1. ਮੁੱਖ ਪੰਨਾ
  2. ਸਮਾਜ
  3. ਇਮੀਗ੍ਰੇਸ਼ਨ

ਜਾਅਲੀ ਦਸਤਾਵੇਜ਼ ਬਣਾਉਣ ਕਾਰਨ ਬੀ.ਸੀ. ਦੇ ਇਮੀਗ੍ਰੇਸ਼ਨ ਵਕੀਲ ਨੂੰ ਹੋਈ 22 ਮਹੀਨਿਆਂ ਦੀ ਜੇਲ੍ਹ

ਬਲਰਾਜ ਸਿੰਘ “ਰੌਜਰ” ਭੱਟੀ ਨੇ ਕਲਾਇੰਟਸ ਦੀਆਂ ਝੂਠੀਆਂ ਡਾਕਟਰੀ ਅਤੇ ਪੁਲਿਸ ਰਿਪੋਰਟਾਂ ਇਮੀਗ੍ਰੇਸ਼ਨ ਬੋਰਡ ਕੋਲ ਜਮਾਂ ਕੀਤੀਆਂ ਸਨ

ਸਰੀ ਦੇ ਪ੍ਰੋਵਿੰਸ਼ੀਅਲ ਕੋਰਟਹਾਊਸ ਦੇ ਬਾਹਰ ਹਾਲਵੇਅ ਦਾ ਦ੍ਰਿਸ਼

ਸਰੀ ਦੇ ਪ੍ਰੋਵਿੰਸ਼ੀਅਲ ਕੋਰਟਹਾਊਸ ਦੇ ਬਾਹਰ ਹਾਲਵੇਅ ਦਾ ਦ੍ਰਿਸ਼। ਇੱਕ ਜੱਜ ਨੇ ਇੱਕ ਇਮੀਗ੍ਰੇਸ਼ਨ ਵਕੀਲ ਨੂੰ ਜਾਅਲੀ ਦਸਤਾਵੇਜ਼ਾਂ ਦੇ ਮਾਮਲੇ ਵਿੱਚ 22 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਹੈ।

ਤਸਵੀਰ: (Cliff MacArthur/provincialcourt.bc.ca)

RCI

ਇਮੀਗ੍ਰੇਸ਼ਨ ਦੇ ਸਬੰਧ ਵਿਚ ਜਾਅਲੀ ਦਸਤਾਵੇਜ਼ ਬਣਵਾਉਣ ਅਤੇ ਤੱਥਾਂ ਨੂੰ ਗ਼ਲਤ ਤਰੀਕਿਆਂ ਨਾਲ ਪੇਸ਼ ਕਰਨ ਦੇ ਮਾਮਲੇ ਵਿਚ ਬੀ.ਸੀ. ਦੇ ਇੱਕ ਪੰਜਾਬੀ ਮੂਲ ਦੇ ਨਾਮੀ ਇਮੀਗ੍ਰੇਸ਼ਨ ਵਕੀਲ ਨੂੰ 22 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਹੋਈ ਹੈ। 

63 ਸਾਲ ਦੇ ਬਲਰਾਜ ਸਿੰਘ ਰੌਜਰ ਭੱਟੀ ਨੇ 17 ਦੋਸ਼ਾਂ ਲਈ ਇਕਬਾਲ ਏ-ਜੁਰਮ ਕੀਤਾ ਹੈ। ਭੱਟੀ ਨੂੰ 2020 ਵਿਚ ਚਾਰਜ ਕੀਤਾ ਗਿਆ ਸੀ ਅਤੇ ਉਸ ਉੱਪਰ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਵਿਚ ਫ਼ਰਜ਼ੀ ਤਰੀਕੇ ਨਾਲ ਰਿਫ਼ਿਊਜੀ ਸਟੈਟਸ ਦਵਾਉਣ ਵਿਚ ਮਿਲੀਭੁਗਤ ਕਰਨ ਦਾ ਇਲਜ਼ਾਮ ਲੱਗਿਆ ਸੀ। ਉਸ ਸਮੇਂ ਬ੍ਰਿਟਿਸ਼ ਕੋਲੰਂਬੀਆ ਦੀ ਲਾਅ ਸੁਸਾਇਟੀ ਨੇ ਭੱਟੀ ਨੂੰ ਮੁਅੱਤਲ ਕਰ ਦਿੱਤਾ ਸੀ।

