1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਬੱਚਿਆਂ ਲਈ ਡੈਂਟਲ ਕੇਅਰ ਦਾ ਵਾਅਦਾ ਪੂਰਾ ਕਰਨਗੇ ਲਿਬਰਲ: ਫ਼੍ਰੀਲੈਂਡ

ਨੈਸ਼ਨਲ ਡੈਂਟਲ ਪ੍ਰੋਗਰਾਮ ਦੀ ਸਿਰਜਣਾ ਲਿਬਰਲ-ਐਨਡੀਪੀ ਸਮਝੌਤੇ ਦੀ ਇੱਕ ਸ਼ਰਤ ਹੈ

ਲਿਬਰਲ-ਐਨਡੀਪੀ ਸਮਝੌਤੇ ਵਿੱਚ ਘੱਟ ਆਮਦਨ ਵਾਲੇ ਕੈਨੇਡੀਅਨਜ਼ ਲਈ ਇੱਕ ਨਵਾਂ ਨੈਸ਼ਨਲ ਡੈਂਟਲ ਕੇਅਰ ਪ੍ਰੋਗਰਾਮ ਬਣਾਉਣ ਦੀ ਯੋਜਨਾ ਸ਼ਾਮਲ ਹੈ।

ਲਿਬਰਲ-ਐਨਡੀਪੀ ਸਮਝੌਤੇ ਵਿੱਚ ਘੱਟ ਆਮਦਨ ਵਾਲੇ ਕੈਨੇਡੀਅਨਜ਼ ਲਈ ਇੱਕ ਨਵਾਂ ਨੈਸ਼ਨਲ ਡੈਂਟਲ ਕੇਅਰ ਪ੍ਰੋਗਰਾਮ ਬਣਾਉਣ ਦੀ ਯੋਜਨਾ ਸ਼ਾਮਲ ਹੈ।

ਤਸਵੀਰ: (Shutterstock / chanchai plongern)

RCI

ਡਿਪਟੀ ਪ੍ਰਾਈਮ ਮਿਨਿਸਟਰ ਕ੍ਰਿਸਟੀਆ ਫ਼੍ਰੀਲੈਂਡ ਨੇ ਮੰਗਲਵਾਰ ਨੂੰ ਕਿਹਾ ਕਿ ਲਿਬਰਲ ਸਰਕਾਰ ਨੈਸ਼ਨਲ ਡੈਂਟਲ ਕੇਅਰ ਪ੍ਰੋਗਰਾਮ ਸ਼ੁਰੂ ਕਰਨ ਦੇ ਆਪਣੇ ਵਾਅਦੇ ਪ੍ਰਤੀ ਵਚਨਬੱਧ ਹੈ, ਹਾਲਾਂਕਿ ਉਹਨਾਂ ਜਿਕਰ ਕੀਤਾ ਕਿ ਨਵਾਂ ਸਰਕਾਰੀ ਪ੍ਰੋਗਰਾਮ ਤਿਆਰ ਕਰਨਾ ਗੁੰਝਲਦਾਰ ਹੋ ਸਕਦਾ ਹੈ।

ਡੈਂਟਲ ਪ੍ਰੋਗਰਾਮ ਨੂੰ ਸ਼ੁਰੂ ਕਰਨ ਦੀ ਸਰਕਾਰ ਦੀ ਸਮਰੱਥਾ ਬਾਬਤ ਐਨਡੀਪੀ ਲੀਡਰ ਜਗਮੀਤ ਸਿੰਘ ਦੁਆਰਾ ਪ੍ਰਗਟਾਈਆਂ ਗਈਆਂ ਚਿੰਤਾਵਾਂ ਬਾਰੇ ਪੁੱਛੇ ਜਾਣ 'ਤੇ, ਫ੍ਰੀਲੈਂਡ ਨੇ ਕਿਹਾ ਕਿ ਇਹ ਪ੍ਰੋਗਰਾਮ ਫ਼ੈਡਰਲ ਬਜਟ ਵਿੱਚ ਸਰਕਾਰ ਦੇ ਵਾਅਦਿਆਂ ਵਿੱਚੋਂ ਇੱਕ ਸੀ।

