1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਮੁੜ ਦਫ਼ਤਰ ਆਕੇ ਕੰਮ ਸ਼ੁਰੂ ਕਰਨ ਤੋਂ ਝਿਜਕ ਰਹੇ ਨੇ ਬਹੁਤ ਸਾਰੇ ਫ਼ੈਡਰਲ ਮੁਲਾਜ਼ਮ

ਸਰਕਾਰੀ ਮੁਲਾਜ਼ਮਾਂ ਦੀ ਇੱਕ ਯੂਨੀਅਨ ਦੇ 60 ਫ਼ੀਸਦੀ ਮੈਂਬਰਾਂ ਨੇ ਕਿਹਾ ਕਿ ਉਹ ਘਰੋਂ ਕੰਮ ਜਾਰੀ ਰੱਖਣਾ ਚਾਹੁੰਦੇ ਹਨ

ਟ੍ਰੈਜ਼ਰੀ ਬੋਰਡ ਦੀ ਪ੍ਰੈਜ਼ੀਡੈਂਟ ਮੋਨਾ ਫ਼ੋਰਟੀਏਰ ਨੇ ਕਿਹਾ ਕਿ ਹਾਈਬ੍ਰਿਡ ਵਰਕ ਤਾਂ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਹਰੇਕ ਵਿਭਾਗ ਅਤੇ ਅਦਾਰੇ ਨੂੰ ਇਹ ਲੱਭਣਾ ਪਵੇਗਾ ਕਿ ਉਹ ਮੁਲਾਜ਼ਮਾਂ ਨੂੰ ਸੁਰੱਖਿਅਤ ਰੱਖਦੇ ਹੋਏ ਨਿਰਵਿਘਨ ਕੰਮ ਕਿਵੇਂ ਜਾਰੀ ਰੱਖ ਸਕਦੇ ਹਨ।

ਟ੍ਰੈਜ਼ਰੀ ਬੋਰਡ ਦੀ ਪ੍ਰੈਜ਼ੀਡੈਂਟ ਮੋਨਾ ਫ਼ੋਰਟੀਏਰ ਨੇ ਕਿਹਾ ਕਿ ਹਾਈਬ੍ਰਿਡ ਵਰਕ ਤਾਂ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਹਰੇਕ ਵਿਭਾਗ ਅਤੇ ਅਦਾਰੇ ਨੂੰ ਇਹ ਲੱਭਣਾ ਪਵੇਗਾ ਕਿ ਉਹ ਮੁਲਾਜ਼ਮਾਂ ਨੂੰ ਸੁਰੱਖਿਅਤ ਰੱਖਦੇ ਹੋਏ ਨਿਰਵਿਘਨ ਕੰਮ ਕਿਵੇਂ ਜਾਰੀ ਰੱਖ ਸਕਦੇ ਹਨ।

ਤਸਵੀਰ:  (Dan Taekema/CBC)

RCI

ਦੋ ਸਾਲ ਤੱਕ ਘਰਾਂ ਤੋਂ ਕੰਮ ਕਰਨ ਦੇ ਬਾਅਦ ਬਹੁਤ ਸਾਰੇ ਫ਼ੈਡਰਲ ਮੁਲਾਜ਼ਮ ਦੁਬਾਰਾ ਦਫ਼ਤਰ ਆਕੇ ਕੰਮ ਕਰਨ ਵਿਚ ਝਿਜਕ ਮਹਿਸੂਸ ਕਰ ਰਹੇ ਹਨ।

ਔਨਲਾਈਨ ਫ਼ੋਰਮਜ਼ ਉੱਪਰ ਸਰਕਾਰੀ ਮੁਲਾਜ਼ਮ ਦਫ਼ਤਰਾਂ ਨੂੰ ਵਾਪਸੀ ਦੀਆਂ ਸੰਭਾਵਨਾਵਾਂ ਅਤੇ ਆਪਣੇ ਆਪਣੇ ਅਦਾਰਿਆਂ ਦੇ ਹਾਈਬ੍ਰਿਡ ਪਲਾਨ ਦੀ ਤੁਲਨਾ ਕਰ ਰਹੇ ਹਨ।

