1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਪ੍ਰਾਈਵੇਸੀ ਕਮਿਸ਼ਨਰ ਵੱਲੋਂ ਪਾਰਲੀਮੈਂਟ ਨੂੰ ਨਿੱਜਤਾ ਕਾਨੂੰਨ ਮਜ਼ਬੂਤ ਕਰਨ ਦੀ ਮੰਗ

ਆਰਸੀਐਮਪੀ ਦੁਆਰਾ 32 ਮਾਮਲਿਆਂ ਵਿਚ ਸਪਾਈਵੇਅਰ ਦੀ ਵਰਤੋਂ ਕੀਤੀ ਗਈ ਸੀ

ਕੈਨੇਡਾ ਦੇ ਪ੍ਰਾਈਵੇਸੀ ਕਮਿਸ਼ਨਰ ਫ਼ਿਲਿਪ ਡੁਫ਼ਰੇਨ

ਕੈਨੇਡਾ ਦੇ ਪ੍ਰਾਈਵੇਸੀ ਕਮਿਸ਼ਨਰ ਫ਼ਿਲਿਪ ਡੁਫ਼ਰੇਨ

ਤਸਵੀਰ: (Adrian Wyld/The Canadian Press)

RCI

ਕੈਨੇਡਾ ਦੇ ਪ੍ਰਾਈਵੇਸੀ ਕਮਿਸ਼ਨਰ ਦਾ ਕਹਿਣਾ ਹੈ ਉਹਨਾਂ ਦੇ ਦਫ਼ਤਰ ਨੂੰ ਆਰਸੀਐਮਪੀ ਦੁਆਰਾ 32 ਮਾਮਲਿਆਂ ਵਿਚ ਸਪਾਈਵੇਅਰ ਦੀ ਵਰਤੋਂ ਕੀਤੇ ਜਾਣ ਬਾਰੇ ਮੀਡੀਆ ਰਾਹੀਂ ਪਤਾ ਲੱਗਾ ਹੈ, ਅਤੇ ਉਹ ਚਾਹੁੰਦੇ ਹਨ ਕਿ ਪਾਰਲੀਮੈਂਟ ਨਿੱਜਤਾ ਕਾਨੂੰਨਾਂ ਨੂੰ ਮਜ਼ਬੂਤ ਅਤੇ ਆਧੁਨਿਕ ਬਣਾਵੇ।

ਸਪਾਈਵੇਅਰ ਇੱਕ ਅਜਿਹਾ ਵਾਇਰਸ ਪ੍ਰੋਗਰਾਮ ਹੁੰਦਾ ਹੈ ਜੋ ਗੁਪਤ ਤਰੀਕੇ ਨਾਲ ਵਰਤੋਂਕਾਰਾਂ (ਯੂਜ਼ਰਜ਼) ਦੀਆਂ ਕੰਪਿਊਟਰੀ ਗਤੀਵਿਧੀਆਂ ਦੀ ਜਾਣਕਾਰੀ ਇਕੱਠੀ ਕਰਦਾ ਹੈ। 

ਫਿਲਿਪ ਡੁਫ਼ਰੇਨ ਹਾਊਸ ਔਫ਼ ਕੌਮਨਜ਼ ਦੀ ਉਸ ਕਮੇਟੀ ਅੱਗੇ ਪੇਸ਼ ਹੋਏ ਜਿਹੜੀ ਉਸ ਟੈਕਨੋਲੌਜੀ ਬਾਰੇ ਜਾਂਚ ਕਰ ਰਹੀ ਹੈ ਜੋ ਸੰਦੇਸ਼ਾਂ ਦੀ ਨਿਗਰਾਨੀ ਕਰਨ ਲਈ ਕੰਪਿਊਟਰਾਂ ਅਤੇ ਮੋਬਾਈਲ ਫ਼ੋਨਾਂ ‘ਤੇ ਗੁਪਤ ਤਰੀਕੇ ਨਾਲ ਇੰਸਟਾਲ ਕੀਤੀ ਜਾ ਸਕਦੀ ਹੈ, ਇੱਥੋਂ ਤੱਕ ਕਿ ਇਹ ਕੈਮਰੇ ਅਤੇ ਮਾਈਕ੍ਰੋਫ਼ੋਨ ਵੀ ਚਾਲੂ ਕਰ ਸਕਦੀ ਹੈ।

