1. ਮੁੱਖ ਪੰਨਾ
  2. ਸਮਾਜ
  3. ਸੰਗਠਿਤ ਅਪਰਾਧ

ਬ੍ਰੈਂਪਟਨ ਦੇ ਰੀਐਲਟਰ ਤੇ ਪੰਜਾਬੀ ਰੇਡੀਓ ਹੋਸਟ ਉੱਪਰ ਤੇਜ਼ ਧਾਰ ਹਥਿਆਰਾਂ ਨਾਲ ਹਮਲਾ

ਘਰ ਦੇ ਡਰਾਈਵ-ਵੇਅ ‘ਤੇ ਹੀ ਤਿੰਨ ਹਮਲਾਵਰਾਂ ਨੇ ਨਿਸ਼ਾਨਾ ਬਣਾਇਆ

ਜੋਤੀ ਸਿੰਘ ਮਾਨ

4 ਅਗਸਤ ਨੂੰ ਬ੍ਰੈਂਪਟਨ ਦੇ ਇੱਕ ਨਾਮੀ ਰੀਅਲ-ਅਸਟੇਟ ਏਜੰਟ ਅਤੇ ਪੰਜਾਬੀ ਰੇਡੀਓ ਹੋਸਟ ਜੋਤੀ ਸਿੰਘ ਮਾਨ ਉੱਪਰ ਉਹਨਾਂ ਦੇ ਡਰਾਈਵ-ਵੇਅ ‘ਤੇ ਹੀ ਕੁਹਾੜੀਆਂ ਅਤੇ ਤੇਜ਼ ਧਾਰ ਨਾਲ ਹਮਲਾ ਕੀਤਾ ਗਿਆ।

ਤਸਵੀਰ: Instagram

RCI

ਬ੍ਰੈਂਪਟਨ ਦੇ ਇੱਕ ਨਾਮੀ ਰੀਅਲ-ਅਸਟੇਟ ਏਜੰਟ ਅਤੇ ਪੰਜਾਬੀ ਰੇਡੀਓ ਹੋਸਟ ਜੋਤੀ ਸਿੰਘ ਮਾਨ ਉੱਪਰ ਪਿਛਲੇ ਹਫ਼ਤੇ ਉਹਨਾਂ ਦੇ ਡਰਾਈਵ-ਵੇਅ ‘ਤੇ ਹੀ ਕੁਹਾੜੀਆਂ ਅਤੇ ਤੇਜ਼ ਧਾਰ ਨਾਲ ਹਮਲਾ ਕੀਤਾ ਗਿਆ।

ਜਦੋਂ ਮਾਨ ਆਪਣੀ ਕਾਰ ਵਿਚ ਜਾਕੇ ਬੈਠੇ ਤਾਂ ਮਾਸਕ ਪਹਿਨੇ ਹੋਏ ਤਿੰਨ ਵਿਅਕਤੀਆਂ ਨੇ ਉਹਨਾਂ ’ਤੇ ਧਾਵਾ ਬੋਲ ਦਿੱਤਾ। ਪੀਲ ਪੁਲਿਸ ਮੁਤਾਬਕ ਇਹ ਘਟਨਾ 4 ਅਗਸਤ ਨੂੰ ਸਵੇਰੇ ਕਰੀਬ 8:30 ਵਜੇ ਵਾਪਰੀ ਸੀ।

ਸੀਬੀਸੀ ਨੂੰ ਪ੍ਰਾਪਤ ਹੋਈ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਮਾਨ ਆਪਣੀ ਚਿੱਟ ਰੰਗ ਦੀ ਜੀਪ ਵਿਚ ਜਾਕੇ ਜਦੋਂ ਦਰਵਾਜ਼ਾ ਬੰਦ ਕਰਦੇ ਹਨ ਤਾਂ ਅਚਾਨਕ ਇੱਕ ਮਾਸਕ ਪਹਿਨੇ ਵਿਅਕਤੀ ਜੀਪ ਦੀ ਖਿੜਕੀ ‘ਤੇ ਕੁਹਾੜੀ ਨਾਲ ਹਮਲਾ ਕਰ ਦਿੰਦਾ ਹੈ। ਮਾਨ ਉਸਨੂੰ ਹਟਾਉਣ ਲਈ ਦਰਵਾਜ਼ਾ ਖੋਲਦੇ ਹਨ ਤਾਂ ਇੰਨੇ ਵਿਚ ਦੋ ਹੋਰ ਜਣੇ ਆਉਂਦੇ ਹਨ ‘ਤੇ ਮਾਨ ਨੂੰ ਜੀਪ ਚੋਂ ਖਿਚ ਕੇ ਬਾਹਰ ਕੱਢਦੇ ਹਨ ‘ਤੇ ਲਗਾਤਾਰ ਉਨ੍ਹਾਂ ਉੱਪਰ ਕੁਹਾੜੀ ਅਤੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰਦੇ ਹਨ।

