1. ਮੁੱਖ ਪੰਨਾ
  2. ਸਮਾਜ

ਕੈਨੇਡਾ ਵਿਚ ਅੰਗ੍ਰੇਜ਼ੀ ਅਤੇ ਫ਼੍ਰੈਂਚ ਤੋਂ ਵੱਖਰੀ ਭਾਸ਼ਾ ਬੋਲਣ ਵਾਲਿਆਂ ਦੀ ਗਿਣਤੀ ਵਿਚ ਰਿਕਾਰਡ ਵਾਧਾ

ਘਰਾਂ ਵਿਚ ਮੁੱਖ ਤੌਰ ‘ਤੇ ਪੰਜਾਬੀ ਬੋਲਣ ਵਾਲਿਆਂ ਦੀ ਤਾਦਾਦ 49 % ਵਧੀ

ਇਕੱਠ ਦੀ ਤਸਵੀਰ

ਔਟਵਾ ਵਿਚ ਪਾਰਲੀਮੈਂਟ ਦੇ ਬਾਹਰ ਵਲਿੰਗਟਨ ਸਟ੍ਰੀਟ 'ਤੇ 1 ਜੁਲਾਈ ਨੂੰ ਕੈਨੇਡਾ ਡੇਅ ਦੌਰਾ ਹੋਏ ਇਕੱਠ ਦੀ ਤਸਵੀਰ।

ਤਸਵੀਰ:  (Lars Hagberg/The Canadian Press)

RCI

ਬੁੱਧਵਾਰ ਨੂੰ ਜਾਰੀ ਹੋਏ ਨਵੇਂ ਜਨਗਣਨਾ ਦੇ ਅੰਕੜਿਆਂ ਅਨੁਸਾਰ, 2021 ਵਿੱਚ ਮੁੱਖ ਤੌਰ 'ਤੇ ਅੰਗਰੇਜ਼ੀ ਜਾਂ ਫ੍ਰੈਂਚ ਤੋਂ ਇਲਾਵਾ ਕੋਈ ਹੋਰ ਪਹਿਲੀ ਭਾਸ਼ਾ ਬੋਲਣ ਵਾਲੇ ਕੈਨੇਡੀਅਨਜ਼ ਦੀ ਸੰਖਿਆ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ।

ਸਟੈਟਿਸਟਿਕਸ ਕੈਨੇਡਾ ਅਨੁਸਾਰ, ਅੰਗ੍ਰੇਜ਼ੀ ਅਤੇ ਫ਼੍ਰੈਂਚ ਅਜੇ ਵੀ ਮੁੱਖ ਭਾਸ਼ਾਵਾਂ ਬਰਕਰਾਰ ਹਨ ਪਰ ਘਰਾਂ ਵਿਚ ਇਹਨਾਂ ਭਾਸ਼ਾਵਾਂ ਤੋਂ ਵੱਖਰੀ ਭਾਸ਼ਾ ਬੋਲਣ ਵਾਲਿਆਂ ਦੀ ਗਿਣਤੀ ਵਧ ਕੇ 4.6 ਮਿਲੀਅਨ ਹੋ ਗਈ ਹੈ, ਜੋ ਕਿ ਕੈਨੇਡੀਅਨ ਆਬਾਦੀ ਦਾ ਤਕਰੀਬਨ 13 ਫ਼ੀਸਦੀ ਹਿੱਸਾ ਹੈ।

ਹਰੇਕ ਚਾਰ ਵਿੱਚੋਂ ਇੱਕ ਕੈਨੇਡੀਅਨ ਨੇ ਆਪਣੀ ਪਹਿਲੀ ਭਾਸ਼ਾ ਅੰਗ੍ਰੇਜ਼ੀ ਜਾਂ ਫ਼੍ਰੈਂਚ ਤੋਂ ਵੱਖਰੀ ਦਰਜ ਕਰਵਾਈ ਹੈ।

