1. ਮੁੱਖ ਪੰਨਾ
  2. ਵਾਤਾਵਰਨ
  3. ਨਸਲਾਂ ਦੀ ਰੱਖਿਆ ਕਰਨਾ

ਜੈਸਪਰ ਨੈਸ਼ਨਲ ਪਾਰਕ ਵਿਚ ਹਾਈਕਰ ਨੇ ਭਾਲੂ ਦੇ ਗੋਲੀ ਮਾਰੀ

ਪਾਰਕਸ ਕੈਨੇਡਾ ਅਨੁਸਾਰ ਹਾਈਕਰ ‘ਤੇ ਕਈ ਦੋਸ਼ ਆਇਦ

ਭਾਲੂ

ਪਾਰਕਸ ਕੈਨੇਡਾ ਅਨੁਸਾਰ ਪਹਿਲਾਂ ਹਾਈਕਰ ਨੇ ਚਿਤਾਵਨੀ ਦੇ ਤੌਰ ‘ਤੇ ਭਾਲੂ ਦੇ ਨਜ਼ਦੀਕ ਗੋਲੀ ਚਲਾਈ, ਪਰ ਜਦੋਂ ਭਾਲੂ ਉੱਥੋਂ ਨਹੀਂ ਭੱਜਿਆ ਤਾਂ ਹਾਈਕਰ ਨੇ ਦੁਬਾਰਾ ਗੋਲੀ ਚਲਾ ਦਿੱਤੀ।

ਤਸਵੀਰ: (Dean Cluff/Department of Environment and Natural Resources)

RCI

ਲੰਘੇ ਸ਼ਨੀਵਾਰ ਜੈਸਪਰ ਨੈਸ਼ਨਲ ਪਾਰਕ ਵਿੱਖੇ ਹਾਈਕਿੰਗ ਕਰਨ ਗਏ ਇੱਕ ਵਿਅਕਤੀ ਨੇ ਇੱਕ ਭਾਲੂ ਦੇ ਗੋਲੀ ਮਾਰ ਦਿੱਤੀ। ਜ਼ਖ਼ਮੀ ਭਾਲੂ ਪਾਰਕ ਵਿਚ ਹੀ ਕਿਤੇ ਘੁੰਮ ਰਿਹਾ ਹੋ ਸਕਦਾ ਹੈ ਅਤੇ ਪਾਰਕਸ ਕੈਨੇਡਾ ਦੇ ਅਧਿਕਾਰੀ ਭਾਲੂ ਦੀ ਤਲਾਸ਼ ਕਰ ਰਹੇ ਹਨ।

ਪਾਰਕਸ ਕੈਨੇਡਾ ਵੱਲੋਂ ਭੇਜੀ ਇੱਕ ਈਮੇਲ ਅਨੁਸਾਰ, ਇੱਕ ਵਿਅਕਤੀ ਨੇ ਜੈਸਪਰ ਡਿਸਪੈਚ ਨੂੰ ਫ਼ੋਨ ਕਰਕੇ ਦੱਸਿਆ ਕਿ ਉਸਦੇ ਦੋਸਤ ਨੇ ਪਾਰਕ ਦੀ ਓਵਰਲੈਂਡਰ ਟ੍ਰੇਲ ‘ਤੇ ਇੱਕ ਕਾਲੇ ਰੰਗ ਦੇ ਭਾਲੂ ਨੂੰ ਗੋਲੀ ਮਾਰੀ ਹੈ। ਇਹ ਗੋਲੀ 20 ਐਮ ਐਮ ਗੌਜ ਸ਼ੌਟਗਨ ਤੋਂ ਮਾਰੀ ਗਈ ਸੀ।

