1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਸੈਰ-ਸਪਾਟਾ

ਨਵੇਂ ਨਿਰਦੇਸ਼ਾਂ ਦੇ ਬਾਵਜੂਦ ਏਅਰ ਕੈਨੇਡਾ ਤੇ ਵੈਸਟਜੈੱਟ ਵੱਲੋਂ ਮੁਆਵਜ਼ੇ ਨਾ ਮਿਲਣ ‘ਤੇ ਕਸਟਮਰ ਪ੍ਰੇਸ਼ਾਨ

ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਜੁਰਮਾਨੇ ਵੀ ਲਗਾਏ ਜਾ ਸਕਦੇ ਹਨ: ਕੈਨੇਡੀਅਨ ਟ੍ਰਾਂਸਪੋਰਟੇਸ਼ਨ ਏਜੰਸੀ

ਏਅਰਪੋਰਟ 'ਤੇ ਭੀੜ ਦਾ ਦ੍ਰਿਸ਼

ਸਟਾਫ਼ ਦੀ ਘਾਟ ਨੂੰ ਸੁਰੱਖਿਆ ਮੁੱਦਾ ਦੱਸਕੇ ਏਅਰ ਕੈਨੇਡਾ ਅਤੇ ਵੈਸਟਜੈੱਟ ਵੱਲੋਂ ਯਾਤਰੀਆਂ ਨੂੰ ਮੁਆਵਜ਼ਾ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ।

ਤਸਵੀਰ: CBC / Jonathan Castell

RCI

ਕੈਨੇਡੀਅਨ ਟ੍ਰਾਂਸਪੋਰਟੇਸ਼ਨ ਏਜੰਸੀ (ਸੀਟੀਏ) ਦੇ ਤਾਜ਼ਾ ਫ਼ੈਸਲੇ ਤੋਂ ਬਾਅਦ ਹਵਾਈ ਯਾਤਰੀਆਂ ਨੂੰ ਮੁਆਵਜ਼ੇ ਮਿਲਣ ਦਾ ਰਾਹ ਕੁਝ ਪੱਧਰਾ ਹੋ ਜਾਣਾ ਚਾਹੀਦਾ ਸੀ।

8 ਜੁਲਾਈ ਨੂੰ ਵੈਸਟਜੈੱਟ (ਨਵੀਂ ਵਿੰਡੋ) ਮਾਮਲੇ ਵਿਚ ਏਜੰਸੀ ਨੇ ਸਪਸ਼ਟ ਕੀਤਾ, ਕਿ ਆਮ ਤੌਰ ‘ਤੇ, ਏਅਰਲਾਈਨਾਂ ਸਟਾਫ਼ ਦੀ ਘਾਟ ਕਰਕੇ ਹਵਾਈ ਸੇਵਾਵਾਂ ਵਿਚ ਪਏ ਵਿਘਨ ਦੀ ਸਥਿਤੀ ਵਿਚ ਯਾਤਰੀਆਂ ਨੂੰ ਮੁਆਵਜ਼ਾ ਦੇਣ ਤੋਂ ਇਨਕਾਰੀ ਨਹੀਂ ਹੋ ਸਕਦੀਆਂ।

ਪਰ ਇਸ ਸਪਸ਼ਟਕੀਰਨ ਦੇ ਬਾਵਜੂਦ ਕੁਝ ਯਾਤਰੀ ਅਜੇ ਵੀ ਮੁਆਵਜ਼ੇ ਤੋਂ ਮਹਿਰੂਮ ਹਨ।

ਸਸਚਕੈਚਵਨ ਦੇ ਫ਼੍ਰੈਂਕ ਮਾਈਕਲ ਨੂੰ ਸਟਾਫ਼ ਦੀ ਘਾਟ ਨੂੰ ਅਧਾਰ ਦਸਦਿਆਂ ਏਅਰਲਾਈਨ ਨੇ ਮੁਆਵਜ਼ਾ ਦੇਣ ਤੋਂ ਮਨਾ ਕਰ ਦਿੱਤਾ ਹੈ।