ਇਹ ਵਾਧਾ ਮੁੱਖ ਤੌਰ 'ਤੇ ਹਿੰਦੀ ਅਤੇ ਪੰਜਾਬੀ ਸਮੇਤ ਦੱਖਣੀ ਏਸ਼ੀਆਈ (ਸਾਊਥ ਏਸ਼ੀਅਨ) ਭਾਸ਼ਾਵਾਂ ਬੋਲਣ ਵਾਲੇ ਕੈਨੇਡੀਅਨਾਂ ਦੀ ਗਿਣਤੀ ਵਿੱਚ ਵਾਧੇ ਕਾਰਨ ਹੋਇਆ ਹੈ।

ਇਸ ਤੋਂ ਇਲਾਵਾ, ਦਸਾਂ ਵਿੱਚੋਂ ਸੱਤ ਕੈਨੇਡੀਅਨਜ਼ ਜਿਨ੍ਹਾਂ ਦੀ ਪਹਿਲੀ ਭਾਸ਼ਾ ਅੰਗਰੇਜ਼ੀ ਜਾਂ ਫ੍ਰੈਂਚ ਤੋਂ ਇਲਾਵਾ ਕੋਈ ਹੋਰ ਹੈ, ਨੇ ਕਿਹਾ ਕਿ ਉਹ ਘਰ ਵਿੱਚ ਅੰਗ੍ਰੇਜ਼ੀ ਜਾਂ ਫ਼੍ਰੈਂਚ ਵਿਚੋਂ ਕੋਈ ਇੱਕ ਭਾਸ਼ਾ ਵੀ ਬੋਲਦੇ ਹਨ।

ਜਨਗਣਨਾ ਦੇ ਅੰਕੜਿਆਂ ਅਨੁਸਾਰ, ਵਧੇਰੇ ਕੈਨੇਡੀਅਨਜ਼ ਇੱਕ ਤੋਂ ਵੱਧ ਭਾਸ਼ਾ ਬੋਲਣ ਵਿਚ ਸਮਰੱਥ ਹਨ। ਆਪਣੇ ਆਪ ਨੂੰ ਇੱਕ ਤੋਂ ਵੱਧ ਭਾਸ਼ਾ ਵਿਚ ਗੱਲਬਾਤ ਕਰਨ ਦੇ ਸਮਰੱਥ ਦਰਜ ਕਰਵਾਉਣ ਵਾਲੇ ਲੋਕਾਂ ਦੀ ਗਿਣਤੀ 2016 ਦੇ 39 % ਤੋਂ ਵਧ ਕੇ 2021 ਵਿਚ 41 % ਦਰਜ ਹੋਈ ਹੈ।

ਸਿਰਫ਼ ਇੱਕ ਤਿਹਾਈ ਤੋਂ ਘੱਟ ਕੈਨੇਡੀਅਨਜ਼ ਨੇ ਪੂਰੀ ਤਰ੍ਹਾਂ ਦੋਭਾਸ਼ੀ ਹੋਣਾ ਦਰਜ ਕੀਤਾ ਅਤੇ ਲਗਭਗ ਸੱਤ ਪ੍ਰਤੀਸ਼ਤ ਨੇ ਕਿਹਾ ਕਿ ਉਹ ਤਿੰਨ ਭਾਸ਼ਾਵਾਂ ਚੰਗੀ ਤਰ੍ਹਾਂ ਬੋਲ ਸਕਦੇ ਹਨ। ਦੋਭਾਸ਼ੀ ਦਰਜ ਕਰਨ ਵਾਲਿਆਂ ਵਿਚੋਂ ਜ਼ਿਆਦਾਤਰ ਨੇ ਕਿਹਾ ਕਿ ਉਹ ਅੰਗ੍ਰੇਜ਼ੀ ਅਤੇ ਫ਼੍ਰੈਂਚ ਤੋਂ ਇਲਵਾ ਹੋਰ ਭਾਸ਼ਾਂ ਬੋਲਣ ਦੇ ਵੀ ਯੋਗ ਹਨ।