ਟੋਰੌਂਟੋ ਵਿਚ ਇੱਕ ਆਟੋ-ਪਾਰਟਸ ਕੰਪਨੀ ਦੇ ਦੌਰੇ ਦੌਰਾਨ ਫ਼੍ਰੀਲੈਂਡ ਨੇ ਕਿਹਾ, ਜਦੋਂ ਡੈਂਟਲ ਕੇਅਰ ਦੀ ਗੱਲ ਆਉਂਦੀ ਹੈ, ਤਾਂ ਅਸੀਂ ਇਸ ਸਾਲ ਦੇ ਬਜਟ ਵਿਚ, ਸਾਲਾਨਾ 90,000 ਡਾਲਰ ਜਾਂ ਘੱਟ ਕਮਾਉਣ ਵਾਲੇ ਪਰਿਵਾਰਾਂ ਦੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਡੈਂਟਲ ਕੇਅਰ ਪ੍ਰਦਾਨ ਕਰਨ ਲਈ ਸਪਸ਼ਟ ਵਚਨਬੱਧਤਾ ਕੀਤੀ ਹੈ

ਮੈਨੂੰ ਲੱਗਦਾ ਹੈ ਕਿ ਇਹ ਕੈਨੇਡੀਅਨਜ਼ ਦੀਆਂ ਕਦਰਾਂ-ਕੀਮਤਾਂ ਨਾਲ ਬਹੁਤ ਮੇਲ ਖਾਂਦਾ ਹੈ। ਬੱਚਿਆਂ ਦੇ ਦੰਦ ਇਸ ਕਰਕੇ ਖ਼ਰਾਬ ਨਹੀਂ ਹੋਣੇ ਚਾਹੀਦੇ ਕਿਉਂਕਿ ਉਨ੍ਹਾਂ ਦੇ ਮਾਤਾ-ਪਿਤਾ ਕੋਲ ਦੰਦਾਂ ਦੇ ਡਾਕਟਰ ਕੋਲ ਜਾਣ ਲਈ ਲੋੜੀਂਦੇ ਪੈਸੇ ਨਹੀਂ ਹਨ

ਡੈਂਟਲ ਪ੍ਰੋਗਰਾਮ ਬਾਰੇ ਬੋਲਦਿਆਂ, ਫ਼ੈਡਰਲ ਸਰਕਾਰ ਦੇ ਸੂਬਾ ਸਰਕਾਰਾਂ ਨਾਲ ਹੋਏ ਚਾਈਲਡ ਕੇਅਰ ਅਗਰੀਮੈਂਟਸ ਦਾ ਹਵਾਲਾ ਦਿੰਦਿਆਂ ਫ਼੍ਰੀਲੈਂਡ ਨੇ ਕਿਹਾ ਕਿ ਕਈ ਵਾਰੀ ਸਰਕਾਰੀ ਪ੍ਰੋਗਰਾਮਾਂ ਨੂੰ ਲਾਗੂ ਹੋਣ ਵਿਚ ਸਮਾਂ ਲੱਗਦਾ ਹੈ।

ਕੈਨੇਡੀਅਨਜ਼ ਨੂੰ ਨਵੀਆਂ ਸੇਵਾਵਾਂ ਪ੍ਰਦਾਨ ਕਰਨਾ ਪੇਚੀਦਾ ਹੁੰਦਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਕੈਨੇਡੀਅਨਜ਼ ਇਹ ਸਮਝਦੇ ਹਨ। ਅਸੀਂ ਡੈਂਟਲ ਕੇਅਰ ‘ਤੇ ਸਖ਼ਤ, ਬਹੁਤ ਸਖ਼ਤ ਮਿਹਨਤ ਕਰ ਰਹੇ ਹਾਂ

ਫ਼੍ਰੀਲੈਂਡ ਦੀ ਇਹ ਟਿੱਪਣੀ ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਜ਼ਾਹਰ ਕੀਤੀਆਂ ਚਿੰਤਾਵਾਂ ਤੋਂ ਬਾਅਦ ਆਈ ਹੈ। ਹਾਲ ਹੀ ਵਿਚ ਟੋਰੌਂਟੋ ਸਟਾਰ  (ਨਵੀਂ ਵਿੰਡੋ)ਨਾਲ ਗੱਲ ਕਰਦਿਆਂ ਜਗਮੀਤ ਸਿੰਘ ਨੇ ਕਿਹਾ ਸੀ ਕਿ ਜੇ ਸਰਕਾਰ ਇਸ ਸਾਲ ਦੇ ਅੰਤ ਤੱਕ ਡੈਂਟਲ ਪ੍ਰੋਗਰਾਮ ਲਾਗੂ ਨਹੀਂ ਕਰਦੀ ਤਾਂ ਉਹ ਟ੍ਰੂਡੋ ਦੀ ਘੱਟ-ਗਿਣਤੀ ਸਰਕਾਰ ਨਾਲ ਕੀਤਾ ਸਮਰਥਨ ਸਮਝੌਤਾ ਤੋੜਨ ਲਈ ਤਿਆਰ ਹਨ।

