1. ਮੁੱਖ ਪੰਨਾ
  2. ਰਾਜਨੀਤੀ
  3. ਇਮੀਗ੍ਰੇਸ਼ਨ

ਵਿਦੇਸ਼ ‘ਚ ਸਿਖਲਾਈ ਪ੍ਰਾਪਤ ਡਾਕਟਰ ਪੀ.ਈ.ਆਈ. ‘ਚ ਕੰਮ ਕਰਨ ‘ਚ ਆਉਂਦੀਆਂ ਰੁਕਾਵਟਾਂ ਤੋਂ ਨਿਰਾਸ਼

“ਮੈਂ ਘਰ ਬੈਠਾ ਇੱਕ ਡਾਕਟਰ ਹਾਂ ਅਤੇੇ ਕੁਝ ਵੀ ਕਰਨ ਦੇ ਯੋਗ ਨਹੀਂ ਹਾਂ”

2017 ਵਿਚ ਮੈਡੀਕਲ ਡਿਗਰੀ ਪੂਰੀ ਕਰਨ ਤੋਂ ਬਾਅਦ, ਡਾ ਖ਼ਾਲਿਦ ਸਲਾਰ ਇਸ ਸਮੇਂ ਸੌਫਟਵੇਅਰ ਬਣਾਉਣ ਵਾਲੀ ਇੱਕ ਕੰਪਨੀ ਵਿਚ ਕੰਮ ਕਰ ਰਿਹਾ ਹੈ।

2017 ਵਿਚ ਮੈਡੀਕਲ ਡਿਗਰੀ ਪੂਰੀ ਕਰਨ ਤੋਂ ਬਾਅਦ, ਡਾ ਖ਼ਾਲਿਦ ਸਲਾਰ ਇਸ ਸਮੇਂ ਸੌਫਟਵੇਅਰ ਬਣਾਉਣ ਵਾਲੀ ਇੱਕ ਕੰਪਨੀ ਵਿਚ ਕੰਮ ਕਰ ਰਿਹਾ ਹੈ।

ਤਸਵੀਰ:  (Steve Bruce/CBC)

RCI

ਡਾ ਖ਼ਾਲਿਦ ਸਲਾਰ ਪ੍ਰਿੰਸ ਐਡਵਰਡ ਆਈਲੈਂਡ (ਪੀ.ਈ.ਆਈ.) ਸੂਬੇ ਦੇ ਹੈਲਥ ਕੇਅਰ ਸਿਸਟਮ ਨੂੰ ਦਰਪੇਸ਼ ਚੁਣੌਤੀਆਂ - ਜਿਵੇਂ ਐਮਰਜੈਂਸੀ ਵਿਭਾਗਾਂ ਵਿਚ ਸਟਾਫ਼ ਦੀ ਘਾਟ ਅਤੇ ਲੋਕਾਂ ਨੂੰ ਫ਼ੈਮਲੀ ਡਾਕਟਰ ਮਿਲਣ ਵਿਚ ਲੰਬੀ ਉਡੀਕ, ਬਾਰੇ ਨਿੱਤ ਹੀ ਆਪਣੇ ਲੈਪਟੌਪ ‘ਤੇ ਖ਼ਬਰਾਂ ਪੜ੍ਹਦਾ ਰਹਿੰਦਾ ਹੈ ਅਤੇ ਨਾਲ ਹੀ ਨਿਰਾਸ਼ ਵੀ ਹੁੰਦਾ ਰਹਿੰਦਾ ਹੈ।

ਖ਼ਾਲਿਦ ਨੇ ਕਿਹਾ, ਮੈਂ ਕਿਉਂ ਨਿਰਾਸ਼ ਹੁੰਦਾ ਹਾਂ, ਕਿਉਂਕਿ ਮੈਂ ਘਰੇ ਬੈਠਾ ਇੱਕ ਡਾਕਟਰ ਹਾਂ, ਤੇ ਕੁਝ ਵੀ ਕਰਨ ਦੇ ਯੋਗ ਨਹੀਂ ਹਾਂ। ਖ਼ਾਲਿਦ ਇਸ ਸਮੇਂ ਸ਼ਾਰਲੇਟਾਊਨ ਦੀ ਸੌਫ਼ਟਵੇਅਰ ਬਣਾਉਣ ਵਾਲੀ ਇੱਕ ਕੰਪਨੀ ਵਿਚ ਕੰਮ ਕਰਦਾ ਹੈ।