ਫ਼ੈਂਕ ਮਾਈਕਲ ਅਤੇ ਉਹਨਾਂ ਦੀ ਪਤਨੀ ਨੇ ਜੂਨ ਵਿਚ ਏਅਰ ਕੈਨੇਡਾ ਵਿਚ ਸਫ਼ਰ ਕੀਤਾ ਸੀ। ਇਹਨਾਂ ਦੀ ਰਿਜਾਈਨਾ ਤੋਂ ਵਿਕਟੋਰੀਆ ਜਾਣ ਵਾਲੀ ਫ਼ਲਾਈਟ ਪੰਜ ਘੰਟੇ ਤੋਂ ਵੱਧ ਸਮਾਂ ਸੇਰੀ ਨਾਲ ਉੱਡੀ ਸੀ। ਇਸਤੋਂ ਬਾਅਦ ਇਹਨਾਂ ਦੀ ਵਾਪਸੀ ਦੀ ਫ਼ਲਾਈਟ ਰੱਦ ਹੋ ਗਈ ਸੀ ਅਤੇ ਇਸ ਜੋੜੇ ਨੂੰ ਵੈਨਕੂਵਰ ਏਅਰਪੋਰਟ ‘ਤੇ ਰਾਤ ਗੁਜ਼ਾਰਨੀ ਪਈ ਸੀ।

ਫ਼ੈਂਕ ਮਾਈਕਲ ਅਤੇ ਉਹਨਾਂ ਦੀ ਪਤਨੀ

ਫ਼ੈਂਕ ਮਾਈਕਲ ਅਤੇ ਉਹਨਾਂ ਦੀ ਪਤਨੀ ਨੇ ਜੂਨ ਵਿਚ ਏਅਰ ਕੈਨੇਡਾ ਵਿਚ ਸਫ਼ਰ ਕੀਤਾ ਸੀ। ਫ਼ਲਾਈਟ ਦੇਰੀ ਕਾਰਨ ਦੋਵਾਂ ਨੇ ਮੁਆਵਜ਼ੇ ਲਈ ਅਪਲਾਈ ਕੀਤਾ, ਜੋਕਿ ਮੰਜ਼ੂਰ ਹੋਣ ‘ਤੇ 2,800 ਡਾਲਰ ਬਣਨਾ ਸੀ। ਪਰ ਜੁਲਾਈ ਵਿਚ ਏਅਰ ਕੈਨੇਡਾ ਨੇ ਇਹਨਾਂ ਦੀ ਅਰਜ਼ੀ ਰੱਦ ਕਰ ਦਿੱਤੀ।

ਤਸਵੀਰ: Frank Michel

67 ਸਾਲ ਦੇ ਮਾਈਕਲ ਨੇ ਕਿਹਾ, ਮੈਂ ਗਠੀਏ ਦਾ ਮਰੀਜ਼ ਹਾਂ, ਮੇਰੇ ਪੀੜ ਹੋ ਰਹੀ ਸੀ, ਜੋੜ ਸੁੱਜੇ ਹੋਏ ਸੀ ‘ਤੇ ਮੈਂ ਕੰਕਰੀਟ ਦੇ ਸਖ਼ਤ ਫ਼ਰਸ਼ ‘ਤੇ ਸੁੱਤਾ ਸੀ

ਇਹਨਾਂ ਦੋਵਾਂ ਜਣਿਆਂ ਨੇ ਮੁਆਵਜ਼ੇ ਲਈ ਅਪਲਾਈ ਕੀਤਾ, ਜੋਕਿ ਮੰਜ਼ੂਰ ਹੋਣ ‘ਤੇ 2,800 ਡਾਲਰ ਬਣਨਾ ਸੀ। ਪਰ ਜੁਲਾਈ ਵਿਚ ਏਅਰ ਕੈਨੇਡਾ ਨੇ ਇਹਨਾਂ ਦੀ ਅਰਜ਼ੀ ਰੱਦ ਕਰ ਦਿੱਤੀ। ਏਅਰ ਕੈਨੇਡਾ ਨੇ ਇਹਨਾਂ ਨੂੰ ਈਮੇਲ ਵਿਚ ਦੱਸਿਆ ਕਿ ਫ਼ਲਾਈਟ ਵਿਚ ਵਿਘਨ ਕੋਵਿਡ-19 ਨਾਲ ਸਬੰਧਤ ‘ਸਟਾਫ਼ ਦੀ ਘਾਟ’ ਅਤੇ ਸੁਰੱਖਿਆ ਸਬੰਧਤ ਸੀ।

