1. ਮੁੱਖ ਪੰਨਾ
  2. ਅੰਤਰਰਾਸ਼ਟਰੀ

[ ਰਿਪੋਰਟ ] ਕਾਮਨਵੈਲਥ ਖੇਡਾਂ : ਪੰਜਾਬੀ ਮੂਲ ਦੇ ਪਹਿਲਵਾਨਾਂ ਨੇ ਵਧਾਇਆ ਕੈਨੇਡਾ ਦਾ ਮਾਣ

ਕੈਨੇਡਾ ਵਿਚਲੇ ਪੰਜਾਬੀ ਭਾਈਚਾਰੇ 'ਚ ਖੁਸ਼ੀ ਦੀ ਲਹਿਰ

ਅਮਰਵੀਰ ਸਿੰਘ ਢੇਸੀ ਨੇ 125 ਕਿਲੋ ਭਾਰ ਵਰਗ ਵਿੱਚ ਪਾਕਿਸਤਾਨੀ ਪਹਿਲਵਾਨ ਜ਼ਮਾਨ ਅਨਵਰ ਨੂੰ ਹਰਾ ਕੇ ਸੋਨੇ ਦਾ ਤਗ਼ਮਾ ਜਿੱਤਿਆ ਹੈ I

ਅਮਰਵੀਰ ਸਿੰਘ ਢੇਸੀ ਨੇ 125 ਕਿਲੋ ਭਾਰ ਵਰਗ ਵਿੱਚ ਪਾਕਿਸਤਾਨੀ ਪਹਿਲਵਾਨ ਜ਼ਮਾਨ ਅਨਵਰ ਨੂੰ ਹਰਾ ਕੇ ਸੋਨੇ ਦਾ ਤਗ਼ਮਾ ਜਿੱਤਿਆ ਹੈI

ਤਸਵੀਰ: olympic.ca

Sarbmeet Singh

ਇੰਗਲੈਂਡ ਵਿੱਚ ਹੋ ਰਹੀਆਂ ਕਾਮਨਵੈਲਥ ਖੇਡਾਂ ਵਿੱਚ ਪੰਜਾਬੀ ਮੂਲ ਦੇ ਪਹਿਲਵਾਨਾਂ ਵੱਲੋਂ ਕੀਤੇ ਗਏ ਪ੍ਰਦਰਸ਼ਨ ਤੋਂ ਕੈਨੇਡਾ ਵਿਚਲਾ ਪੰਜਾਬੀ ਭਾਈਚਾਰਾ ਮਾਣ ਮਹਿਸੂਸ ਕਰ ਰਿਹਾ ਹੈ I

ਪੰਜਾਬੀ ਮੂਲ ਦੇ 4 ਪਹਿਲਵਾਨਾਂ ਨੇ ਤਗਮੇ ਹਾਸਿਲ ਕੀਤੇ ਹਨ I ਇਹਨਾਂ ਵਿੱਚ ਸੋਨੇ ਅਤੇ ਕਾਂਸੀ ਦੇ 2 -2 ਤਗ਼ਮੇ ਸ਼ਾਮਿਲ ਹਨ I 

ਇਹਨਾਂ ਖੇਡਾਂ ਵਿੱਚ ਸਰੀ ਦੇ ਪਹਿਲਵਾਨ ਅਮਰਵੀਰ ਸਿੰਘ ਢੇਸੀ ਨੇ 125 ਕਿਲੋ ਭਾਰ ਵਰਗ ਵਿੱਚ ਪਾਕਿਸਤਾਨੀ ਪਹਿਲਵਾਨ ਜ਼ਮਾਨ ਅਨਵਰ ਨੂੰ ਹਰਾ ਕੇ ਸੋਨੇ ਦਾ ਤਗ਼ਮਾ ਜਿੱਤਿਆ ਹੈ I 

27 ਸਾਲਾਂ ਨੌਜਵਾਨ ਅਮਰ ਢੇਸੀ ਤੀਜੀ ਪੀੜੀ ਦਾ ਪਹਿਲਵਾਨ ਹੈ ਅਤੇ ਸਰੀ ਦੇ ਖ਼ਾਲਸਾ ਰੈਸਲਿੰਗ ਕਲੱਬ ਨਾਲ ਸੰਬੰਧਿਤ ਹੈ I 

2014 ਵਿੱਚ ਉਸਨੇ ਜੂਨੀਅਰ ਵਰਲਡ ਚੈਂਪੀਅਨਸ਼ਿਪ ਜਿੱਤੀ ਸੀ I ਪੈਨ ਐਮੇਰੀਕਨ ਚੈਂਪੀਅਨਸ਼ਿਪ ਵਿੱਚ 2020 ਦੌਰਾਨ ਚਾਂਦੀ ਅਤੇ 2014 ਦੌਰਾਨ ਸੋਨੇ ਦਾ ਤਗ਼ਮਾ ਜਿੱਤਣ ਵਾਲਾ ਢੇਸੀ , 2021 ਦੌਰਾਨ ਟੋਕੀਓ ਉਲੰਪਿਕਸ ਵਿੱਚ ਕੈਨੇਡਾ ਦੀ ਨੁਮਾਇੰਦਗੀ ਕਰ ਚੁੱਕਾ ਹੈ I