ਉਹਨਾਂ ਕਿਹਾ ਕਿ ਨਿੱਜਤਾ ਕਾਨੂੰਨਾਂ ਨੂੰ ਬਦਲਿਆ ਜਾਣਾ ਚਾਹੀਦਾ ਹੈ ਅਤੇ ਨਿੱਜਤਾ ਕਾਨੂੰਨ ਵਿਚ ਇੱਕ ਵੱਖਰਾ ਸੈਕਸ਼ਨ ਤਿਆਰ ਕਰਨਾ ਚਾਹੀਦਾ ਹੈ ਜਿਸ ਵਿਚ ਸੰਗਠਨਾਂ ਅਤੇ ਵਿਭਾਗਾਂ ਲਈ ਨਵੀਂ ਟੈਕਨੋਲੌਜੀ ਪੇਸ਼ ਕੀਤੇ ਜਾਣ ‘ਤੇ ਇਸਦੇ ਨਿੱਜਤਾ ‘ਤੇ ਪੈਣ ਵਾਲੇ ਪ੍ਰਭਾਵ ਦਾ ਮੁਲਾਂਕਣ ਕਰਨਾ ਜ਼ਰੂਰੀ ਹੋਵੇ, ਜਦੋਂ ਨਵੀਂ ਟੈਕਨੋਲੌਜੀ ਜਨਤਾ ਦੇ ਨਿੱਜਤਾ ਦੇ ਅਧਿਕਾਰ ਨੂੰ ਪ੍ਰਭਾਵਤ ਕਰ ਸਕਦੀ ਹੋਵੇ।

ਡੁਫ਼ਰੇਨ ਨੇ ਕਿਹਾ ਕਿ ਉਹਨਾਂ ਦੇ ਦਫ਼ਤਰ ਨੇ ਆਰਸੀਐਮਪੀ ਨੂੰ ਹੋਰ ਵੇਰਵੇ ਪ੍ਰਦਾਨ ਕਰਨ ਲਈ ਕਿਹਾ ਹੈ ਜੋਕਿ ਇਸ ਮਹੀਨੇ ਦੇ ਅੰਤ ਤੱਕ ਆਉਣ ਦੀ ਉਮੀਦ ਹੈ। ਆਰਸੀਐਮਪੀ ਮੁਤਾਬਕ ਉਸਨੇ 2021 ਵਿਚ ਨਿੱਜਤਾ ਮੁਲਾਂਕਣ (privacy assessment) ਕੀਤਾ ਸੀ ਪਰ ਡੁਫ਼ਰੇਨ ਦੇ ਦਫ਼ਤਰ ਨੂੰ ਸੂਚਿਤ ਨਹੀਂ ਕੀਤਾ ਸੀ।

ਡੁਫ਼ਰੇਨ ਨੇ ਕਿਹਾ ਕਿ ਜਦੋਂ ਸਪਾਈਵੇਅਰ ਟੈਕਨੋਲੌਜੀ ਬਾਰੇ ਪਹਿਲਾਂ ਹੀ ਵਰਤੋਂ ਵਿਚ ਹੋਣ ਤੋਂ ਬਾਅਦ ਜਨਤਕ ਤੌਰ ‘ਤੇ ਸਵਾਲ ਉੱਠਦੇ ਹਨ ਤਾਂ ਭਰੋਸਗੀ ਦਾ ਮੁੱਦਾ ਉੱਠ ਖੜਦਾ ਹੈ।