ਸਟੈਟਿਸਟਿਕਸ ਕੈਨੇਡਾ ਵਿੱਖੇ ਸੈਂਟਰ ਫ਼ੌਰ ਡੈਮੋਗ੍ਰਾਫ਼ੀ ਦੇ ਅਸਿਸਟੈਂਟ ਡਾਇਰੈਕਟਰ, ਐਰਿਕ ਕੈਰਨ-ਮਾਲੇਫ਼ੌਂ ਨੇ ਕਿਹਾ, ਇਹ ਕੇਵਲ ਅੰਗ੍ਰੇਜ਼ੀ-ਫ਼੍ਰੈਂਚ ਦਾ ਦੋਭਾਸ਼ੀਵਾਦ (bilingualism) ਨਹੀਂ, ਸਗੋਂ ਹਰ ਤਰ੍ਹਾਂ ਦਾ ਦੋਭਾਸ਼ੀਵਾਦ ਹੈ

ਫ਼੍ਰੈਂਚ ਬੋਲਣ ਵਾਲਿਆਂ ਦੀ ਤਾਦਾਦ ਵਿਚ ਕਮੀ ਜਾਰੀ

ਫ੍ਰੈਂਚ ਨੂੰ ਆਪਣੀ ਪਹਿਲੀ ਅਧਿਕਾਰਤ ਭਾਸ਼ਾ ਵਜੋਂ ਰਿਪੋਰਟ ਕਰਨ ਵਾਲੇ ਕੈਨੇਡੀਅਨਜ਼ ਦੀ ਗਿਣਤੀ ਵਿੱਚ ਵਾਧੇ ਦੇ ਬਾਵਜੂਦ, 2021 ਵਿੱਚ ਸਮੁੱਚੀ ਆਬਾਦੀ ਦੇ ਪ੍ਰਤੀਸ਼ਤ ਵਜੋਂ ਫ੍ਰੈਂਚ ਬੋਲਣ ਵਾਲਿਆਂ ਦੀ ਗਿਣਤੀ ਵਿੱਚ ਗਿਰਾਵਟ ਜਾਰੀ ਰਹੀ।

ਸਟੈਟਸਕੈਨ ਦੇ ਅਨੁਸਾਰ, ਕੈਨੇਡਾ ਵਿੱਚ ਫ੍ਰੈਂਚ ਬੋਲਣ ਵਾਲਿਆਂ ਦਾ ਅਨੁਪਾਤ 1971 ਤੋਂ ਲਗਾਤਾਰ ਘਟਿਆ ਹੈ। ਉਦੋਂ 27 ਪ੍ਰਤੀਸ਼ਤ ਕੈਨੇਡੀਅਨਜ਼ ਫ਼੍ਰੈਂਚ ਨੂੰ ਆਪਣੀ ਪਹਿਲੀ ਅਧਿਕਾਰਤ ਭਾਸ਼ਾ ਵਜੋਂ ਦੱਸਦੇ ਸਨ। 2021 ਵਿਚ ਇਹ ਅੰਕੜਾ ਘਟ ਕੇ 21 ਫ਼ੀਸਦੀ ਹੋ ਗਿਆ ਹੈ।

75 ਫ਼ੀਸਦੀ ਕੈਨੇਡੀਅਨਜ਼ ਨੇ ਅੰਗ੍ਰੇਜ਼ੀ ਨੂੰ ਆਪਣੀ ਪਹਿਲੀ ਭਾਸ਼ਾ ਦੱਸਿਆ ਹੈ ਜੋਕਿ ਪਿਛਲੀ ਮਰਦਮਸ਼ੁਮਾਰੀ ਦੇ ਅੰਕੜਿਆਂ ਦੀ ਤੁਲਨਾ ਵਿਚ 1 % ਵਾਧਾ ਹੈ।

ਐਰਿਕ ਨੇ ਕਿਹਾ, ਅੰਗ੍ਰੇਜ਼ੀ ਅਤੇ ਫ਼੍ਰੈਂਚ ਬੋਲਣ ਵਾਲਿਆਂ, ਦੋਵਾਂ ਦੀ, ਤਾਦਾਦ ਵਧ ਰਹੀ ਹੈ, ਪਰ ਇਹ ਇਕੋ ਰਫ਼ਤਾਰ ‘ਤੇ ਨਹੀਂ ਵਧ ਰਹੀ

