1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਸੈਰ-ਸਪਾਟਾ

ਸਟਾਫ਼ ਦੀ ਘਾਟ ਨੂੰ ‘ਸੁਰੱਖਿਆ-ਸਬੰਧੀ ਮੁੱਦਾ’ ਦੱਸਕੇ ਏਅਰ ਕੈਨੇਡਾ ਵੱਲੋਂ ਮੁਆਵਜ਼ਾ ਦੇਣ ਤੋਂ ਇਨਕਾਰ

ਯਾਤਰੀਆਂ ਦੇ ਹੱਕਾਂ ਦੀ ਵਕਾਲਤ ਕਰਨ ਵਾਲਿਆਂ ਅਨੁਸਾਰ ਏਅਰਲਾਈਨ ਦਾ ਇਹ ਫ਼ੈਸਲਾ ਯਾਤਰੀਆਂ ਦਾ ਸ਼ੋਸ਼ਣ

ਏਅਰ ਕੈਨੇਡਾ ਦਾ ਜਹਾਜ਼

16 ਮਈ 2022 ਨੂੰ ਮੌਂਟਰੀਅਲ ਏਅਰਪੋਰਟ 'ਤੇ ਏਅਰ ਕੈਨੇਡਾ ਦੇ ਜਹਾਜ਼ ਦੀ ਤਸਵੀਰ।

ਤਸਵੀਰ: (Geoff Robins/AFP/Getty Images)

RCI

ਫ਼ਲਾਈਟ ਉੱਡਣ ਤੋਂ ਚਾਰ ਘੰਟੇ ਪਹਿਲਾਂ ਰਾਇਨ ਫ਼ੈਰਲ ਨੂੰ ਸੂਚਿਤ ਕੀਤਾ ਗਿਆ ਕਿ ਯੈਲੋਨਾਈਫ਼ ਤੋਂ ਕੈਲਗਰੀ ਜਾਣ ਵਾਲੀ ਉਸਦੀ ਫ਼ਲਾਈਟ ਰੱਦ ਕਰ ਦਿੱਤੀ ਗਈ ਹੈ।

ਏਅਰ ਕੈਨੇਡਾ ਨੇ ਸਟਾਫ਼ ਦੀ ਘਾਟ ਦਾ ਹਵਾਲਾ ਦਿੱਤਾ ਅਤੇ ਰਾਇਨ ਨੂੰ 48 ਘੰਟੇ ਬਾਅਦ ਦੀ ਇੱਕ ਹੋਰ ਫ਼ਲਾਈਟ ਵਿਚ ਬੁੱਕ ਕਰ ਦਿੱਤਾ।

ਪਰ ਰਾਇਨ ਦੀ ਹੈਰਾਨੀ ਉਸ ਸਮੇਂ ਹੋਰ ਵਧ ਗਈ ਜਦੋਂ ਛੇ ਹਫ਼ਤਿਆਂ ਬਾਅਦ ਉਸਨੂੰ ਦੱਸਿਆ ਗਿਆ ਕਿ ਸਟਾਫ਼ ਦੀ ਘਾਟ ਦੇ ਅਧਾਰ ‘ਤੇ ਉਸਦੀ ਮੁਆਵਜ਼ੇ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ।

29 ਜੁਲਾਈ ਨੂੰ ਕਸਟਮਰ ਰਿਲੇਸ਼ਨਜ਼ ਨੇ ਰਾਇਨ ਨੂੰ ਭੇਜੀ ਈਮੇਲ ਵਿਚ ਕਿਹਾ, ਕਿਉਂਕਿ ਤੁਹਾਡੀ ਏਅਰ ਕੈਨੇਡਾ ਦੀ ਫਲਾਈਟ ਸਾਡੇ ਸੰਚਾਲਨ 'ਤੇ ਕੋਵਿਡ-19 ਮਹਾਂਮਾਰੀ ਦੇ ਪ੍ਰਭਾਵ ਦੇ ਨਤੀਜੇ ਵਜੋਂ ਸਟਾਫ਼ ਦੀ ਘਾਟ ਕਾਰਨ ਰੱਦ ਕੀਤੀ ਗਈ ਸੀ, ਇਸ ਲਈ ਜੋ ਮੁਆਵਜ਼ਾ ਤੁਸੀਂ ਮੰਗ ਰਹੇ ਹੋ ਉਹ ਲਾਗੂ ਨਹੀਂ ਹੁੰਦਾ ਹੈ ਕਿਉਂਕਿ ਦੇਰੀ/ਰੱਦ ਹੋਣਾ ਸੁਰੱਖਿਆ-ਸੰਬੰਧੀ ਸਮੱਸਿਆ ਕਾਰਨ ਹੋਇਆ ਸੀ

