1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਬ੍ਰਿਟਿਸ਼ ਕੋਲੰਬੀਆ ਤੋਂ ਐਮ.ਐਲ.ਏ. ਹਰਵਿੰਦਰ ਸੰਧੂ ਖਿਲਾਫ਼ ਰੀਕੌਲ ਪਟੀਸ਼ਨ ਸ਼ੁਰੂ

ਇਲੈਕਸ਼ਨ ਬੀ.ਸੀ. ਅਨੁਸਾਰ ਰੀਕੌਲ ਪਟੀਸ਼ਨ ਅਰਜ਼ੀ ਪੂਰੀ ਕਰਦੀ ਹੈ ਸ਼ਰਤਾਂ

ਬੀ ਸੀ ਤੋਂ ਐਨਡੀਪੀ ਐਮ.ਐਲ.ਏ, ਹਰਵਿੰਦਰ ਸੰਧੂ

ਬੀ.ਸੀ. ਦੀ ਵਰਨਨ-ਮੋਨੈਸ਼ੀ ਰਾਇੰਡਿੰਗ ਤੋਂ ਐਨਡੀਪੀ ਐਮ.ਐਲ.ਏ, ਹਰਵਿੰਦਰ ਸੰਧੂ ਖ਼ਿਲਾਫ਼ ਰੀਕੌਲ ਪਟੀਸ਼ਨ ਸ਼ੁਰੂ ਕੀਤੀ ਗਈ ਹੈ।

ਤਸਵੀਰ: Harwinder Sandhu/Twitter

RCI

ਬ੍ਰਿਟਿਸ਼ ਕੋਲੰਬੀਆ ਦੀ ਐਨਡੀਪੀ ਸਰਕਾਰ ਵੱਲੋਂ ਹੈਲਥ-ਕੇਅਰ ਦੇ ਮੁੱਦੇ ਨਾਲ ਨਜਿੱਠਣ ਦੇ ਤਰੀਕਿਆਂ ਤੋਂ ਖ਼ਫ਼ਾ ਵਰਨਨ ਸ਼ਹਿਰ ਦੀ ਇੱਕ ਵਸਨੀਕ ਨੇ ਆਪਣੇ ਇਲਾਕੇ ਦੀ ਐਮ.ਐਲ.ਏ. ਨੂੰ ਹਟਾਉਣ ਲਈ ਇੱਕ ਰੀਕੌਲ ਪਟੀਸ਼ਨ ਸ਼ੁਰੂ ਕੀਤੀ ਹੈ।

ਜੈਨੇਵੀਵ ਰਿੰਗ ਦਾ ਕਹਿਣਾ ਹੈ ਕਿ ਵਰਨਨ-ਮੋਨੈਸ਼ੀ ਤੋਂ ਐਮ.ਐਲ.ਏ. ਹਰਵਿੰਦਰ ਸੰਧੂ ਨੂੰ ਰੀਕੌਲ ਕੀਤਾ ਜਾਣਾ ਚਾਹੀਦਾ ਹੈ , ਭਾਵ ਹਟਾਉਣਾ ਚਾਹੀਦਾ ਹੈ ਕਿਉਂਕਿ ਉਹ ਉਸ ਐਨਡੀਪੀ ਸਰਕਾਰ ਦਾ ਹਿੱਸਾ ਹਨ ਜੋ ਕੋਵਿਡ-19 ਅਤੇ ਹੈਲਥ-ਕੇਅਰ ਦੇ ਗੰਭੀਰ ਮੁੱਦਿਆਂ ‘ਤੇ ਅਸਫਲ ਰਹੀ ਹੈ।

ਜੈਨੇਵੀਵ ਕਹਿੰਦੀ ਹੈ ਕਿ ਉਹ ਹੈਲਥ ਕੇਅਰ ਵਿਚ ਸੁਧਾਰ ਲਿਆਉਣ ਲਈ ਤਬਦੀਲੀ ਲਈ 2024 ਦੀਆਂ ਚੋਣਾਂ ਤੱਕ ਇੰਤਜ਼ਾਰ ਨਹੀਂ ਕਰ ਸਕਦੀ।