ਕਿਊਬੈਕ ਵਿੱਚ ਮੁੱਖ ਤੌਰ 'ਤੇ ਫ੍ਰੈਂਚ ਬੋਲਣ ਵਾਲਿਆਂ ਦੀ ਹਿੱਸੇਦਾਰੀ ਵੀ 2016 ਵਿੱਚ 79 ਪ੍ਰਤੀਸ਼ਤ ਦੇ ਮੁਕਾਬਲੇ 2021 ਵਿੱਚ ਘਟ ਕੇ 77 ਪ੍ਰਤੀਸ਼ਤ ਦਰਜ ਹੋਈ। ਅੰਗਰੇਜ਼ੀ ਨੂੰ ਆਪਣੀ ਪਹਿਲੀ ਅਧਿਕਾਰਤ ਭਾਸ਼ਾ ਵਜੋਂ ਰਿਪੋਰਟ ਕਰਨ ਵਾਲੇ ਕਿਊਬੈਕਰਾਂ ਦੀ ਗਿਣਤੀ ਪਹਿਲੀ ਵਾਰ 1 ਮਿਲੀਅਨ ਤੋਂ ਉੱਪਰ ਦਰਜ ਹੋਈ।

ਕਿਊਬੈਕ ਤੋਂ ਬਾਹਰ, ਬ੍ਰਿਟਿਸ਼ ਕੋਲੰਬੀਆ ਨੂੰ ਛੱਡ ਕੇ, ਹਰ ਸੂਬੇ ਵਿੱਚ ਫ੍ਰੈਂਚ ਨੂੰ ਆਪਣੀ ਪਹਿਲੀ ਭਾਸ਼ਾ ਕਹਿਣ ਵਾਲੇ ਕੈਨੇਡੀਅਨਜ਼ ਦੀ ਗਿਣਤੀ ਵਿੱਚ ਗਿਰਾਵਟ ਆਈ ਹੈ।

ਅੰਗਰੇਜ਼ੀ ਅਤੇ ਫ੍ਰੈਂਚ ਤੋਂ ਬਾਅਦ, ਮੈਂਡਰਿਨ ਅਤੇ ਪੰਜਾਬੀ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ

ਨਵੇਂ ਅੰਕੜਿਆਂ ਅਨੁਸਾਰ ਅੰਗਰੇਜ਼ੀ-ਫ੍ਰੈਂਚ ਦੋਭਾਸ਼ੀ ਕੈਨੇਡੀਅਨਜ਼ ਦੀ ਤਾਦਾਦ 18 ਪ੍ਰਤੀਸ਼ਤ 'ਤੇ ਸਥਿਰ ਰਹੀ ਹੈ। ਕਿਊਬੈਕ ਵਿਚ ਹੋਏ ਵਾਧੇ ਨੇ ਬਾਕੀ ਕੈਨੇਡਾ ਵਿਚ ਆਈ ਗਿਰਾਵਟ ਦੀ ਭਰਪਾਈ ਕਰ ਦਿੱਤੀ ਹੈ।

ਪਰ 2021 ਦੇ ਅੰਕੜਿਆਂ ਅਨੁਸਾਰ ਮੈਂਡਰਿਨ (531,000 ਬੋਲਣ ਵਾਲੇ) ਅਤੇ ਪੰਜਾਬੀ (520,000 ਬੋਲਣ ਵਾਲੇ) , ਅੰਗ੍ਰੇਜ਼ੀ ਅਤੇ ਫ਼੍ਰੈਂਚ ਤੋਂ ਵੱਖ, ਮੁੱਖ ਤੌਰ ‘ਤੇ ਘਰ ਵਿਚ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵੱਜੋਂ ਸਾਹਮਣੇ ਆਈਆਂ।

2016 ਦੇ ਮੁਕਾਬਲੇ 2021 ਵਿਚ ਘਰਾਂ ਵਿਚ ਪ੍ਰਮੁੱਖ ਤੌਰ ‘ਤੇ ਮੈਂਡਰਿਨ ਬੋਲਣ ਵਾਲਿਆਂ ਦੀ ਗਿਣਤੀ ਵਿਚ 15 ਫ਼ੀਸਦੀ ਵਾਧਾ ਹੋਇਆ ਅਤੇ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਵਿਚ 49 ਫ਼ੀਸਦੀ ਵਾਧਾ (ਨਵੀਂ ਵਿੰਡੋ) ਹੋਇਆ ਹੈ।