ਦੋਸ਼ਾਂ ਦਾ ਐਲਾਨ ਕਰਦਿਆਂ, ਕੈਨੇਡਾ ਬਾਰਡਰ ਸਰਵਿਸੇਜ਼ ਏਜੰਸੀ (ਸੀਬੀਐਸਏ) ਨੇ ਕਿਹਾ ਸੀ ਕਿ ਭੱਟੀ ਨੇ, ਡੈਲਟਾ, ਬੀ.ਸੀ. ਵਿੱਚ ਸਥਿਤ, ਇੱਕ ਦੁਭਾਸ਼ੀਏ, ਸੋਫੀਆਨ ਡਾਹਕ, ਦੇ ਨਾਲ ਮਿਲਕੇ ਇਹਨਾਂ ਅਪਰਾਧਾਂ ਨੂੰ ਅੰਜਾਮ ਦਿੱਤਾ ਸੀ, ਜਿਹਨਾਂ ਵਿੱਚ ਮੱਧ ਯੂਰਪ ਤੋਂ ਆਉਣ ਵਾਲੇ ਲੋਕ ਸ਼ਾਮਲ ਸਨ। ਇਹ ਅਪਰਾਧ 2002 ਤੋਂ 2014 ਦਰਮਿਆਨ ਕੀਤੇ ਗਏ ਸਨ।

ਸੀਬੀਐਸਏ ਨੇ 2012 ਵਿਚ ਭੱਟੀ ਦੀ ਤਫ਼ਤੀਸ਼ ਸ਼ੁਰੂ ਕੀਤੀ ਸੀ। ਭੱਟੀ ਨੇ 1983 ਵਿਚ ਵਕਾਲਤ ਸ਼ੁਰੂ ਕੀਤੀ ਸੀ ਅਤੇ 1990 ਵਿਚ ਉਸਨੇ ਇਮੀਗ੍ਰੇਸ਼ਨ ਵਕਾਲਤ ਸ਼ੁਰੂ ਕੀਤੀ ਸੀ।

ਸਜ਼ਾ ਸੁਣਾਏ ਜਾਣ ਦੇ ਔਨਲਾਈਨ ਪੋਸਟ ਕੀਤੇ ਗਏ (ਨਵੀਂ ਵਿੰਡੋ) ਕਾਰਨਾਂ ਵਿਚ, ਬੀ.ਸੀ. ਪ੍ਰੋਵਿੰਸ਼ੀਅਲ ਕੋਰਟ ਦੇ ਜੱਜ ਮਾਰਕ ਜੈਟੇ ਨੇ ਲਿਖਿਆ ਕਿ ਅਪਰਾਧਾਂ ਦੇ ਸਮੇਂ ਭੱਟੀ ਰਿਫ਼ਿਊਜੀ ਸਟੇਟਸ ਦੀ ਮੰਗ ਕਰਨ ਵਾਲੇ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੇ ਲੋਅਰ ਮੇਨਲੈਂਡ ਦੇ ਸਭ ਤੋਂ ਵਿਅਸਤ ਵਕੀਲਾਂ ਵਿੱਚੋਂ ਇੱਕ ਸੀ।