ਹੈਲਥ ਕੈਨੇਡਾ ਦੇ ਇੱਕ ਮੈਨੇਜਰ ਦੀ ਇੱਕ ਟਿਪੱਣੀ, ਜਿਸ ਵਿਚ ਉਹ ਆਪਣੇ ਮੁਲਾਜ਼ਮਾਂ ਨੂੰ ਦਫ਼ਤਰ ਆਕੇ ਕੰਮ ਕਰਨ ਲਈ ਆਖ ਰਿਹਾ ਹੈ ਤਾਂ ਕਿ ਨਾਲ ਪੈਂਦੇ ਸਬਵੇਅ ਰੈਸਟੋਰੈਂਟ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੇ ਘੰਟੇ ਵਧ ਸਕਣ, ਨੇ ਵਿਅੰਗਾਤਮਕ ਟਿੱਪਣੀਆਂ ਦੀ ਝੜੀ ਲਾ ਦਿੱਤੀ ਹੈ।

ਪਬਲਿਕ ਸਰਵਿਸ ਯੂਨੀਅਨਾਂ ਦਾ ਕਹਿਣਾ ਹੈ ਕਿ ਕੁਝ ਮੁਲਾਜ਼ਮ ਸਰਕਾਰੀ ਦਫ਼ਤਰਾਂ ਵਿਚ ਜਾਕੇ ਕੰਮ ਕਰਨਾ ਚਾਹੁੰਦੇ ਹਨ ਜਾਂ ਉਹ ਹਾਈਬ੍ਰਿਡ ਪਲਾਨ ਤੋਂ ਖ਼ੁਸ਼ ਹਨ, ਪਰ ਜ਼ਿਆਦਾਤਰ ਮੁਲਾਜ਼ਮ ਘਰ ਤੋਂ ਹੀ ਕੰਮ ਜਾਰੀ ਰੱਖਣਾ ਚਾਹੁੰਦੇ ਹਨ ਕਿਉਂਕਿ ਕੈਨੇਡਾ ਇਸ ਸਮੇਂ ਕੋਵਿਡ-19 ਦੀ ਸੱਤਵੀਂ ਵੇਵ ਵਿਚ ਹੈ।

ਕਰੀਬ 70,000 ਵਰਕਰਾਂ, ਜਿਸ ਵਿਚ ਵਿਗਿਆਨਕ ਅਤੇ ਕੰਪਿਊਟਰ ਮਾਹਰ ਵੀ ਸ਼ਾਮਲ ਹਨ, ਦੀ ਨੁਮਾਇੰਦਗੀ ਕਰਦੀ ਸੰਸਥਾ, ਪ੍ਰੋਫ਼ੈਸ਼ਨਲ ਇੰਸਟੀਟਿਊਟ ਔਫ਼ ਦ ਪਬਲਿਕ ਸਰਵਿਸ ਔਫ਼ ਕੈਨੇਡਾ (PIPSC), ਦੀ ਪ੍ਰੈਜ਼ੀਡੈਂਟ, ਜੈਨਿਫ਼ਰ ਕਾਰ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਮੈਂਬਰਾਂ ਦਾ ਸਰਵੇਖਣ ਕੀਤਾ ਹੈ, ਜੋ ਦਰਸਾਉਂਦਾ ਹੈ ਕਿ 60 ਫ਼ੀਸਦੀ ਮੁਲਾਜ਼ਮ ਘਰਾਂ ਤੋਂ ਕੰਮ ਕਰਨਾ ਚਾਹੁੰਦੇ ਹਨ, 25 ਫ਼ੀਸਦੀ ਹਾਈਬ੍ਰਿਡ ਮਾਧਿਅਮ ਰਾਹੀਂ ਕੰਮ ਕਰਨਾ ਚਾਹੁੰਦੇ ਹਨ ਅਤੇ 10 ਫ਼ੀਸਦੀ ਮੁਲਾਜ਼ਮ ਫ਼ੁਲ ਟਾਈਮ ਦਫ਼ਤਰ ਆਕੇ ਕੰਮ ਕਰਨਾ ਚਾਹੁੰਦੇ ਹਨ।

