1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਕੈਨੇਡਾ ਦਾ ਦੌਰਾ ਕਰਨਗੇ ਜਰਮਨ ਚਾਂਸਲਰ ਓਲਫ਼ ਸ਼ੋਲਜ਼, ਯੂਕਰੇਨ ਅਤੇ ਊਰਜਾ ਸਹਿਯੋਗ ‘ਤੇ ਹੋਵੇਗੀ ਗੱਲਬਾਤ

ਪਿਛਲੇ ਮਹੀਨੇ ਰੂਸ ਨੂੰ ਟਰਬਾਈਨਾਂ ਮੋੜਨ ਦੇ ਕੈਨੇਡਾ ਦੇ ਫ਼ੈਸਲੇ ਨੇ ਯੂਕਰੇਨ ਨੂੰ ਖ਼ਫ਼ਾ ਕੀਤਾ ਸੀ

9 ਮਾਰਚ ਨੂੰ ਬਰਲਿਨ ਵਿਖੇ ਇੱਕ ਮੀਟਿੰਗ ਲਈ ਜਰਮਨੀ ਦੇ ਚਾਂਸਲਰ ਓਲਫ਼ ਸ਼ੋਲਜ਼ (ਸੱਜੇ) ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦਾ ਸਵਾਗਤ ਕਰਦੇ ਹੋਏ। 21 ਤੋਂ 23 ਅਗਸਤ ਤੱਕ ਓਲਫ਼ ਸ਼ੋਲਜ਼ ਕੈਨੇਡਾ ਦੌਰੇ ਤੇ ਹੋਣਗੇ।

9 ਮਾਰਚ ਨੂੰ ਬਰਲਿਨ ਵਿਖੇ ਇੱਕ ਮੀਟਿੰਗ ਲਈ ਜਰਮਨੀ ਦੇ ਚਾਂਸਲਰ ਓਲਫ਼ ਸ਼ੋਲਜ਼ (ਸੱਜੇ) ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦਾ ਸਵਾਗਤ ਕਰਦੇ ਹੋਏ। 21 ਤੋਂ 23 ਅਗਸਤ ਤੱਕ ਓਲਫ਼ ਸ਼ੋਲਜ਼ ਕੈਨੇਡਾ ਦੌਰੇ ਤੇ ਹੋਣਗੇ।

ਤਸਵੀਰ: (Michael Sohn/The Associated Press)

RCI

ਜਰਮਨੀ ਦੇ ਚਾਂਸਲਰ ਓਲਫ਼ ਸ਼ੋਲਜ਼ ਇਸ ਮਹੀਨੇ ਦੇ ਅਖ਼ੀਰ ਵਿਚ ਕੈਨੇਡਾ ਆ ਕੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨਾਲ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਓਲਫ਼ ਕੈਨੇਡਾ ਫੇਰੀ ਦੌਰਾਨ ਮੌਂਟਰੀਅਲ, ਟੋਰੌਂਟੋ ਅਤੇ ਨਿਊਫ਼ੰਡਲੈਂਡ ਦੇ ਸਟੀਫ਼ਨਵਿਲ ਦਾ ਦੌਰਾ ਕਰਨਗੇ।

21 ਤੋਂ 23 ਅਗਸਤ ਦਾ ਸੰਖੇਪ ਕੈਨੇਡਾ ਦੌਰਾ ਮੌਂਟਰੀਅਲ ਤੋਂ ਸ਼ੁਰੂ ਹੋਵੇਗਾ ਜਿੱਥੇ ਜਰਮਨ ਚਾਂਸਲਰ ਜਰਮਨੀ ਅਤੇ ਕੈਨੇਡੀਅਨ ਕਾਰੋਬਾਰੀਆਂ ਨਾਲ ਮੁਲਾਕਾਤ ਕਰਨਗੇ। ਇਸ ਤੋ ਇਲਾਵਾ ਇਕ ਲੋਕਲ ਆਰਟੀਫ਼ੀਸ਼ਲ ਇੰਟੈਲਿਜੈਂਸ ਅਦਾਰੇ ਦਾ ਦੌਰਾ ਵੀ ਨਿਰਧਾਰਿਤ ਕੀਤਾ ਗਿਆ ਹੈ।

