾਂ ਦਾ ਖੁਲਾਸਾ ਕੀਤਾ ਹੈ ਅਤੇ ਹੋਰ ਪਾਰਟੀਆਂ ਨੇ ਪਿਛਲੇ ਹਫ਼ਤੇ ਆਪਣੇ ਨਾਅਰੇ ਜਾਰੀ ਕੀਤੇ ਸਨ।
ਕਿਊਬੈਕ ਵਿੱਚ ਵਰਤਮਾਨ ਵਿੱਚ 25 ਅਧਿਕਾਰਤ ਸਿਆਸੀ ਪਾਰਟੀਆਂ ਹਨ। 2018 ਵਿੱਚ ਕੋਲਿਸ਼ਨ ਐਵੀਨਾਰ ਕਿਊਬੈਕ , ਲਿਬਰਲ , ਪਾਰਟੀ ਕਿਊਬੈਕਵਾ ਅਤੇ ਕਿਊਬੈਕ ਸੌਲੀਡੇਅਰ ਪਾਰਟੀ ਦੇ ਉਮੀਦਵਾਰ ਚੁਣੇ ਗਏ ਸਨ I
ਕੋਲਿਸ਼ਨ ਐਵੀਨਾਰ ਕਿਊਬੈਕ ਕੋਲ ਵਰਤਮਾਨ ਵਿੱਚ 76 ਐਮਐਲਏ ਹਨ I 27 ਐਮਐਲਏ ਲਿਬਰਲ ਨਾਲ ਸੰਬੰਧਿਤ ਹਨ ਅਤੇ ਪਾਰਟੀ ਕਿਊਬੈਕਵਾ ਕੋਲ 7 ਐਮਐਲਏ ਹਨ I ਇਕ ਐਮਐਲਏ ਕੰਜ਼ਰਵੇਟਿਵ ਅਤੇ 10 ਕਿਊਬੈਕ ਸੌਲੀਡੇਅਰ ਪਾਰਟੀ ਦੇ ਹਨ I ਕਿਊਬੈਕ ਵਿੱਚ 4 ਐਮਐਲਏ ਆਜ਼ਾਦ ਹਨ I
ਇਨ੍ਹਾਂ 125 ਸਿਆਸਤਦਾਨਾਂ ਵਿੱਚੋਂ 34 ਨੇ ਮੁੜ ਚੋਣ ਨਾ ਲੜਨ ਦਾ ਐਲਾਨ ਕੀਤਾ ਹੈ। ਕਿਸੇ ਵੀ ਪਾਰਟੀ ਨੇ ਆਪਣੇ ਸਾਰੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ।
ਬਹੁਮਤ ਹਾਸਲ ਕਰਨ ਲਈ ਕਿਸੇ ਪਾਰਟੀ ਦੇ ਘੱਟੋ-ਘੱਟ 63 ਐਮਐਲਏ ਚੁਣੇ ਜਾਣੇ ਚਾਹੀਦੇ ਹਨ। ਕੋਲਿਸ਼ਨ ਐਵੀਨਾਰ ਕਿਊਬੈਕ ਨੇ 2018 ਵਿੱਚ 74 ਸੀਟਾਂ ਜਿੱਤੀਆਂ ਸਨ ।
ਕਿਊਬੈਕ ਚੋਣਾਂ ਵਿੱਚ ਵੋਟ ਫ਼ੀਸਦ ਲਗਾਤਾਰ ਘਟਦੀ ਜਾ ਰਹੀ ਹੈ I 2012 'ਚ ਵੋਟਿੰਗ ਦਰ 74I6 ਪ੍ਰਤੀਸ਼ਤ ਸੀ ਜੋ ਕਿ 2014 'ਚ 71.44 ਪ੍ਰਤੀਸ਼ਤ ਰਹਿ ਗਈ I 2018 ਦੌਰਾਨ ਇਹ ਹੋਰ ਘੱਟ ਕੇ 66.45 ਫ਼ੀਸਦੀ ਹੋ ਗਈ I
ਸੀਬੀਸੀ ਨਿਊਜ਼ , ਰੇਡੀਓ ਕੈਨੇਡਾ ਤੋਂ ਪ੍ਰਾਪਤ ਫ਼ਾਈਲਜ਼ ਅਨੁਸਾਰ
ਪੰਜਾਬੀ ਅਨੁਵਾਦ ਸਰਬਮੀਤ ਸਿੰਘ