1. ਮੁੱਖ ਪੰਨਾ
  2. ਸਮਾਜ
  3. ਰਾਜਨੀਤੀ

[ ਰਿਪੋਰਟ ] ਕੀ ਮਿਲ ਸਕਦੀ ਹੈ ਕੈਨੇਡਾ ’ਚ ਪੰਜਾਬੀ ਨੂੰ ਸਰਕਾਰੀ ਭਾਸ਼ਾ ਵਜੋਂ ਮਾਨਤਾ ?

ਪਲੀ ਵੱਲੋਂ ਪੰਜਾਬੀ ਭਾਸ਼ਾ ਨੂੰ ਕੌਮੀ ਪੱਧਰ 'ਤੇ ਮਾਨਤਾ ਦਿਵਾਉਣ ਲਈ ਜੱਦੋ ਜਹਿਦ ਜਾਰੀ

ਐਨਡੀਪੀ ਲੀਡਰ ਨਾਲ ਪਲੀ ਦੇ ਮੈਂਬਰ

ਐਨਡੀਪੀ ਲੀਡਰ ਨਾਲ ਪਲੀ ਦੇ ਮੈਂਬਰ

ਤਸਵੀਰ: ਧੰਨਵਾਦ ਸਹਿਤ ਸਾਧੂ ਬਿੰਨਿੰਗ

Sarbmeet Singh

ਕੈਨੇਡਾ ਵਿੱਚ ਕੌਮੀ ਪੱਧਰ 'ਤੇ ਸਿਰਫ ਅੰਗ੍ਰੇਜ਼ੀ ਅਤੇ ਫ੍ਰੈਂਚ ਭਾਸ਼ਾ ਨੂੰ ਹੀ ਸਰਕਾਰੀ ਮਾਨਤਾ ਪ੍ਰਾਪਤ ਹੈ I ਇਹਨਾਂ ਦੋਨਾਂ ਭਾਸ਼ਾਵਾਂ ਦਾ ਗਿਆਨ ਹੋਣ ਵਾਲੇ ਵਿਅਕਤੀ ਨੂੰ ਹੀ ਦੁਭਾਸ਼ੀ ਮੰਨਿਆ ਜਾਂਦਾ ਹੈ I

ਕੈਨੇਡਾ ਵਿੱਚ ਪੰਜਾਬੀ ਭਾਸ਼ਾ ਨੂੰ ਸਰਕਾਰੀ ਭਾਸ਼ਾ ਵਜੋਂ ਮਾਨਤਾ ਦਵਾਉਣ ਲਈ ਬ੍ਰਿਟਿਸ਼ ਕੋਲੰਬੀਆ ਦੀ ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (PLEA) ਵੱਲੋਂ ਉਪਰਾਲੇ ਲਗਾਤਾਰ ਜਾਰੀ ਹਨ I 

ਹਾਲ ਵਿੱਚ ਹੀ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਐਨਡੀਪੀ ਲੀਡਰ ਜਗਮੀਤ ਸਿੰਘ ਨਾਲ ਮੁਲਾਕਾਤ ਦੌਰਾਨ ਵਿੱਚ ਵੀ ਇਸ ਮਸਲੇ ਨੂੰ ਚੁੱਕਿਆ ਗਿਆ I 

ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਵਿੱਚ ਆਫੀਸ਼ੀਅਲ ਲੈਂਗੂਏਜ ਐਕਟ 1969 ਦੌਰਾਨ ਲਿਆਂਦਾ ਗਿਆ ਜਿਸ ਅਧੀਨ ਅੰਗ੍ਰੇਜ਼ੀ ਅਤੇ ਫ੍ਰੈਂਚ ਭਾਸ਼ਾ ਨੂੰ ਸਰਕਾਰੀ ਮਾਨਤਾ ਦਿੱਤੀ ਗਈ I

ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ ਤੋਂ ਸਾਧੂ ਬਿੰਨਿੰਗ ਨੇ ਰੇਡੀਓ ਕੈਨੇਡਾ ਇੰਟਰਨੈਸ਼ਨਲ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਵੱਲੋਂ ਕਈ ਦਹਾਕਿਆਂ ਤੋਂ ਇਸ ਮੰਗ ਨੂੰ ਉਠਾਇਆ ਜਾ ਰਿਹਾ ਹੈ ਤਾਂ ਜੋ ਕੈਨੇਡਾ ਵਿੱਚ ਪੰਜਾਬੀ ਨੂੰ ਹੋਰ ਮਾਣ ਸਨਮਾਨ ਮਿਲ ਸਕੇ I