ਰੂਸ ਤੋਂ ਜਰਮਨੀ ਤੱਕ ਨੈਚਰਲ ਗੈਸ ਲਿਜਾਣ ਲਈ ਪਾਈਪਲਾਈਨ ਵਿਚ ਵਰਤੀਆਂ ਜਾਣ ਵਾਲੀਆਂ ਟਰਬਾਈਨਾਂ ਨੂੰ ਕੈਨੇਡਾ ਵੱਲੋਂ ਮੋੜਨ ਦੇ ਫ਼ੈਸਲੇ ਕਾਰਨ ਸਰਕਾਰ ਨੂੰ ਕਾਫ਼ੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ।

ਜੁਲਾਈ ਵਿਚ ਕੈਨੇਡਾ ਸਰਕਾਰ ਨੇ ਕਿਹਾ ਸੀ ਕਿ ਉਹ ਸੀਮੈਨਜ਼ ਕੈਨੇਡਾ ਨੂੰ ਰੂਸੀ ਪਾਬੰਦੀਆਂ ਤੋਂ ਛੋਟ ਦਿੰਦਿਆਂ ਸਮਾਂ-ਸੀਮਤ ਅਤੇ ਰੱਦਹੋਣ ਯੋਗ ਪਰਮਿਟ ਜਾਰੀ ਕਰੇਗੀ ਤਾਂ ਕਿ ਜਰਮਨੀ ਅਤੇ ਰੂਸ ਨੂੰ ਜੋੜਨ ਵਾਲੀ ਨੈਚਰਲ ਗੈਸ ਪਾਈਪਲਾਈਨ ਦੇ ਹਿੱਸੇ, ਨੌਰਡ ਸਟ੍ਰੀਮ 1 ਵਿਚ ਇਸਤੇਮਾਲ ਲਈ ਟਰਬਾਈਨਾਂ ਨੂੰ ਵਾਪਸ ਕੀਤਾ ਜਾ ਸਕੇ।

ਇਹ ਟਰਬਾਈਨਾਂ ਮੁਰੰਮਤ ਲਈ ਮੌਂਟਰੀਅਲ ਆਈਆਂ ਸਨ ਪਰ ਯੂਕਰੇਨ ‘ਤੇ ਹਮਲਾ ਹੋਣ ਤੋਂ ਬਾਅਦ ਕੈਨੇਡਾ ਵੱਲੋਂ ਰੂਸ ‘ਤੇ ਲਾਈਆਂ ਪਾਬੰਦੀਆਂ ਕਰਕੇ ਇਹ ਕੈਨੇਡਾ ਵਿਚ ਹੀ ਅਟਕ ਗਈਆਂ ਸਨ।

ਫ਼ੈਡਰਲ ਸਰਕਾਰ ਨੇ ਕਿਹਾ ਸੀ ਕਿ ਯੂਰਪ ਵਿਚ ਨੈਚਰਲ ਗੈਸ ਦੀ ਕਮੀ ਦੇ ਖ਼ਦਸ਼ੇ ਦੇ ਮੱਦੇਨਜ਼ਰ ਉਕਤ ਫ਼ੈਸਲਾ ਲੈਣਾ ਜ਼ਰੂਰੀ ਸੀ।

ਇਸ ਮੁਲਾਕਾਤ ਸਬੰਧੀ ਜਾਰੀ ਲਿਖਤੀ ਬਿਆਨ ਮੁਤਾਬਕ ਦੋਵੇਂ ਲੀਡਰ ਯੂਕਰੇਨ ਨੂੰ ਸਮਰਥਨ, ਯੂਰਪ ਅਤੇ ਵਿਸ਼ਵ ਵਿਚ ਸੁਰੱਖਿਆ ਤੇ ਸ਼ਾਂਤੀ ਦੀ ਹਿਫ਼ਾਜ਼ਤ ਕਰਨ ਅਤੇ ਰੂਸ ਦੇ ਗ਼ੈਰ-ਕਾਨੂੰਨੀ ਹਮਲੇ ਦੇ ਆਲਮੀ ਪ੍ਰਭਾਵਾਂ ਬਾਰੇ ਗੱਲਬਾਤ ਕਰਨਗੇ।