ਸੂਬੇ ਦੇ ਚੋਣ ਨਿਗਰਾਨ ਅਦਾਰੇ, ਇਲੈਕਸ਼ਨ ਬੀ.ਸੀ. ਨੇ ਇੱਕ ਲਿਖਤ ਬਿਆਨ ਵਿਚ ਦੱਸਿਆ ਕਿ ਉਸਨੂੰ ਜੈਨੇਵੀਵ ਵੱਲੋਂ ਪਟੀਸ਼ਨ ਅਰਜ਼ੀ ਪ੍ਰਾਪਤ ਹੋਈ ਹੈ ਅਤੇ ਇਹ ਅਰਜ਼ੀ ਰੀਕੌਲ ਐਂਡ ਇਨੀਸ਼ਿਏਟਿਵ ਐਕਟ ਦੀਆਂ ਸ਼ਰਤਾਂ ਨੂੰ ਪੂਰਾ ਕਰਦੀ ਹੈ। ਇਲੈਕਸ਼ਨ ਬੀ.ਸੀ.12 ਅਗਸਤ ਨੂੰ ਪਟੀਸ਼ਨ ਜਾਰੀ ਕਰੇਗਾ।

ਬੀ.ਸੀ. ਵਿਚ ਕੋਈ ਵੀ ਰਜਿਸਟਰਡ ਵੋਟਰ ਆਪਣੇ ਚੋਣ ਹਲਕੇ ਦੇ ਐਮ.ਐਲ.ਏ ਨੂੰ ਰੀਕੌਲ ਕਰਨ ਦੀ ਪਟੀਸ਼ਨ ਦਾਇਰ ਕਰ ਸਕਦਾ ਹੈ। ਅਰਜ਼ੀ ਭਰਨ ਲਈ 50 ਡਾਲਰ ਦੀ ਫ਼ੀਸ ਹੁੰਦੀ ਹੈ ਅਤੇ ਇਸ ਵਿਚ ਇੱਕ ਬਿਆਨ ਜਮ੍ਹਾਂ ਕਰਵਾਉਣਾ ਪੈਂਦਾ ਹੈ ਕਿ ਬਿਨੈ-ਕਾਰ ਨੂੰ ਕਿਉਂ ਲੱਗਦਾ ਹੈ ਕਿ ਐਮ.ਐਲ.ਏ ਨੂੰ ਰੀਕੌਲ ਕੀਤਾ ਜਾਣਾ ਚਾਹੀਦਾ ਹੈ।

ਹਰਵਿੰਦਰ ਸੰਧੂ ਦਾ ਕਹਿਣਾ ਹੈ ਕਿ ਉਹ ਅੱਤ ਵਿਚਾਰ ਰੱਖਣ ਵਾਲੇ ਕਾਰਕੁੰਨਾਂ ਦੇ ਨਿੱਕੇ ਜਿਹੇ ਸਮੂਹ ਵੱਲੋਂ ਕੀਤੀਆਂ ਅਜਿਹੀਆਂ ਮੰਗਾਂ ਤੋਂ ਨਹੀਂ ਘਬਰਾਉਂਦੇ। ਉਹਨਾਂ ਕਿਹਾ ਕਿ ਉਕਤ ਗਰੁੱਪ ਉਹਨਾਂ ਦੀ ਰਾਇਡਿੰਗ ਦੇ ਬਹੁਗਿਣਤੀ ਲੋਕਾਂ ਦੀ ਨੁਮਾਇੰਦਗੀ ਨਹੀਂ ਕਰਦਾ।

2020 ਵਿਚ ਐਮ.ਐਲ.ਏ. ਬਣਨ ਤੋਂ ਪਹਿਲਾਂ ਹਰਵਿੰਦਰ ਵਰਨਨ ਦੇ ਰੌਇਲ ਜੁਬਲੀ ਹਸਪਤਾਲ ਵਿਚ ਰਜਿਸਟਰਡ ਨਰਸ ਸਨ। ਹਰਵਿੰਦਰ ਨੇ ਕਿਹਾ ਕਿ ਉਹ ਮਹਾਂਮਾਰੀ ਦੌਰਾਨ ਨਿਵਾਸੀਆਂ ਅਤੇ ਫ਼੍ਰੰਟ-ਲਾਈਨ ਵਰਕਰਾਂ ਨੂੰ ਸੁਰੱਖਿਅਤ ਰੱਖਣ ਲਈ ਆਪਣੀ ਸਰਕਾਰ ਦੁਆਰਾ ਲਏ ਗਏ ਫ਼ੈਸਲਿਆਂ ਦਾ ਸਮਰਥਨ ਕਰਦੇ ਹਨ।

