1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਓਨਟੇਰਿਓ ਦੇ ਸਕੂਲਾਂ ‘ਚ ਆਉਂਦੇ ਸੈਸ਼ਨ ਦੌਰਾਨ ਮਾਸਕ ਲਾਜ਼ਮੀ ਨਹੀਂ ਹੋਣਗੇ: ਸਿੱਖਿਆ ਮੰਤਰਾਲਾ

ਮੰਤਰਾਲੇ ਅਨੁਸਾਰ ਮੈਡੀਕਲ ਮਾਹਰਾਂ ਨਾਲ ਮਸ਼ਵਰੇ ਤੋਂ ਬਾਅਦ ਲਿਆ ਫ਼ੈਸਲਾ

ਸਕੂਲੀ ਬੱਚਿਆਂ ਦੀ ਤਸਵੀਰ

ਓਨਟੇਰਿਓ ਦੇ ਸਿੱਖਿਆ ਮੰਤਰਾਲੇ ਨੇ ਕਿਹਾ ਕਿ 2022-23 ਦੇ ਸਕੂਲੀ ਸਾਲ ਵਿਚ ਮਾਸਕ ਪਹਿਨਣਾ ਲਾਜ਼ਮੀ ਨਹੀਂ ਹੋਵੇਗਾ।

ਤਸਵੀਰ:  CBC News / Evan Mitsui

RCI

ਓਨਟੇਰਿਓ ਦੇ ਸਿੱਖਿਆ ਮੰਤਰਾਲੇ ਅਨੁਸਾਰ ਸਤੰਬਰ ਤੋਂ ਸ਼ੁਰੂ ਹੋ ਰਹੇ ਸਕੂਲੀ ਸਾਲ ਦੌਰਾਨ ਮਾਸਕ ਪਹਿਨਣਾ ਲਾਜ਼ਮੀ ਨਹੀਂ ਹੋਵੇਗਾ।

ਮੰਤਰਾਲੇ ਨੇ ਕਿਹਾ ਕਿ ਆਉਂਦੇ ਸਕੂਲੀ ਸਾਲ ਦੌਰਾਨ ਮਾਸਕ ਪਹਿਨਣੇ ਵੁਲੰਟਰੀ ਹੋਣਗੇ ਅਤੇ ਮੰਗੇ ਜਾਣ ‘ਤੇ ਵਿਦਿਆਰਥੀਆਂ ਨੂੰ ਮਾਸਕ ਉਪਲਬਧ ਕਰਵਾਏ ਜਾਣਗੇ।

ਸੀਬੀਸੀ ਟੋਰੌਂਟੋ ਨੂੰ ਭੇਜੀ ਇੱਕ ਈਮੇਲ ਵਿਚ ਸਿੱਖਿਆ ਮੰਤਰਾਲੇ ਨੇ ਕਿਹਾ ਕਿ 2021-22 ਸਕੂਲੀ ਸਾਲ ਦੇ ਅੰਤ ਤੋਂ ਬਾਅਦ ਜ਼ਿਆਦਾਤਰ ਸਿਹਤ ਅਤੇ ਸੁਰੱਖਿਆ ਜ਼ਰੂਰਤਾਂ ਆਉਂਦੇ ਸਕੂਲੀ ਸਾਲ ਵਿਚ ਵੀ ਜਾਰੀ ਰਹਿਣਗੀਆਂ, ਜਿਸ ਵਿਚ ਮਾਸਕ ਦਾ ਵੁਲੰਟਰੀ ਇਸਤੇਮਾਲ ਵੀ ਸ਼ਾਮਲ ਹੈ।

ਸਕੂਲ ਬੋਰਡਾਂ ਨੂੰ ਰੈਪਿਡ ਟੈਸਟ ਕਿਟਸ ਵੀ ਮੁਹੱਈਆ ਕਰਵਾਈਆਂ ਜਾਣਗੀਆਂ।

ਇਹ ਫ਼ੈਸਲਾ ਸੂਬੇ ਦੇ ਚੀਫ਼ ਮੈਡੀਕਲ ਅਫਸਰ ਵੱਲੋਂ ਕੋਵਿਡ-19 ਦੀ ਸੱਤਵੀਂ ਵੇਵ ਦਾ ਸਿਖਰ ਹੋਣ ਦੀ ਗੱਲ ਕਹੇ ਜਾਣ ਤੋਂ ਕੁਝ ਦਿਨ ਬਾਅਦ ਆਇਆ ਹੈ।

