1. ਮੁੱਖ ਪੰਨਾ
  2. ਸਮਾਜ

ਜਿਨਸੀ ਸ਼ੋਸ਼ਣ ਖ਼ਿਲਾਫ਼ ਮੁਕੱਦਮੇ ‘ਚ ਕਿਊਬੈਕ ਦੇ ਨਾਮੀ ਕਾਰਡੀਨਲ ਦਾ ਨਾਂ ਵੀ ਸ਼ਾਮਲ

88 ਪਾਦਰੀਆਂ ਖ਼ਿਲਾਫ਼ ਦਾਇਰ ਮੁਕੱਮਦੇ ਵਿਚ ਕਾਰਡੀਨਲ ਮਾਰਕ ਓਲੇਟ ਦਾ ਨਾਮ ਵੀ ਹੈ

ਕਿਊਬੈਕ ਦੇ ਡਾਇਸੇਸ ਦੇ ਸਾਬਕਾ ਆਰਕਬਿਸ਼ਪ, ਕਾਰਡੀਨਲ ਮਾਰਕ ਓਲੇਟ ਦਾ ਨਾਮ ਜਿਨਸੀ ਸ਼ੋਸ਼ਣ ਦੇ ਮੁਕੱਦਮੇ ਵਿਚ ਉਭਰਿਆ ਹੈ।

ਕਿਊਬੈਕ ਦੇ ਡਾਇਸੇਸ ਦੇ ਸਾਬਕਾ ਆਰਕਬਿਸ਼ਪ, ਕਾਰਡੀਨਲ ਮਾਰਕ ਓਲੇਟ ਦਾ ਨਾਮ ਜਿਨਸੀ ਸ਼ੋਸ਼ਣ ਦੇ ਮੁਕੱਦਮੇ ਵਿਚ ਉਭਰਿਆ ਹੈ।

ਤਸਵੀਰ: (Paul Hanna/Reuters)

RCI

ਰੇਡੀਓ-ਕੈਨੇਡਾ ਦੇ ਤਫ਼ਤੀਸ਼ੀ ਪ੍ਰੋਗਰਾਮ ਅੰਕੇਟੋ (Enquête) ਅਨੁਸਾਰ ਕਿਊਬੈਕ ਦੇ ਰੋਮਨ ਕੈਥਲਿਕ ਆਰਚਡਾਇਸੇਜ਼ ਖ਼ਿਲਾਫ਼ ਦਾਇਰ ਮੁਕੱਦਮੇ ਵਿਚ ਨਾਮਵਰ ਕਾਰਡੀਨਲ ਮਾਰਕ ਓਲੇਟ ‘ਤੇ ਵੀ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਗਏ ਹਨ।

ਆਰਚਡਾਇਸੇਸ ਕੈਥਲਿਕ ਪਾਦਰੀਆਂਦੇ ਸਮੂਹ ਦੀ ਇੱਕ ਸੰਸਥਾ ਹੁੰਦੀ ਹੈ ਜਿਸਦਾ ਆਪਣਾ ਇਕ ਧਾਰਮਿਕ ਅਧੀਕਾਰ ਖੇਤਰ ਹੁੰਦਾ ਹੈ। 

ਕਾਰਡੀਨਲ ਰੋਮਨ ਕੈਥਲਿਕ ਚਰਚ ਦਾ ਇੱਕ ਉੱਚ ਧਾਰਮਿਕ ਅਧੀਕਾਰੀ ਹੁੰਦਾ ਹੈ ਜੋ ਪੋਪ ਤੋਂ ਇੱਕ ਦਰਜਾ ਹੇਠਾਂ ਹੁੰਦਾ ਹੈ ਅਤੇ ਇਸਦੀ ਨਿਯੁਕਤੀ ਵੀ ਪੋਪ ਦੁਆਰੀ ਕੀਤੀ ਜਾਂਦੀ ਹੈ।