ਖ਼ਾਲਿਦ ਅਫਗ਼ਾਨਿਸਤਾਨ ਤੋਂ ਹੈ ਅਤੇ ਉਹ ਉਹਨਾਂ ਹਜ਼ਾਰਾਂ ਡਾਕਟਰਾਂ ਵਿਚੋਂ ਇੱਕ ਹੈ ਜਿਹਨਾਂ ਨੇ ਵਿਦੇਸ਼ਾਂ ਵਿਚ ਡਾਕਟਰੀ ਦੀ ਸਿਖਲਾਈ ਪ੍ਰਾਪਤ ਕੀਤੀ ਹੈ ਅਤੇ ਇੱਥੇ ਆਪਣੇ ਪੇਸ਼ੇ ਵਿਚ ਕੰਮ ਕਰਨ ਲਈ ਲੋੜੀਂਦੇ ਲਾਇਸੈਂਸ ਪ੍ਰਾਪਤ ਕਰਨ ਦੀ ਪੇਚੀਦਗੀ ਵਿਚ ਉਲਝੇ ਹੋਏ ਹਨ।

ਨਿਯਮਾਂ ਦੀਆਂ ਰੁਕਾਵਟਾਂ

ਪੀ.ਈ.ਆਈ. ਸੂਬਾ ਹੀ ਨਹੀਂ ਪੂਰੇ ਮੁਲਕ ਵਿਚ ਹੀ ਇਸ ਸਮੇਂ ਹੈਲਥ ਕੇਅਰ ਵਿਚ ਸਟਾਫ਼ ਦੀ ਘਾਟ ਦੀ ਸਮੱਸਿਆ ਹੈ ਅਤੇ ਕੈਨੇਡੀਅਨ ਮੈਡੀਕਲ ਅਸੋਸੀਏਸ਼ਨ (ਸੀਐਮਏ) ਦਾ ਕਹਿਣਾ ਹੈ ਕਿ ਇਸ ਸਮੱਸਿਆ ਦਾ ਜਲਦੀ ਹੱਲ ਕਰਨ ਦੀ ਜ਼ਰੂਰਤ ਹੈ।

ਸੀਐਮਏ ਦੀ ਪ੍ਰੈਜ਼ੀਡੈਂਟ, ਡਾ ਕੈਥਰੀਨ ਸਮਾਰਟ ਨੇ ਕਿਹਾ, ਸੱਚਾਈ ਇਹ ਹੈ ਕਿ ਇੱਥੇ ਬਹੁਤ ਸਾਰੀਆਂ ਰੈਗੂਲੇਟਰੀ ਰੁਕਾਵਟਾਂ ਹਨ ਜੋ ਡਾਕਟਰਾਂ ਅਤੇ ਨਰਸਾਂ ਦੋਵਾਂ ਨੂੰ ਪ੍ਰਮਾਣਿਤ ਹੋਣ ਅਤੇ ਸਿਸਟਮ ਵਿਚ ਸ਼ਾਮਲ ਕਰਨ ਤੋਂ ਰੋਕ ਰਹੀਆਂ ਹਨ, ਜਿੱਥੇ ਉਹ ਕੈਨੇਡੀਅਨਜ਼ ਲਈ ਸੇਵਾ ਕਰ ਸਕਦੇ ਹਨ

ਖ਼ਾਲਿਦ ਨੇ ਕਿਹਾ ਕਿ ਉਹ ਪੀ.ਈ.ਆਈ. ਵਿਚ ਡਾਕਟਰ ਵੱਜੋਂ ਕੰਮ ਕਰਨ ਦੀ ਵਾਜਬ ਸਥਿਤੀ ਵਿਚ ਸੀ।

ਇੱਕ ਸਾਲ ਪਹਿਲਾਂ ਅਫਗ਼ਾਨਿਸਤਾਨ ਵਿਚ ਤਾਲਿਬਾਨ ਦੇ ਕਾਬਜ਼ ਹੋਣ ਤੋਂ ਬਾਅਦ ਖ਼ਾਲਿਦ ਨੇ ਪਰਿਵਾਰ ਸਮੇਤ ਆਪਣਾ ਮੁਲਕ ਛੱਡਣ ਦਾ ਔਖਾ ਫ਼ੈਸਲਾ ਲੈਂਦਿਆਂ ਕੈਨੇਡਾ ਪਰਵਾਸ ਕਰਨ ਦਾ ਫ਼ੈਸਲਾ ਕੀਤਾ ਸੀ।

