1. ਮੁੱਖ ਪੰਨਾ
  2. ਰਾਜਨੀਤੀ
  3. ਨਗਰਨਿਗਮ ਰਾਜਨੀਤੀ

ਵੌਨ ਦੇ ਮੇਅਰ ਦੀ ਚੋਣ ਲੜਨਗੇ ਸਾਬਕਾ ਓਨਟੇਰਿਓ ਲਿਬਰਲ ਲੀਡਰ ਸਟੀਵਨ ਡੈਲ ਡੂਕਾ

ਅਕਤੂਬਰ ਵਿਚ ਹੋਣੀਆਂ ਹਨ ਮਿਉਂਸਿਪਲ ਚੋਣਾਂ

ਸਟੀਵਨ ਡੈਲ ਡੂਕਾ

ਸਾਬਕਾ ਓਨਟੇਰਿਓ ਲਿਬਰਲ ਲੀਡਰ ਸਟੀਵਨ ਡੈਲ ਡੂਕਾ ਨੇ ਓਨਟੇਰਿਓ ਦੇ ਵੌਨ ਸ਼ਹਿਰ ਦੇ ਮੇਅਰ ਦੀ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ।

ਤਸਵੀਰ: La Presse canadienne / Tijana Martin

RCI

ਸਾਬਕਾ ਓਨਟੇਰਿਓ ਲਿਬਰਲ ਲੀਡਰ ਸਟੀਵਨ ਡੈਲ ਡੂਕਾ ਓਨਟੇਰਿਓ ਦੇ ਵੌਨ ਸ਼ਹਿਰ ਦੇ ਮੇਅਰ ਦੀ ਚੋਣ ਲੜਨਗੇ। 

ਮੰਗਲਵਾਰ ਨੂੰ ਕੀਤੇ ਇਸ ਐਲਾਨ ਵਿਚ ਡੈਲ ਡੂਕਾ ਨੇ ਕਿਹਾ ਕਿ ਪਾਰਟੀ ਲੀਡਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਉਹਨਾਂ ਨੇ ਆਪਣੇ ਸਿਆਸੀ ਭਵਿੱਖ ਬਾਰੇ ਮੁੜ-ਵਿਚਾਰ ਕੀਤਾ ਅਤੇ ਮੇਅਰ ਦੀ ਦੌੜ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ।

ਜੂਨ ਵਿਚ ਹੋਈਆਂ ਸੂਬਾਈ ਚੋਣਾਂ ਵਿਚ ਓਨਟੇਰਿਓ ਲਿਬਰਲਜ਼ ਦੀ ਝੋਲੀ ਕੁਲ 8 ਸੀਟਾਂ ਹੀ ਪਈਆਂ ਸਨ ਅਤੇ ਪਾਰਟੀ ਲੀਡਰ ਸਟੀਵਨ ਡੈਲ ਡੂਕਾ ਵੀ ਵੌਨ-ਵੁਡਬ੍ਰਿਜ ਦੀ ਰਾਈਡਿੰਗ ਹਾਰ ਗਏ ਸਨ।

ਡੈਲ ਡੂਕਾ ਦੇ ਬੁਲਾਰੇ ਨੇ ਸੀਬੀਸੀ ਟੋਰੌਂਟੋ ਨੂੰ ਪੁਸ਼ਟੀ ਕੀਤੀ ਹੈ ਕਿ ਮੰਗਲਵਾਰ ਨੂੰ ਡੂਕਾ ਮੇਅਰ ਦੇ ਉਮੀਦਵਾਰ ਵੱਜੋਂ ਰਜਿਸਟ੍ਰੇਸ਼ਨ ਕਰਵਾਉਣਗੇ।

ਡੈਲ ਡੂਕਾ ਨੇ ਕਿਹਾ, ਮੈਂ ਇਸ ਦੌੜ ਬਾਰੇ ਬਹੁਤ ਉਤਸ਼ਾਹਿਤ ਹਾਂ ਅਤੇ ਮੈਂ ਕੁਝ ਵੀ ਹਲਕੇ ਵਿਚ ਨਹੀਂ ਲੈ ਰਿਹਾ ਹਾਂ। ਮੈਂ ਬਹੁਤ, ਬਹੁਤ ਸਖ਼ਤ ਮਿਹਨਤ ਕਰਾਂਗਾ