ਅਦਾਲਤ ਨੇ ਪਾਇਆ ਕਿ ਭੱਟੀ ਨੇ ਇਮੀਗ੍ਰੇਸ਼ਨ ਐਂਡ ਰਿਫ਼ਿਊਜੀ ਬੋਰਡ ਦੀ ਸੁਣਵਾਈ ਅੱਗੇ ਪਾਉਣ ਜਾਂ ਦੇਰੀ ਨਾਲ ਕਰਵਾਉਣ ਲਈ ਆਪਣੇ ਫ਼ੈਮਿਲੀ ਡਾਕਟਰ ਦੇ ਨਾਮ ‘ਤੇ ਜਾਅਲੀ ਦਸਤਾਵੇਜ਼ ਬਣਾਕੇ ਇਮੀਗ੍ਰੇਸ਼ਨ ਬੋਰਡ ਕੋਲ ਜਮਾਂ ਕੀਤੇ ਸਨ ਕਿ ਉਸਦੇ ਮੁਵੱਕਲ ਸਿਹਤ ਠੀਕ ਨਾ ਹੋਣ ਕਰਕੇ ਸੁਣਵਾਈ ਵਿਚ ਨਹੀਂ ਆ ਸਕਦੇ।

ਡਾਕਟਰੀ ਨੋਟਸ ਵਿਚ ਅਕਸਰ ਰਿਫ਼ਿਊਜੀ ਬਿਨੈ-ਕਾਰਾਂ ਨੂੰ ਦਿਲ ਦਾ ਦੌਰਾ ਪੈ ਚੁੱਕੇ ਹੋਣ, ਸੁਣਨ ਸ਼ਕਤੀ ਦੀ ਘਾਟ ਜਾਂ ਗੁਰਦੇ ਦੀ ਪਥਰੀ ਵਰਗੀਆਂ ਦਲੀਲਾਂ ਸ਼ਾਮਲ ਹੁੰਦੀਆਂ ਸਨ। ਪਰ ਜਿਨ੍ਹਾਂ ਡਾਕਟਰਾਂ ਦੇ ਲੈਟਰਹੈੱਡ ਦਸਤਾਵੇਜ਼ਾਂ ਲਈ ਵਰਤੇ ਗਏ ਸਨ, ਉਹਨਾਂ ਨੇ ਅਦਾਲਤ ਵਿਚ ਗਵਾਹੀ ਦਿੱਤੀ ਕਿ ਉਨ੍ਹਾਂ ਨੇ ਇਹ ਨੋਟਸ ਤਿਆਰ ਨਹੀਂ ਕੀਤੇ ਸਨ।

ਅਦਾਲਤ ਨੇ ਕਿਹਾ ਕਿ ਭੱਟੀ ਨੇ ਹੰਗਰੀ ਦੀ ਪੁਲਿਸ ਦੀਆਂ ਰਿਪੋਰਟਾਂ ਅਤੇ/ਜਾਂ ਮੈਡੀਕਲ ਰਿਕਾਰਡ ਦਾਖ਼ਲ ਕੀਤੇ ਸਨ, ਜਿਨ੍ਹਾਂ ਬਾਰੇ ਉਸਨੂੰ ਪਤਾ ਸੀ ਕਿ ਉਹ ਜਾਅਲੀ ਸਨ। ਅਦਾਲਤ ਨੇ ਕਿਹਾ ਕਿ ਉਸਨੇ ਇਮੀਗ੍ਰੇਸ਼ਨ ਬੋਰਡ ਨੂੰ ਆਪਣੇ ਕਲਾਇੰਟਸ ਦੇ ਹੱਕ ਵਿਚ ਭੁਗਤਾਉਣ ਦੇ ਮਕਸਦ ਨਾਲ ਅਜਿਹਾ ਕੀਤਾ ਸੀ।