ਇਟੈਲੀਅਨ, ਪੌਲਿਸ਼ ਅਤੇ ਯੂਨਾਨੀ ਵਰਗੀਆਂ ਯੂਰਪੀਅਨ ਭਾਸ਼ਾਵਾਂ ਬੋਲਣ ਵਾਲੇ ਕੈਨੇਡੀਅਨਜ਼ ਦੀ ਗਿਣਤੀ ਘਟੀ ਹੈ।

ਕਿਊਬੈਕ ਵਿੱਚ ਸਭ ਤੋਂ ਵੱਧ 12 % ਤ੍ਰੈਭਾਸ਼ੀ ਆਬਾਦੀ ਹੈ। ਮੌਂਟਰੀਅਲ ਵਿੱਚ, ਪੰਜ ਵਿੱਚੋਂ ਇੱਕ ਨੇ ਤਿੰਨ ਭਾਸ਼ਾਵਾਂ ਚੰਗੀ ਤਰ੍ਹਾਂ ਬੋਲਣ ਦੇ ਯੋਗ ਹੋਣਾ ਦਰਜ ਕੀਤਾ ਹੈ।

ਕ੍ਰੀ, ਇਨੁਕਟੀਟੂਟ ਪ੍ਰਮੁੱਖ ਮੂਲਨਿਵਾਸੀ ਭਾਸ਼ਾਵਾਂ

ਸਟੈਟਸਕੈਨ ਦਾ ਕਹਿਣਾ ਹੈ ਕਿ 189,000 ਲੋਕਾਂ ਨੇ ਮੂਲਨਿਵਾਸੀ ਭਾਸ਼ਾ ਨੂੰ ਆਪਣੀ ਪਹਿਲੀ ਭਾਸ਼ਾ ਵੱਜੋਂ ਦਰਜ ਕਰਵਾਇਆ ਹੈ, ਜਿਨ੍ਹਾਂ ਵਿਚੋਂ ਜ਼ਿਆਦਾਤਰ ਨੇ ਕਿਹਾ ਕਿ ਉਹ ਆਮ ਤੌਰ ‘ਤੇ ਮੂਲਨਿਵਾਸੀ ਭਾਸ਼ਾ ਹੀ ਬੋਲਦੇ ਹਨ।

ਰਿਪੋਰਟ ਅਨੁਸਾਰ ਇਨੁਕਟੀਟੂਟ ਅਤੇ ਕ੍ਰੀ ਭਾਸ਼ਾਵਾਂ ਲਗਭਗ 27,000 ਲੋਕ ਬੋਲਦੇ ਹਨ, ਜਿਸ ਨਾਲ ਇਹ ਸਭ ਤੋਂ ਵੱਧ ਵਰਤੀਆਂ ਜਾਣ ਵਾਲੀਆਂ ਮੂਲਨਿਵਾਸੀ ਭਾਸ਼ਾਵਾਂ ਬਣਦੀਆਂ ਹਨ।

243,000 ਕੈਨੇਡੀਅਨਜ਼ ਨੇ ਕਿਸੇ ਇੱਕ ਮੂਲਨਿਵਾਸੀ ਭਾਸ਼ਾ ਵਿੱਚ ਗੱਲਬਾਤ ਕਰਨ ਦੇ ਯੋਗ ਹੋਣਾ ਦਰਜ ਕਰਵਾਇਆ ਹੈ। ਸਟੈਟਿਸਟਿਕਸ ਕੈਨੇਡਾ ਅਨੁਸਾਰ ਇਹ ਤੱਥ ਸੰਕੇਤ ਦਿੰਦਾ ਹੈ ਕਿ ਮੂਲਨਿਵਾਸੀ ਭਾਸ਼ਾਵਾਂ ਦੂਸਰੀ ਭਾਸ਼ਾ (second language) ਵਜੋਂ ਸਿੱਖੀਆਂ ਜਾ ਰਹੀਆਂ ਹਨ।

ਡੈਰਨ ਮੇਜਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