ਕਾਰਡੀਨਲ ਮਾਰਕ ਓਲੇਟ ਟ੍ਰੂਥ ਐਂਡ ਰੀਕਨਸੀਲੀਏਸ਼ਨ ਕਮੀਸ਼ਨ ਦੌਰਾਨ ਕਿਊਬੈਕ ਦੇ ਆਕਰਬਿਸ਼ਪ ਸਨ। ਓਲੇਟ ਦਾ ਨਾਮ ਉਹਨਾਂ 88 ਪਾਦਰੀਆਂ ਦੇ ਨਾਮਾਂ ਵਿਚ ਸ਼ਾਮਲ ਹੈ ਜੋ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਹਨ। ਇਹ ਪਹਿਲੀ ਵਾਰੀ ਹੈ ਜਦੋਂ ਓਲੇਟ ਦਾ ਨਾਮ ਕਾਨੂੰਨੀ ਕਾਰਵਾਈ ਵਿਚ ਸਾਹਮਣੇ ਆਇਆ ਹੈ।

ਸਿਵਲ ਮੁਕੱਦਮੇ ਵਿਚ 100 ਤੋਂ ਵੱਧ ਪੀੜਤ ਸ਼ਾਮਿਲ ਹਨ ਜਿਨ੍ਹਾਂ ਦਾ ਪਾਦਰੀਆਂ ਅਤੇ ਡਾਇਸੇਸ ਲਈ ਕੰਮ ਕਰਨ ਵਾਲੇ ਸਟਾਫ਼ ਦੁਆਰਾ ਕਥਿਤ ਤੌਰ ‘ਤੇ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਇਨ੍ਹਾਂ ਵਿਚੋਂ ਜ਼ਿਆਦਾਤਰ ਪੀੜਤ ਨਾਬਾਲਗ਼ ਸਨ।

ਅਦਾਲਤੀ ਦਸਤਾਵੇਜ਼ਾਂ ਮੁਤਾਬਕ ਜ਼ਿਆਦਾਤਰ ਕਥਿਤ ਮਾਮਲੇ 1950ਵਿਆਂ ਅਤੇ 60ਵਿਆਂ ਦਰਮਿਆਨ ਵਾਪਰੇ ਸਨ।

ਓਲੇਟ ਮੁਕੱਦਮੇ ਵਿਚ ਦਰਜ ਨਾਮਾਂ ਵਿਚੋਂ ਹੁਣ ਤੱਕ ਸਭ ਤੋਂ ਨਾਮਵਰ ਅਤੇ ਪ੍ਰਮੱਖ ਵਿਅਕਤੀ ਹੈ। ਕਾਰਡੀਨਲ ਕਿਸੇ ਅਪਰਾਧਕ ਦੋਸ਼ ਦਾ ਸਾਹਮਣਾ ਨਹੀਂ ਕਰ ਰਿਹਾ ਹੈ।

ਉਸਦੀ ਕਥਿਤ ਪੀੜਤ, ਜਿਸਦੀ ਦਸਤਾਵੇਜ਼ਾਂ ਵਿਚ ਬਤੌਰ ‘F’ ਪਛਾਣ ਕੀਤੀ ਗਈ ਹੈ, 2008 ਤੋਂ 2010 ਦਰਮਿਆਨ ਇੰਟਰਨਸ਼ਿਪ ਕਰ ਰਹੀ ਸੀ ਜਦੋਂ ਕਥਿਤ ਜਿਨਸੀ ਹਮਲੇ ਦੀ ਘਟਨਾ ਵਾਪਰੀ ਸੀ। 

ਇਸ ਔਰਤ ਨੇ ਓਲੇਟ ‘ਤੇ ਉਸਨੂੰ ਚੁੰਮਣ, ਆਪਣਾ ਹੱਥ ਉਸਦੀ ਪਿੱਠ ਤੋਂ ਹੇਠਾਂ ਫੇਰਨ ਅਤੇ ਉਸਦੇ ਪਿਛਲੇ ਅੰਗਾਂ ਨੂੰ ਛੂਹਣ ਦਾ ਦੋਸ਼ ਲਗਾਇਆ ਹੈ।

Enquête ਨੂੰ ਦੱਸੇ ਗਏ ਵੇਰਵੇ ਉਹੀ ਹਨ ਜਿਹੜੇ ਅਦਾਲਤੀ ਦਸਤਾਵੇਜ਼ਾਂ ਵਿਚ ਸ਼ਾਮਲ ਕੀਤੇ ਗਏ ਹਨ।

ਵੱਖ-ਵੱਖ ਮੌਕਿਆਂ ‘ਤੇ ਓਲੇਟ ਨੇ ਇਸ ਔਰਤ ਨਾਲ ਕਥਿਤ ਤੌਰ ‘ਤੇ ਉਸਦੀ ਮਰਜ਼ੀ ਦੇ ਖ਼ਿਲਾਫ਼ ਜਿਨਸੀ ਛੇੜਛਾੜ ਕੀਤੀ ਅਤੇ ਹਰ ਵਾਰੀ ਉਹ ਇਸ ਔਰਤ ਨੂੰ ਅਸਹਿਜ ਮਹਿਸੂਸ ਕਰਵਾਉਂਦਾ ਸੀ।

