1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਕੈਨੇਡੀਅਨ ਐਮਪੀਜ਼ ਬਣਾ ਰਹੇ ਹਨ ਤਾਈਵਾਨ ਦੌਰੇ ਦੀ ਯੋਜਨਾ

ਯੂ ਐਸ ਹਾਊਸ ਸਪੀਕਰ ਨੈਨਸੀ ਪੇਲੋਸੀ ਦੇ ਤਾਜ਼ਾ ਤਾਈਵਾਨ ਦੌਰੇ ਤੋਂ ਚੀਨ ਸਰਕਾਰ ਬੇਹੱਦ ਖ਼ਫ਼ਾ

ਤਾਈਵਾਨ ਦੇ ਝੰਡੇ ਨਾਲ ਤਾਈਵਾਨ ਸਿਪਾਹੀਆਂ ਦੀ 9 ਅਗਸਤ 2022 ਦੀ ਤਸਵੀਰ।

ਤਾਈਵਾਨ ਦੇ ਝੰਡੇ ਨਾਲ ਤਾਈਵਾਨ ਸਿਪਾਹੀਆਂ ਦੀ 9 ਅਗਸਤ 2022 ਦੀ ਤਸਵੀਰ।

ਤਸਵੀਰ: (Annabelle Chih/Getty Images)

RCI

ਅੰਤਰਰਾਸ਼ਟਰੀ ਵਪਾਰ ਲਈ ਕੈਨੇਡੀਅਨ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਦੀ ਚੇਅਰ, ਲਿਬਰਲ ਐਮਪੀ ਜੁਡੀ ਸਗਰੋ ਅਨੁਸਾਰ ਕਮੇਟੀ ਦੇ ਮੈਂਬਰਾਨ ਅਕਤੂਬਰ ਮਹੀਨੇ ਤਾਈਵਾਨ ਦੌਰੇ ਦੀ ਯੋਜਨਾ ਬਣਾ ਰਹੇ ਹਨ।

ਆਉਂਦੇ ਫ਼ੌਲ ਸੀਜ਼ਨ ਵਿਚ ਕੈਨੇਡੀਅਨ ਐਮਪੀਜ਼ ਅਤੇ ਸੈਨੇਟਰਜ਼ ਦਾ ਇਹ ਸੰਭਾਵੀ ਦੌਰਾ ਅਜਿਹੇ ਸਮੇਂ ਵਿਚ ਹੋ ਰਿਹਾ ਹੈ ਜਦੋਂ ਅਗਸਤ ਮਹੀਨੇ ਹੀ ਅਮਰੀਕਾ ਦੀ ਹਾਊਸ ਸਪੀਕਰ ਨੈਨਸੀ ਪੇਲੋਸੀ ਨੇ ਤਾਈਵਾਨ ਦਾ ਦੌਰਾ ਕੀਤਾ ਸੀ।

ਪੇਲੋਸੀ ਨੇ ਆਪਣੀ ਫ਼ੇਰੀ ਨੂੰ ਤਾਈਵਾਨ ਅਤੇ ਦੁਨੀਆ ਭਰ ਦੇ ਲੋਕਤੰਤਰਾਂ ਲਈ ਅਮਰੀਕਾ ਦਾ ਸਮਰਥਨ ਦਿਖਾਉਣ ਦੇ ਇੱਕ ਮਿਸ਼ਨ ਵੱਜੋਂ ਦਰਸਾਇਆ ਸੀ। ਪੇਲੋਸੀ ਦੀ ਤਾਈਵਾਨ ਫ਼ੇਰੀ ਚੀਨ ਸਰਕਾਰ ਦੇ ਹਜ਼ਮ ਨਹੀਂ ਹੋਈ ਕਿਉਂਕਿ ਚੀਨ ਇਸ ਸਵੈ-ਸ਼ਾਸਨ ਵਾਲੇ ਜਜ਼ੀਰੇ ਨੂੰ ਆਪਣਾ ਹਿੱਸਾ ਮੰਨਦਾ ਹੈ। ਇਸ ਫ਼ੇਰੀ ਦੇ ਪ੍ਰਤੀਕਰਮ ਵਿਚ ਚੀਨ ਨੇ ਤਾਈਵਾਨ ਦੇ ਨਾਲ ਲੱਗਦੇ ਸਮੁੰਦਰ ਵਿਚ ਆਪਣੀਆਂ ਫ਼ੌਜੀ ਡ੍ਰਿਲਜ਼ ਸ਼ੁਰੂ ਕਰ ਦਿੱਤੀਆਂ।