ਇੱਕ ਸਾਲ ਪਹਿਲਾਂ ਅਫਗ਼ਾਨਿਸਤਾਨ ਵਿਚ ਤਾਲਿਬਾਨ ਦੇ ਕਾਬਜ਼ ਹੋਣ ਤੋਂ ਬਾਅਦ ਖ਼ਾਲਿਦ ਨੇ ਪਰਿਵਾਰ ਸਮੇਤ ਆਪਣਾ ਮੁਲਕ ਛੱਡਣ ਦਾ ਔਖਾ ਫ਼ੈਸਲਾ ਲੈਂਦਿਆਂ ਕੈਨੇਡਾ ਪਰਵਾਸ ਕਰਨ ਦਾ ਫ਼ੈਸਲਾ ਕੀਤਾ ਸੀ।

ਤਸਵੀਰ: (Khaled Salar)

ਸੱਤ ਸਾਲ ਦਾ ਪ੍ਰੋਗਰਾਮ ਕਰਕੇ ਖ਼ਾਲਿਦ ਨੇ 2017 ਵਿਚ ਅਫਗ਼ਾਨਿਸਤਾਨ ਦੇ ਮੈਡੀਕਲ ਸਕੂਲ ਤੋਂ ਆਪਣੀ ਡਾਕਟਰੀ ਪੜ੍ਹਾਈ ਮੁਕੰਮਲ ਕੀਤੀ, ਜਿਸ ਵਿਚ ਇੱਕ ਹਸਪਤਾਲ ਵਿਚ ਇੱਕ ਸਾਲ ਦੀ ਰੈਜ਼ੀਡੈਂਸੀ ਵੀ ਸ਼ਾਮਲ ਹੈ।

ਫਿਰ ਉਸਨੇ ਅਫਗ਼ਾਨਿਸਤਾਨ ਦੇ ਘੱਟ ਮੈਡੀਕਲ ਸਹੂਲਤਾਂ ਵਾਲੇ ਇਲਾਕਿਆਂ ਵਿਚ ਹੈਲਥ ਕੇਅਰ ਤੱਕ ਪਹੁੰਚ ਨੂੰ ਬਿਹਤਰ ਬਣਾਉਣ ਦੀਆਂ ਕੋਸ਼ਿਸ਼ਾਂ ਵੱਜੋਂ ਇੱਕ ਐਨਜੀਓ ਨਾਲ ਵੀ ਕਈ ਸਾਲ ਕੰਮ ਕੀਤਾ ਸੀ।

ਇੱਕ ਸਾਲ ਪਹਿਲਾਂ ਅਫਗ਼ਾਨਿਸਤਾਨ ਵਿਚ ਤਾਲਿਬਾਨ ਦੇ ਕਾਬਜ਼ ਹੋਣ ਤੋਂ ਬਾਅਦ ਖ਼ਾਲਿਦ ਨੇ ਪਰਿਵਾਰ ਸਮੇਤ ਆਪਣਾ ਮੁਲਕ ਛੱਡਣ ਦਾ ਔਖਾ ਫ਼ੈਸਲਾ ਲੈਂਦਿਆਂ ਕੈਨੇਡਾ ਪਰਵਾਸ ਕਰਨ ਦਾ ਫ਼ੈਸਲਾ ਕੀਤਾ। ਵਿਸ਼ੇਸ਼ ਇਮੀਗ੍ਰੇਸ਼ਨ ਪ੍ਰੋਗਰਾਮ ਤਹਿਤ ਉਹ ਕੈਨੇਡਾ ਪਹੁੰਚਿਆ ਅਤੇ ਪੀ.ਈ.ਆਈ. ਦੇ ਸ਼ਾਰਲੇਟਾਊਨ ਨੂੰ ਆਪਣਾ ਨਵਾਂ ਘਰ ਬਣਾਇਆ।

