1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਆਰਥਿਕ ਸੂਚਕ

ਕੈਨੇਡਾ ਵਿਚ ਜੁਲਾਈ ਮਹੀਨੇ ਘਰਾਂ ਦੀ ਵਿਕਰੀ ਵਿਚ 5.3 % ਗਿਰਾਵਟ

ਕੋਵਿਡ-19 ਤੋਂ ਪਹਿਲਾਂ ਦੇ ਪੱਧਰ ‘ਤੇ ਪਹੁੰਚੀ ਸਥਿਤੀ

ਕੈਨੇਡੀਅਨ ਰੀਅਲ ਅਸਟੇਟ ਅਸੋਸੀਏਸ਼ਨ ਦੀ ਨਵੀਂ ਰਿਪੋਰਟ ਅਨੁਸਾਰ ਜੁਲਾਈ ਦੌਰਾਨ ਘਰਾਂ ਦੀ ਵਿਕਰੀ ਵਿਚ 5.3 ਫ਼ੀਸਦੀ ਦੀ ਗਿਰਾਵਟ ਦਰਜ ਹੋਈ ਹੈ।

ਕੈਨੇਡੀਅਨ ਰੀਅਲ ਅਸਟੇਟ ਅਸੋਸੀਏਸ਼ਨ ਦੀ ਨਵੀਂ ਰਿਪੋਰਟ ਅਨੁਸਾਰ ਜੁਲਾਈ ਦੌਰਾਨ ਘਰਾਂ ਦੀ ਵਿਕਰੀ ਵਿਚ 5.3 ਫ਼ੀਸਦੀ ਦੀ ਗਿਰਾਵਟ ਦਰਜ ਹੋਈ ਹੈ।

ਤਸਵੀਰ:  (Evan Buhler/The Canadian Press)

RCI

ਕੈਨੇਡਾ ਦੀ ਹਾਊਸਿੰਗ ਮਾਰਕੀਟ ਵਿਚ ਧੀਮਾਪਣ ਜੁਲਾਈ ਮਹੀਨੇ ਵੀ ਜਾਰੀ ਰਿਹਾ ਅਤੇ ਘਰਾਂ ਦੀ ਵਿਕਰੀ ਤੇ ਘਰਾਂ ਦੀਆਂ ਕੀਮਤਾਂ ਦੋਵਾਂ ਵਿਚ ਨਿਘਾਰ ਦਰਜ ਹੋਇਆ।

ਕੈਨੇਡੀਅਨ ਰੀਅਲ ਅਸਟੇਟ ਅਸੋਸੀਏਸ਼ਨ ਅਨੁਸਾਰ ਜੂਨ ਮਹੀਨੇ ਦੀ ਤੁਲਨਾ ਵਿਚ ਜੁਲਾਈ ਦੌਰਾਨ ਘਰਾਂ ਦੀ ਵਿਕਰੀ ਵਿਚ 5.3 ਫ਼ੀਸਦੀ ਦੀ ਗਿਰਾਵਟ ਦਰਜ ਹੋਈ। ਜੁਲਾਈ ਵਿਚ ਕੁਲ 37,975 ਘਰ ਵੇਚੇ ਗਏ ਜੋਕਿ ਪਿਛਲੇ ਸਾਲ ਦੇ ਜੁਲਾਈ ਦੀ ਤੁਲਨਾ ਵਿਚ 29 ਫ਼ੀਸਦੀ ਗਿਰਾਵਟ ਹੈ।

ਘਰ ਦੀ ਔਸਤ ਕੀਮਤ 629,971 ਡਾਲਰ ਦਰਜ ਹੋਈ ਜੋਕਿ ਪਿਛਲੇ ਸਾਲ ਜੁਲਾਈ ਦੌਰਾਨ 662,924 ਡਾਲਰ ਦੀ ਔਸਤ ਕੀਮਤ ਵਿਚ 5 ਫ਼ੀਸਦੀ ਗਿਰਾਵਟ ਦਰਸਾਉਂਦੀ ਹੈ। ਜੂਨ ਦੇ ਮੁਕਾਬਲੇ ਘਰ ਦੀ ਔਸਤ ਕੀਮਤ ਵਿਚ 3 ਫ਼ੀਸਦੀ ਕਮੀ ਦਰਜ ਹੋਈ ਹੈ।