ਜਗਮੀਤ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਰਕਾਰ ਸਮਝੌਤੇ ਅਧੀਨ ਕੈਨੇਡਾ ਹਾਊਸਿੰਗ ਬੈਨਿਫ਼ਿਟ ਪ੍ਰਾਪਤਕਰਤਾਵਾਂ ਨੂੰ 500 ਡਾਲਰ ਵਾਧੂ ਰਾਸ਼ੀ ਦੇਣ ਦੀ ਦੂਸਰੀ ਸ਼ਰਤ ਵੀ ਪੂਰੀ ਕਰੇ।

ਐਨਡੀਪੀ ਹੈਲਥ ਕ੍ਰਿਟਿਕ ਡੌਨ ਡੇਵਿਸ ਨੇ ਕਿਹਾ ਕਿ ਬੱਚਿਆਂ ਲਈ ਡੈਂਟਲ ਪ੍ਰੋਗਰਾਮ ਬਾਬਤ ਲਿਬਰਲ ਹਮਰੁਤਬਿਆਂ ਨਾਲ ਗੱਲਬਾਤ ਠੀਕ ਚਲ ਰਹੀ ਹੈ। ਉਹਨਾਂ ਕਿਹਾ ਕਿ ਬੱਚਿਆਂ ਲਈ ਡੈਂਟਲ ਕੇਅਰ, ਪ੍ਰੋਗਰਾਮ ਦਾ ਪਹਿਲਾ ਕਦਮ ਹੈ, ਪਰ 2025 ਤੱਕ ਕਰੀਬ ਸੱਤ ਤੋਂ ਨੌਂ ਮਿਲੀਅਨ ਕੈਨੇਡੀਅਨਜ਼ ਨੂੰ ਕਵਰੇਜ ਦੇਣ ਦੇ ਮਿੱਥੇ ਟੀਚੇ ਅਨੁਸਾਰ ਪ੍ਰੋਗਰਾਮ ਦੀ ਬਣਤਰ ਤਿਆਰ ਕਰਨਾ ਮਹੱਤਵਪੂਰਨ ਹੈ।

ਡੇਵਿਸ ਨੇ ਕਿਹਾ ਕਿ ਕਾਨੂੰਨ ਦਾ ਖਰੜਾ ਤਿਆਰ ਕੀਤਾ ਜਾ ਰਿਹਾ ਹੈ ਅਤੇ ਸਾਲ ਦੇ ਅੰਤ ਤੱਕ ਪ੍ਰੋਗਰਾਮ ਨੂੰ ਸ਼ੁਰੂ ਕਰਨ ਲਈ, 19 ਸਤੰਬਰ ਨੂੰ ਪਾਰਲੀਮੈਂਟ ਦੀ ਬੈਠਕ ਦੁਬਾਰਾ ਸ਼ੁਰੂ ਹੋਣ ਤੋਂ ਬਾਅਦ ਕਾਨੂੰਨ ਨੂੰ ਪਹਿਲੇ ਕੁਝ ਹਫ਼ਤਿਆਂ ਵਿੱਚ ਹੀ ਪੇਸ਼ ਕਰਨਾ ਹੋਵੇਗਾ।

ਡੇਵਿਸ ਨੇ ਕਿਹਾ ਕਿ ਸਮਾਂ-ਸਾਰਣੀ ਦਾ ਇਹ ਵੀ ਮਤਲਬ ਹੈ ਕਿ ਸ਼ੁਰੂਆਤੀ ਪ੍ਰੋਗਰਾਮ ਨੂੰ ਫ਼ੈਡਰਲ ਸਰਕਾਰ ਦੁਆਰਾ ਸਥਾਪਿਤ ਕਰਕੇ ਫ਼ੰਡ ਕੀਤਾ ਜਾਣਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਇਸ ਸਮੇਂ ਸੂਬਾ ਸਰਕਾਰਾਂ ਨੂੰ ਸ਼ਾਮਲ ਕਰਕੇ 6 ਮਹੀਨੇ ਵਿਚ ਪ੍ਰੋਗਰਾਮ ਸ਼ੁਰੂ ਕਰਨਾ ਸੰਭਵ ਨਹੀਂ ਹੋਵੇਗਾ।