ਮੈਂ ਵਰਨਨ-ਮੋਨੈਸ਼ੀ ਦੇ ਸਾਰੇ ਲੋਕਾਂ ਦੀ ਨੁਮਾਇੰਦਗੀ ਕਰਨ ਲਈ ਬਹੁਤ ਮਿਹਨਤ ਕੀਤੀ ਹੈ ਅਤੇ ਮੈਂ ਇਹ ਮਿਹਨਤ ਜਾਰੀ ਰੱਖਾਂਗੀ ਕਿਉਂਕਿ ਮੈਨੂੰ ਉਨ੍ਹਾਂ ਲੋਕਾਂ ‘ਤੇ ਮਾਣ ਹੈ ਜਿਨ੍ਹਾਂ ਦੀ ਮੈਂ ਨੁਮਾਇੰਦਗੀ ਕਰਦੀ ਹਾਂ।
ਵੱਲੋਂ ਇੱਕ ਕਥਨ ਹਰਵਿੰਦਰ ਸੰਧੂ, ਐਨਡੀਪੀ ਐਮ.ਐਲ.ਏ, ਵਰਨਨ-ਮੋਨੈਸ਼ੀ, ਬੀ.ਸੀ.

ਇਲੈਕਸ਼ਨ ਬੀ.ਸੀ. ਨੇ ਦੱਸਿਆ ਕਿ ਰੀਕੌਲ ਪਟੀਸ਼ਨ ਨੂੰ ਸਫ਼ਲ ਬਣਾਉਣ ਲਈ, ਪ੍ਰਚਾਰਕਰਤਾਵਾਂ ਨੂੰ 11 ਅਕਤੂਬਰ ਤੱਕ ਇਲਾਕੇ ਦੇ ਯੋਗ ਵੋਟਰਾਂ ਵਿਚੋਂ 40 ਫ਼ੀਸਦੀ (21,268 ਵੋਟਰ) ਦੇ ਦਸਤਖ਼ਤ ਲੈਣੇ ਹੋਣਗੇ।

1995 ਵਿਚ ਰੀਕੌਲ ਐਕਟ ਦੇ ਲਾਗੂ ਹੋਣ ਤੋਂ ਬਾਅਦ 26 ਰੀਕੌਲ ਪਟੀਸ਼ਨਾਂ ਮੰਜ਼ੂਰ ਹੋਈਆਂ ਹਨ ਪਰ ਸਾਰੀਆਂ ਅਸਫਲ ਰਹੀਆਂ ਅਤੇ ਕਿਸੇ ਵਿਚ ਵੀ ਐਮ.ਐਲ.ਏ. ਨੂੰ ਵਾਪਸ ਨਹੀਂ ਬੁਲਾਇਆ ਗਿਆ।

ਹਾਲਾਂਕਿ ਜੇ ਰੀਕੌਲ ਪਟੀਸ਼ਨ ਸਫ਼ਲ ਹੁੰਦੀ ਹੈ, ਤਾਂ 90 ਦਿਨਾਂ ਦੇ ਅੰਦਰ ਅੰਦਰ ਜ਼ਿਮਨੀ ਚੋਣ (ਬਾਏ-ਇਲੈਕਸ਼ਨ) ਹੋਣੀ ਲਾਜ਼ਮੀ ਹੈ ਅਤੇ ਰੀਕੌਲ ਕੀਤਾ ਗਿਆ ਐਮ.ਐਲ.ਏ. ਦੁਬਾਰਾ ਚੋਣ ਲੜ ਸਕਦਾ ਹੈ।

ਜੈਨੇਵੀਵ ਨੇ ਕਿਹਾ, ਜਿਨ੍ਹਾਂ ਲੋਕਾਂ ਦੀ ਨੁਮਾਇੰਦਗੀ ਕਰਨ ਲਈ ਇਹਨਾਂ ਨੂੰ ਚੁਣਿਆ ਗਿਆ ਹੈ ਉਹਨਾਂ ਪ੍ਰਤੀ ਇਹਨਾਂ ਨੂੰ ਕੋਈ ਫ਼ਰਜ਼ ਮਹਿਸੂਸ ਹੋਣਾ ਚਾਹੀਦਾ ਹੈ, ਪਰ ਇਸਨੇ ਦੋ ਸਾਲਾਂ ਵਿਚ ਕੁਝ ਨਹੀਂ ਕੀਤਾ

ਮੈਂ ਕਹਾਂਗੀ ਕਿ ਐਨਡੀਪੀ ਨੇ ਇਨ੍ਹਾਂ ਪੂਰੇ ਦੋ ਸਾਲਾਂ ਵਿਚ ਅਣਗਹਿਲੀ ਕੀਤੀ ਹੈ ਅਤੇ ਇਹ ਉਸਦਾ ਹਿੱਸਾ ਹੈ

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