ਘਰੋਂ ਕੰਮ ਕਰਨਾ ਸਾਂਝੇ ਸਮਝੌਤੇ ਵਿਚ ਸ਼ਾਮਲ ਹੋਵੇ: ਯੂਨੀਅਨ

ਜੈਨਿਫ਼ਰ ਨੇ ਕਿਹਾ ਕਿ ਯੂਨੀਅਨ ਕੋਲ ਮੈਂਬਰਾਂ ਦੇ ਬੇਤਹਾਸ਼ਾ ਸੁਨੇਹੇ ਆ ਰਹੇ ਹਨ। ਉਹਨਾਂ ਕਿਹਾ ਕਿ 90 ਫ਼ੀਸਦੀ ਸੁਨੇਹੇ ਦਫ਼ਤਰਾਂ ਵਿਚ ਵਾਪਸੀ ਬਾਰੇ ਹਨ। ਮੁਲਾਜ਼ਮ ਦਫ਼ਤਰਾਂ ਵਿਚ ਵਾਪਸੀ ਬਾਰੇ ਸਹਿਜ ਮਹਿਸੂਸ ਨਹੀਂ ਕਰ ਰਹੇ। ਉਹ ਪੁੱਛਦੇ ਹਨ ਕਿ ਜਦੋਂ ਘਰਾਂ ਤੋਂ ਉਹ ਸੁਰੱਖਿਅਤ ਤਰੀਕੇ ਨਾਲ ਪ੍ਰਭਾਵਸ਼ਾਲੀ ਕੰਮ ਕਰ ਸਕਦੇ ਹਨ ਤਾਂ ਦਫ਼ਤਰਾਂ ਵਿਚ ਪਰਤਣ ਦੀ ਕੀ ਜ਼ਰੂਰਤ ਹੈ।

ਦੇਖੋ। ਮੋਨਾ ਫ਼ੋਰਟੀਏਰ ਫ਼ੈਡਰਲ ਮੁਲਾਜ਼ਮਾਂ ਦੀ ਦਫ਼ਤਰ ਵਾਪਸੀ ਬਾਰੇ ਗੱਲ ਕਰੇ ਹੋਏ:

ਕੈਨੇਡੀਅਨ ਅਸੋਸੀਏਸ਼ਨ ਔਫ਼ ਪ੍ਰੋਫ਼ੈਸ਼ਨਲ ਇੰਪਲੋਈਜ਼ (CAPE), ਜਿਸਨੇ ਦਫ਼ਤਰ ਵਿਚ ਵਾਪਸੀ ਦੀ ਮੁਅੱਤਲੀ ਦੀ ਮੰਗ ਕੀਤੀ ਹੈ, ਦੇ ਪ੍ਰੈਜ਼ੀਡੈਂਟ ਗ੍ਰੈਗ ਫ਼ਿਲਿਪਸ ਦਾ ਕਹਿਣਾ ਹੈ ਕਿ ਯੂਨੀਅਨ ਦੇ ਮੈਂਬਰਾਂ ਨੇ ਲੰਮੇ ਸਮੇਂ ਤੋਂ ਹਾਈਬ੍ਰਿਡ ਮਾਡਲ ਦੀ ਹਿਮਾਇਤ ਕੀਤੀ ਹੈ। ਮੁਲਾਜ਼ਮਾਂ ਦਾ ਮੰਨਣਾ ਹੈ ਕਿ ਦਫ਼ਤਰਾਂ ਵਿਚ ਵਾਪਸੀ ਇੱਕ ਕਾਹਲੀ ਵਿਚ ਲਿਆ ਗਿਆ ਫ਼ੈਸਲਾ ਹੈ ਅਤੇ ਉਹਨਾਂ ਦੀਆਂ ਚਿੰਤਾਵਾਂ ਦਾ ਨਿਵਾਰਨ ਨਹੀਂ ਕੀਤਾ ਗਿਆ।

CAPE ਯੂਨੀਅਨ 20,000 ਤੋਂ ਵੱਧ ਅਦਾਰਿਆਂ ਦੀ ਨੁਮਾਇੰਦਗੀ ਕਰਦੀ ਹੈ ਜਿਸ ਵਿਚ ਅਰਥਸ਼ਾਸਤਰੀ, ਅਨੁਵਾਦਕ, ਪਾਰਲੀਮੈਂਟ ਦੀ ਲਾਈਬ੍ਰੇਰੀ ਦੇ ਮੁਲਾਜ਼ਮ ਅਤੇ ਆਰਸੀਐਮਪੀ ਦੇ ਸਿਵਿਲੀਅਨ ਮੈਂਬਰ ਸ਼ਾਮਲ ਹਨ।

