1. ਮੁੱਖ ਪੰਨਾ
  2. ਸਮਾਜ
  3. ਸੰਗਠਿਤ ਅਪਰਾਧ

ਟੋਰੌਂਟੋ ਦੇ ਇੱਕ ਮੁਸਲਿਮ ਕਬਰਸਤਾਨ ਵਿੱਖੇ ਚੱਲੀ ਗੋਲੀ, ਇੱਕ ਦੀ ਮੌਤ, ਇੱਕ ਜ਼ਖ਼ਮੀ

ਪੁਲਿਸ ਨੇ ਮ੍ਰਿਤਕ ਦੀ ਪਛਾਣ 26 ਸਾਲ ਦੇ ਅਯੂਬ ਹਿਰਸੀ ਅਲੀ ਵੱਜੋਂ ਕੀਤੀ ਹੈ

ਵੀਰਵਾਰ ਨੂੰ ਰਿਚਮੰਡ ਹਿੱਲ ਦੇ ਇੱਕ ਮੁਸਲਿਮ ਕਬਰਸਤਾਨ ਵਿੱਖੇ ਹੋਈ ਸ਼ੂਟਿੰਗ ਦੀ ਯੌਰਕ ਰੀਜਨਲ ਪੁਲਿਸ ਜਾਂਚ ਕਰ ਰਹੀ ਹੈ।

ਵੀਰਵਾਰ ਨੂੰ ਰਿਚਮੰਡ ਹਿੱਲ ਦੇ ਇੱਕ ਮੁਸਲਿਮ ਕਬਰਸਤਾਨ ਵਿੱਖੇ ਹੋਈ ਸ਼ੂਟਿੰਗ ਦੀ ਯੌਰਕ ਰੀਜਨਲ ਪੁਲਿਸ ਜਾਂਚ ਕਰ ਰਹੀ ਹੈ।

ਤਸਵੀਰ: (CBC)

RCI

ਵੀਰਵਾਰ ਨੂੰ ਰਿਚਮੰਡ ਹਿੱਲ ਵਿਚ ਸਥਿਤ ਟੋਰੌਂਟੋ ਮੁਸਲਿਮ ਸੀਮੈਟਰੀ (ਕਬਰਸਤਾਨ) ਵਿੱਖੇ ਵਾਪਰੀ ਗੋਲੀਬਾਰੀ ਦੀ ਘਟਨਾ ਵਿਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਅਤੇ ਇਕ ਹੋਰ ਨੌਜਵਾਨ ਜ਼ਖ਼ਮੀ ਹੋ ਗਿਆ।

ਪੁਲਿਸ ਮੁਤਾਬਕ ਇਹ ਹਾਦਸਾ ਕਬਰਸਤਾਨ ਵਿੱਖੇ ਕਿਸੇ ਦੇ ਦਫ਼ਨ ਦੀਆਂ ਅੰਤਿਮ ਰਸਮਾਂ ਤੋਂ ਬਾਅਦ ਦੁਪਹਿਰ 3:15 ਵਜੇ ਵਾਪਰਿਆ ਸੀ। 

ਸ਼ੁੱਕਰਵਾਰ ਨੂੰ ਪੁਲਿਸ ਨੇ ਇਸ ਮਾਮਲੇ ‘ਤੇ ਅਪਡੇਟ ਦਿੰਦਿਆਂ ਮ੍ਰਿਤਕ ਦੀ ਪਛਾਣ ਵੀ ਨਸ਼ਰ ਕਰ ਦਿੱਤੀ ਹੈ।। ਮ੍ਰਿਤਕ ਦਾ ਨਾਮ ਅਯੂਬ ਅਲੀ ਹਿਰਸੀ ਹੈ ਅਤੇ ਇਹ 26 ਸਾਲਾ ਨੌਜਵਾਨ ਬੈਰੀ ਸ਼ਹਿਰ ਦਾ ਰਹਿਣ ਵਾਲਾ ਸੀ। ਹਮਲੇ ਵਿਚ ਜ਼ਖ਼ਮੀ ਹੋਏ 27 ਸਾਲ ਦੇ ਇੱਕ ਹੋਰ ਨੌਜਵਾਨ ਨੂੰ ਵੀ ਗੰਭੀਰ ਜ਼ਖ਼ਮੀ ਹਾਲ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।