ਭੱਟੀ ਦੇ ਵਕੀਲ, ਜਿਸ ਵਿਚ ਬੀਸੀ ਦੇ ਸਾਬਕਾ ਅਟੌਰਨੀ ਜਨਰਲ ਵੈਲੀ ਓਪਲ ਵੀ ਸ਼ਾਮਲ ਹਨ, ਨੇ ਆਪਣੇ ਮੁਵੱਕਲ ਲਈ ਕੰਡੀਸ਼ਨਲ ਸਜ਼ਾ ਦੀ ਮੰਗ ਕੀਤੀ ਸੀ, ਕਿਉਂਕਿ ਭੱਟੀ ਖ਼ਿਲਾਫ਼ ਪਹਿਲਾਂ ਕੋਈ ਹੋਰ ਸਜ਼ਾ ਦਾ ਮਾਮਲਾ ਨਹੀਂ ਹੈ।

ਪਰ ਜੱਜ ਜੈਟੇ ਨੇ ਅਪਰਾਧਾਂ ਦੀ ਗੰਭੀਰਤਾ ਦਾ ਹਵਾਲਾ ਦਿੰਦਿਆਂ ਇਹ ਅਰਜ਼ੀ ਖ਼ਾਰਜ ਕਰ ਦਿੱਤੀ।

ਜੱਜ ਨੇ ਕਿਹਾ ਕਿ ਭੱਟੀ ਇੱਕ ਵਕੀਲ ਵੱਜੋਂ ਵਿਚਰ ਰਿਹਾ ਸੀ ਅਤੇ ਉਸਦੇ ਵਿਵਹਾਰ ਨੇ ਮੁਲਕ ਦੇ ਰਿਫ਼ਿਊਜੀ ਸਿਸਟਮ ਦੀ ਅਖੰਡਤਾ ਨੂੰ ਪ੍ਰਭਾਵਿਤ ਕੀਤਾ ਹੈ।

ਸੀਬੀਐਸਏ ਨੇ 2012 ਵਿਚ ਭੱਟੀ ਦੀ ਤਫ਼ਤੀਸ਼ ਸ਼ੁਰੂ ਕੀਤੀ ਸੀ।

ਸੀਬੀਐਸਏ ਨੇ 2012 ਵਿਚ ਭੱਟੀ ਦੀ ਤਫ਼ਤੀਸ਼ ਸ਼ੁਰੂ ਕੀਤੀ ਸੀ।

ਤਸਵੀਰ: (CBC)

ਭਾਈਚਾਰਕ ਸਾਂਝ

ਸਜ਼ਾ ਸੁਣਾਉਣ ਦੇ ਕਾਰਨਾਂ ਵਿੱਚ ਉਹ ਹਿੱਸੇ ਵੀ ਸ਼ਾਮਲ ਹਨ ਜੋ ਭੱਟੀ ਵੱਲੋਂ ਬਹੁਤ ਸਾਰੇ ਕਲਾਇੰਟਸ ਦੀ ਨੁਮਾਇੰਦਗੀ ਕਰਨ ਕਾਰਨ ਪੈਦਾ ਹੋਏ ਕੰਮ ਦੇ ਦਬਾਅ ਦਾ ਵਰਣਨ ਕਰਦੇ ਹਨ।

ਉਸ ਦੇ ਵਕੀਲਾਂ ਨੇ ਅਦਾਲਤ ਨੂੰ ਕਈ ਪੱਤਰ ਪ੍ਰਦਾਨ ਕੀਤੇ, ਜਿਨ੍ਹਾਂ ਵਿੱਚ ਸਾਬਕਾ ਵਿਧਾਇਕ ਮੋਅ ਸਹੋਤਾ ਦਾ ਇੱਕ ਪੱਤਰ ਵੀ ਸ਼ਾਮਲ ਹੈ, ਜੋ ਭੱਟੀ ਦੀ ਪਤਨੀ ਦੀ ਭੈਣ ਨਾਲ ਵਿਆਹਿਆ ਹੋਇਆ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਭੱਟੀ ਦੇ ਕੰਮ ਦਾ ਬੋਝ ਅਤੇ ਉਸਦੇ ਕਲਾਇੰਟਸ ਪ੍ਰਤੀ ਵਚਨਬੱਧਤਾ ਉਸਦੀ ਸਿਹਤ ਨੂੰ ਨੁਕਸਾਨ ਪਹੁੰਚਾ ਰਹੀ ਸੀ।