ਡੇਵਿਸ ਨੇ ਕਿਹਾ ਕਿ ਸੂਬਾ ਸਰਕਾਰਾਂ ਨੂੰ ਬਾਅਦ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।

ਜੇ ਇਹ 100 ਫ਼ੀਸਦੀ ਫ਼ੈਡਰਲ ਸਰਕਾਰ ਵੱਲੋਂ ਫ਼ੰਡ ਪ੍ਰਾਪਤ ਹੋਵੇ, 100 ਫ਼ੀਸਦੀ ਫ਼ੈਡਰਲ ਸਰਕਾਰ ਵੱਲੋਂ ਸੰਚਾਲਿਤ ਹੋਵੇ, ਤਾਂ ਅਸੀਂ ਯੋਜਨਾ ਸਿਰੇ ਚੜ੍ਹਾ ਸਕਦੇ ਹਾਂ। ਮੈਂ ਸੂਬਿਆਂ ਅਤੇ ਪ੍ਰਦੇਸ਼ਾਂ ਦੀ ਭਵਿੱਖ ਵਿਚ ਭੂਮਿਕਾ ਦੇਖਦਾ ਹਾਂ, ਜਦੋਂ ਉਹ ਇਸ ਵਿਚ ਸ਼ਾਮਲ ਹੋਣਾ ਚਾਹੁਣਗੇ ਅਤੇ ਪਲਾਨ ਨੂੰ ਬਿਹਤਰ ਬਣਾਉਣਗੇ

ਹਾਲਾਂਕਿ ਹੈਲਥ ਕੇਅਰ ਨੂੰ ਅਕਸਰ ਸੂਬਾਈ ਅਧਿਕਾਰ ਖੇਤਰ ਮੰਨਿਆ ਜਾਂਦਾ ਹੈ, ਡੇਵਿਸ ਨੇ ਕਿਹਾ ਕਿ ਇਹ ਫ਼ੈਡਰਲ ਸਰਕਾਰ ਨਾਲ ਸਾਂਝਾ ਅਧਿਕਾਰ ਖੇਤਰ ਹੈ। ਉਹਨਾਂ ਨੇ ਅਧਿਕਾਰ ਖੇਤਰ ਦੇ ਆਧਾਰ 'ਤੇ ਕਿਸੇ ਸੂਬੇ ਵੱਲੋਂ ਇਸ ਪ੍ਰੋਗਰਾਮ 'ਤੇ ਇਤਰਾਜ਼ ਕਰਨ ਦੀ ਸੰਭਾਵਨਾ ਨੂੰ ਵੀ ਨਕਾਰਿਆ।

ਮੈਨੂੰ ਨਹੀਂ ਲੱਗਦਾ ਕਿ ਇਸ ਦੇਸ਼ ਵਿਚ ਕੋਈ ਅਜਿਹਾ ਪ੍ਰੀਮੀਅਰ ਹੋਵੇਗਾ ਜੋ ਨਹੀਂ ਚਾਹੇਗਾ ਕਿ ਉਸਦੇ ਸੂਬੇ ਜਾਂ ਪ੍ਰਦੇਸ਼ ਦੇ ਵਾਸੀਆਂ ਨੂੰ ਮੁਫ਼ਤ ਡੈਂਟਲ ਕੇਅਰ ਪ੍ਰਦਾਨ ਕੀਤੀ ਜਾਵੇ। ਮੈਨੂੰ ਨਹੀਂ ਲੱਗਦਾ ਕਿ ਕੋਈ ਸੱਤ ਸਾਲ ਦੇ ਬੱਚੇ ਨੂੰ ਡੈਂਟਲ ਕੇਅਰ ਪ੍ਰਾਪਤ ਕਰਨ ਤੋਂ ਰੋਕਣ ਲਈ ਸੰਵਿਧਾਨ ਚੁੱਕ ਲਵੇਗਾ

ਐਲੀਜ਼ਾਬੈਥ ਥੌਂਪਸਨ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