ਫ਼ਿਲਿਪਸ ਨੇ ਕਿਹਾ, ਮੋਟੇ ਤੌਰ ‘ਤੇ ਜਿਹੜੇ ਮੁਲਾਜ਼ਮ ਵਾਪਸ ਦਫ਼ਤਰ ਨਹੀਂ ਜਾਣਾ ਚਾਹੁੰਦੇ ਉਹ ਇਸ ਬਾਰੇ ਕਾਫ਼ੀ ਸਪਸ਼ਟ ਰਹੇ ਹਨ

ਬਹੁਤ ਸਾਰੇ ਮਾਮਲਿਆਂ ਵਿਚ ਉਹਨਾਂ ਦੀ ਲੋੜਾਂ ਦਾ ਖ਼ਿਆਲ ਨਹੀਂ ਰੱਖਿਆ ਗਿਆ

230,000 ਮੈਂਬਰਾਂ ਦੀ ਨੁਮਾਇੰਦਗੀ ਕਰਦੀ ਸਭ ਤੋਂ ਵੱਡੀ ਫ਼ੈਡਰਲ ਮੁਲਾਜ਼ਮਾਂ ਦੀ ਯੂਨੀਅਨ, ਪਬਲਿਕ ਸਰਵਿਸ ਅਲਾਇੰਸ ਔਫ਼ ਕੈਨੇਡਾ (PSAC) ਨੇ ਵੀ ਸਰਕਾਰ ਨੂੰ ਮੰਗ ਕੀਤੀ ਹੈ ਕਿ ਮੁਲਾਜ਼ਮਾਂ ਦੀ ਦਫ਼ਤਰ ਵਾਪਸੀ ਵੇਲੇ ਸਰਕਾਰ ਉਹਨਾਂ ਦੇ ਖ਼ਦਸ਼ਿਆਂ ਨੂੰ ਦੂਰ ਕਰੇ ਅਤੇ ਆਪਣੀ ਯੋਜਨਾ ਵਿਚ ਲਚਕੀਲਾਪਣ ਲਿਆਵੇ।

ਇੱਕ ਬਿਆਨ ਵਿਚ ਯੂਨੀਅਨ ਨੇ ਕਿਹਾ ਕਿ ਉਹ ਟ੍ਰੈਜ਼ਰੀ ਬੋਰਡ ਅਤੇ ਏਜੰਸੀਆਂ ਨਾਲ ਸਾਂਝੇ ਸਮਝੌਤੇ ‘ਤੇ ਗੱਲਬਾਤ ਦੌਰਾਨ ਘਰੋਂ ਕੰਮ ਕਰਨ ਨੂੰ ਸਮਝੌਤੇ ਵਿਚ ਸ਼ਾਮਲ ਕਰਨ ਦੀ ਗੱਲ ਜਾਰੀ ਰੱਖੇਗੀ।

ਹਾਈਬ੍ਰਿਡ ਕੰਮ ਜਾਰੀ ਰਹੇਗਾ : ਟ੍ਰੈਜ਼ਰੀ ਬੋਰਡ

ਸੀਬੀਸੀ ਨਿਊਜ਼ ਨੂੰ ਦਿੱਤੇ ਇੱਕ ਇੰਟਰਵਿਊ ਵਿਚ ਟ੍ਰੈਜ਼ਰੀ ਬੋਰਡ ਦੀ ਪ੍ਰੈਜ਼ੀਡੈਂਟ ਮੋਨਾ ਫ਼ੋਰਟੀਏਰ ਨੇ ਕਿਹਾ ਕਿ ਹਾਈਬ੍ਰਿਡ ਕੰਮ ਫ਼ੈਡਰਲ ਪਬਲਿਕ ਸਰਵਿਸ ਦਾ ਭਵਿੱਖ ਹੈ। ਉਹਨਾਂ ਕਿਹਾ ਕਿ ਹਰੇਕ ਵਿਭਾਗ ਅਤੇ ਅਦਾਰੇ ਨੂੰ ਇਹ ਲੱਭਣਾ ਪਵੇਗਾ ਕਿ ਉਹ ਮੁਲਾਜ਼ਮਾਂ ਨੂੰ ਸੁਰੱਖਿਅਤ ਰੱਖਦੇ ਹੋਏ ਨਿਰਵਿਘਨ ਕੰਮ ਕਿਵੇਂ ਜਾਰੀ ਰੱਖ ਸਕਦੇ ਹਨ।

