1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਸਿੰਗਲ-ਯੂਜ਼ ਪਲਾਸਟਿਕ ‘ਤੇ ਪਾਬੰਦੀ ਦੀ ਯੋਜਨਾ ਉੱਪਰ ਰੋਕ ਲਵਾਉਣ ਲਈ ਪਲਾਸਟਿਕ ਉਤਪਾਦਕ ਅਦਾਲਤ ਪਹੁੰਚੇ

ਫ਼ੈਡਰਲ ਸਰਕਾਰ ਨੇ ਪਲਾਸਟਿਕ ਦੇ ਲਿਫ਼ਾਫ਼ੇ, ਕੰਟੇਨਰ ਅਤੇ ਸਟ੍ਰੌਅ ਵਰਗੇ ਸਿੰਗਲ-ਯੂਜ਼ ਪਲਾਸਟਿਕ ਦੇ ਛੇ ਆਈਟਮਾਂ ਨੂੰ ਬੈਨ ਕਰਨ ਦੀ ਯੋਜਨਾ ਬਣਾਈ ਹੈ

ਪਲਾਸਟਿਕ ਸਟ੍ਰੌਅ

ਦੋ ਦਰਜਨ ਤੋਂ ਵੱਧ ਪਲਾਸਟਿਕ ਉਪਾਦਕ ਫ਼ੈਡਰਲ ਕੋਰਟ ਨੂੰ ਸਰਕਾਰ ਦੀ ਸਟ੍ਰੌਅ, ਕਟਲਰੀ ਅਤੇ ਟੇਕਆਊਟ ਕੰਟੇਨਰਾਂ ਸਮੇਤ ਕਈ ਸਿੰਗਲ-ਯੂਜ਼ ਪਲਾਸਟਿਕ ਆਈਟਮਾਂ 'ਤੇ ਪਾਬੰਦੀ ਲਗਾਉਣ ਦੀ ਯੋਜਨਾ ਨੂੰ ਖ਼ਤਮ ਕਰਨ ਲਈ ਆਖ ਰਹੇ ਹਨ।

ਤਸਵੀਰ: La Presse canadienne

RCI

ਫ਼ੈਡਰਲ ਸਰਕਾਰ ਵੱਲੋਂ ਸਿੰਗਲ-ਯੂਜ਼ ਪਲਾਸਟਿਕ ‘ਤੇ ਬੈਨ ਲਾਉਣ ਦੀ ਯੋਜਨਾ (ਨਵੀਂ ਵਿੰਡੋ) ਨੂੰ ਖ਼ਤਮ ਕਰਵਾਉਣ ਲਈ ਦੋ ਦਰਜਨ ਤੋਂ ਵੱਧ ਪਲਾਸਟਿਕ ਉਤਪਾਦਕਾਂ ਨੇ ਫ਼ੈਡਰਲ ਅਦਾਲਤ ਦਾ ਰੁਖ਼ ਕੀਤਾ ਹੈ।

ਪਲਾਸਟਿਕ ਉਤਪਾਦਕ ਰਿਸਪੌਂਸਿਬਲ ਪਲਾਸਟਿਕ ਯੂਜ਼ ਕੋਲੀਸ਼ਨ ਦੇ ਨਾਂ ਹੇਠ ਇਕਜੁੱਟ ਹਨ ਅਤੇ ਉਹਨਾਂ ਨੇ ਅਦਾਲਤ ਵਿਚ ਇਹ ਦੂਸਰਾ ਮੁਕੱਦਮਾ ਦਾਇਰ ਕੀਤਾ ਹੈ।

ਇਸ ਤੋਂ ਪਹਿਲਾਂ ਇਸ ਸਮੂਹ ਨੇ 2021 ਵਿਚ ਕੈਨੇਡੀਅਨ ਇਨਵਾਇਰਨਮੈਂਟ ਪ੍ਰੋਟੈਕਸ਼ਨ ਐਕਟ ਦੇ ਤਹਿਤ ਪਲਾਸਟਿਕ ਨੂੰ ਜ਼ਹਿਰੀਲੇ ਪਦਾਰਥ ਵੱਜੋਂ ਮਨੋਨੀਤ ਕਰਨ ਦੇ ਸਰਕਾਰ ਦੇ ਫ਼ੈਸਲੇ ਨੂੰ ਉਲਟਾਉਣ ਲਈ ਪਹਿਲਾ ਮੁਕੱਦਮਾ ਦਾਇਰ ਕੀਤਾ ਸੀ।