ਆਰਸੀਐਮਪੀ ਦੁਆਰਾ 32 ਮਾਮਲਿਆਂ ਵਿਚ ਸਪਾਈਵੇਅਰ ਦੀ ਵਰਤੋਂ

ਸੋਮਵਾਰ ਦੀ ਮੀਟਿੰਗ ਦੌਰਾਨ ਲਿਬਰਲ ਐਮਪੀ ਲੀਜ਼ਾ ਹੈਫ਼ਨਰ ਨੇ ਆਰਸੀਐਮਪੀ ਕਮਿਸ਼ਨਰ ਬ੍ਰੈਂਡਾ ਲਕੀ ਦੁਆਰਾ ਕਮੇਟੀ ਨੂੰ ਪ੍ਰਦਾਨ ਕੀਤੇ ਗਏ ਦਸਤਾਵੇਜ਼ਾਂ ਦਾ ਹਵਾਲਾ ਦਿੱਤਾ।

ਹੈਫ਼ਨਰ ਮੁਤਾਬਕ, ਦਸਤਾਵੇਜ਼ ਦਰਸਾਉਂਦੇ ਹਨ ਕਿ ਔਨ ਡਿਵਾਇਸ ਇਨਵੈਸਟੀਗੇਟਿਵ ਟੂਲਜ਼ (On Device Investigative Tools /ODIT) ਸਪਾਈਵੇਅਰ - ਜੋ ਨਿਸ਼ਾਨਾ ਬਣਾਏ ਗਏ ਉਪਕਰਣਾਂ ਤੋਂ ਗੁਪਤ ਤਰੀਕੇ ਨਾਲ ਡਾਟਾ ਇਕੱਠਾ ਕਰ ਸਕਦਾ ਹੈ - ਦੀ 2017 ਤੋਂ ਹੁਣ ਤੱਕ 32 ਜਾਂਚ ਮਾਮਲਿਆਂ ਵਿਚ ਵਰਤੋਂ ਕੀਤੀ ਜਾ ਚੁੱਕੀ ਹੈ। ਇਸ ਦੌਰਾਨ ਕੁਲ 49 ਉਪਕਰਣਾਂ ਨੂੰ ਟਾਰਗੇਟ ਕੀਤਾ ਗਿਆ ਸੀ।

ਹੈਫ਼ਨਰ ਨੇ ਦੱਸਿਆ ਕਿ ਆਰਸੀਐਮਪੀ ਨੇ ਇਸ ਟੈਕਨੋਲੌਜੀ ਦਾ ਇਸਤੇਮਾਲ ਅੱਤਵਾਦ, ਕਿਡਨੈਪਿੰਗ, ਕਤਲ ਅਤੇ ਤਸਕਰੀ ਦੇ ਮਾਮਲਿਆਂ ਦੀ ਤਫ਼ਤੀਸ਼ ਵਿਚ ਕੀਤਾ ਸੀ।

ਡੁਫ਼ਰੇਨ ਨੇ ਕਿਹਾ, ਮੈਨੂੰ ਲੱਗਦਾ ਹੈ ਕਿ ਇਹ ਬਿਲਕੁਲ ਉਹੀ ਜਾਣਕਾਰੀ ਹੈ ਜਿਸ ਨੂੰ [ਨਿੱਜਤਾ ਪ੍ਰਭਾਵ ਮੁਲਾਂਕਣ ਵਿਚ] ਵੇਖਣ ਦੀ ਲੋੜ ਹੈ ਅਤੇ ਮੇਰੇ ਦਫ਼ਤਰ ਨਾਲ ਇਸ ਬਾਰੇ ਸਲਾਹ ਕੀਤੀ ਜਾ ਰਹੀ ਹੈ

ਆਰਸੀਐਮਪੀ ਦੇ ਮੈਂਬਰ ਜਿਨ੍ਹਾਂ ਨੇ ਸੀਮਤ ਗਿਣਤੀ ਵਿੱਚ ਜਾਂਚ ਦੌਰਾਨ ਸਪਾਈਵੇਅਰ ਤਕਨੀਕ ਦੀ ਵਰਤੋਂ ਦੀ ਨਿਗਰਾਨੀ ਕੀਤੀ ਸੀ, ਅੱਜ ਕਮੇਟੀ ਦੇ ਸਾਹਮਣੇ ਪੇਸ਼ ਹੋਣਗੇ।

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