ਖ਼ਾਲਿਦ ਨੇ ਕਿਹਾ, ਜਦੋਂ ਮੈਂ ਪੀ.ਈ.ਆਈ ਆਉਣ ਬਾਰੇ ਸੋਚ ਰਿਹਾ ਸੀ ਤਾਂ ਮੇਰੇ ਵਾਕਫ਼ਾਂ ਨੇ ਮੈਨੂੰ ਦੱਸਿਆ ਸੀ ਕਿ ਸੂਬੇ ਵਿਚ ਡਾਕਟਰਾਂ ਦੀ ਘਾਟ ਹੈ। ਮੈਂ ਸੋਚਿਆ ਸੀ ਕਿ ਇਹ ਮੇਰੇ ਲਈ ਚੰਗੀ ਸਥਿਤੀ ਹੈ ਅਤੇ ਮੈਂ ਜਾਂਦਿਆਂ ਹੀ ਆਪਣਾ ਡਾਕਟਰੀ ਕਰੀਅਰ ਸ਼ੁਰੂ ਕਰ ਦਵਾਂਗਾ

ਪਰ ਖ਼ਾਲਿਦ ਨੂੰ ਨਿਯਮਾਂ ਦੀਆਂ ਚੁਣੌਤੀਆਂ ਦਰਪੇਸ਼ ਹੋਈਆਂ। ਵਿਦੇਸ਼ ਵਿਚ ਸਿਖਲਾਈ ਪ੍ਰਾਪਤ ਡਾਕਟਰ ਹੋਣ ਦੇ ਤੌਰ ‘ਤੇ ਖ਼ਾਲਿਦ ਨੂੰ ਮੈਡੀਕਲ ਅਸੋਸੀਏਸ਼ਨ ਔਫ਼ ਕੈਨੇਡਾ ਵੱਲੋਂ ਇੱਕ ਇਮਤਿਹਾਨ ਪਾਸ ਕਰਨਾ ਪੈਣਾ ਸੀ। ਉਸਨੇ ਅੰਦਾਜ਼ਾ ਲਗਾਇਆ ਕਿ ਇਸ ਇਮਤਿਹਾਨ ਨਾਲ ਜੁੜੀ ਕੁਲ ਲਾਗਤ ਕਰੀਬ 20,000 ਡਾਲਰ ਬਣਦੀ ਹੈ।

ਬੈਂਕ ਵਿਚ ਸੀਮਤ ਜਮਾਂ ਪੂੰਜੀ ਅਤੇ ਆਪਣੀ ਪਤਨੀ ਦੀ ਗਰਭ ਅਵਸਥਾ ਦੌਰਾਨ, ਉਸਨੇ ਸੋਚਿਆ ਕਿ ਉਹ ਇਮਤਿਹਾਨ ਦੀ ਫ਼ੀਸ ਨਹੀਂ ਅਦਾ ਕਰ ਸਕਦਾ ਅਤੇ ਤਿਆਰੀ ਲਈ ਕੰਮ ਤੋਂ ਕਈ ਮਹੀਨਿਆਂ ਦੀ ਛੁੱਟੀ ਵੀ ਨਹੀਂ ਕਰ ਸਕਦਾ।

ਡਾਕਟਰ ਵੱਜੋਂ ਪ੍ਰੈਕਟਿਸ ਕਰਨ ਸਬੰਧੀ ਲੋੜੀਂਦੀ ਯੋਗਤਾ ਅਤੇ ਤਜਰਬਾ ਦਰਸਾਉਣ ਲਈ ਪ੍ਰਕਿਰਿਆ ਜ਼ਰੂਰ ਹੋਣੀ ਚਾਹੀਦੀ ਹੈ, ਪਰ ਮੇਰਾ ਮੰਨਣਾ ਹੈ ਕਿ ਇਹ ਪ੍ਰਕਿਰਿਆ ਇੰਨੀ ਮਹਿੰਗੀ ਨਹੀਂ ਹੋਣੀ ਚਾਹੀਦੀ। ਇਸ ਤਰ੍ਹਾਂ ਤਾਂ ਮੈਂ ਇਸਨੂੰ [ਫ਼ੀਸ] ਝੱਲ ਨਹੀਂ ਸਕਦਾ …..ਅਤੇ ਪੀ.ਈ.ਆਈ.ਇੱਕ ਡਾਕਟਰ ਪ੍ਰਾਪਤ ਕਰਨ ਦਾ ਮੌਕਾ ਗੁਆ ਰਿਹਾ ਹੈ।
ਵੱਲੋਂ ਇੱਕ ਕਥਨ ਡਾ ਖ਼ਾਲਿਦ ਸਲਾਰ, ਅਫਗ਼ਾਨਿਸਤਾਨ ਤੋਂ ਸਿਖਿਆ ਪ੍ਰਾਪਤ ਡਾਕਟਰ