ਪਬਲਿਕ ਸਰਵੈਂਟਸ ਨੂੰ ਕਿੱਥੋਂ ਕੰਮ ਕਰਨਾ ਚਾਹੀਦਾ ਹੈ ਇਸ ਬਾਰੇ ਤਾਜ਼ਾ ਬਹਿਸ 29 ਜੂਨ ਨੂੰ ਪ੍ਰੀਵੀ ਕੌਂਸਲ ਦੀ ਕਲਰਕ ਜੈਨਿਸ ਸ਼ਾਰੇਅ ਦੇ ਇੱਕ ਮੈਮੋ ਤੋਂ ਬਾਅਦ ਸ਼ੁਰੂ ਹੋਈ ਸੀ, ਜਿਸ ਵਿੱਚ ਪਬਲਿਕ ਸਰਵਿਸ ਮੈਨੇਜਰਾਂ ਨੂੰ ਕੰਮ ਦੇ ਹਾਈਬ੍ਰਿਡ ਮਾਡਲ ਵਿਕਸਿਤ ਕਰਨ ਦੀ ਅਪੀਲ ਕੀਤੀ ਗਈ ਸੀ ਜੋ ਉਨ੍ਹਾਂ ਦੇ ਵਿਭਾਗਾਂ ਦੀਆਂ ਸੰਚਾਲਨ ਜ਼ਰੂਰਤਾਂ ਨੂੰ ਪੂਰਾ ਕਰਦੇ ਹੋਣ।

ਸ਼ਾਰੇਅ ਨੇ ਕਿਹਾ ਕਿ ਹਾਈਬ੍ਰਿਡ ਮਾਡਲ ਜਿੱਥੇ ਮੁਲਾਜ਼ਮਾਂ ਨੂੰ ਲਚਕਤਾ ਪ੍ਰਦਾਨ ਕਰਦਾ ਹੈ ਉੱਥੇ ਹੀ ਦਫ਼ਤਰ ਵਿਚ ਇਕੱਠੇ ਕੰਮ ਕਰਨ ਦੇ ਆਪਣੇ ਲਾਭ ਹੁੰਦੇ ਹਨ। ਇਸ ਨਾਲ ਵਿਚਾਰਾਂ ਦੀ ਉਤਪੱਤੀ, ਗਿਆਨ ਦਾ ਵਟਾਂਦਰਾ ਅਤੇ ਇੱਕ ਮਜ਼ਬੂਤ ਜਨ ਸੇਵਾ ਸੱਭਿਆਚਾਰ ਦਾ ਨਿਰਮਾਣ ਹੁੰਦਾ ਹੈ।

ਵੱਖ-ਵੱਖ ਫ਼ੈਡਰਲ ਵਿਭਾਗਾਂ ਦੇ ਵੱਖ-ਵੱਖ ਪਲਾਨ

ਯੂਨੀਅਨ ਲੀਡਰਾਂ ਦਾ ਕਹਿਣਾ ਹੈ ਕਿ ਕੁਝ ਵਿਭਾਗ ਹਫ਼ਤੇ ਵਿਚ ਕਈ ਦਿਨ ਮੁਲਾਜ਼ਮਾਂ ਨੂੰ ਦਫ਼ਤਰ ਬੁਲਾਣਾ ਚਾਹੁੰਦੇ ਹਨ ਜਦਕਿ ਕੁਝ ਵਿਭਾਗ ਵਧੇਰੇ ਲਚਕੀਲੇ ਹਨ। 