29 ਦਸੰਬਰ ਨੂੰ ਏਅਰ ਕੈਨੇਡਾ ਨੇ ਆਪਣੇ ਮੁਲਾਜ਼ਮਾਂ ਨੂੰ ਇੱਕ ਮੈਮੋ ਭੇਜਕੇ ਹਿਦਾਇਤ ਦਿੱਤੀ ਸੀ ਕਿ ਸਟਾਫ਼ ਦੀ ਘਾਟ ਕਰਕੇ ਰੱਦ ਹੋਣ ਵਾਲੀਆਂ ਫ਼ਲਾਈਟਸ ਨੂੰ ਸੇਫ਼ਟੀ ਸਮੱਸਿਆ ਦੱਸਿਆ ਜਾਵੇ, ਜਿਸ ਨਾਲ ਫ਼ੈਡਰਲ ਨਿਯਮਾਂ ਅਨੁਸਾਰ ਏਅਰ ਲਾਈਨ ਮੁਸਾਫ਼ਰਾਂ ਨੂੰ ਮੁਆਵਜ਼ਾ ਦੇਣ ਲਈ ਪਾਬੰਦ ਨਹੀਂ ਹੋਵੇਗੀ।

ਕੈਨੇਡਾ ਵਿਚ ਹਵਾਈ ਯਾਤਰੀ ਅਧਿਕਾਰ ਨਿਯਮ, ਏਅਰ ਪੈਸੇਂਜਰ ਪ੍ਰੋਟੈਕਸ਼ਨ ਰੈਗੁਲੇਸ਼ਨਜ਼ (APPR) ਉਸ ਸਥਿਤੀ ਵਿਚ ਏਅਰਲਾਈਨਾਂ ਵੱਲੋਂ ਯਾਤਰੀਆਂ ਨੂੰ 1,000 ਡਾਲਰ ਤੱਕ ਦੇ ਮੁਆਵਜ਼ੇ ਦੇ ਭੁਗਤਾਨ ਦਾ ਹੁਕਮ ਦਿੰਦੇ ਹਨ, ਜਦੋਂ ਫ਼ਲਾਈਟ ਦਾ ਰੱਦ ਹੋਣਾ ਜਾਂ ਦੇਰੀ ਹੋਣ ਦੇ ਕਾਰਨ ਏਅਰਲਾਈਨ ਦੇ ਇਖ਼ਤਿਆਰ ਵਾਲੇ ਹੋਣ ਅਤੇ ਇਸ ਬਾਰੇ ਯਾਤਰੀ ਨੂੰ ਸੂਚਨਾ ਫ਼ਲਾਈਟ ਉੱਡਣ ਤੋਂ ਪਹਿਲਾਂ 14 ਦਿਨ ਜਾਂ ਇਸਤੋਂ ਘੱਟ ਸਮੇਂ ਵਿਚ ਦਿੱਤੀ ਗਈ ਹੋਵੇ। ਪਰ ਜੇ ਸੁਰੱਖਿਆ ਕਾਰਨਾਂ ਕਰਕੇ ਫ਼ਲਾਈਟ ਰੱਦ ਕੀਤੀ ਜਾਂਦੀ ਹੈ ਤਾਂ ਏਅਰਲਾਈਨਾਂ ਨੂੰ ਕੋਈ ਮੁਆਵਜ਼ਾ ਨਹੀਂ ਦੇਣਾ ਹੋਵੇਗਾ।

ਪਰ ਅਰਧ-ਨਿਆਂਇਕ (quasi-judicial) ਅਦਾਰੇ, ਕੈਨੇਡੀਅਨ ਟ੍ਰਾਂਸਪੋਰਟੇਸ਼ਨ ਏਜੰਸੀ (CTA) ਨੇ ਕਿਹਾ ਕਿ ਸਟਾਫ਼ ਦੀ ਘਾਟ ਨੂੰ ਸੁਰੱਖਿਆ ਸਬੰਧੀ ਮੁੱਦਾ ਦੱਸਣਾ ਫ਼ੈਡਰਲ ਨਿਯਮਾਂ ਦੀ ਉਲੰਘਣਾ ਹੈ।