ਜੁਡੀ ਨੇ ਦੱਸਿਆ ਕਿ ਕਮੇਟੀ ਦੇ ਅੱਠ ਮੈਂਬਰ - ਜੋ ਕਿ ਕੈਨੇਡਾ ਤਾਈਵਾਨ ਫ਼੍ਰੈਂਡਸ਼ਿਪ ਗਰੁੱਪ ਦੇ ਵੀ ਮੈਂਬਰ ਹਨ - ਇਸ ਦੌਰੇ ਦੀ ਯੋਜਨਾ ਬਣਾ ਰਹੇ ਹਨ।

ਵਪਾਰਕ ਕਮੇਟੀ ਤਾਈਵਾਨ ਜਾਣ ਅਤੇ ਇਹ ਦੇਖਣ ਲਈ ਬਹੁਤ ਉਤਸੁਕ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਡੂੰਘੇ ਵਪਾਰਕ ਸਬੰਧਾਂ ਲਈ ਕਿਹੜੇ ਮੌਕੇ ਹਨ

ਜੁਡੀ ਨੇ ਪੇਲੋਸੀ ਦੀ ਯਾਤਰਾ ਤੋਂ ਬਾਅਦ ਅੰਤਰਰਾਸ਼ਟਰੀ ਸਬੰਧਾਂ ‘ਤੇ ਮਹੱਤਵਪੂਰਨ ਤਣਾਅ ਨੂੰ ਸਵੀਕਾਰ ਕੀਤਾ, ਪਰ ਉਹਨਾਂ ਕਿਹਾ ਕਿ ਕੈਨੇਡਾ ਇਸ ਸੰਦਰਭ ਵਿਚ ਅੱਗੇ ਵਧਦਿਆਂ ਕੂਟਨੀਤੀ ਦੀ ਵਰਤੋਂ ਕਰੇਗਾ। ਉਹਨਾਂ ਨੇ ਇਸ ਯਾਤਰਾ ਨੂੰ ਜ਼ਰੂਰੀ ਆਖਿਆ।

ਅਸੀਂ ਜਿੱਥੇ ਰਹਿੰਦੇ ਹਾਂ ਉੱਥੇ ਲੋਕਤੰਤਰ ਦੀ ਕਦਰ ਕੀਤੀ ਜਾਂਦੀ ਹੈ ਅਤੇ ਇਹ ਰੋਜ਼ ਦੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਸਾਨੂੰ ਦੂਜੇ ਦੇਸ਼ਾਂ ਦੀ ਰੱਖਿਆ ਕਰਨ ਦੀ ਜ਼ਰੂਰਤ ਹੈ ਜਿਨ੍ਹਾਂ ਨੇ ਆਪਣੀ ਆਜ਼ਾਦੀ ਅਤੇ ਲੋਕਤੰਤਰ ਲਈ ਲੜਾਈ ਲੜੀ ਹੈ

ਹਾਂ ! ਮੈਂ ਆਪਣੀ ਟਿੱਪਣੀਆਂ ਵਿਚ ਕੂਟਨੀਤਕ ਹੋਣ ਦੀ ਕੋਸ਼ਿਸ਼ ਕਰ ਰਹੀ ਹਾਂ, ਪਰ ਸਪਸ਼ਟ ਤੌਰ ‘ਤੇ ਮੈਨੂੰ ਮਾਣ ਹੈ ਕਿ ਕੈਨੇਡਾ ਚੀਨ ਦੇ ਵੀ ਮੁਕਾਬਲ ਖੜਾ ਹੈ। ਮੈਨੂੰ ਲੱਗਦਾ ਹੈ ਕਿ ਇਹ ਦਬਾਅ ਜ਼ਰੂਰੀ ਹੈ