ਜੇ ਜੀਟੀਏ ਅਤੇ ਵੈਨਕੂਵਰ ਦੀ ਮਹਿੰਗੀ ਹਾਊਸਿੰਗ ਮਾਰਕੀਟ ਨੂੰ ਮਨਫ਼ੀ ਕਰ ਦਈਏ - ਤਾਂ ਰਾਸ਼ਟਰੀ ਔਸਤ ਕੀਮਤ ਵਿਚ 104,000 ਡਾਲਰ ਦੀ ਕਮੀ ਦਰਜ ਹੋਈ ਹੈ।

ਤਾਜ਼ਾ ਰਿਪੋਰਟ ਅਨੁਸਾਰ ਕੋਵਿਡ-19 ਦੇ ਦੋ ਸਾਲਾਂ ਦੌਰਾਨ ਹਾਊਸਿੰਗ ਵਿਚ ਆਈ ਬੇਤਹਾਸ਼ਾ ਤੇਜ਼ੀ ਤੋਂ ਬਾਅਦ ਹੁਣ ਮੁਲਕ ਵਿਚ ਹਾਊਸਿੰਗ ਗਤੀਵਿਧੀ ਕੋਵਿਡ ਤੋਂ ਪਹਿਲਾਂ ਦੇ ਪੱਧਰ ਵੱਲ ਵਾਪਸ ਮੁੜ ਰਹੀ ਹੈ।

ਬੈਂਕ ਔਫ਼ ਕੈਨੇਡਾ ਵੱਲੋਂ ਮਾਰਚ ਮਹੀਨੇ ਤੋਂ ਵਿਆਜ ਦਰਾਂ ਵਿਚ ਵਾਧੇ ਦੇ ਸਿਲਸਿਲੇ ਕਾਰਨ ਮੌਰਗੇਜ ਮਹਿੰਗੀ ਹੋ ਗਈ ਹੈ ਜਿਸ ਕਰਕੇ ਘਰਾਂ ਦੇ ਨਵੇਂ ਖ਼ਰੀਦਾਰ ਪਿੱਛੇ ਹਟੇ ਹਨ ਅਤੇ ਹਾਊਸਿੰਗ ਵਿਚ ਧੀਮਾਪਣ ਆਉਣਾ ਸ਼ੁਰੂ ਹੋਇਆ ਹੈ।

ਘਰਾਂ ਦੀ ਵਿਕਰੀ ਵਿਚ ਸਭ ਤੋਂ ਵੱਧ, ਕਰੀਬ ਤਿੰਨ ਚੌਥਾਈ, ਨਿਘਾਰ ਜੀਟੀਏ, ਵੈਨਕੂਵਰ, ਕੈਲਗਰੀ ਅਤੇ ਐਡਮੰਟਨ ਦੀ ਹਾਊਸਿੰਗ ਮਾਰਕੀਟ ਵਿਚ ਦਰਜ ਹੋਇਆ।

ਕੈਨੇਡੀਅਨ ਰੀਅਲ ਅਸਟੇਟ ਅਸੋਸੀਏਸ਼ਨ ਦੀ ਮੁਖੀ, ਜਿਲ ਓਡਿਲ ਨੇ ਕਿਹਾ ਕਿ ਜੁਲਾਈ ਦੇ ਅੰਕੜੇ ਪਿਛਲੇ ਕੁਝ ਮਹੀਨਿਆਂ ਤੋਂ ਨਜ਼ਰੀਂ ਪੈ ਰਹੇ ਰੁਝਾਨ ਦਾ ਹੀ ਸਿਲਸਿਲਾ ਹਨ; ਜਿਸ ਵਿਚ ਵਿਕਰੀ ਅਤੇ ਕੀਮਤਾਂ ਦੋਵੇਂ ਨੀਚੇ ਵੱਲ ਨੂੰ ਜਾ ਰਹੀਆਂ ਹਨ। 

ਉਹਨਾਂ ਕਿਹਾ ਕਿ ਇਸ ਸਾਲ ਦੇ ਸ਼ੁਰੂਆਤ ਤੋਂ ਮੌਜੂਦ ਘਰਾਂ ਦੀ ਮਜ਼ਬੂਤ ਮੰਗ ਭਾਵੇਂ ਅਜੇ ਖ਼ਤਮ ਨਹੀਂ ਹੋਈ ਹੈ, ਪਰ ਕੁਝ ਖ਼ਰੀਦਾਰ ਇਹ ਦੇਖਣ ਲਈ ਅਜੇ ਕੁਝ ਹੋਰ ਉਡੀਕ ਕਰਨਗੇ ਕਿ ਕੀਮਤਾਂ ਅਤੇ ਖ਼ਰੀਦ ਦੀਆਂ ਲਾਗਤਾਂ ਕਿਸ ਦਿਸ਼ਾ ਵੱਲ ਜਾਂਦੀਆਂ ਹਨ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