ਇੱਕ ਕਲੀਨਿਕਲ ਅਤੇ ਫੋਰੈਂਸਿਕ ਮਨੋਵਿਗਿਆਨੀ ਨੇ ਇਹ ਸਬੂਤ ਵੀ ਪ੍ਰਦਾਨ ਕੀਤੇ ਕਿ ਭੱਟੀ ਨੂੰ ਅਪਰਾਧਾਂ ਦੇ ਸਮੇਂ ਗੰਭੀਰ ਡਿਪਰੈਸ਼ਨ ਸੀ, ਜੋ ਉਸ ਦੀਆਂ ਕੰਮ ਦੀਆਂ ਆਦਤਾਂ ਕਾਰਨ ਵਧ ਗਿਆ ਸੀ।

ਕਾਰਨਾਂ ਵਿਚ ਇਸ ਪੱਖ ‘ਤੇ ਵੀ ਜ਼ੋਰ ਦਿੱਤਾ ਗਿਆ ਹੈ ਕਿ ਕਿਵੇਂ ਜੇਲ ਵਿਚ ਸਜ਼ਾ ਕੱਟਣਾ ਭੱਟੀ ਦੀ ਸਮਾਜ ਅਤੇ ਉਸਦੇ ਪਰਿਵਾਰ ਪ੍ਰਤੀ ਜ਼ਿੰਮੇਵਾਰੀਆਂ ਨੂੰ ਹੋਰ ਕਮਜ਼ੋਰ ਕਰ ਸਕਦਾ ਹੈ।

ਸਾਖ ਨੂੰ ਢਾਹ

ਭੱਟੀ ਦੇ ਪਿਤਾ, ਕੇਸਰ, ਖ਼ਾਲਸਾ ਦਿਵਾਨ ਸੁਸਾਇਟੀ ਦੇ ਪ੍ਰਧਾਨ ਸਨ ਅਤੇ ਵੈਨਕੂਵਰ ਦੀ ਰੌਸ ਸਟ੍ਰੀਟ ‘ਤੇ ਗੁਰਦੁਆਰਾ ਬਣਾਉਣ ਵਿਚ ਉਹਨਾਂ ਦੀ ਅਹਿਮ ਭੂਮਿਕਾ ਸੀ। ਉਹਨਾਂ ਦੀ ਪਤਨੀ, ਡੈਬੀ ਪਰਹਾਰ ਮਾਈਕ ਹਾਰਕੋਰਟ ਦੇ ਬੀ.ਸੀ. ਦੇ ਪ੍ਰੀਮੀਅਰ ਵੇਲੇ ਉਹਨਾਂ ਦੇ ਦਫ਼ਤਰ ਵਿਚ ਸਪੈਸ਼ਲ ਅਸਿਸਟੈਂਟ ਸਨ। ਬਾਅਦ ਵਿਚ ਉਹ ਭੱਟੀ ਦੇ ਦਫ਼ਤਰ ਵਿਚ ਬੂਕ-ਕੀਪਰ ਵੀ ਬਣੇ ਸਨ।

ਜੱਜ ਜੈਟੇ ਨੇ ਕਿਹਾ, ਉਹ ਗਹਿਰੀ ਸਾਂਝ ਅਤੇ ਰਿਸ਼ਤਿਆਂ ਵਾਲੇ ਇੰਡੋ-ਕੈਨੇਡੀਅਨ ਭਾਈਚਾਰੇ ਦਾ ਹਿੱਸਾ ਹੈ ਅਤੇ ਖ਼ਾਸ ਤੌਰ ‘ਤੇ ਇਸ ਭਾਈਚਾਰੇ ਵਿਚ ਉਸਦੀ ਸਾਖ ਨੂੰ ਨੁਕਸਾਨ ਹੋਇਆ ਹੈ ਅਤੇ ਇਸ ਨੁਕਸਾਨ ਦੀ ਕਦੇ ਭਰਪਾਈ ਨਹੀਂ ਹੋਣੀ। ਉਸਦੀ ਪਤਨੀ ਨੂੰ ਉਸਦੇ ਕੰਮ ਦੇ ਨਤੀਜੇ ਵੱਜੋਂ ਦੁੱਖ ਝੱਲਣਾ ਪਿਆ ਹੈ।