ਜੁਡੀ ਨੇ ਕਿਹਾ ਕਿ ਇਸ ਦੌਰੇ ਦੀ ਯੋਜਨਾ ਪਿਛਲੇ ਸਪਰਿੰਗ ਸੀਜ਼ਨ ਦੌਰਾਨ ਸ਼ੁਰੂ ਹੋਈ ਸੀ। ਉਹਨਾਂ ਕਿਹਾ ਕਿ ਇਹ ਫ਼ੇਰੀ ਹੁੰਦੀ ਹੈ ਜਾਂ ਨਹੀਂ, ਇਹ ਤਾਈਵਾਨ ਦੇ ਕੋਵਿਡ-19 ਪ੍ਰੋਟੋਕੋਲਜ਼ ਦੇ ਭਵਿੱਖ ‘ਤੇ ਵੀ ਨਿਰਭਰ ਕਰੇਗਾ।

ਯੂ ਐਸ ਹਾਊਸ ਸਪੀਕਰ ਨੈਨਸੀ ਪੇਲੋਸੀ ਦੇ ਤਾਜ਼ਾ ਤਾਈਵਾਨ ਦੌਰੇ ਤੋਂ ਚੀਨ ਸਰਕਾਰ ਕਾਫ਼ੀ ਨਾਰਾਜ਼ ਹੈ।

ਯੂ ਐਸ ਹਾਊਸ ਸਪੀਕਰ ਨੈਨਸੀ ਪੇਲੋਸੀ ਦੇ ਤਾਜ਼ਾ ਤਾਈਵਾਨ ਦੌਰੇ ਤੋਂ ਚੀਨ ਸਰਕਾਰ ਕਾਫ਼ੀ ਨਾਰਾਜ਼ ਹੈ।

ਤਸਵੀਰ: (Sam Yeh/AFP/Getty Images)

ਲਿਬਰਲ ਐਮਪੀ ਜੌਨ ਮੈਕੇਅ, ਜੋ ਫ਼੍ਰੈਂਡਸ਼ਿਪ ਗਰੁੱਪ ਦੇ ਬੈਨਰ ਹੇਠ ਕਈ ਵਾਰ ਤਾਈਵਾਨ ਦਾ ਦੌਰਾ ਕਰ ਚੁੱਕੇ ਹਨ, ਨੇ ਕਿਹਾ ਕਿ ਪੇਲੋਸੀ ਦੀ ਫੇਰੀ 'ਤੇ ਚੀਨ ਦੀ ਨਾਟਕੀ ਪ੍ਰਤੀਕਿਰਿਆ ਤੋਂ ਬਾਅਦ ਕੈਨੇਡਾ ਨੂੰ ਤਾਈਵਾਨ ਦੌਰੇ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ।

ਮੇਰਾ ਮੰਨਣਾ ਹੈ ਕਿ ਚੀਨ ਤਾਈਵਾਨ ਨੂੰ ਡਰਾਉਣਾ ਚਾਹੁੰਦਾ ਹੈ ਅਤੇ ਅਸਿੱਧੇ ਤਰੀਕੇ ਨਾਲ ਸਾਨੂੰ ਸਾਰਿਆਂ ਨੂੰ ਇਸ ਝੂਠੇ ਅਧਾਰ ‘ਤੇ ਡਰਾਉਣਾ ਚਾਹੁੰਦਾ ਹੈ ਕਿ ਤਾਈਵਾਨ ਚੀਨ ਦਾ ਹਿੱਸਾ ਹੈ

ਇਹ ਬਕਵਾਸ ਹੈ। ਤਾਈਵਾਨੀਆਂ ਨੇ ਵਾਰ-ਵਾਰ ਇੱਕ ਸੁਤੰਤਰ ਦੇਸ਼ ਬਣਨ ਦੀ ਆਪਣੀ ਇੱਛਾ ਜ਼ਾਹਰ ਕੀਤੀ ਹੈ ਅਤੇ ਇੱਕ ਮਿਸਾਲੀ ਢੰਗ ਨਾਲ ਵਿਵਹਾਰ ਕੀਤਾ ਹੈ

