1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਕੈਨੇਡਾ ਵੱਲੋਂ ਚਾਰ ਹੋਰ ਸ਼ਹਿਰਾਂ ਵਿਚ ਦਿੱਤੀ ਜਾਵੇਗੀ ਪਾਸਪੋਰਟ ਪਿਕ-ਅਪ ਸਰਵਿਸ

250,000 ਤੋਂ ਵੱਧ ਪਾਸਪੋਰਟ ਅਰਜ਼ੀਆਂ ਪ੍ਰੋਸੈਸ ਹੋਣੀਆਂ ਬਾਕੀ

21 ਜੂਨ 2022 ਨੂੰ ਕਿਊਬੈਕ ਦੇ ਲਵੈਲ ਵਿਚ ਸਥਿਤ ਪਾਸਪੋਰਟ ਦਫ਼ਤਰ ਦੇ ਬਾਹਰ ਲੱਗੀਆਂ ਲਾਈਨਾਂ ਦਾ ਦ੍ਰਿਸ਼।

21 ਜੂਨ 2022 ਨੂੰ ਕਿਊਬੈਕ ਦੇ ਲਵੈਲ ਵਿਚ ਸਥਿਤ ਪਾਸਪੋਰਟ ਦਫ਼ਤਰ ਦੇ ਬਾਹਰ ਲੱਗੀਆਂ ਲਾਈਨਾਂ ਦਾ ਦ੍ਰਿਸ਼।

ਤਸਵੀਰ: (Ryan Remiorz/Canadian Press)

RCI

ਕਈ ਮਹੀਨਿਆਂ ਤੋਂ ਪਾਸਪੋਰਟ ਦਫ਼ਤਰਾਂ ਵਿਚ ਚਲ ਰਹੀ ਦੇਰੀ ਅਤੇ ਵੱਡੇ ਬੈਕਲੌਗ ਦੇ ਮੱਦੇਨਜ਼ਰ, ਫ਼ੈਡਰਲ ਸਰਕਾਰ ਨੇ ਚਾਰ ਨਵੀਆਂ ਪਾਸਪੋਰਟ ਲੋਕੇਸ਼ਨਾਂ ‘ਤੇ ਪਿਕ-ਅਪ ਸਰਵਿਸ ਪ੍ਰਦਾਨ ਕਰਨ ਦੀ ਯੋਜਨਾ ਉਲੀਕੀ ਹੈ।

ਨਵੀਂ ਪਿਕ-ਅਪ ਸਰਵਿਸ ਕਿਊਬੈਕ ਦੇ ਟ੍ਰੋਆ-ਰਿਵੈਰੇ, ਓਨਟੇਰਿਓ ਦੇ ਸੌ ਸੇਂਟ ਮੈਰੀ, ਪੀ.ਈ.ਆਈ. ਦੇ ਸ਼ਾਰਲੇਟਾਊਨ ਅਤੇ ਐਲਬਰਟਾ ਦੇ ਰੈਡ ਡੀਅਰ ਵਿਚ ਉਪਲਬਧ ਹੋਵੇਗੀ।

ਪਾਸਪੋਰਟ ਪ੍ਰਣਾਲੀ ਲਈ ਜ਼ਿੰਮੇਵਾਰ ਮਿਨਿਸਟਰ, ਕਰੀਨਾ ਗੋਲਡ ਨੇ ਟ੍ਰੋਆ-ਰਿਵੈਰਾ ਵਿਚ ਆਯੋਜਿਤ ਇੱਕ ਨਿਊਜ਼ ਕਾਨਫ਼੍ਰੰਸ ਦੌਰਾਨ ਕਿਹਾ ਕਿ ਉਕਤ ਲੋਕੇਸ਼ਨਾਂ ‘ਤੇ ਪਾਸਪੋਰਟ ਅਰਜ਼ੀਆਂ ਦੇਣ ਵਾਲੇ ਲੋਕ 10 ਦਿਨਾਂ ਵਿਚ ਆਪਣਾ ਪਾਸਪੋਰਟ (ਪਿਕ-ਅਪ) ਪ੍ਰਾਪਤ ਕਰ ਸਕਦੇ ਹਨ।