ਅਲੀ ਨੂੰ ਵੀ ਹਸਪਤਾਲ ਲਿਜਾਇਆ ਗਿਆ ਸੀ ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਹ ਕੁਝ ਦੇਰ ਬਾਅਦ ਦਮ ਤੋੜ ਗਿਆ ਸੀ।

ਪੁਲਿਸ ਦਾ ਕਹਿਣਾ ਹੈ ਕਿ ਇਹ ਇੱਕ ਗਿਣ-ਮਿਥ ਕੇ ਕੀਤਾ ਗਿਆ ਹਮਲਾ ਸੀ। ਪੁਲਿਸ ਦਾ ਕਹਿਣਾ ਹੈ ਕਿ ਇਸ ਘਟਨਾ ਵਿਚ ਤਿੰਨ ਮਸ਼ਕੂਕ ਸ਼ਾਮਲ ਸਨ ਜੋ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇੱਕ ਐਸਯੂਵੀ ਵਿਚ ਫ਼ਰਾਰ ਹੋਏ ਸਨ। ਤਿੰਨੇ ਮਸ਼ਕੂਕਾਂ ਨੇ ਹੁਡੀ ਅਤੇ ਮਾਸਕ ਪਹਿਨੇ ਹੋਏ ਸਨ।

ਪੁਲਿਸ ਅਨੁਸਾਰ ਇਸ ਘਟਨਾ ਦੇ ਕਬਰਸਤਾਨ ਵਿਚ ਮੌਜੂਦ ਕਈ ਸੰਭਾਵੀ ਚਸ਼ਮਦੀਦ ਹੋ ਸਕਦੇ ਹਨ ਅਤੇ ਉਹਨਾਂ ਲੋਕਾਂ ਨੂੰ ਅੱਗੇ ਆਉਣ ਦੀ ਪੁਰਜ਼ੋਰ ਅਪੀਲ ਕੀਤੀ ਜਾ ਰਹੀ ਹੈ।

ਪੁਲਿਸ ਵੱਲੋਂ ਇਲਾਕੇ ਵਿਚੋਂ ਸੀਸੀਟੀਵੀ ਫ਼ੂਟੇਜ ਜਾਂ ਕੋਈ ਸੰਭਾਵੀ ਡੈਸ਼ਕੈਮ ਵੀਡੀਓ ਪ੍ਰਾਪਤ ਕਰਨ ਦੇ ਯਤਨ ਵੀ ਕੀਤੇ ਜਾ ਰਹੇ ਹਨ।

ਕਬਰਸਤਾਨ ਦੇ ਮੈਨੇਜਰ, ਸਬੀ ਅਹਿਸਨ ਨੇ ਸੀਬੀਸੀ ਟੋਰੌਂਟੋ ਨੂੰ ਦਿੱਤੇ ਇੱਕ ਲਿਖਤੀ ਬਿਆਨ ਵਿਚ ਕਿਹਾ ਕਿ ਇਸ ਗੋਲੀਬਾਰੀ ਤੋਂ ਬਾਅਦ ਉਹਨਾਂ ਦਾ ਸਟਾਫ਼ ਬੇਹੱਦ ਅਫਸੋਸ ਵਿਚ ਹੈ।

ਅਹਿਸਨ ਨੇ ਦੱਸਿਆ ਕਿ ਘਟਨਾ ਦੇ ਸਮੇਂ ਕਬਰਸਤਾਨ ਵਿਚ 60 ਜਣੇ ਮੌਜੂਦ ਸਨ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