ਸਾਧੂ ਬਿੰਨਿੰਗ ਨੇ ਕਿਹਾ ਕਿ ਉਹ ਪਿੱਛਲੇ ਕਈ ਸਾਲਾਂ ਦੌਰਾਨ ਪੰਜਾਬੀ ਮੂਲ ਦੇ ਵੱਖ ਵੱਖ ਨੇਤਾਵਾਂ ਨੂੰ ਮਿਲ ਚੁੱਕੇ ਹਨ , ਪਰ ਜਗਮੀਤ ਸਿੰਘ ਨਾਲ ਇਹ ਇਕ ਰਸਮੀ ਮੁਲਾਕਾਤ ਸੀ ਅਤੇ ਐਸੋਸੀਏਸ਼ਨ ਨੂੰ ਜਗਮੀਤ ਸਿੰਘ ਦੇ ਦਫ਼ਤਰ ਵੱਲੋਂ ਮਿਲਣ ਲਈ ਸਮਾਂ ਦਿੱਤਾ ਗਿਆ ਸੀ I

ਜ਼ਿਕਰਯੋਗ ਹੈ ਕਿ ਐਨਡੀਪੀ ਲੀਡਰ ਜਗਮੀਤ ਸਿੰਘ ਬ੍ਰਿਟਿਸ਼ ਕੋਲੰਬੀਆ ਦੀ ਬਰਨਬੀ ਰਾਈਡਿੰਗ (ਚੋਣ ਹਲਕਾ) ਤੋਂ ਐਮ ਪੀ ਹਨ I

ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ ਵੱਲੋਂ ਕੀਤੀ ਜਾ ਰਹੀ ਇਕ ਮੀਟਿੰਗ ਦਾ ਦ੍ਰਿਸ਼ ਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ ਵੱਲੋਂ ਕੀਤੀ ਜਾ ਰਹੀ ਇਕ ਮੀਟਿੰਗ ਦਾ ਦ੍ਰਿਸ਼

ਤਸਵੀਰ: ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ ਫ਼ੇਸਬੁੱਕ

ਸਾਧੂ ਬਿੰਨਿੰਗ ਨੇ ਕਿਹਾ ਭਾਵੇਂ ਕਿ ਕੈਨੇਡਾ ਨੂੰ ਬਹੁ-ਸੱਭਿਆਚਾਰਕ ਦੇਸ਼ ਕਿਹਾ ਜਾਂਦਾ ਹੈ ਕਿ ਕਿਉਂਕਿ ਇੱਥੇ ਵੱਖ ਵੱਖ ਦੇਸ਼ਾਂ ਤੋਂ ਆ ਕੇ ਲੋਕ ਵਸੇ ਹਨ ਪਰ ਕੈਨੇਡਾ ਵੱਲੋਂ ਅੰਗ੍ਰੇਜ਼ੀ ਅਤੇ ਫ੍ਰੈਂਚ ਤੋਂ ਬਿਨਾਂ ਦੂਜੀਆਂ ਬੋਲੀਆਂ ਨੂੰ ਕੋਈ ਬਹੁਤੀ ਤਵੱਜੋਂ ਨਹੀਂ ਦਿੱਤੀ ਗਈ I

ਫ਼ੈਡਰਲ ਸਰਕਾਰ ਵੱਲੋਂ ਸਰਕਾਰੀ ਭਾਸ਼ਾਵਾਂ ( ਅੰਗ੍ਰੇਜ਼ੀ ਅਤੇ ਫ੍ਰੈਂਚ ) ਦੇ ਪਸਾਰ ਲਈ ਯਤਨ ਲਗਾਤਾਰ ਜਾਰੀ ਹਨ I ਸਰਕਾਰ ਵੱਲੋਂ ਮਈ ਤੋਂ ਫ਼ੈਡਰਲ , ਪ੍ਰੋਵਿੰਸ਼ੀਅਲ ਨੁਮਾਇੰਦਿਆਂ ਅਤੇ ਹੋਰ ਅਦਾਰਿਆਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਅਤੇ ਇਸ ਦੌਰਾਨ ਭਾਸ਼ਾਵਾਂ ਨੂੰ ਪ੍ਰਫੁੱਲਿਤ ਕਰਨ ਲਈ ਹਰ ਪ੍ਰਵਿੰਸ ਵਿੱਚ ਜਾ ਕੇ ਵਿਚਾਰ ਵਿਟਾਂਦਰਾ ਕੀਤਾ ਗਿਆ I 