ਫ਼ੈਡਰਲ ਨਿਯਮਾਂ ਮੁਤਾਬਕ, ਜੇ ਫ਼ਲਾਈਟ ਵਿਚ ਵਿਘਨ ਏਅਰਲਾਈਨ ਦੇ ਇਖ਼ਤਿਆਰ ਵਿਚ ਹੋਵੇ ਅਤੇ ਸੁਰੱਖਿਆ ਸਬੰਧੀ ਕਾਰਨ ਨਾ ਹੋਣ, ਤਾਂ ਏਅਰਲਾਈਨ ਪ੍ਰਤੀ ਯਾਤਰੀ 1,000 ਡਾਲਰ ਤੱਕ ਦਾ ਮੁਆਵਜ਼ਾ ਦੇਣ ਦੀ ਪਾਬੰਦ ਹੈ।

ਮਾਈਕਲ ਦਾ ਕਹਿਣਾ ਹੈ ਕਿ ਏਅਰ ਕੈਨੇਡਾ ਨਿਯਮਾਂ ਦੀ ਪਾਲਣਾ ਨਹੀਂ ਕਰ ਰਿਹਾ।

ਸੀਟੀਏ ਪਹਿਲਾਂ ਹੀ ਸਪਸ਼ਟ ਕਰ ਚੁੱਕੀ ਹੈ ਕਿ ਸਟਾਫ਼ ਦੀ ਘਾਟ ਸਵੀਕਾਰਨਯੋਗ ਦਲੀਲ ਨਹੀਂ ਹੈ। ਇਹ ਸੁਰੱਖਿਆ ਦਾ ਮੁੱਦਾ ਨਹੀਂ ਹੈ। ਇਹ ਪ੍ਰਬੰਧਨ ਦਾ ਮੁੱਦਾ ਹੈ। ਤੁਹਾਨੂੰ ਤੁਹਾਡੇ ਸਰੋਤਾਂ ਦਾ ਪ੍ਰਬੰਧ ਕਰਨਾ ਪੈਣਾ ਹੈ

ਪੰਜ ਘੰਟੇ ਫ਼ਲਾਈਟ ਲੇਟ ਹੋਣ ਕਾਰਨ 67 ਸਾਲ ਦੇ ਫ਼੍ਰੈਂਕ ਨੂੰ ਵੈਨਕੂਵਰ ਏਅਰਪੋਰਟ 'ਤੇ ਰਾਤ ਗੁਜ਼ਾਰਨੀ ਪਈ ਸੀ।

ਫ਼ਲਾਈਟ ਰੱਦ ਕਾਰਨ 67 ਸਾਲ ਦੇ ਫ਼੍ਰੈਂਕ ਨੂੰ ਵੈਨਕੂਵਰ ਏਅਰਪੋਰਟ 'ਤੇ ਰਾਤ ਗੁਜ਼ਾਰਨੀ ਪਈ ਸੀ।

ਤਸਵੀਰ: Frank Michel

‘ਫ਼ੈਸਲੇ ਦਾ ਕੋਈ ਮਤਲਬ ਨਹੀਂ ਜਾਪਦਾ’

ਸੀਟੀਏ ਨੇ ਪਿਛਲੇ ਮਹੀਨੇ ਵੈਸਟਜੈਟ ਮਾਮਲੇ ਵਿਚ ਸਪਸ਼ਟ ਕੀਤਾ ਸੀ ਕਿ ਆਮ ਤੌਰ ‘ਤੇ, ਏਅਰਲਾਈਨਾਂ ਸਟਾਫ਼ ਦੀ ਘਾਟ ਕਰਕੇ ਹਵਾਈ ਸੇਵਾਵਾਂ ਵਿਚ ਪਏ ਵਿਘਨ ਦੀ ਸਥਿਤੀ ਵਿਚ ਯਾਤਰੀਆਂ ਨੂੰ ਮੁਆਵਜ਼ਾ ਦੇਣ ਤੋਂ ਇਨਕਾਰ ਨਹੀਂ ਕਰ ਸਕਦੀਆਂ।