ਪਾਰਕਸ ਕੈਨੇਡਾ (Parks Canada), ਕੈਨੇਡਾ ਸਰਕਾਰ ਦੀ ਏਜੰਸੀ ਹੈ ਜੋ ਦੇਸ਼ ਦੇ 48 ਨੈਸ਼ਨਲ ਪਾਰਕਾਂ, 3 ਮਰੀਨ ਕੰਜ਼ਰਵੇਸ਼ਨ ਏਰੀਆ ਅਤੇ 172 ਰਾਸ਼ਟਰੀ ਇਤਿਹਾਸਕ ਸਮਾਰਕਾਂ ਦਾ ਪ੍ਰਬੰਧਨ ਦੇਖਦੀ ਹੈ।

ਪਾਰਕਸ ਕੈਨੇਡਾ ਅਨੁਸਾਰ ਦੋਵਾਂ ਵਿਅਕਤੀਆਂ ਨੇ ਦੇਖਿਆ ਕਿ ਭਾਲੂ ਉਹਨਾਂ ਤੋਂ ਕਰੀਬ 30 ਮੀਟਰ ਦੀ ਦੂਰੀ ‘ਤੇ ਆ ਗਿਆ ਸੀ। ਇੱਕ ਹਾਈਕਰ ਨੇ ਚਿਤਾਵਨੀ ਦੇ ਤੌਰ ‘ਤੇ ਭਾਲੂ ਦੇ ਨਜ਼ਦੀਕ ਗੋਲੀ ਚਲਾਈ, ਪਰ ਭਾਲੂ ਉੱਥੋਂ ਨਹੀਂ ਭੱਜਿਆ ਇਸ ਕਰਕੇ ਹਾਈਕਰ ਨੇ ਭਾਲੂ 'ਤੇ ਦੁਬਾਰਾ ਗੋਲੀ ਚਲਾ ਦਿੱਤੀ। ਫ਼ਿਰ ਭਾਲੂ ਨਾਲ ਵਗਦੀ ਇੱਕ ਨਿੱਕੀ ਨਦੀ ਵੱਲ ਉੱਤਰ ਗਿਆ ਅਤੇ ਦੋਵੇਂ ਵਿਅਕਤੀ ਵੀ ਉੱਥੋਂ ਤੁਰੰਤ ਨਿਕਲ ਗਏ। ਇਸ ਘਟਨਾ ਵਿਚ ਭਾਲੂ ਕਿੰਨਾ ਕੁ ਜ਼ਖ਼ਮੀ ਹੋਇਆ ਹੈ ਇਸ ਬਾਰੇ ਫ਼ਿਲਹਾਲ ਜਾਣਕਾਰੀ ਨਹੀਂ ਹੈ, ਪਰ ਘਟਨਾ ਸਥਾਨ ‘ਤੇ ਖ਼ੂਨ ਮੌਜੂਦ ਸੀ।

ਈਮੇਲ ਅਨੁਸਾਰ, ਸੰਘਣੇ ਜੰਗਲ ਅਤੇ ਇਲਾਕੇ ਦੀ ਭੂਗੋਲਿਕ ਸਥਿਤੀ ਕਾਰਨ ਭਾਲੂ ਦੀ ਖੋਜ ਬਹੁਤ ਚੁਣੌਤੀਪੂਰਨ ਹੈ

ਜ਼ਖ਼ਮੀ ਭਾਲੂ ਬਹੁਤ ਹਮਲਾਵਰ ਹੋ ਸਕਦੇ ਹਨ ਇਸ ਕਰਕੇ ਖੋਜ ਦੌਰਾਨ ਬੇਹੱਦ ਸਾਵਧਾਨੀ ਦੀ ਜ਼ਰੂਰਤ ਹੈ

ਟ੍ਰੇਲ ਨੂੰ ਬੰਦ ਰੱਖਿਆ ਗਿਆ ਹੈ ਅਤੇ ਪਾਰਕਸ ਕੈਨੇਡਾ ਦਾ ਕਹਿਣਾ ਹੈ ਕਿ ਭਾਲੂ ਦੀ ਤਲਾਸ਼ ਲਈ ਹੋਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਟਾਫ਼ ਇਹ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਭਾਲੂ ਬੁਰੀ ਤਰ੍ਹਾਂ ਜ਼ਖ਼ਮੀ ਨਾ ਹੋਵੇ ਅਤੇ ਟ੍ਰੇਲ ਤੋਂ ਦੂਰ ਹੋਵੇ।