ਸਮੀਖਿਆ ਪ੍ਰੋਗਰਾਮ ਇੱਕ ਗੁੰਜਾਇਸ਼

ਖ਼ਾਲਿਦ ਦਾ ਕਹਿਣਾ ਹੈ ਕਿ ਸੂਬੇ ਵਿਚ ਇੱਕ ਮੈਂਟਰਸ਼ਿਪ ਪ੍ਰੋਗਰਾਮ ਹੋਣਾ ਚਾਹੀਦਾ ਹੈ ਜਿਸ ਅਧੀਨ ਉਹ ਕਿਸੇ ਕੈਨੇਡੀਅਨ ਸਿਖਲਾਈ ਪ੍ਰਾਪਤ ਡਾਕਟਰ ਦੇ ਨਾਲ ਟ੍ਰੇਨਿੰਗ ਕਰ ਸਕੇ, ਉਹ ਡਾਕਟਰ ਉਸਦੀ ਯੋਗਤਾ ਦੀ ਸਮੀਖਿਆ ਕਰੇ, ਉਸਦੇ ਲਾਇਸੈਂਸ ਲੈਣ ਦੀ ਪ੍ਰਕਿਰਿਆ ਤੇਜ਼ ਹੋਵੇ ਤੇ ਅੰਤ ਵਿਚ ਉਹ ਆਪਣੀ ਡਾਕਟਰੀ ਪ੍ਰੈਕਟਿਸ ਕਰ ਸਕੇ।

ਇਸ ਤਰ੍ਹਾਂ ਦੇ ਪ੍ਰੋਗਰਾਮ, ਜਿਹਨਾਂ ਨੂੰ ਆਮ ਤੌਰ ‘ਤੇ ਪ੍ਰੈਕਟਿਸ ਰੈਡੀ ਅਸੈਸਮੈਂਟਸ ( Practice Ready Assessments) ਕਿਹਾ ਜਾਂਦਾ ਹੈ, ਕੁਝ ਹੱਦ ਤੱਕ ਜ਼ਿਆਦਾਤਰ ਸੂਬਿਆਂ ਵਿਚ ਮੌਜੂਦ ਹਨ।

ਸੂਬੇ ਦੇ ਕੌਲੇਜ ਔਫ਼ ਫ਼ਿਜ਼ੀਸ਼ੀਅਨਜ਼ ਐਂਡ ਨਰਸੇਜ਼ ਅਨੁਸਾਰ, ਪੀ.ਈ.ਆਈ ਉਹਨਾਂ ਤਿੰਨ ਸੂਬਿਆਂ ਵਿਚੋਂ ਇੱਕ ਹੈ ਜਿੱਥੇ ਪ੍ਰੈਕਟਿਸ ਰੈਡੀ ਅਸੈਸਮੈਂਟਸ ਦੀ ਪੇਸ਼ਕਸ਼ ਨਹੀਂ ਕੀਤੀ ਜਾਂਦੀ।

ਕੌਲੇਜ ਰਜਿਸਟ੍ਰਾਰ, ਡਾ ਜੌਰਜ ਕੈਰਾਥਰਜ਼ ਨੇ ਕਿਹਾ, ਪੀ.ਈ.ਆਈ. ਕਾਲਜ ਨਿਊਫ਼ੰਡਲੈਂਡ ਅਤੇ ਨੋਵਾ ਸਕੋਸ਼ੀਆ ਨਾਲ ਚਰਚਾ ਕਰ ਰਿਹਾ ਹੈ ਕਿ ਉਹਨਾਂ ਦੇ ਪ੍ਰੋਗਰਾਮ ਕਿਵੇਂ ਕੰਮ ਕਰਦੇ ਹਨ ਅਤੇ ਇਹ ਇੱਥੇ ਕਿਸ ਤਰ੍ਹਾਂ ਦਾ ਹੋਵੇਗਾ। ਹੋਰ ਵਿਚਾਰ ਵਟਾਂਦਰੇ ਦੀ ਯੋਜਨਾ ਬਣਾਈ ਜਾ ਰਹੀ ਹੈ ਅਤੇ ਸਰਕਾਰ ਨਾਲ ਵੀ ਚਰਚਾ ਕੀਤੀ ਜਾਵੇਗੀ