ਆਪਣੇ ਫ਼ੈਸਲੇ ਵਿਚ ਏਜੰਸੀ ਨੇ ਕਿਹਾ ਸੀ ਕਿ ਸਟਾਫ਼ਿੰਗ ਦਾ ਮੁੱਦਾ ਮੁੱਖ ਤੌਰ ‘ਤੇ ਏਅਰਲਾਈਨ ਦੀ ਜ਼ਿੰਮੇਵਾਰੀ ਹੈ ਅਤੇ ਅਜਿਹੇ ਮਾਮਲੇ ਵਿਚ ਮੁਆਵਜ਼ਾ ਦੇਣਾ ਬਣਦਾ ਹੈ। ਇਸ ਕਰਕੇ ਵੈਸਟਜੈੱਟ ਨੂੰ ਯਾਤਰੀ ਨੂੰ 1,000 ਡਾਲਰ ਦਾ ਭੁਗਤਾਨ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।

ਸੀਟੀਏ ਦੇ ਬੁਲਾਰੇ ਟੌਮ ਊਮਨ ਨੇ ਕਿਹਾ ਸੀ ਕਿ ਏਜੰਸੀ ਦਾ ਫ਼ੈਸਲਾ ਏਅਰਲਾਈਨਾਂ ਵੱਲੋਂ ਨਿਯਮਾਂ ਦੀ ਪਾਲਣਾ ਯਕੀਨੀ ਬਣਾਏਗਾ, ਪਰ ਕੁਝ ਯਾਤਰੀ ਅਜਿਹਾ ਨਹੀਂ ਮੰਨਦੇ।

ਬੀ.ਸੀ. ਦੇ ਲੈਂਗਲੀ ਦੀ ਰਹਿਣ ਵਾਲੀ ਜੈਨੀਫ਼ਰ ਪੀਚ ਕਹਿੰਦੀ ਹੈ ਕਿ ਏਜੰਸੀ ਦਾ ਫ਼ੈਸਲਾ ਉਸ ਨੂੰ ਬੇਮਤਲਬ ਜਾਪਦਾ ਹੈ।

ਜੈਨਿਫ਼ਰ ਨੇ ਆਪਣੇ ਪਤੀ ਨਾਲ ਇੱਕ ਵਿਆਹ ਵਿਚ ਸ਼ਾਮਲ ਹੋਣ ਲਈ ਪਿਛਲੇ ਮਹੀਨੇ ਸੇਂਟ ਜੌਨ ਦੀ ਫ਼ਲਾਈਟ ਬੁੱਕ ਕੀਤੀ ਸੀ। ਪਰ ਉਹਨਾਂ ਦੀ ਵੈਸਟਜੈਟ ਦੀ ਕੁਨੈਕਟਿੰਗ ਫ਼ਲਾਈਟ ਰੱਦ ਹੋ ਗਈ ‘ਤੇ ਉਹਨਾਂ ਨੂੰ ਇੱਕ ਦਿਨ ਬਾਅਦ ਦੀ ਫ਼ਲਾਈਟ ਦੀ ਪੇਸ਼ਕਸ਼ ਕੀਤੀ ਗਈ। ਪਰ ਜੇ ਉਹ ਇੱਦਾਂ ਕਰਦੇ ਤਾਂ ਉਹ ਵਿਆਹ ਵਿਚ ਨਹੀਂ ਸੀ ਪਹੁੰਚ ਸਕਦੇ।

ਖ਼ੁਸ਼ਕਿਸਮਤੀ ਨਾਲ ਜੈਨੀਫ਼ਰ ਨੂੰ ਪੋਰਟਰ ਏਅਰਲਾਈਨਜ਼ ਦੀ ਇੱਕ ਫ਼ਲਾਈਟ ਮਿਲ ਗਈ ਅਤੇ ਉਹ ਭਾਵੇਂ ਪੰਜ ਘੰਟੇ ਦੇਰੀ ਨਾਲ ਸਹੀ, ਵਿਆਹ ਵਿਚ ਪਹੁੰਚ ਗਏ। ਜੈਨੀਫ਼ਰ ਨੇ ਕਿਹਾ ਕਿ ਉਸਨੂੰ ਵੈਸਟਜੈਟ ਨੇ ਹੀ ਫ਼ਲਾਈਟ ਬੁੱਕ ਕਰਕੇ ਮੁਆਵਜ਼ਾ ਫ਼ਾਈਲ ਕਰਨ ਲਈ ਆਖਿਆ ਸੀ।