ਕੈਨੇਡੀਅਨ ਟ੍ਰਾਂਸਪੋਰਟੇਸ਼ਨ ਏਜੰਸੀ ਨੇ ਇੱਕ ਈਮੇਲ ਵਿਚ ਕਿਹਾ ਕਿ ਸਟਾਫ਼ ਦੀ ਘਾਟ ਨੂੰ ਸੁਰੱਖਿਆ ਉਦੇਸ਼ਾਂ ਲਈ ਜ਼ਰੂਰੀ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਇਹ ਸੇਫ਼ਟੀ ਮੁੱਦਾ ਏਅਰਲਾਈਨ ਦੀ ਆਪਣੀ ਵਜ੍ਹਾ ਕਰਕੇ ਪੈਦਾ ਹੋਇਆ ਹੈ।

8 ਜੁਲਾਈ ਨੂੰ ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿਚ ਏਜੰਸੀ ਨੇ ਇਹੋ ਪੱਖ ਲੈਂਦਿਆਂ ਏਅਰਲਾਈਨਾਂ ਦੀਆਂ ਅਗਾਉਂ ਯੋਜਨਾਬੰਦੀ ਦੀਆਂ ਜ਼ਿੰਮੇਵਾਰੀਆਂ ‘ਤੇ ਜ਼ੋਰ ਦਿੰਦਿਆਂ ਕਿਹਾ ਸੀ ਕਿ ਕੰਪਨੀ ਇਹ ਯਕੀਨੀ ਬਣਾਵੇ ਕਿ ਉਹਨਾਂ ਕੋਲ ਪੇਸ਼ ਕੀਤੀਆਂ ਸੇਵਾਵਾਂ ਨੂੰ ਚਲਾਉਣ ਲਈ ਲੋੜੀਂਦਾ ਸਟਾਫ਼ ਉਪਲਬਧ ਹੋਵੇ।

‘ਗ਼ੈਰ-ਕਾਨੂੰਨੀ ਅਤੇ ਸ਼ੋਸ਼ਣ’

ਦਸੰਬਰ ਵਿਚ ਏਅਰ ਕੈਨੇਡਾ ਵੱਲੋਂ ਸਟਾਫ਼ ਨੂੰ ਦਿੱਤੇ ਮੈਮੋ ਵਿਚ ਹਿਦਾਇਤ ਦਿੱਤੀ ਸੀ ਕਿ ਸਟਾਫ਼ ਦੀ ਘਾਟ ਕਰਕੇ ਰੱਦ ਹੋਣ ਵਾਲੀਆਂ ਫ਼ਲਾਈਟਸ ਨੂੰ ਸੇਫ਼ਟੀ ਸਮੱਸਿਆ ਦੱਸਿਆ ਜਾਵੇ। ਪ੍ਰਭਾਵਿਤ ਯਾਤਰੀਆਂ ਨੂੰ ਹੋਟਲ ਵਿਚ ਠਹਿਰਾਉਣ ਅਤੇ ਖਾਣ-ਪੀਣ ਦੀ ਸੇਵਾਵਾਂ ਦੇਣ ਵਰਗੀ APPR ਦੀ ਮਿਆਰੀ ਵਿਵਸਥਾ ਲਈ ਯੋਗ ਕੀਤਾ ਗਿਆ ਸੀ, ਪਰ ਉਹਨਾਂ ਨੂੰ APPR ਤਹਿਤ ਮੁਆਵਜ਼ਿਆਂ ਤੋਂ ਅਯੋਗ ਕਰ ਦਿੱਤਾ ਗਿਆ ਸੀ।

ਸਟਾਫ਼ ਨੂੰ ਭੇਜੇ ਨਿਰਦੇਸ਼ ਆਰਜ਼ੀ ਹੋਣੇ ਸਨ ਪਰ 25 ਜੁਲਾਈ ਨੂੰ ਏਅਰ ਕੈਨੇਡਾ ਨੇ ਇੱਕ ਈਮੇਲ ਵਿਚ ਸਵੀਕਾਰ ਕੀਤਾ ਹੈ ਕੋਵਿਡ-19 ਦੇ ਵੇਰੀਐਂਟਸ ਕਰਕੇ ਦਰਪੇਸ਼ ਅਸਧਾਰਨ ਸਥਿਤੀਆਂ ਕਾਰਨ ਉਕਤ ਪੌਲਿਸੀ ਅਜੇ ਵੀ ਪ੍ਰਭਾਵੀ ਹੈ।