ਕੈਨੇਡੀਅਨ ਮੈਡੀਕਲ ਅਸੋਸੀਏਸ਼ਨ ਦੀ ਪ੍ਰੈਜ਼ੀਡੈਂਟ, ਡਾ ਕੈਥਰੀਨ ਸਮਾਰਟ

ਕੈਨੇਡੀਅਨ ਮੈਡੀਕਲ ਅਸੋਸੀਏਸ਼ਨ ਦੀ ਪ੍ਰੈਜ਼ੀਡੈਂਟ, ਡਾ ਕੈਥਰੀਨ ਸਮਾਰਟ

ਤਸਵੀਰ:  (Zoom)

ਸੀਐਮਏ ਦੀ ਪ੍ਰੈਜ਼ੀਡੈਂਟ ਨੇ ਕਿਹਾ ਕਿ ਅਸੈਸਮੈਂਟ ਪ੍ਰੋਗਰਾਮ ਵਿਦੇਸ਼ੀ-ਸਿਖਿਅਤ ਡਾਕਟਰਾਂ ਨੂੰ ਕੰਮ ਕਰਾਉਣ ਵਿੱਚ ਕੁਝ ਪ੍ਰਭਾਵਸ਼ਾਲੀ ਰਹੇ ਹਨ, ਪਰ ਉਨ੍ਹਾਂ ਦੀਆਂ ਆਪਣੀਆਂ ਸੀਮਾਵਾਂ ਹਨ।

ਇੱਥੇ ਬਹੁਤ ਸਾਰੀਆਂ [ਸਿਖਲਾਈ] ਅਸਾਮੀਆਂ ਉਪਲਬਧ ਨਹੀਂ ਹਨ। ਅਤੇ ਜਦੋਂ ਤੁਸੀਂ ਹੈਲਥ ਸਟਾਫ਼ ਨੂੰ ਦੇਖਦੇ ਹੋ ਜੋ ਪਹਿਲਾਂ ਹੀ ਤਣਾਅ ਵਿਚ ਹਨ ਅਤੇ ਕਿਤੇ ਵੱਧ ਕੰਮ ਕਰ ਰਹੇ ਹਨ, ਤਾਂ ਅਜਿਹੇ ਲੋਕਾਂ ਨੂੰ ਲੱਭਣਾ ਚੁਣੌਤੀਪੂਰਨ ਹੋ ਸਕਦਾ ਹੈ ਜੋ ਦੂਸਰੇ ਡਾਕਟਰਾਂ ਨੂੰ ਸਿਖਲਾਈ ਦੇ ਸਕਣ। ਇਸ ਲਈ ਇਹ ਇੱਕ ਵੱਖਰਾ ਪ੍ਰੋਗਰਾਮ ਹੈ ਜਿਸਨੂੰ ਫ਼ੰਡ ਅਤੇ ਲੋੜੀਂਦੇ ਸਰੋਤ ਦਿੱਤੇ ਜਾਣ ਦੀ ਜ਼ਰੂਰਤ ਹੈ ਤਾਂ ਜੋ ਇਹ ਵਧੇਰੇ ਸਫ਼ਲ ਹੋ ਸਕੇ। 
ਵੱਲੋਂ ਇੱਕ ਕਥਨ ਡਾ ਕੈਥਰੀਨ ਸਮਾਰਟ, ਪ੍ਰੈਜ਼ੀਡੈਂਟ, ਕੈਨੇਡੀਅਨ ਮੈਡੀਕਲ ਅਸੋਸੀਏਸ਼ਨ

ਡਾ ਕੈਥਰੀਨ ਨੇ ਕਿਹਾ ਕਿ ਲਾਇਸੈਂਸਿੰਗ ਦੀ ਸੁਚਾਰੂ ਪ੍ਰਕਿਰਿਆ ਅਤੇ ਦੇਸ਼ ਭਰ ਵਿਚ ਨਿਯਮਾਂ ਦੀ ਇਕਸਾਰਤਾ ਵੀ ਸਹਾਈ ਹੋਵੇਗੀ। ਫ਼ਿਲਹਾਲ, ਵੱਖੋ-ਵੱਖਰੇ ਸੂਬਿਆਂ ਵਿਚ ਵੱਖੋ-ਵੱਖਰੇ ਨਿਯਮ ਹਨ ਜਿਸ ਕਰਕੇ ਕੈਨੇਡਾ ਆਉਣ ਵਾਲੇ ਡਾਕਟਰਾਂ ਨੂੰ ਮੁਸ਼ਕਿਲ ਆ ਸਕਦੀ ਹੈ।