ਗੋਲਡ ਨੇ ਦੱਸਿਆ ਕਿ ਫ਼ੈਡਰਲ ਸਰਕਾਰ ਹਰੇਕ ਕੈਨੇਡੀਅਨ ਨੂੰ ਉਸਦੇ 50 ਕਿਲੋਮੀਟਰ ਦੇ ਦਾਇਰੇ ਦੇ ਅੰਦਰ ਪਾਸਪੋਰਟ ਸੇਵਾ ਪ੍ਰਦਾਨ ਕਰਨ ਦੇ ਮਕਸਦ ਨਾਲ ਅਜਿਹੀਆਂ 9 ਜਾਂ 10 ਹੋਰ ਲੋਕੇਸ਼ਨਾਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ ਜਿੱਥੇ 10 ਦਿਨਾਂ ਦੇ ਅੰਦਰ ਪਾਸਪੋਰਟ ਪਿਕ-ਅਪ ਕੀਤਾ ਜਾ ਸਕੇਗਾ।

ਸਰਕਾਰ ਨੂੰ ਇੰਨੀ ਮੰਗ ਦਾ ਅਨੁਮਾਨ ਨਹੀਂ ਸੀ: ਮਿਨਿਸਟਰ

ਪਿਛਲੇ ਕਈ ਮਹੀਨਿਆਂ ਤੋਂ ਕੈਨੇਡਾ ਦੇ ਪਾਸਪੋਰਟ ਦਫ਼ਤਰਾਂ ’ਤੇ ਪਾਸਪੋਰਟ ਬਣਵਾਉਣ ਅਤੇ ਰੀਨਿਊ ਕਰਵਾਉਣ ਵਾਲਿਆਂ ਦਾ ਇੰਨਾ ਘੜਮੱਸ ਨਜ਼ਰੀਂ ਪੈ ਰਿਹਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਤਾਂ ਇਸ ਸਥਿਤੀ ਨੂੰ ਅਵੀਕਾਰਨਯੋਗ ਤੱਕ ਆਖਿਆ ਸੀ।

ਕਈ ਥਾਂਵਾਂ ਤੋਂ ਤਾਂ ਲੋਕਾਂ ਦੇ ਇੱਕ ਰਾਤ ਪਹਿਲਾਂ ਹੀ ਲਾਈਨ ਵਿਚ ਲੱਗਣ ਦੀਆਂ ਰਿਪੋਰਟਾਂ ਵੀ ਮਿਲੀਆਂ ਹਨ।

ਪਾਸਪੋਰਟ ਅਰਜ਼ੀਆਂ ਪ੍ਰੋਸੈਸ ਕਰਨ ਵਾਲੇ ਅਦਾਰੇ ਸਰਵਿਸ ਕੈਨੇਡਾ ਨੇ ਇਸ ਸਾਲ ਦੇ ਸ਼ੁਰੂ ਵਿਚ ਹੀ ਆਗਾਹ ਕੀਤਾ ਸੀ ਕਿ ਅੰਤਰਰਾਸ਼ਟਰੀ ਯਾਤਰਾ ਮੁੜ ਸ਼ਰੂ ਹੋਣ ਤੋਂ ਬਾਅਦ ਅਰਜ਼ੀਆਂ ਵਿਚ ਬੇਤਹਾਸ਼ਾ ਵਾਧਾ ਹੋ ਸਕਦਾ ਹੈ।