ਮਿਲ ਚੁੱਕੀ ਹੈ ਹੋਰਨਾਂ ਭਾਸ਼ਾਵਾਂ ਨੂੰ ਮਾਨਤਾ

ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਵਿੱਚ ਅੰਗ੍ਰੇਜ਼ੀ ਅਤੇ ਫ੍ਰੈਂਚ ਤੋਂ ਇਲਾਵਾ ਹੋਰਨਾਂ ਬੋਲੀਆਂ ਨੂੰ ਵੀ ਮਾਨਤਾ ਮਿਲ ਸਕਦੀ ਹੈ ਅਤੇ ਕੁਝ ਟੈਰੇਟਰੀਜ਼ ਵਿੱਚ ਇਹ ਹੋ ਵੀ ਚੁੱਕਿਆ ਹੈ I

ਸਾਧੂ ਬਿੰਨਿੰਗ ਨੇ ਕਿਹਾ ਨੂਨਾਵਤ ਵਿੱਚ ਅੰਗ੍ਰੇਜ਼ੀ ਅਤੇ ਫ੍ਰੈਂਚ ਦੇ ਨਾਲ ਨਾਲ ਇਨੁਕਤੀਤੁੱਤ ਭਾਸ਼ਾ ਵੀ ਸਰਕਾਰੀ ਭਾਸ਼ਾ ਦਾ ਦਰਜਾ ਰੱਖਦੀ ਹੈ। ਇਸੇ ਤਰ੍ਹਾਂ ਹੀ ਨੌਰਥਵੈਸਟ ਟੈਰੇਟਰੀ ਵਿੱਚ ਨੌਂ ਮੂਲਨਿਵਾਸੀ ਭਾਸ਼ਾਵਾਂ ਵੀ ਸਰਕਾਰੀ ਦਰਜਾ ਰੱਖਦੀਆਂ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਇਨੁਕਤੀਤੁੱਤ ਨੂੰ 1980 ਵਿਆਂ 'ਚ ਮਾਨਤਾ ਮਿਲੀ I 2016 ਦੀ ਜਨਗਣਨਾ ਵਿੱਚ ਨੂਨਾਵਤ ਦੀ 65 ਫ਼ੀਸਦੀ ਆਬਾਦੀ ਨੇ ਇਨੁਕਤੀਤੁੱਤ ਨੂੰ ਮਾਂ ਬੋਲੀ ਵਜੋਂ ਦਰਜ ਕਰਵਾਇਆ I

PLEA ਦਾ ਕਹਿਣਾ ਹੈ ਕਿ ਇਹਨਾਂ ਖ਼ੇਤਰਾਂ ਇਹਨਾਂ ਭਾਸ਼ਾਵਾਂ ਦੇ ਪਸਾਰ ਵਾਸਤੇ ਸਰਕਾਰ ਆਰਿਥਕ ਪੱਖੋਂ ਸਹਾਇਤਾ ਕਰਦੀ ਹੈ ਅਤੇ ਪੰਜਾਬੀ ਨੂੰ ਸਰਕਾਰੀ ਭਾਸ਼ਾ ਦਾ ਦਰਜਾ ਮਿਲਣ 'ਤੇ ਪੰਜਾਬੀ ਲਈ ਵੀ ਫੰਡਿੰਗ ਮਿਲ ਸਕੇਗੀ I