ਉਹਨਾਂ ਕਿਹਾ ਕਿ ਰੂਗੁਲੇਟਰੀ ਅਦਾਰਿਆਂ, ਸੂਬਾ ਸਰਕਾਰਾਂ ਅਤੇ ਫ਼ੈਡਰਲ ਸਰਕਾਰ ਸਾਰਿਆਂ ਨੂੰ ਇੱਕਠੇ ਹੋਕੇ ਇੱਕੋ ਦਿਸ਼ਾ ਵੱਲ ਕੰਮ ਕਰਨ ਦੀ ਜ਼ਰੂਰਤ ਹੈ।

ਕੁਝ ਦਿਨ ਪਹਿਲਾਂ ਹੀ ਓਨਟੇਰਿਓ ਸੂਬਾ ਸਰਕਾਰ ਨੇ ਰੈਗੂਲੇਟਰੀ ਅਦਾਰਿਆਂ ਨੂੰ ਵਿਦੇਸ਼ਾਂ ਤੋਂ ਸਿਖਲਾਈ ਪ੍ਰਾਪਤ ਡਾਕਟਰਾਂ ਅਤੇ ਨਰਸਾਂ ਲਈ ਰਾਹ ਤਲਾਸ਼ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।

ਪਰ ਪੀ.ਈ.ਆਈ. ਵਿਚ ਸੂਬਾ ਸਰਕਾਰ ਕੋਲ ਇਸ ਮਾਮਲੇ ‘ਤੇ ਦੱਸਣ ਲਈ ਬਹੁਤਾ ਕੁਝ ਨਹੀਂ ਹੈ। ਜਦੋਂ ਸੀਬੀਸੀ ਨੇ ਪੁੱਛਿਆ ਕਿ - ਅਸੈਸਮੈਂਟ ਪ੍ਰੋਗਰਾਮ ਦੀ ਪੜਚੋਲ ਕਰਨ ਤੋਂ ਵੱਖਰੀ - ਕੋਈ ਹੋਰ ਕੋਸ਼ਿਸ਼ ਵੀ ਚਲ ਰਹੀ ਹੈ, ਤਾਂ ਸਿਹਤ ਵਿਭਾਗ ਦੇ ਬੁਲਾਰੇ ਨੇ ਇੱਕ ਬਿਆਨ ਤਾਂ ਦਿੱਤਾ ਪਰ ਉਸ ਵਿਚ ਕੋਈ ਸਪਸ਼ਟ ਵੇਰਵੇ ਨਹੀਂ ਸਨ।

ਬੁਲਾਰੇ ਨੇ ਕਿਹਾ, ਵਿਦੇਸ਼ਾਂ ਤੋਂ ਸਿੱਖਿਅਤ ਪੇਸ਼ੇਵਰ ਸਾਡੀਆਂ ਮੈਡੀਕਲ ਅਤੇ ਨਰਸਿੰਗ ਟੀਮਾਂ ਦੇ ਮਹੱਤਵਪੂਰਨ ਮੈਂਬਰ ਹਨ। ਅਸੀਂ ਇਹ ਯਕੀਨੀ ਬਣਾਉਣ ਲਈ ਕਿ ਮਾਨਤਾ ਪ੍ਰਕਿਰਿਆ ਤੇਜ਼ ਅਤੇ ਕੁਸ਼ਲ ਹੋਵੇ ਕੌਲੇਜੇਜ਼ ਨਾਲ ਕੰਮ ਕਰਨਾ ਜਾਰੀ ਰੱਖਦੇ ਹਾਂ, ਤੇ ਨਾਲ ਹੀ ਪੀ.ਈ.ਆਈ. ਦੇ ਹੈਲਥ ਕੇਅਰ ਅਤੇ ਸਿਖਲਾਈ ਦੇ ਮਿਆਰਾਂ ਨੂੰ ਵੀ ਕਾਇਮ ਰੱਖਦੇ ਹਾਂ

ਸਟੀਵ ਬਰੂਸ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