1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਹੈਲਥ ਕੇਅਰ ਸਿਸਟਮ ‘ਚ ਸਥਿਰਤਾ ਲਿਆਉਣ ਲਈ ਓਨਟੇਰਿਓ ਸਰਕਾਰ ਐਲਾਨੇਗੀ ਯੋਜਨਾ

ਪ੍ਰੀਮੀਅਰ ਫ਼ੋਰਡ ਨੇ ਕਿਹਾ ਕਿ ਸਰਕਾਰ ਹਰੇਕ ਵਿਕਲਪ ‘ਤੇ ਵਿਚਾਰ ਕਰ ਰਹੀ ਹੈ, ਜਿਸ 'ਚ ਪ੍ਰਾਈਵੇਟ ਸੈਕਟਰ ਦੀ ਸ਼ਮੂਲੀਅਤ ਦਾ ਵੀ ਵਿਕਲਪ ਹੈ

ਓਨਟੇਰਿਓ ਦੀ ਹੈਲਥ ਮਿਨਿਸਟਰ ਸਿਲਵੀਆ ਜੋਨਜ਼

ਓਨਟੇਰਿਓ ਦੀ ਹੈਲਥ ਮਿਨਿਸਟਰ ਸਿਲਵੀਆ ਜੋਨਜ਼

ਤਸਵੀਰ: La Presse canadienne / Frank Gunn

RCI

ਹੈਲਥ-ਕੇਅਰ ਸਿਸਟਮ ਨੂੰ ਸਥਿਰ ਕਰਨ ਦੇ ਉਦੇਸ਼ ਨਾਲ ਅੱਜ ਓਨਟੇਰਿਓ ਸਰਕਾਰ ਇੱਕ ਨਵੀਂ ਯੋਜਨਾ ਦਾ ਐਲਾਨ ਕਰ ਰਹੀ ਹੈ ਕਿਉਂਕਿ ਇਸ ਸਮੇਂ ਪੂਰੇ ਸੂਬੇ ਦੇ ਹਸਪਤਾਲ ਸਟਾਫ਼ ਦੀ ਘਾਟ ਦੀ ਚੁਣੌਤੀ ਨਾਲ ਜੂਝ ਰਹੇ ਹਨ।

ਹੈਲਥ ਮਿਨਿਸਟਰ ਸਿਲਵੀਆ ਜੋਨਜ਼ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਸੂਬੇ ਦਾ ਟੀਚਾ ਮਰੀਜ਼ਾਂ ਨੂੰ ਸਭ ਤੋਂ ਬਿਹਤਰ ਦੇਖਭਾਲ ਪ੍ਰਦਾਨ ਕਰਨਾ ਹੈ।

ਪਿਛਲੇ ਹਫ਼ਤੇ, ਜੋਨਜ਼ ਅਤੇ ਪ੍ਰੀਮੀਅਰ ਡਗ ਫ਼ੋਰਡ ਨੇ ਕਿਹਾ ਸੀ ਕਿ ਸੂਬਾ ਸਰਕਾਰ ਹੈਲਥ-ਕੇਅਰ ਸਿਸਟਮ ਨੂੰ ਬਿਹਤਰ ਬਣਾਉਣ ਲਈ ਸਾਰੇ ਵਿਕਲਪਾਂ 'ਤੇ ਵਿਚਾਰ ਕਰ ਰਹੀ ਹੈ, ਅਤੇ ਉਹਨਾਂ ਨੇ ਪ੍ਰਾਈਵੇਟ-ਸੈਕਟਰ ਦੀ ਸ਼ਮੂਲੀਅਤ ਤੋਂ ਵੀ ਇਨਕਾਰ ਨਹੀਂ ਕੀਤਾ ਸੀ। ਹਾਲਾਂਕਿ ਉਨ੍ਹਾਂ ਨੇ ਕਿਹਾ ਸੀ ਕਿ ਓਨਟੇਰੀਓ ਵਾਸੀਆਂ ਨੂੰ ਕਿਸੇ ਵੀ ਚੀਜ਼ ਲਈ ਭੁਗਤਾਨ ਨਹੀਂ ਕਰਨਾ ਪਵੇਗਾ।

ਪੂਰੇ ਓਨਟੇਰੀਓ ਵਿੱਚ ਹਸਪਤਾਲਾਂ ਦੇ ਐਮਰਜੈਂਸੀ ਵਿਭਾਗ ਨਰਸਾਂ ਦੀ ਭਾਰੀ ਘਾਟ ਕਾਰਨ ਕਈ ਘੰਟਿਆਂ ਜਾਂ ਦਿਨਾਂ ਲਈ ਬੰਦ ਹੋਏ ਹਨ।

ਜੋਨਜ਼ ਨੇ ਕਿਹਾ ਕਿ ਉਹ ਸਮੱਸਿਆਵਾਂ ਨਾਲ ਜੂਝ ਰਹੇ ਹੈਲਥ ਕੇਅਰ ਸਿਸਟਮ ਨੂੰ ਦੁਰੁਸਤ ਕਰਨ ਲਈ ਨਿਧੜਕ ਅਤੇ ਨਵੇਂ ਰਾਹ ਤਲਾਸ਼ ਰਹੇ ਹਨ। ਉਹਨਾਂ ਕਿਹਾ ਕਿ ਨਵੀਂ ਯੋਜਨਾ ਦਾ ਇੱਕ ਹਿਸਾ ਇੱਕ ਪਾਇਲਟ ਪ੍ਰੋਗਰਾਮ ਦਾ ਵਿਸਤਾਰ ਕਰੇਗਾ, ਜਿਸ ਅਧੀਨ ਪੈਰਾਮੈਡਿਕਸ ਨੂੰ ਹਰੇਕ ਕਾਲ ‘ਤੇ ਮਰੀਜ਼ਾਂ ਨੂੰ ER (ਐਮਰਜੈਂਸੀ) ਤੱਕ ਲਿਜਾਣ ਦੀ ਜ਼ਰੂਰਤ ਨਹੀਂ ਹੋਵੇਗੀ।

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