ਮਿਨਿਸਟਰ ਔਫ਼ ਫ਼ੈਮਿਲੀਜ਼, ਚਿਲਡਰਨ ਐਂਡ ਸੋਸ਼ਲ ਡਿਵੈਲਪਮੈਂਟ, ਕਰੀਨਾ ਗੋਲਡ।

ਮਿਨਿਸਟਰ ਔਫ਼ ਫ਼ੈਮਿਲੀਜ਼, ਚਿਲਡਰਨ ਐਂਡ ਸੋਸ਼ਲ ਡਿਵੈਲਪਮੈਂਟ, ਕਰੀਨਾ ਗੋਲਡ।

ਤਸਵੀਰ: La Presse canadienne / Justin Tang

ਗੋਲਡ ਨੇ ਕਿਹਾ, ਸਾਨੂੰ ਪਤਾ ਸੀ ਕਿ ਰੋਕਾਂ ਹਟਣ ਤੋਂ ਬਾਅਦ ਪਾਸਪੋਰਟਾਂ ਦੀ ਮੰਗ ਵਿਚ ਵਾਧਾ ਹੋਵੇਗਾ, ਪਰ ਅਸੀਂ ਅੰਦਾਜ਼ਾ ਨਹੀਂ ਸੀ ਲਗਾਇਆ ਕਿ ਮੰਗ ਇਸ ਪੱਧਰ ਤੱਕ ਵਧ ਜਾਵੇਗੀ

ਇਸ ਸਪਰਿੰਗ ਸੀਜ਼ਨ ਪਾਸਪੋਰਟ ਦੀ ਮੰਗ ਦੇ ਸਿਖਰ ਵੇਲੇ, ਮਹਾਂਮਾਰੀ ਤੋਂ ਪਹਿਲਾਂ ਦੇ ਪੱਧਰ ਦੀ ਤੁਲਨਾ ਵਿਚ ਪਾਸਪੋਰਟ ਦੀਆਂ ਅਰਜ਼ੀਆਂ 40 ਗੁਣਾ ਵਧੇਰੇ ਸਨ।

ਗੋਲਡ ਨੇ ਕਿਹਾ ਕਿ ਹੁਣ ਸਥਿਤੀ ਵਿਚ ਅੱਛਾ ਖ਼ਾਸਾ ਸੁਧਾਰ ਹੋਇਆ ਹੈ, ਅਤੇ ਜੂਨ ਵਿਚ 281,055 ਅਰਜ਼ੀਆਂ ਪ੍ਰੋਸੈਸ ਕੀਤੀਆਂ ਗਈਆਂ ਸਨ, ਜੋ ਕਿ ਇਸ ਸਾਲ ਦਾ ਇੱਕ ਮਹੀਨੇ ਦਾ ਸਭ ਤੋਂ ਵੱਧ ਅੰਕੜਾ ਹੈ।

ਕੈਨੇਡਾ ਸਰਕਾਰ ਨੇ ਉਡੀਕ ਸਮਿਆਂ ਵਿਚ ਕਮੀ ਲਿਆਉਣ ਲਈ ਵਧੇਰੇ ਸਟਾਫ਼ ਭਰਤੀ ਕਰਨ ਦਾ ਵੀ ਤਹੱਈਆ ਪ੍ਰਗਟਾਇਆ ਹੈ।

ਪਰ ਇਹਨਾਂ ਕੋਸ਼ਿਸ਼ਾਂ ਅਤੇ ਵਾਅਦਿਆਂ ਦੇ ਬਾਵਜੂਦ, ਕੈਨੇਡੀਅਨਜ਼ ਨੂੰ ਪਾਸਪੋਰਟ ਪ੍ਰਾਪਤ ਕਰਨ ਵਿਚ ਮਹੀਨਿਆਂ ਬੱਧੀ ਸਮਾਂ ਲੱਗ ਰਿਹਾ ਹੈ। ਇਹਨਾਂ ਦੇਰੀਆਂ ਕਾਰਨ ਕੁਝ ਪਰਿਵਾਰਾਂ ਨੂੰ ਤਾਂ ਆਪਣੇ ਯਾਤਰਾ ਪਲਾਨ ਵੀ ਰੱਦ ਕਰਨੇ ਪਏ ਹਨ।

ਸਰਕਾਰ ਦੇ ਤਾਜ਼ਾ ਅੰਕੜਿਆਂ ਅਨੁਸਾਰ, 1 ਅਪ੍ਰੈਲ ਤੋਂ ਸਰਵਿਸ ਕੈਨੇਡਾ ਨੂੰ 1,092,560 ਅਰਜ਼ੀਆਂ ਦਿੱਤੀਆਂ ਗਈਆਂ ਹਨ, ਅਤੇ ਇਸ ਸਮੇਂ ਦੌਰਾਨ 748,784 ਪਾਸਪੋਰਟ ਜਾਰੀ ਕੀਤੇ ਗਏ ਹਨ।

ਨਿਕ ਬੋਇਸਵਰਟ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