ਇਨਵਾਇਰਨਮੈਂਟ ਮਿਨਿਸਟਰ ਸਟੀਵਨ ਗਿਲਬੌ ਨੇ ਪਲਾਸਟਿਕ ਦੇ ਉਕਤ ਦਰਜੇ ਦੀ ਵਰਤੋਂ ਕਰਕੇ ਹੀ ਛੇ ਪਲਾਸਟਿਕ ਆਈਟਮਾਂ ਦੇ ਉਤਪਾਦਨ, ਖ਼ਰੀਦ ਅਤੇ ਆਯਾਤ ‘ਤੇ ਪਾਬੰਦੀ ਲਗਾਉਣ ਬਾਬਤ ਨਿਯਮ ਪ੍ਰਕਾਸ਼ਿਤ ਕੀਤੇ ਸਨ।

ਸਰਕਾਰ ਵੱਲੋਂ ਸਿਰਫ਼ ਛੇ ਸਿੰਗਲ ਯੂਜ਼ ਪਲਾਸਟਿਕ ਆਈਟਮਾਂ ਨੂੰ ਸ਼ੁਰੂਆਤੀ ਬੈਨ ਵਿਚ ਸ਼ਾਮਿਲ ਕੀਤਾ ਗਿਆ ਹੈ, ਕਿਉਂਕਿ ਇਹਨਾਂ ਆਈਟਮਾਂ ਨੂੰ ਰਿਸਾਈਕਲ ਕਰਨਾ ਮੁਸ਼ਕਿਲ ਹੈ ਪਰ ਇਹਨਾਂ ਦੇ ਅਸਾਨ ਵਿਕਲਪ ਉਪਲਬਧ ਹਨ।

ਜੁਲਾਈ ਦੇ ਮੱਧ ਵਿਚ ਦਾਇਰ ਕੀਤੇ ਗਏ ਦੂਸਰੇ ਮੁਕੱਦਮੇ ਵਿਚ ਫ਼ੈਡਰਲ ਅਦਾਲਤ ਨੂੰ ਬੈਨ ਨੂੰ ਰੱਦ ਕਰਨ, ਸਰਕਾਰ ਨੂੰ ਸਿੰਗਲ-ਯੂਜ਼ ਪਲਾਸਟਿਕ ਨੂੰ ਨਿਯਮਤ ਕਰਨ ਲਈ ਐਕਟ ਦੀ ਵਰਤੋਂ ਕਰਨ ਤੋਂ ਰੋਕਣ ਅਤੇ ਫ਼ੈਸਲਾ ਲਏ ਜਾਣ ਤੱਕ ਪਾਬੰਦੀ ਨੂੰ ਲਾਗੂ ਹੋਣ ਤੋਂ ਰੋਕਣ ਲਈ ਆਖਿਆ ਗਿਆ ਹੈ।

ਮਿਨਿਸਟਰ ਗਿਲਬੌ ਨੇ ਕਿਹਾ ਕਿ ਉਹਨਾਂ ਨੂੰ ਭਰੋਸਾ ਹੈ ਕਿ ਸਰਕਾਰ ਦੇ ਨਿਯਮਾਂ ਨੂੰ ਬਰਕਰਾਰ ਰੱਖਿਆ ਜਾਵੇਗਾ ਅਤੇ ਇਹ ਨਿਯਮ ਪਲਾਸਟਿਕ ਉਦਯੋਗ ਨਾਲ ਲੜ੍ਹਨ ਦੀ ਬਜਾਏ ਰੀਸਾਈਕਲਿੰਗ ਵਿਚ ਸੁਧਾਰ ਕਰਨ ਲਈ ਉਦਯੋਗ ਦੇ ਨਾਲ ਕੰਮ ਕਰਨਗੇ।

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