ਜੈਨੀਫ਼ਰ ਨੇ ਵੈੱਸਟਜੈਟ ਤੋਂ ਪੋਰਟਰ ਏਅਰਲਾਈਨ ਦੀ ਟਿਕਟ ਦੇ 773 ਡਾਲਰ ਅਤੇ ਟ੍ਰਿੱਪ ਵਿਚ ਹੋਈ ਦੇਰੀ ਬਾਬਤ ਮੁਆਵਜ਼ਾ ਮੰਗਿਆ ਸੀ। ਪਰ ਏਅਰਲਾਈਨ ਨੇ ਸਟਾਫ਼ ਦੀ ਘਾਟ ਨੂੰ ਸੁਰੱਖਿਆ ਮੁੱਦਾ ਦੱਸਦਿਆਂ ਜੈਨੀਫ਼ਰ ਦੀਆਂ ਅਰਜ਼ੀਆਂ ਖ਼ਾਰਜ ਕਰ ਦਿੱਤੀਆਂ।

ਜੈਨੀਫ਼ਰ ਨੇ ਕਿਹਾ, ਮੈਂ ਨਹੀਂ ਜਾਣਦੀ ਇਹ ਕੀ ਹੋ ਰਿਹਾ ਹੈ। ਮੇਰਾ ਮੰਨਣਾ ਹੈ ਕਿ ਜਦੋਂ ਕੈਨੇਡੀਅਨ ਟ੍ਰਾਂਸਪੋਰਟੇਸ਼ਨ ਏਜੰਸੀ ਨੇ ਇੱਕ ਫ਼ੈਸਲਾ ਲਿਆ ਹੈ ਤਾਂ ਇਹ ਬਾਕੀ ਸਾਰੇ ਦਾਅਵਿਆਂ ਤੇ ਮਾਮਲਿਆਂ ਲਈ ਵੀ ਅਧਾਰ ਹੋਣਾ ਚਾਹੀਦਾ ਹੈ

ਨਿਰਦੇਸ਼ ਲਾਗੂ ਕਰਵਾਉਣ ਦੇ ਵਿਕਲਪਾਂ ਵਿਚ ਜੁਰਮਾਨੇ ਵੀ ਸ਼ਾਮਲ: ਸੀਟੀਏ

ਵੈਸਟਜੈੱਟ ਅਤੇ ਏਅਰ ਕੈਨੇਡਾ ਨੇ ਵਿਅਕਤੀਗਤ ਮਾਮਲਿਆਂ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ, ਪਰ ਦੋਵਾਂ ਨੇ ਕਿਹਾ ਕਿ ਉਹ ਫ਼ੈਡਰਲ ਹਵਾਈ ਯਾਤਰਾ ਨਿਯਮਾਂ ਦੀ ਪਾਲਣਾ ਕਰਦੇ ਹਨ। ਵੈਸਟਜੈੱਟ ਨੇ ਕਿਹਾ ਕਿ ਸੁਰੱਖਿਆ ਉਸ ਦੀ ਸਭ ਤੋਂ ਵੱਡੀ ਤਰਜੀਹ ਹੈ। ਏਅਰ ਕੈਨੇਡਾ ਨੇ ਕਿਹਾ ਕਿ ਸੁਰੱਖਿਆ ਕਾਰਨਾਂ ਕਰਕੇ ਉਡਾਣਾਂ ਰੱਦ ਕਰਨ ਲਈ ਏਅਰਲਾਈਨਾਂ ਨੂੰ ਜੁਰਮਾਨਾ ਨਹੀਂ ਲਗਾਇਆ ਜਾਣਾ ਚਾਹੀਦਾ ਹੈ।

ਹਵਾਈ ਯਾਤਰੀ ਅਧਿਕਾਰਾਂ ਦੇ ਮਾਹਰ ਇਆਨ ਜੈਕ ਨੇ ਕਿਹਾ ਕਿ ਜੇਕਰ ਏਅਰਲਾਈਨਾਂ ਮੁਆਵਜ਼ੇ ਦੇ ਨਿਯਮਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿੰਦੀਆਂ ਹਨ ਤਾਂ ਸੀਟੀਏ ਨੂੰ ਏਅਰਲਾਈਨਾਂ ਨੂੰ ਸਖ਼ਤ ਜੁਰਮਾਨਿਆਂ ਦੀ ਧਮਕੀ ਦੇਣ ਅਤੇ ਜਨਤਕ ਤੌਰ ‘ਤੇ ਇਹਨਾਂ ਦੀ ਝਾੜ ਲਾਉਣ ਦੀ ਲੋੜ ਹੈ।