ਬ੍ਰੈਂਪਟਨ ਕੌਂਸਲਰ ਗੁਰਪ੍ਰੀਤ ਢਿੱਲੋਂ ਨੇ ਸੀਬੀਸੀ ਟੋਰੌਂਟੋ ਨੂੰ ਦੱਸਿਆ ਕਿ ਉਹਨਾਂ ਨੇ ਮੰਗਲਵਾਰ ਨੂੰ ਪੀੜਤ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਗੱਲ ਕੀਤੀ ਸੀ। ਗੁਰਪ੍ਰੀਤ ਨੇ ਦੱਸਿਆ ਕਿ ਹੁਣ ਮਾਨ ਜ਼ਿੰਦਾਦਿਲੀ ਦੀ ਅਵਸਥਾ ਵਿਚ ਹਨ ਅਤੇ ਉਹ ਪੁਲਿਸ ਜਾਂਚ ਤੋਂ ਬਾਅਦ ਮੁਜਰਿਮਾਂ ਬਾਰੇ ਪਤਾ ਲੱਗਣ ਦੀ ਉਡੀਕ ਕਰ ਰਹੇ ਹਨ। 

ਗੁਰਪ੍ਰੀਤ ਨੇ ਦੱਸਿਆ ਕਿ ਇਸ ਹਮਲੇ ਵਿਚ ਮਾਨ ਗੰਭੀਰ ਜ਼ਖ਼ਮੀ ਹੋਏ ਹਨ। ਉਨ੍ਹਾਂ ਦੇ ਪੂਰੇ ਸ਼ਰੀਰ ‘ਤੇ ਜ਼ਖ਼ਮ ਹਨ ਅਤੇ ਹੱਥਾਂ ਪੈਰਾਂ ‘ਤੇ ਕੱਟ ਲੱਗੇ ਹੋਏ ਹਨ।

ਗੁਰਪ੍ਰੀਤ ਅਨੁਸਾਰ ਸਰਜਰੀ ਦੌਰਾਨ ਮਾਨ ਦਾ ਇੱਕ ਅੰਗੂਠਾ ਵੀ ਕੱਟਣਾ ਪਿਆ ਹੈ।

ਪੀਲ ਪੁਲਿਸ ਦੇ ਇੱਕ ਅਧਿਕਾਰੀ ਨੇ ਬੁੱਧਵਾਰ ਨੂੰ ਸੀਬੀਸੀ ਟੋਰੌਂਟੋ ਨੂੰ ਦੱਸਿਆ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਧਮਕੀ ਭਰੀਆਂ ਫ਼ੋਨ ਕਾਲਾਂ ਤੋਂ ਬਾਅਦ ਹੋਇਆ ਹਮਲਾ

ਕੌਂਸਲਰ ਅਨੁਸਾਰ ਹਮਲੇ ਤੋਂ ਤਿੰਨ ਦਿਨ ਪਹਿਲਾਂ ਮਾਨ ਨੂੰ ਇੱਕ ਧਮਕੀ ਭਰਿਆ ਫ਼ੋਨ ਆਇਆ ਸੀ।

ਗੁਰਪ੍ਰੀਤ ਨੇ ਧਮਕੀ ਦੇ ਵੇਰਵੇ ਤਾਂ ਨਹੀਂ ਦਿੱਤੇ ਪਰ ਦੱਸਿਆ ਕਿ ਮਾਨ ਨੇ ਇਸ ਬਾਰੇ ਪੀਲ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ।

ਇਸ ਹਮਲੇ ਨੇ ਬ੍ਰੈਂਪਟਨ ਦੇ ਸਮੁੱਚੇ ਭਾਈਚਾਰੇ ਨੂੰ ਹਿਲਾ ਦਿੱਤਾ ਹੈ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