ਏਅਰ ਪੈਸੇਂਜਰ ਰਾਈਟਸ ਸਮੂਹ ਦੇ ਪ੍ਰੈਜ਼ੀਡੈਂਟ, ਗੈਬਰ ਲੁਕਕਸ ਨੇ ਕਿਹਾ ਕਿ ਏਅਰ ਕੈਨੇਡਾ ਮੁਆਵਜ਼ੇ ਤੋਂ ਮੁਨਕਰ ਹੋਕੇ ਗ਼ੈਰ-ਕਾਨੂੰਨੀ ਤਰੀਕੇ ਨਾਲ ਯਾਤਰੀਆਂ ਦੇ ਅਧਿਕਾਰਾਂ ਦਾ ਸ਼ੋਸ਼ਣ ਕਰ ਰਹੀ ਹੈ ਅਤੇ ਉਹਨਾਂ ਨੇ ਟ੍ਰਾਂਸਪੋਰਟ ਰੈਗੂਲੇਟਰ ਕੋਲੋਂ ਸਖ਼ਤੀ ਦੀ ਮੰਗ ਕੀਤੀ ਹੈ।

ਉਹਨਾਂ ਕਿਹਾ ਕਿ ਜੋ ਸਪਸ਼ਟ ਤੌਰ ‘ਤੇ ਸੁਰੱਖਿਆ ਮੁੱਦਾ ਨਹੀਂ ਹੈ, ਏਅਰਲਾਈਨਾਂ ਉਹਨਾਂ ਕਾਰਨਾਂ ਨੂੰ ਗ਼ਲਤ ਤਰੀਕੇ ਨਾਲ ਇਸ ਸ਼੍ਰੇਣੀ ਵਿਚ ਪਾ ਰਹੀ ਹੈ।

ਏਅਰਲਾਈਨ ਵੱਲੋਂ ਇਨਕਾਰ ਕੀਤੇ ਜਾਣ ‘ਤੇ ਯਾਤਰੀ ਸੀਟੀਏ ਨੂੰ ਸ਼ਿਕਾਇਤ ਕਰ ਸਕਦੇ ਹਨ, ਪਰ ਮਈ ਤੱਕ ਹੀ ਏਜੰਸੀ ਕੋਲ 15,300 ਸ਼ਿਕਾਇਤਾਂ ਦਾ ਬੈਕਲੌਗ ਸੀ।

ਏਅਰ ਕੈਨੇਡਾ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੇ ਫ਼ਲਾਈਟ ਸਕੈਜੁਅਲ ਦੇ ਮੁਤਾਬਕ ਸਟਾਫ਼ ਉਪਲਬਧ ਕਰਵਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਸੀ ਅਤੇ ਇਹ ਅਜੇ ਵੀ ਜਾਰੀ ਹੈ। ਕੰਪਨੀ ਨੇ ਕਿਹਾ ਕਿ ਸੰਚਾਲਨ ਚੁਣੌਤੀਆਂ ਨਾਲ ਨਜਿੱਠਣ ਲਈ ਏਅਰਲਾਈਨ ਨੇ ਹਰ ਕਦਮ ਚੁੱਕਿਆ ਸੀ।

ਏਅਰ ਕੈਨੇਡਾ ਨੇ ਕਿਹਾ ਕਿ ਆਪਣੇ ਸੁਰੱਖਿਆ ਸੱਭਿਆਚਾਰ ਦੇ ਹਿੱਸੇ ਵੱਜੋਂ ਉਹ ਤਮਾਮ ਜਨਤਕ ਸਿਹਤ ਨਿਰਦੇਸ਼ਾਂ ਦਾ ਪਾਲਣ ਕਰਦੇ ਹਨ ਅਤੇ ਓਮੀਕਰੌਨ ਵੇਲੇ ਉਹਨਾਂ ਦੇ ਸਟਾਫ਼ ਦੀ ਉਪਲਬਧਤਾ ਪ੍ਰਭਾਵਿਤ ਹੋਈ ਸੀ, ਜਿਸ ਤੋਂ ਬਾਅਦ ਗਾਹਕਾਂ ਨੂੰ ਬਿਹਤਰ ਸੇਵਾਵਾਂ ਦੇਣ ਅਤੇ ਫ਼ਲਾਈਟਾਂ ਰੱਦ ਹੋਣ ਦੀ ਸੂਰਤ ਵਿਚ ਉਹਨਾਂ ਦੀ ਸਹਾਇਤਾ ਕਰਨ ਲਈ ਕੰਪਨੀ ਨੇ ਆਪਣੀ ਪੌਲਿਸੀ ਵਿਚ ਵੀ ਸੋਧ ਕੀਤੀ ਸੀ।

ਕ੍ਰਿਸਟੋਫਰ ਰਿਨੋਲਡਜ਼ - ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