21 ਮਾਰਚ ਨੂੰ ਓਨਟੇਰਿਓ ਦੀਆਂ ਜ਼ਿਆਦਾਤਰ ਥਾਂਵਾਂ ‘ਤੇ ਲਾਜ਼ਮੀ ਮਾਸਕ ਦੀ ਸ਼ਰਤ ਹਟਾ ਲਈ ਗਈ ਸੀ ਅਤੇ ਕਲਾਸਰੂਮਾਂ ਵਿਚ ਵੀ ਮਾਸਕ ਔਪਸ਼ਨਲ ਕਰ ਦਿੱਤੇ ਗਏ ਸਨ। ਪਰ ਐਲੀਮੈਂਟਰੀ ਟੀਚਰਜ਼ ਅਸੋਸੀਏਸ਼ਨ ਔਫ਼ ਓਨਟੇਰਿਓ ਨੇ ਇਸ ਫ਼ੈਸਲੇ ਨੂੰ ਕਾਹਲੀ ਆਖਿਆ ਸੀ ਤੇ ਕਿਹਾ ਸੀ ਕਿ ਇਸ ਨਾਲ ਵਿਦਿਆਰਥੀਆਂ ਨੂੰ ਜੋਖਮ ਹੋ ਸਕਦਾ ਹੈ ਅਤੇ ਇਨ-ਪਰਸਨ ਸਿੱਖਿਆ ਵਿਚ ਵਿਘਨ ਪੈ ਸਕਦਾ ਹੈ।

ਪਿਛਲੇ ਮਹੀਨੇ ਦੇ ਅਖ਼ੀਰ ਵਿਚ ਐਜੂਕੇਸ਼ਨ ਮਿਨਿਸਟਰ ਸਟੀਫ਼ਨ ਲੈਚੇ ਨੇ ਇਸ ਸਾਲ ਓਨਟੇਰਿਓ ਦੇ ਸਕੂਲਾਂ ਵਿਚ ਪੜ੍ਹਨ ਵਾਲੇ 2 ਮਿਲਿਅਨ ਵਿਦਿਆਰਥੀਆਂ ਦੀ ਇਨ-ਪਰਸਨ ਕਲਾਸਾਂ ਪ੍ਰਤੀ ਵਚਨਬੱਧਤਾ ਪ੍ਰਗਟਾਈ ਸੀ।

ਲੈਚੇ ਨੇ ਕਿਹਾ ਸੀ ਕਿ ਸਰਕਾਰ ਨੇ ਸਕੂਲਾਂ ਵਿਚ ਸੁਰੱਖਿਅਤ ਤਰੀਕੇ ਆਮ ਵਰਗੀਆਂ ਗਤੀਵਿਧੀਆਂ ਨੂੰ ਬਹਾਲ ਕਰਨ ਲਈ ਵਿਸ਼ੇਸ਼ ਯੋਜਨਾ ਤਿਆਰ ਕੀਤੀ ਹੈ। 

ਕੋਵਿਡ ਮਹਾਂਮਾਰੀ ਤੋਂ ਬਾਅਦ ਸਾਲ 2022 ਦਾ ਸਮੈਸਟਰ ਓਨਟੇਰਿਓ ਦਾ ਪਹਿਲਾ ਮੁਕੰਮਲ ਸੈਸ਼ਨ ਹੋਵੇਗਾ ਜਿੱਥੇ ਵਿਦਿਆਰਥੀਆਂ ਨੂੰ ਮਾਸਕ ਪਹਿਨਣਾ ਲਾਜ਼ਮੀ ਨਹੀਂ ਹੋਵੇਗਾ।

ਇੱਕ ਲਿਖਤੀ ਬਿਆਨ ਵਿਚ ਲੈਚੇ ਨੇ ਕਿਹਾ ਕਿ ਉਚੇਚ ਉਪਰਾਲਿਆਂ ਵਿਚ ਕਲਾਸਾਂ ਵਿਚ 100,000 HEPA (ਏਅਰ ਫ਼ਿਲਟਰ) ਯੂਨਿਟ ਲਗਾਏ ਜਾਣਾ, ਹੋਰ ਬਿਹਤਰ ਸਾਫ਼ ਸਫ਼ਾਈ ਇੰਤਜ਼ਾਮ ਅਤੇ ਰੈਪਿਡ ਟੈਸਟ ਦੀ ਉਪਲਬਧਤਾ ਸ਼ਾਮਲ ਹੈ।

ਉਹਨਾਂ ਕਿਹਾ, ਸਾਡੀ ਸਰਕਾਰ ਵਿਦਿਆਰਥੀਆਂ ਨੂੰ ਸਕਾਰਾਤਮਕ, ਸੁਰੱਖਿਅਤ ਅਤੇ ਆਮ ਹਾਲਾਤ ਵਰਗੇ ਸਕੂਲ ਅਨੁਭਵ ਪ੍ਰਦਾਨ ਕਰਨ 'ਤੇ ਕੇਂਦ੍ਰਿਤ ਹੈ

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