ਉਹਨਾਂ ਕਿਹਾ ਕਿ ਨਿਯਮਾਂ ਦੀ ਪਾਲਣਾ ਨੂੰ ਲੈਕੇ ਏਅਰਲਾਈਨਾਂ ਨੂੰ ਟ੍ਰਾਂਸਪੋਰਟੇਸ਼ਨ ਏਜੰਸੀ ਦਾ ਖ਼ੌਫ਼ ਨਾ ਹੋਣਾ ਵੀ ਚਿੰਤਾ ਦਾ ਮੁੱਦਾ ਹੈ।

ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਫੜੇ ਜਾ ਸਕਦੇ ਹਨ ਅਤੇ ਉਨ੍ਹਾਂ ‘ਤੇ ਕਾਰਵਾਈ ਕੀਤੀ ਜਾ ਸਕਦੀ ਹੈ

ਫਲਾਈਟ ਦੇਰੀ ਦੇ ਹਿਸਾਬ ਨਾਲ ਹਵਾਈ ਯਾਤਰੀਆਂ ਨੂੰ ਬਣਦੇ ਮੁਆਵਜ਼ੇ ਦਾ ਵੇਰਵਾ।ਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਫਲਾਈਟ ਦੇਰੀ ਦੇ ਹਿਸਾਬ ਨਾਲ ਹਵਾਈ ਯਾਤਰੀਆਂ ਨੂੰ ਬਣਦੇ ਮੁਆਵਜ਼ੇ ਦਾ ਵੇਰਵਾ।

ਤਸਵੀਰ: Canadian Transportation Agency

ਟੌਮ ਊਮਨ ਨੇ ਕਿਹਾ ਕਿ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਜੁਰਮਾਨੇ ਵੀ ਲਗਾਏ ਜਾ ਸਕਦੇ ਹਨ।

ਅਸੀਂ ਸੱਚਮੁੱਚ ਨਿਯਮ ਲਾਗੂ ਕਰਵਾਉਣ ਦੇ ਵਿਕਲਪਾਂ ‘ਤੇ ਗ਼ੌਰ ਕਰ ਰਹੇ ਹਾਂ ਜਿਸ ਵਿਚ ਜੁਰਮਾਨੇ ਵੀ ਸ਼ਾਮਲ ਹਨ

ਪ੍ਰਭਾਵਿਤ ਯਾਤਰੀ ਸੀਟੀਏ ਕੋਲ ਸ਼ਿਕਾਇਤ ਕਰ ਸਕਦੇ ਹਨ, ਪਰ ਏਜੰਸੀ ਕੋਲ ਇਸ ਸਮੇਂ 15,000 ਤੋਂ ਵੱਧ ਸ਼ਿਕਾਇਤਾਂ ਦਾ ਬੈਕਲੌਗ ਹੈ।

ਊਮਨ ਨੇ ਕਿਹਾ ਕਿ ਸੀਟੀਏ ਨੇ ਹਾਲ ਹੀ ਵਿੱਚ ਸ਼ਿਕਾਇਤਾਂ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਬਦਲਾਅ ਕੀਤੇ ਹਨ ਅਤੇ ਹੋਰ ਸਟਾਫ਼ ਨੂੰ ਨਿਯੁਕਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪਰ ਜੈਕ ਦਾ ਖ਼ਦਸ਼ਾ ਹੈ ਕਿ ਇਹ ਬੈਕਲੌਗ ਏਅਰਲਾਈਨਾਂ ਨੂੰ ਨਿਯਮਾਂ ਦੀ ਪਾਲਣਾ ਨਾ ਕਰਨ ਲਈ ਵੀ ਉਤਸ਼ਾਹਿਤ ਕਰ ਸਕਦਾ ਹੈ।

ਸੋਫ਼ੀਆ ਹੈਰਿਸ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