ਕੈਨੇਡਾ ਨੂੰ ਤਾਈਵਾਨ ਨੂੰ ਆਪਣੀਆਂ ਜਮਹੂਰੀ ਕਦਰਾਂ-ਕੀਮਤਾਂ ਦੇ ਪ੍ਰਗਟਾਵੇ ਨੂੰ ਉਤਸ਼ਾਹਿਤ ਕਰਨ ਲਈ ਸਭ ਕੁਝ ਕਰਨਾ ਚਾਹੀਦਾ ਹੈ। ਐਮਪੀਜ਼ ਦਾ ਇਹ ਦੌਰਾ ਇਸ ਨੂੰ ਉਤਸ਼ਾਹਿਤ ਕਰੇਗਾ

ਕੈਨੇਡਾ-ਤਾਈਵਾਨ ਫ਼੍ਰੈਨਡਸ਼ਿਪ ਗਰੁੱਪ ਪਹਿਲਾਂ ਵੀ ਤਾਈਵਾਨ ਦੇ ਦੌਰੇ ਕਰ ਚੁੱਕਾ ਹੈ। ਆਖ਼ਰੀ ਵਾਰੀ 2014 ਵਿਚ ਤਾਈਵਾਨ ਦਾ ਦੌਰਾ ਹੋਇਆ ਸੀ । ਵਿਅਕਤੀਗਤ ਐਮਪੀਜ਼ ਵੀ ਤਾਈਵਾਨੀ ਸਿਆਸਤਦਾਨਾਂ ਨੂੰ ਮਿਲਦੇ ਰਹੇ ਹਨ ਅਤੇ ਹਰੇਕ ਦੌਰਾ ਚੀਨ ਦੀਆਂ ਅੱਖਾਂ ਵਿਚ ਰੜਕਦਾ ਰਿਹਾ ਹੈ।

ਪਰ ਅਕਤੂਬਰ ਦਾ ਸੰਭਾਵੀ ਦੌਰਾ ਅਜਿਹੇ ਸਮੇਂ ਵਿਚ ਹੋਵੇਗਾ ਜਦੋਂ ਕੈਨੇਡਾ ਅਤੇ ਚੀਨ ਦਰਮਿਆਨ ਰਿਸ਼ਤੇ ਤਣਾਅਪੂਰਨ ਹਨ।

ਪੇਲੋਸੀ ਦੇ ਦੌਰੇ ਤੋਂ ਬਾਅਦ ਚੀਨ ਵੱਲੋਂ ਫ਼ੌਜੀ ਡ੍ਰਿਲਜ਼ ਦੇ ਮੁਜ਼ਾਹਰਿਆਂ ਨੂੰ ਕੈਨੇਡੀਅਨ ਰੱਖਿਆ ਮੰਤਰੀ ਅਨੀਤਾ ਅਨੰਦ ਨੇ ਗ਼ੈਰ-ਜ਼ਰੂਰੀ ਐਸਕੇਲੇਸ਼ਨ ਆਖਿਆ ਸੀ।

ਅਨੀਦਾ ਅਨੰਦ ਨੇ ਕਿਹਾ, ਇੱਕ ਫ਼ੇਰੀ ਨੂੰ ਬਹਾਨਾ ਬਣਾਕੇ ਤਾਈਵਾਨ ਸਟ੍ਰੇਟ ਵਿਚ ਹਮਲਾਵਰ ਫ਼ੌਜੀ ਗਤੀਵਿਧੀ ਪ੍ਰਗਟਾਉਣ ਦੀ ਕੋਈ ਦਲੀਲ ਨਹੀਂ ਹੈ

ਚੀਨ ਦੇ ਉਪ ਵਿਦੇਸ਼ ਮੰਤਰੀ ਨੇ ਜੀ-7 ਵੱਲੋਂ ਚੀਨ ਦੀਆਂ ਕਾਰਵਾਈਆਂ ਦੀ ਨਿੰਦਾ ਕੀਤੇ ਜਾਣ ਤੋਂ ਬਾਅਦ ਕੈਨੇਡਾ ਨੂੰ ਤੁਰੰਤ ਆਪਣੀਆਂ ਗਲਤੀਆਂ ਸੁਧਾਰਨ ਦੀ ਗੱਲ ਕਹੀ।