ਪਾਰਕਸ ਕੈਨੇਡਾ ਅਨੁਸਾਰ ਜੇ ਭਾਲੂ ਬਹੁਤ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋਇਆ ਤਾਂ ਸਟਾਫ਼ ਨੂੰ ਉਸਨੂੰ ਮਾਰਨਾ ਵੀ ਪੈ ਸਕਦਾ ਹੈ, ਅਤੇ ਜੇ ਉਹ ਮਰ ਚੁੱਕਾ ਹੋਇਆ ਤਾਂ ਉਸਦੀ ਲਾਸ਼ ਟ੍ਰੇਲ ਤੋਂ ਪਰਾਂ ਲਿਜਾਈ ਜਾਣੀ ਹੈ।

ਜੈਸਪਰ ਨੈਸ਼ਨਲ ਪਾਰਕ ਦੇ ਰਿਸੋਰਸ ਕੰਜ਼ਰਵੇਸ਼ਨ ਮੈਨੇਜਰ, ਡੇਵ ਆਰਗੂਮੈਂਟ ਨੇ ਕਿਹਾ ਕਿ ਹਾਈਕਿੰਗ ਦੌਰਾਨ ਇੱਕ ਹਾਈਕਰ ਕੋਲ ਲੋਡੇਡ ਹਥਿਆਰ ਹੋਣਾ ਅਤੇ ਆਪਣੀ ਆਤਮ-ਰੱਖਿਆ ਵਿਚ ਹਥਿਆਰ ਨੂੰ ਵਰਤ ਲੈਣਾ ਕਾਫ਼ੀ ਹੈਰਾਨੀਜਨਕ ਹੈ।

ਨੈਸ਼ਨਲ ਪਾਰਕਾਂ ਵਿਚ ਲੋਡੇਡ ਹਥਿਆਰ ਲੈਕੇ ਜਾਣ ਦੀ ਇਜਾਜ਼ਤ ਨਹੀਂ ਹੁੰਦੀ।

ਉਹਨਾਂ ਕਿਹਾ ਕਿ ਹਾਈਕਰ ਨਾਲ ਭਾਲੂ ਦਾ ਸਾਹਮਣਾ ਹੋਣ ਦੇ ਮਾਮਲਿਆਂ ਦੀ ਦਰ ਇਸ ਗੱਲ ਦਾ ਸਮਰਥਨ ਕਰਦੀ ਹੈ ਕਿ ਆਪਣੀ ਸੁਰੱਖਿਆ ਲਈ ਬੀਅਰ ਸਪ੍ਰੇਅ ਵਰਗੇ ਸੰਦ ਇਸਤੇਮਾਲ ਕੀਤੇ ਜਾ ਸਕਦੇ ਹਨ।

ਡੇਵ ਨੇ ਕਿਹਾ ਕਿ ਸਮੂਹ ਵਿਚ ਯਾਤਰਾ ਕਰਨਾ ਅਤੇ ਹਾਈਕਿੰਗ ਦੌਰਾਨ ਆਵਾਜ਼ ਕਰਦੇ ਰਹਿਣਾ ਬਹੁਤ ਜ਼ਰੂਰੀ ਹੈ।

ਭਾਲੂ ਦੇ ਗੋਲੀ ਮਾਰਨ ਵਾਲੇ ਵਿਅਕਤੀ ਨੂੰ ਕੈਨੇਡਾ ਨੈਸ਼ਨਲ ਪਾਰਕਸ ਐਕਟ ਦੇ ਤਹਿਤ ਕਈ ਮਾਮਲਿਆਂ ਲਈ ਚਾਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਜਾਰੀ ਹੈ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