ਔਰਤ ਨੇ ਦੱਸਿਆ ਕਿ ਸਮੇਂ ਨਾਲ ਇਹ ਘਟਨਾਵਾਂ ਹੋਰ ਵੀ ਵਧੇਰੇ ਅਤੇ ਹਮਲਾਵਰ ਰੁਖ਼ ਵਿਚ ਤਬਦੀਲ ਹੁੰਦੀਆਂ ਗਈਆਂ ਅਤੇ ਆਖ਼ਰ ਉਸਨੇ ਸਮਾਗਮਾਂ ਵਿਚ ਜਾਣਾ ਹੀ ਬੰਦ ਕਰ ਦਿੱਤਾ। 

ਉਸ ਸਮੇਂ, ਓਲੇਟ ਆਰਕਬਿਸ਼ਪ ਅਤੇ ਡਾਇਸੇਸ ਦਾ ਮੁਖੀ ਸੀ। ਮੁਕੱਦਮੇ ਵਿੱਚ ਮੁਦਈਆਂ ਦੀ ਨੁਮਾਇੰਦਗੀ ਕਰ ਰਹੇ ਵਕੀਲ, ਐਲੇਨ ਆਰਸੇਨੌਲਟ ਦੇ ਅਨੁਸਾਰ, ਉਸ ਕੋਲ ਇੱਕ ਪੈਸਟੋਰਲ ਏਜੰਟ ਦੀ ਨਿਯੁਕਤੀ ਦਾ ਅੰਤਿਮ ਇਖ਼ਤਿਆਰ ਸੀ।

ਉਸ ਸਮੇਂ ਆਪਣੀ ਉਮਰ ਦੇ 20ਵਿਆਂ ਵਿਚ ਇੱਕ ਲੜਕੀ ਦੇ ਮੁਕਾਬਲ ਇੱਕ ਸ਼ਕਤੀਸ਼ਾਲੀ ਵਿਅਕਤੀ ਸੀ ਜਿਸ ਕੋਲ ਵੱਡਾ ਅਹੁਦਾ ਸੀ। ਬਹੁਤ ਸਾਰੇ ਹੋਰ ਪੀੜਤਾਂ ਵਾਂਗ ਉਹ ਵੀ ਸੁੰਨ ਹੋ ਗਈ

ਮੁਕੱਦਮੇ ਅਨੁਸਾਰ ਜਦੋਂ ‘F’ ਨੇ ਹੋਰਾਂ ਨਾਲ ਆਰਕਬਿਸ਼ਪ ਦੇ ਇਸ ਰਵੱਈਏ ਦਾ ਜ਼ਿਕਰ ਕੀਤਾ ਤਾਂ ਉਸਨੂੰ ਪਤਾ ਲੱਗਾ ਕਿ ਉਹ ਇਹ ਸਭ ਮਹਿਸੂਸ ਕਰਨ ਵਾਲੀ ਇੱਕਲੀ ਨਹੀਂ ਸੀ।

ਰੋਮ ਵਿੱਖੇ ਪੋਪ ਫ਼੍ਰਾਂਸਿਸ ਨਾਲ ਕਾਰਡੀਨਲ ਮਾਰਕ ਓਲੇਟ ਦੀ ਫ਼ਰਵਰੀ 2022 ਦੀ ਤਸਵੀਰ।

ਰੋਮ ਵਿੱਖੇ ਪੋਪ ਫ਼੍ਰਾਂਸਿਸ ਨਾਲ ਕਾਰਡੀਨਲ ਮਾਰਕ ਓਲੇਟ ਦੀ ਫ਼ਰਵਰੀ 2022 ਦੀ ਤਸਵੀਰ।

ਤਸਵੀਰ: Getty Images / Tiziana Fabi

ਉਸ ਸਮੇਂ ਡਾਇਸੇਸ ਵਿਚ ਸਰਗਰਮ ਰਹੇ ਇੱਕ ਪਾਦਰੀ ਨੇ Enquête ਨੂੰ ਦੱਸਿਆ ਕਿ ਕਾਰਡੀਨਲ ਦੇ ਵਿਵਹਾਰ ਬਾਰੇ ਉਸ ਸਮੇਂ ਅਫ਼ਵਾਹਾਂ ਜ਼ਰੂਰ ਮੌਜੂਦ ਸਨ।

ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਉਸ ਪਾਦਰੀ ਨੇ ਕਿਹਾ ਕਿ ਉਹ ਉਸ ਔਰਤ ਦੇ ਇਲਜ਼ਾਮਾਂ ‘ਤੇ ਵਿਸ਼ਵਾਸ ਕਰਦੇ ਹਨ।

ਸਾਨੂੰ ਯਕੀਨ ਨਹੀਂ ਹੋਇਆ। ਉਹ [ਕਾਰਡੀਨਲ] ਕਿਊਬੈਕ ਦੇ ਡਾਇਸੇਸ ਵਿਚ ਵਿਵਾਸਥਾ ਠੀਕ ਕਰਨ ਇੱਕ ਪੁਲਿਸ ਵਾਲੇ ਵਾਂਗ ਪਹੁੰਚਿਆ ਸੀ। ਉਸਨੂੰ ਰੋਮ ਤੋਂ ਭੇਜਿਆ ਗਿਆ ਸੀ। ਉਸਦੇ ਔਰਤਾਂ ਨਾਲ ਇਸ ਕਿਸਮ ਦੇ ਗ਼ੈਰ-ਵਾਜਬ ਵਰਤਾਰੇ ਹੋਣਾ, ਸਾਨੂੰ ਇਹ ਬਹੁਤ ਅਜੀਬ ਲੱਗਿਆ

ਆਰਸੇਨੌਲਟ ਨੇ ਕਿਹਾ ਕਿ ਹਾਲਾਂਕਿ ਓਲੇਟ ਦੇ ਖ਼ਿਲਾਫ਼ ਦੋਸ਼, ਮੁਕੱਦਮੇ ਵਿੱਚ ਦਰਜ ਹੋਰ ਮਾਮਲਿਆਂ ਨਾਲੋਂ ਸਰੀਰਕ ਤੌਰ 'ਤੇ ਘੱਟ ਗੰਭੀਰ ਜਾਪਦੇ ਹਨ, ਫਿਰ ਵੀ ਪੀੜਤ 'ਤੇ ਇਹਨਾਂ ਦਾ ਪ੍ਰਭਾਵ ਉੰਨਾ ਹੀ ਮਹੱਤਵਪੂਰਨ ਹੈ।

ਓਲੇਟ ਨੂੰ ਰੋਮ ਵਾਪਸ ਬੁਲਾਇਆ ਗਿਆ ਅਤੇ ਉਸਨੂੰ ਨਵੇਂ ਬਿਸ਼ਪਾਂ ਦੀ ਚੋਣ ਕਰਨ ਲਈ ਜ਼ਿੰਮੇਵਾਰ ਵਿਭਾਗ, ਡਾਇਕੈਸਟਰੀ ਔਫ਼ ਬਿਸ਼ਪਸ ਵਿਚ ਪ੍ਰੀਫ਼ੈਕਟ ਵੱਜੋਂ ਤਰੱਕੀ ਦਿੱਤੀ ਗਈ। 

‘F’ ਨੇ ਦੱਸਿਆ ਕਿ ਓਲੇਟ ਦੇ ਜਾਣ ਤੋਂ ਬਾਅਦ ਉਹਨਾਂ ਦੀ ਥਾਂ ‘ਤੇ ਜੇਰਾਲਡ ਸਿਪਰੀਏਨ ਲੈਕਰੋਇਕਸ ਆ ਗਏ, ਜੋਕਿ ਕਿਊਬੈਕ ਦੇ ਮੌਜੂਦਾ ਆਰਕਬਿਸ਼ਪ ਹਨ। ਉਹਨਾਂ ਦੇ ਆਉਣ ਤੋਂ ਬਾਅਦ ਚੀਜ਼ਾਂ ਬਦਲ ਗਈਆਂ।