ਮੈਂ ਇਸ ਸ਼ਹਿਰ ਨੂੰ ਪਿਆਰ ਕਰਦਾ ਹਾਂ ਅਤੇ ਮੈਂ ਲੋਕ ਸੇਵਾ ਲਈ ਪੂਰੀ ਤਰ੍ਹਾਂ ਦ੍ਰਿੜ ਹਾਂ

ਜੂਨ ਵਿੱਚ ਵੌਨ ਦੇ ਮੇਅਰ, ਮੌਰੀਜ਼ੀਓ ਬੇਵਿਲਐਕਵਾ ਨੇ ਐਲਾਨ ਕੀਤਾ ਸੀ ਕਿ ਉਹ ਚੌਥੀ ਵਾਰੀ ਮੇਅਰ ਦੇ ਅਹੁਦੇ ਲਈ ਚੋਣ ਨਹੀਂ ਲੜਨਗੇ। ਡੈਲ ਡੂਕਾ ਨੇ ਦੱਸਿਆ ਕਿ ਉਹ ਮੌਰੀਜ਼ੀਓ ਨਾਲ ਨੇੜਿਓਂ ਕੰਮ ਕਰ ਚੁੱਕੇ ਹਨ ਜਦੋਂ ਮੇਅਰ ਬਣਨ ਤੋਂ ਪਹਿਲਾਂ ਮੌਰੀਜ਼ੀਓ ਲਿਬਰਲ ਐਮਪੀ ਸਨ।

ਡੈਲ ਡੂਕਾ ਓਨਟੇਰਿਓ ਵਿਚ ਲਿਬਰਲ ਸਰਕਾਰ ਦੌਰਾਨ ਟ੍ਰਾਂਸਪੋਰਟੇਸ਼ਨ ਮਿਨਿਸਟਰ ਅਤੇ ਇਕਨੌਮਿਕ ਡਿਵੈਲਪਮੈਂਟ ਮਿਨਿਸਟਰ ਵੀ ਰਹਿ ਚੁੱਕੇ ਹਨ।

ਉਹਨਾਂ ਨੇ ਸ਼ਹਿਰ ਵਿਚ ਟ੍ਰੈਫ਼ਿਕ ਦੇ ਵਧ ਰਹੇ ਸੰਕਟ ਨਾਲ ਨਜਿੱਠਣ ਦਾ ਤਹੱਈਆ ਪ੍ਰਗਟਾਇਆ। ਡੈਲ ਡੂਕਾ ਦਾ ਕਹਿਣਾ ਹੈ ਕਿ ਉਹਨਾਂ ਦਾ ਟ੍ਰਾਂਸਪੋਰਟੇਸ਼ਨ ਮਿਨਿਸਟਰ ਦਾ ਤਜਰਬਾ ਵੌਨ ਵਿਚ ਟ੍ਰੈਫ਼ਿਕ ਦੀ ਵਧ ਰਹੀ ਸਮੱਸਿਆ ਨਾਲ ਨਜਿੱਠਣ ਵਿਚ ਮਦਦਗਾਰ ਸਾਬਿਤ ਹੋਵੇਗਾ।

ਉਹਨਾਂ ਕਿਹਾ ਕਿ ਵੌਨ ਸ਼ਹਿਰ ਵਿਚ ਲੋਕਾਂ ਦੀ ਗਿਣਤੀ ਵਿਚ ਅਸਾਧਾਰਨ ਵਾਧਾ ਹੋਇਆ ਹੈ ਅਤੇ ਲੋਕਾਂ ਲਈ ਚੰਗੀ ਅਤੇ ਗੁਣਵੱਤਾ ਭਰਪੂਰ ਜ਼ਿੰਦਗੀ ਯਕੀਨੀ ਬਣਾਉਣ ਲਈ ਇੱਕ ਚੰਗੇ ਟ੍ਰਾਂਸਪੋਰਟੇਸ਼ਨ ਨੈਟਵਰਕ ਦੀ ਜ਼ਰੂਰਤ ਹੈ।

ਮੈਨੂੰ ਲਗਦਾ ਹੈ ਕਿ ਮੈਂ ਉਹ ਸ਼ਖ਼ਸ ਹਾਂ ਜੋ ਇਸ ਕਿਸਮ ਦਾ ਨੈਟਵਰਕ ਪ੍ਰਦਾਨ ਕਰ ਸਕਦਾ ਹੈ

ਸਾਬਕਾ ਓਨਟੇਰਿਓ ਐਨਡੀਪੀ ਲੀਡਰ ਐਂਡਰੀਆ ਹੌਰਵੈਥ ਨੇ ਵੀ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ਉਹ ਹੈਮਿਲਟਨ ਦੇ ਮੇਅਰ ਦੀ ਚੋਣ ਲੜਨਗੇ।

ਸੂਬਾਈ ਚੋਣ ਨਤੀਜਿਆਂ ਵਿਚ ਭਾਵੇਂ ਐਨਡੀਪੀ ਅਧਿਕਾਰਤ ਵਿਰੋਧੀ ਧਿਰ ਬਣ ਗਈ ਸੀ, ਪਰ ਹੌਰਵੈਥ ਨੇ ਪਾਰਟੀ ਲੀਡਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਹੌਰਵੈਥ 13 ਸਾਲ ਤੱਕ ਓਨਟੇਰਿਓ ਐਨਡੀਪੀ ਲੀਡਰ ਰਹੇ ਹਨ।

24 ਅਕਤੂਬਰ ਨੂੰ ਓਨਟੇਰਿਓ ਵਿਚ ਮਿਉਂਸਿਪਲ ਚੋਣਾਂ ਹੋਣੀਆਂ ਹਨ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