ਜੈਟੇ ਨੇ ਸਜ਼ਾ ਸੁਣਾਉਣ ਵੇਲੇ ਵਿਚਾਰੇ ਗਏ ਕਾਰਨਾਂ ਬਾਰੇ ਦੱਸਦਿਆਂ ਕਿਹਾ ਕਿ ਝੂਠੀਆਂ ਮੈਡੀਕਲ ਅਤੇ ਪੁਲਿਸ ਰਿਪੋਰਟਾਂ ਬਣਵਾਉਣਾ ਇੱਕ ਸੋਚ-ਸਮਝ ਕੇ ਕੀਤਾ ਗਿਆ ਕਾਰਨਾਮਾ ਹੈ ਜੋ ਕਈ ਸਾਲ ਤੱਕ ਜਾਰੀ ਰਿਹਾ ਅਤੇ ਇਸਨੇ ਕਈ ਰਿਫ਼ਿਊਜੀ ਕਲੇਮਾਂ ਨੂੰ ਪ੍ਰਭਾਵਤ ਕੀਤਾ ਹੈ।

ਦੁਭਾਸ਼ੀਏ ਨੂੰ ਸਜ਼ਾ

ਪਿਛਲੇ ਸਾਲ ਜੂਨ ਵਿਚ ਡਾਹਕ ਨੇ ਇਕਬਾਲ ਏ ਜੁਰਮ ਕੀਤਾ ਸੀ ਅਤੇ ਉਸਨੂੰ ਦੋ ਸਾਲ ਦੀ ਕੰਡੀਸ਼ਨਲ ਸੈਂਟੈਂਸ (ਸ਼ਰਤਾਂ ‘ਤੇ ਸਜ਼ਾ) ਪ੍ਰਾਪਤ ਹੋਈ ਸੀ। ਸ਼ਰਤਾਂ ਵਿਚ ਪਹਿਲੇ 8 ਮਹੀਨੇ ਦੀ ਨਜ਼ਰਬੰਦੀ, ਅਗਲੇ ਅੱਠ ਮਹੀਨਿਆਂ ਦਾ ਕਰਫ਼ਿਊ ਅਤੇ ਭਾਈਚਾਰੇ ਵਿਚ 100 ਘੰਟੇ ਕੰਮ ਕਰਨਾ ਸ਼ਾਮਲ ਸੀ। ਉਸਨੂੰ 14,000 ਡਾਲਰ ਦਾ ਜੁਰਮਾਨਾ ਵੀ ਹੋਇਆ ਸੀ।

ਸੀਬੀਐਸਏ ਨੇ 2020 ਵਿਚ ਕਿਹਾ ਸੀ ਕਿ ਭੱਟੀ ਅਤੇ ਡਾਹਕ ਦੇ ਅਪਰਾਧਾਂ ਦੇ ਜ਼ਿਆਦਾਤਰ ਦਾਅਵੇਦਾਰਾਂ ਨੂੰ ਸ਼ਰਨਾਰਥੀ ਸਟੇਟਸ ਨਹੀਂ ਮਿਲੀਆ ਸੀ ਅਤੇ ਉਹਨਾਂ ਨੂੰ ਕੈਨੇਡਾ ਤੋਂ ਵਾਪਸ ਕਰ ਦਿੱਤਾ ਗਿਆ ਸੀ।

ਚੈਡ ਪੌਸਨ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