ਔਰਤ ਨੇ ਦੱਸਿਆ ਕਿ ਉਹਨਾਂ ਨਾਲ ਜੇ ਕੋਈ ਸਰੀਰਕ ਸੰਪਰਕ ਸੀ, ਤਾਂ ਉਹ ਸਿਰਫ਼ ਇੱਕ ਸਧਾਰਨ ਹੱਥ ਮਿਲਾਉਣ ਤੱਕ ਹੀ ਸੀ।

ਵੈਟੀਕਨ ਕੋਲ ਸ਼ਿਕਾਇਤ

ਮੁੱਕਦਮੇ ਅਨੁਸਾਰ, ਇੱਕ ਹੋਰ ਪਾਦਰੀ ਨਾਲ ਪ੍ਰੇਸ਼ਾਨਕੁੰਨ ਸਾਹਮਣਾ ਹੋਣ ਤੋਂ ਬਾਅਦ, ਔਰਤ ਨੇ 10 ਸਾਲਾਂ ਬਾਅਦ ਕਿਊਬਿਕ ਦੇ ਡਾਇਸੇਸ ਦੇ ਅੰਦਰ ਜਿਨਸੀ ਦੋਸ਼ਾਂ ਦੀ ਸਮੀਖਿਆ ਕਰਨ ਵਾਲੀ ਕਮੇਟੀ ਨਾਲ,  ਜੋ ਕੁਝ ਵਾਪਰਿਆ ਉਸ ਨੂੰ ਸਾਂਝਾ ਕਰਨ ਦਾ ਫੈਸਲਾ ਕੀਤਾ।

ਉਸਨੇ ਕਿਹਾ ਕਿ ਕਮੇਟੀ ਦੇ ਮੈਂਬਰਾਂ ਨੇ ਉਸਨੂੰ ਦੱਸਿਆ ਕਿ ਉਸਦੇ ਮਾਮਲੇ ਜਿਨਸੀ ਦੁਰਵਿਹਾਰ ਦੇ ਮਾਮਲੇ ਸਨ, ਅਤੇ ਕਥਿਤ ਤੌਰ 'ਤੇ ਉਸਨੂੰ ਸ਼ਿਕਾਇਤ ਦਰਜ ਕਰਵਾਉਣ ਲਈ ਉਤਸ਼ਾਹਿਤ ਕੀਤਾ।

ਉਦੋਂ ਹੀ ਕਮੇਟੀ ਨੂੰ ਪਤਾ ਲੱਗਾ ਕਿ ਪਾਦਰੀਆਂ ਵਿੱਚੋਂ ਇੱਕ ਕਾਰਡੀਨਲ ਓਲੇਟ ਸੀ, ਕਿਉਂਕਿ ਔਰਤ ਨੇ ਪਹਿਲਾਂ ਮਰਦਾਂ ਦੇ ਨਾਮ ਸਾਂਝੇ ਨਹੀਂ ਕੀਤੇ ਸਨ।

ਓਲੇਟ ਦੇ ਖ਼ਿਲਾਫ਼ ਸ਼ਿਕਾਇਤ 2021 ਵਿੱਚ ਵੈਟੀਕਨ ਨੂੰ ਸਿੱਧੇ ਤੌਰ 'ਤੇ ਦਾਇਰ ਕੀਤੀ ਗਈ ਸੀ। ਇੱਕ ਧਰਮ ਸ਼ਾਸਤਰੀ, ਪਾਦਰੀ ਜੈਕਸ ਸਰਵੇ ਨੂੰ ਇਸ ਮਾਮਲੇ ਦੀ ਜਾਂਚ ਕਰਨ ਦਾ ਕੰਮ ਸੌਂਪਿਆ ਗਿਆ ਸੀ।

ਪੀੜਤ ਅਤੇ ਵੈਟੀਕਨ ਵਿਚਕਾਰ ਇੱਕ ਵਰਚੁਅਲ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ ਸੀ, ਪਰ ਡੇਢ ਸਾਲ ਬਾਅਦ, ਔਰਤ ਨੇ ਕਿਹਾ ਕਿ ਉਸਨੂੰ ਅਜੇ ਵੀ ਜਾਂਚ ਦੇ ਨਤੀਜੇ ਬਾਰੇ ਸੂਚਿਤ ਨਹੀਂ ਕੀਤਾ ਗਿਆ ਹੈ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