ਗ਼ੈਰ-ਰਸਮੀ ਸਬੰਧਾਂ ਨੂੰ ਦਰਸਾਉਂਦਾ ਹੈ ਫ਼੍ਰੈਂਡਸ਼ਿਪ ਗਰੁੱਪ

ਪਾਰਲੀਮੈਂਟ ਵਿਚ ਕੈਨੇਡਾ-ਤਾਈਵਾਨ ਫ਼੍ਰੈਂਡਸ਼ਿਪ ਗਰੁੱਪ ਵਰਗੇ ਦਰਜਨਾਂ ਫ਼੍ਰੈਂਡਸ਼ਿਪ ਗਰੁੱਪ ਮੌਜੂਦ ਹਨ। ਤਾਈਵਾਨੀ ਸਰਕਾਰ ਦੁਆਰਾ ਜਾਰੀ ਇੱਕ ਬਿਆਨ (ਨਵੀਂ ਵਿੰਡੋ) ਅਨੁਸਾਰ, 2021 ਵਿਚ ਇਸ ਗਰੁੱਪ ਵਿਚ 89 ਮੈਂਬਰ ਸਨ।

ਫ਼੍ਰੈਂਡਸ਼ਿਪ ਗਰੁਪੱਸ ਦਾ ਗ਼ੈਰ-ਰਸਮੀ ਸੁਭਾਅ ਐਮਪੀਜ਼ ਅਤੇ ਸੈਨੇਟਰਾਂ ਨੂੰ ਅਧਿਕਾਰਤ ਸਰਕਾਰੀ ਗਤੀਵਿਧੀਆਂ ਦੇ ਦਾਇਰੇ ਤੋਂ ਬਾਹਰ ਵੱਖ-ਵੱਖ ਸਰਕਾਰਾਂ ਅਤੇ ਭਾਈਚਾਰਿਆਂ ਨਾਲ ਸਬੰਧ ਬਣਾਈ ਰੱਖਣ ਦੀ ਇਜਾਜ਼ਤ ਦਿੰਦਾ ਹੈ।

ਅੰਤਰਰਾਸ਼ਟਰੀ ਭਾਈਚਾਰੇ ਦੀ ਵੱਡੀ ਬਹੁਗਿਣਤੀ ਦੁਆਰਾ ਅਪਣਾਈ ਗਈ ਇੱਕ ਚੀਨ ਨੀਤੀ ਦੇ ਤਹਿਤ, ਕੈਨੇਡਾ ਦੇ ਤਾਈਵਾਨੀ ਸਰਕਾਰ ਨਾਲ ਸਿਰਫ ਗ਼ੈਰ-ਰਸਮੀ ਕੂਟਨੀਤਕ ਸਬੰਧ ਹਨ।

ਕੈਨੇਡਾ-ਪੈਲਸਟੀਨ ਪਾਰਲੀਮੈਂਟਰੀ ਫ਼੍ਰੈਂਡਸ਼ਿਪ ਗਰੁੱਪ ਅਤੇ ਕੈਨੇਡਾ-ਵੀਗਰ ਪਾਰਲੀਮੈਂਟਰੀ ਫ਼੍ਰੈਂਡਸ਼ਿਪ ਗਰੁੱਪ ਵੀ ਸਰਗਰਮ ਸਮੂਹ (ਨਵੀਂ ਵਿੰਡੋ) ਹਨ।

ਫ਼੍ਰੈਂਡਸ਼ਿਪ ਗਰੁੱਪਾਂ ਨੂੰ ਕੈਨੇਡਾ ਦੀ ਪਾਰਲੀਮੈਂਟ ਤੋਂ ਪ੍ਰਬੰਧਕੀ ਜਾਂ ਵਿੱਤੀ ਸਹਾਇਤਾ ਪ੍ਰਾਪਤ ਨਹੀਂ ਹੁੰਦੀ ਹੈ।

ਜਰਮਨ ਐਮਪੀਜ਼ ਦਾ ਵੀ ਇੱਕ ਵਫ਼ਦ ਅਕਤੂਬਰ ਦੇ ਪਹਿਲੇ ਹਫ਼ਤੇ ਤਾਈਵਾਨ ਦਾ ਦੌਰਾ ਕਰੇਗਾ।

ਨਿਕ ਬੋਇਸਵਰਟ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