ਔਨਲਾਈਨ ਫ਼ੋਰਮਜ਼ ‘ਤੇ ਮੁਲਾਜ਼ਮ ਆਪੋ ਆਪਣੇ ਵਿਭਾਗਾਂ ਦੇ ਹਾਈਬ੍ਰਿਡ ਪਲਾਨਾਂ ਦੀ ਤੁਲਨਾ ਕਰ ਰਹੇ ਹਨ। ਕੁਝ ਮੁਲਾਜ਼ਮ ਵਧੇਰੇ ਲਚਕੀਲੇ ਵਿਭਾਗਾਂ ਵਿਚ ਤਬਾਦਲਾ ਲੈਣ ਦੀ ਗੱਲ ਲਿਖ ਰਹੇ ਹਨ ਅਤੇ ਕਈਆਂ ਨੇ ਨੌਕਰੀ ਤੱਕ ਛੱਡਣ ਦੀ ਗੱਲ ਆਖੀ ਹੈ। ਉਹਨਾਂ ਦਾ ਤਰਕ ਹੈ ਕਿ ਜਦੋਂ ਹਾਈਬ੍ਰਿਡ ਮਾਡਲ ਵਿਚ ਸਹਿਕਰਮੀਆਂ ਨਾਲ ਵੀਡਿਓ ਕਾਨਫ਼ਰੰਸ ਰਾਹੀਂ ਹੀ ਗੱਲ ਕਰਨੀ ਹੈ ਤਾਂ ਇੱਕ ਘੰਟਾ ਸਫ਼ਰ ਕਰਕੇ ਦਫ਼ਤਰ ਜਾਣ ਦੀ ਕੀ ਤੁਕ ਬਣਦੀ ਹੈ।

ਕੈਨੇਡੀਅਨ ਅਸੋਸੀਏਸ਼ਨ ਔਫ਼ ਪ੍ਰੋਫ਼ੈਸ਼ਨਲ ਇੰਪਲੋਈਜ਼ (CAPE) ਦੇ ਪ੍ਰੈਜ਼ੀਡੈਂਟ ਗ੍ਰੈਗ ਫ਼ਿਲਿਪਸ

ਕੈਨੇਡੀਅਨ ਅਸੋਸੀਏਸ਼ਨ ਔਫ਼ ਪ੍ਰੋਫ਼ੈਸ਼ਨਲ ਇੰਪਲੋਈਜ਼ (CAPE) ਦੇ ਪ੍ਰੈਜ਼ੀਡੈਂਟ ਗ੍ਰੈਗ ਫ਼ਿਲਿਪਸ

ਤਸਵੀਰ: (Ashley Burke/CBC)

ਕੋਵਿਡ ਦੀ ਚਿੰਤਾ

ਟਿੱਪਣੀ ਕਰਨ ਵਾਲੇ ਇੱਕ ਮੁਲਾਜ਼ਮ, ਜਿਸਨੇ ਕਿਹਾ ਕਿ ਉਹ ਸਟੈਟਿਸਟਿਕਸ ਕੈਨੇਡਾ ਵਿਚ ਕੰਮ ਕਰਦਾ ਹੈ, ਲਿਖਦਾ ਹੈ, ਉਹਨਾਂ ਨੇ ਸਾਨੂੰ ਕਿਹਾ ਸੀ ਕਿ ਸਾਨੂੰ ਦਫ਼ਤਰ ਵਾਪਸੀ ਲਈ ਮਜਬੂਰ ਨਹੀਂ ਕੀਤਾ ਜਾਵੇਗਾ। ਪਰ ਹੁਣ 12 ਸਤੰਬਰ ਤੋਂ ਸਾਨੂੰ ਘੱਟੋ ਘੱਟ ਦੋ ਦਿਨ ਜਾਣਾ ਹੈ

ਕੁਝ ਮੁਲਾਜ਼ਮਾਂ ਨੂੰ ਆਪਣੇ ਸਹਿ-ਕਰਮਚਾਰੀ ਤੋਂ ਕੋਵਿਡ-19 ਦੀ ਲਾਗ ਲੱਗਣ ਦੀ ਵੀ ਚਿੰਤਾ ਹੈ।

ਫ਼ਿਲਿਪਸ ਵਰਗੇ ਯੂਨੀਅਨ ਲੀਡਰਾਂ ਦਾ ਕਹਿਣਾ ਹੈ ਕਿ ਔਨਲਾਈਨ ਫ਼ੋਰਮਜ਼ ‘ਤੇ ਜੋ ਗੱਲਾਂ ਲਿਖੀਆਂ ਜਾ ਰਹੀਆਂ ਹਨ, ਇਹੀ ਗੱਲਾਂ ਉਹ ਆਪਣੇ ਮੈਂਬਰਾਂ ਤੋਂ ਵੀ ਸੁਣ ਰਹੇ ਹਨ।

ਐਲੀਜ਼ਾਬੈਥ ਥੌਂਪਸਨ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