ਕੈਨੇਡਾ 'ਚ ਪੰਜਾਬੀ ਭਾਸ਼ਾ ਦੀ ਸਥਿਤੀ

ਕੈਨੇਡਾ ਵਿੱਚ ਪੰਜਾਬੀ ਭਾਸ਼ਾ ਲਗਾਤਾਰ ਪ੍ਰਫੁੱਲਿਤ ਹੋ ਰਹੀ ਹੈ I 2016 ਦੀ ਜਨਗਣਨਾ ਦੇ ਅੰਕੜਿਆਂ ਮੁਤਾਬਿਕ ਪੰਜਾਬੀ , ਅੰਗ੍ਰੇਜ਼ੀ ਅਤੇ ਫ੍ਰੈਂਚ ਤੋਂ ਇਲਾਵਾ ਬੋਲੀਆਂ ਜਾਣ ਵਾਲੀਆਂ ਜ਼ਬਾਨਾਂ ਵਿਚੋਂ ਤੀਜੇ ਸਥਾਨ 'ਤੇ ਸੀ I ਇਸ ਵਿੱਚ ਪਹਿਲਾ ਸਥਾਨ ਮੈਂਡਰਿਨ ਅਤੇ ਦੂਜਾ ਸਥਾਨ ਕੈਨਟੋਨੀਜ਼ ਭਾਸ਼ਾ ਦਾ ਸੀ I

ਅੰਕੜਿਆਂ ਮੁਤਾਬਿਕ 5 ਲੱਖ ਤੋਂ ਵਧੇਰੇ ਵਿਅਕਤੀਆਂ ਨੇ ਆਮ ਤੌਰ 'ਤੇ ਪੰਜਾਬੀ ਬੋਲਣ ਦੀ ਗੱਲ ਕਹੀ , ਜੋ ਕਿ ਕੁੱਲ ਆਬਾਦੀ ਦਾ 1.6 ਫ਼ੀਸਦੀ ਬਣਦਾ ਹੈ I

ਅੰਕੜਿਆਂ ਮੁਤਾਬਿਕ 5 ਲੱਖ ਤੋਂ ਵਧੇਰੇ ਵਿਅਕਤੀਆਂ ਨੇ ਘਰਾਂ ਵਿੱਚ ਆਮ ਤੌਰ 'ਤੇ ਪੰਜਾਬੀ ਬੋਲਣ ਦੀ ਗੱਲ ਕਹੀ , ਜੋ ਕਿ ਕੁੱਲ ਆਬਾਦੀ ਦਾ 1.6 ਫ਼ੀਸਦੀ ਬਣਦਾ ਹੈ I ਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਅੰਕੜਿਆਂ ਮੁਤਾਬਿਕ 5 ਲੱਖ ਤੋਂ ਵਧੇਰੇ ਵਿਅਕਤੀਆਂ ਨੇ ਘਰਾਂ ਵਿੱਚ ਆਮ ਤੌਰ 'ਤੇ ਪੰਜਾਬੀ ਬੋਲਣ ਦੀ ਗੱਲ ਕਹੀ , ਜੋ ਕਿ ਕੁੱਲ ਆਬਾਦੀ ਦਾ 1.6 ਫ਼ੀਸਦੀ ਬਣਦਾ ਹੈ I

ਤਸਵੀਰ: canada.ca

ਇਸ ਜਨਗਣਨਾ ਮੁਤਾਬਿਕ 62 ਲੱਖ ਤੋਂ ਵਧੇਰੇ ਵਿਅਕਤੀ ਅੰਗ੍ਰੇਜ਼ੀ ਅਤੇ ਫ੍ਰੈਂਚ ਦੋਵੇਂ ਭਾਸ਼ਾਵਾਂ ਦਾ ਗਿਆਨ ਰੱਖਦੇ ਹਨ I

ਵਿਦਿਅਕ ਨੀਤੀ ਅਤੇ ਭਾਸ਼ਾ

ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰੋਵਿੰਸ਼ੀਅਲ ਪੱਧਰ 'ਤੇ ਵਿਦਿਅਕ ਨੀਤੀ ਬਾਬਤ ਕੋਈ ਫ਼ੈਸਲਾ ਲੈਣ ਦਾ ਅਧਿਕਾਰ ਸਥਾਨਕ ਸਰਕਾਰ ਕੋਲ ਹੈ I ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਵਿੱਚ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਬੋਲੀ ਪੜ੍ਹਾਈ ਜਾਂਦੀ ਹੈ I