ਜੂਨ ਵਿਚ ਯੂਕਰੇਨ ਦੇ ਕੀਵ ਵਿਚ ਹੋਈ ਮੀਟਿੰਗ ਤੋਂ ਪਹਿਲਾਂ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੈਲੈਂਸਕੀ (ਸੱਜੇ), ਜਰਮਨ ਚਾਂਸਲਰ ਓਲਫ਼ ਸ਼ੋਲਜ਼ ਨਾਲ ਹੱਥ ਮਿਲਾਉਂਦੋ ਹੋਏ। ਤਸਵੀਰ ਵਿਚ ਫ਼੍ਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੌਨ (ਸੱਜਿਓਂ ਦੂਸਰੇ) ਵੀ ਨਜ਼ਰ ਆ ਰਹੇ ਹਨ।

ਜੂਨ ਵਿਚ ਯੂਕਰੇਨ ਦੇ ਕੀਵ ਵਿਚ ਹੋਈ ਮੀਟਿੰਗ ਤੋਂ ਪਹਿਲਾਂ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੈਲੈਂਸਕੀ (ਸੱਜੇ), ਜਰਮਨ ਚਾਂਸਲਰ ਓਲਫ਼ ਸ਼ੋਲਜ਼ ਨਾਲ ਹੱਥ ਮਿਲਾਉਂਦੋ ਹੋਏ। ਤਸਵੀਰ ਵਿਚ ਫ਼੍ਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੌਨ (ਸੱਜਿਓਂ ਦੂਸਰੇ) ਵੀ ਨਜ਼ਰ ਆ ਰਹੇ ਹਨ।

ਤਸਵੀਰ: (Sergei Supinsky/AFP/Getty Images)

ਬਿਆਨ ਅਨੁਸਾਰ, ਦੋਵੇਂ ਲੀਡਰ ਉਨ੍ਹਾਂ ਤਰੀਕਿਆਂ 'ਤੇ ਵੀ ਸਹਿਯੋਗ ਜਾਰੀ ਰੱਖਣਗੇ ਜਿਨ੍ਹਾਂ ਨਾਲ ਦੋਵੇਂ ਦੇਸ਼ ਊਰਜਾ ਸੁਰੱਖਿਆ (ਐਨਰਜੀ ਸਿਕਿਓਰਟੀ) ਦੀ ਹਿਫ਼ਾਜ਼ਤ ਲਈ ਮਿਲ ਕੇ ਕੰਮ ਕਰ ਸਕਦੇ ਹਨ, ਅਤੇ ਸਵੱਛ ਊਰਜਾ ਵੱਲ ਤਬਦੀਲੀ ਨੂੰ ਤੇਜ਼ ਕਰ ਸਕਦੇ ਹਨ, ਜਿਸ ਵਿਚ ਸਾਫ਼ ਹਾਈਡ੍ਰੋਜਨ ਅਤੇ ਖਣਿਜਾਂ ਵਰਗੇ ਮੁੱਖ ਸਰੋਤਾਂ ਤੱਕ ਸੁਰੱਖਿਅਤ ਪਹੁੰਚ ਸ਼ਾਮਲ ਹੈ

ਸਵੱਛ ਊਰਜਾ ‘ਤੇ ਐਲਾਨ ਦੇ ਸੰਕੇਤ

ਦੋਵੇਂ ਲੀਡਰ ਫਿਰ ਟੋਰੌਂਟੋ ਲਈ ਰਵਾਨਾ ਹੋਣਗੇ, ਜਿੱਥੇ ਟ੍ਰੂਡੋ ਰੂਸ ਦੇ ਕ੍ਰੀਮੀਆ ‘ਤੇ ਕਬਜ਼ੇ ਨਾਲ ਸਬੰਧਤ ਵਰਚੁਅਲ ਸੰਮੇਲਨ ਵਿੱਚ ਹਿੱਸਾ ਲੈਣਗੇ। ਇਸ ਤੋਂ ਬਾਅਦ ਕੈਨੇਡਾ-ਜਰਮਨੀ ਬਿਜ਼ਨਸ ਫੋਰਮ ਵਿੱਚ ਹਾਜ਼ਰੀ ਲੱਗੇਗੀ।

ਸ਼ੋਲਜ਼ ਦੀ ਕੈਨੇਡਾ ਫ਼ੇਰੀ ਨਿਊਫ਼ੰਡਲੈਂਡ ਦੇ ਸਟੀਫ਼ਨਵਿਲ ਵਿੱਖੇ ਸਮਾਪਤ ਹੋਵੇਗੀ, ਜਿੱਥੇ ਟ੍ਰੂਡੋ ਅਤੇ ਸ਼ੋਲਜ਼ ਇੱਕ ਹਾਈਡ੍ਰੋਜਨ ਟਰੇਡ ਸ਼ੋਅ ਵਿੱਚ ਸ਼ਾਮਲ ਹੋਣਗੇ। ਬਿਆਨ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਦੋਵੇਂ ਦੇਸ਼ ਇੱਕ ਸਵੱਛ ਆਰਥਿਕਤਾ (Clean Economy) ਨੂੰ ਅੱਗੇ ਵਧਾਉਣ ਦੇ ਸਾਂਝੇ ਟੀਚੇ ਨੂੰ ਰਸਮੀ ਤੌਰ 'ਤੇ ਡੂੰਘਾ ਕਰਨ ਦਾ ਇਰਾਦਾ ਰੱਖਦੇ ਹਨ, ਪਰ ਇਸ ਬਾਬਤ ਵੇਰਵੇ ਸਾਂਝੇ ਨਹੀਂ ਕੀਤੇ ਗਏ।

ਟ੍ਰੂਡੋ ਨੇ ਬਿਆਨ ਜਾਰੀ ਕਰਦਿਆਂ ਕਿਹਾ, ਜਰਮਨੀ ਅਤੇ ਕੈਨੇਡਾ ਆਲਮੀ ਮੰਚ 'ਤੇ ਕਰੀਬੀ ਮਿੱਤਰ ਹਨ। ਅਸੀਂ ਲੋਕਤੰਤਰ, ਸ਼ਾਂਤੀ ਅਤੇ ਸੁਰੱਖਿਆ ਲਈ ਸਾਡੀਆਂ ਸਾਂਝੀਆਂ ਵਚਨਬੱਧਤਾਵਾਂ ਨਾਲ ਜੁੜੇ ਹੋਏ ਹਾਂ, ਜਿਸ ਵਿੱਚ ਯੂਕਰੇਨ ਲਈ ਸਾਡਾ ਸਮਰਥਨ, ਇੱਕ ਸਾਫ਼, ਸਿਹਤਮੰਦ ਭਵਿੱਖ ਅਤੇ ਲੋਕਾਂ ਲਈ ਕੰਮ ਕਰਨ ਵਾਲੀ ਆਰਥਿਕਤਾ ਸ਼ਾਮਲ ਹੈ

ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਲੀਡਰ ਆਟੋਮੋਟਿਵ ਸੈਕਟਰ ਅਤੇ ਜਲਵਾਯੂ ਤਬਦੀਲੀ ਬਾਰੇ ਵੀ ਗੱਲ ਕਰਨਗੇ।

ਪ੍ਰਧਾਨ ਮੰਤਰੀ ਅਤੇ ਚਾਂਸਲਰ ਨੇ ਆਖ਼ਰੀ ਵਾਰ ਜੂਨ ਮਹੀਨੇ 'ਚ ਜਰਮਨੀ ਵਿੱਚ ਆਯੋਜਿਤ ਜੀ-7 ਸਿਖਰ ਸੰਮੇਲਨ ਦੌਰਾਨ ਮੁਲਾਕਾਤ ਕੀਤੀ ਸੀ।

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