PLEA ਦਾ ਮੰਨਣਾ ਹੈ ਕਿ ਪੰਜਾਬੀ ਨੂੰ ਸਰਕਾਰੀ ਭਾਸ਼ਾ ਦਾ ਦਰਜਾ ਮਿਲਣ 'ਤੇ ਪੰਜਾਬੀਆਂ ਲਈ ਆਰਥਿਕ ਵਸੀਲੇ ਹੋਰ ਬਿਹਤਰ ਹੋ ਸਕਣਗੇ I

ਬਿੰਨਿੰਗ ਨੇ ਕਿਹਾ ਕੈਨਡਾ ਦੇ ਬਹੁਤ ਕੁਝ ਇਲਾਕਿਆਂ ਵਿੱਚ ਪੰਜਾਬੀ ਬੋਲਣ ਵਾਲਿਆ ਦੀ ਭਰਮਾਰ ਹੈ I ਸਰਕਾਰੀ ਭਾਸ਼ਾ ਦਾ ਦਰਜ ਮਿਲਣ 'ਤੇ ਇਹ ਰੋਜ਼ਗਾਰ ਦਾ ਸਾਧਨ ਬਣੇਗੀ ਅਤੇ ਕੈਨੇਡੀਅਨ ਜੰਮਪਲ ਪੰਜਾਬੀ ਮੂਲ ਦੇ ਨੌਜਵਾਨਾਂ ਵਿੱਚ ਵੀ ਭਾਸ਼ਾ ਸਿੱਖਣ ਦੀ ਦਿਲਚਸਪੀ ਵਧੇਗੀ I ਪੰਜਾਬੀ ਦਾ ਇੱਕ ਅੰਤਰਰਾਸ਼ਟਰੀ ਭਾਸ਼ਾ ਵਜੋਂ ਉੱਭਰਨਾ ਇਸ ਦੇ ਵਿਕਾਸ ਵਿੱਚ ਸਹਾਈ ਹੋ ਸਕਦਾ ਹੈ।

ਨੇਤਾਵਾਂ ਦੀ ਬੇਰੁਖ਼ੀ : PLEA

ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ ਦਾ ਮੰਨਣਾ ਹੈ ਕਿ ਪੰਜਾਬੀ ਭਾਸ਼ਾ ਨੂੰ ਸਰਕਾਰੀ ਮਾਨਤਾ ਨਾ ਮਿਲਣ ਪਿੱਛੇ ਨੇਤਾਵਾਂ ਦੀ ਬੇਰੁਖ਼ੀ ਵੀ ਜ਼ਿੰਮੇਵਾਰ ਹੈ I 

ਸਾਧੂ ਬਿੰਨਿੰਗ ਦੇ ਕਿਹਾ ਪੰਜਾਬੀ ਮੂਲ ਦੇ ਬਹੁਤ ਸਾਰੇ ਵਿਅਕਤੀ ਫ਼ੈਡਰਲ ਅਤੇ ਪ੍ਰੋਵਿੰਸ਼ੀਅਲ ਸਿਆਸਤ ਵਿੱਚ ਸਰਗਰਮ ਹਨ I ਇਹਨਾਂ ਐਮ ਪੀ ਵੱਲੋਂ ਭਾਈਚਾਰੇ ਦੇ ਉਹਨਾਂ ਮਸਲਿਆਂ ਵੱਲ ਹੀ ਧਿਆਨ ਦਿੱਤਾ ਜਾਂਦਾ ਹੈ ਜਿੰਨ੍ਹਾਂ ਵਿੱਚ ਵੋਟ ਬੈਂਕ ਜੁੜਿਆ ਹੁੰਦਾ ਹੈ I ਭਾਸ਼ਾ ਦਾ ਮਸਲਾ ਸਿੱਧੇ ਤੌਰ 'ਤੇ ਵੋਟਾਂ 'ਤੇ ਅਸਰ ਨਹੀਂ ਪਾਉਂਦਾ , ਇਸ ਕਰਕੇ ਸਿਆਸੀ ਲੋਕਾਂ ਵੱਲੋਂ ਇਸਨੂੰ ਬਹੁਤੀ ਤਵੱਜੋਂ ਨਹੀਂ ਦਿੱਤੀ ਜਾਂਦੀ I

Sarbmeet Singh

ਸੁਰਖੀਆਂ