ਪੰਜਾਬ ਦੇ ਜਲੰਧਰ ਸ਼ਹਿਰ ਨਾਲ ਸੰਬੰਧਿਤ ਅਮਰ ਦੇ ਪਿਤਾ ਬਲਬੀਰ ਢੇਸੀ 1976 ਦੌਰਾਨ ਕੈਨੇਡਾ ਆ ਗਏ ਸਨ I 

ਰੇਡੀਓ ਕੈਨੇਡਾ ਇੰਟਰਨੈਸ਼ਨਲ ਨਾਲ ਗੱਲਬਾਤ ਦੌਰਾਨ ਅਮਰ ਢੇਸੀ ਨੇ ਕਿਹਾ ਕਿ ਉਹ ਇਸ ਮੌਕੇ ਬੇਹੱਦ ਖੁਸ਼ ਅਤੇ ਭਾਵੁਕ ਹਨ I ਬਲਬੀਰ ਢੇਸੀ ਨੇ ਕਿਹਾ ਜਦੋਂ ਅਸੀਂ ਸਰੀ ਵਿੱਚ ਪਹਿਲਵਾਨੀ ਦੀ ਕੋਚਿੰਗ ਦੇਣ ਦੀ ਸ਼ੁਰੂਆਤ ਕੀਤੀ ਸੀ ਤਾਂ ਸੋਚਿਆ ਨਹੀਂ ਸੀ ਕਿ ਇਹ ਸਫ਼ਰ ਐਨੀ ਅੱਗੇ ਤੱਕ ਜਾਵੇਗਾ I

ਇਸ ਸਮੇਂ ਉਹਨਾਂ ਨੇ ਕਨੇਡੀਅਨ ਸਰਕਾਰਾਂ ਦੁਆਰਾ ਖਿਡਾਰੀਆਂ ਦੀ ਬਾਂਹ ਨਾ ਫੜਨ ਦੀ ਗੱਲ ਨੂੰ ਵੀ ਦੁਹਰਾਇਆ I ਢੇਸੀ ਦਾ ਕਹਿਣਾ ਹੈ ਕਿ ਪ੍ਰੋਵਿੰਸ਼ੀਅਲ ਅਤੇ ਫ਼ੈਡਰਲ ਸਰਕਾਰਾਂ ਜਿੱਤੇ ਹੋਏ ਖਿਡਾਰੀਆਂ ਨੂੰ ਤਾਂ ਮਾਣ- ਸਨਮਾਨ ਦਿੰਦੀਆਂ ਹਨ , ਪਰ ਉੱਭਰ ਰਹੇ ਖਿਡਾਰੀਆਂ ਦੀ ਕੋਈ ਮਾਲੀ ਮਦਦ ਨਹੀਂ ਕੀਤੀ ਜਾਂਦੀ ਜਿਸ ਕਰਕੇ ਬਹੁਤ ਸਾਰੇ ਖਿਡਾਰੀ ਖੇਡਣਾ ਛੱਡ ਜਾਂਦੇ ਹਨ I

ਇਹ ਵੀ ਪੜੋ :

ਕਾਮਨਵੈਲਥ ਖੇਡਾਂ ਵਿੱਚ 2 ਤਗ਼ਮੇ ਬ੍ਰਿਟਿਸ਼ ਕੋਲੰਬੀਆ ਦੇ ਐਬਟਸਫੋਰਡ ਸ਼ਹਿਰ ਨਾਲ ਸੰਬੰਧਿਤ ਨੌਜਵਾਨਾਂ ਦੇ ਹਨ I ਪਹਿਲਵਾਨ ਨਿਸ਼ਾਨ ਸਿੰਘ ਰੰਧਾਵਾ , ਜੋ ਕਿ ਗੁਰੂ ਗੋਬਿੰਦ ਸਿੰਘ ਰੈਸਲਿੰਗ ਕਲੱਬ ਨਾਲ ਜੁੜੇ ਹੋਏ ਹਨ , ਨੇ 97 ਕਿੱਲੋ ਭਾਰ ਵਰਗ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ ਹੈ I 

ਨਿਸ਼ਾਨ ਰੰਧਾਵਾ ਨੇ ਸਾਊਥ ਅਫ਼ਰੀਕਾ ਦੇ ਪਹਿਲਵਾਨ ਨੂੰ ਹਰਾ ਕੇ ਕੈਨੇਡਾ ਲਈ ਗੋਲਡ ਮੈਡਲ ਜਿੱਤਿਆ I ਨਿਸ਼ਾਨ , ਪੈਨ ਐਮੇਰੀਕਨ ਚੈਂਪੀਅਨਸ਼ਿਪ ਵਿੱਚ ਜੂਨੀਅਰ ਅਤੇ ਸੀਨੀਅਰ ਵਰਗ ਵਿੱਚ ਸੋਨੇ ਅਤੇ ਕਾਂਸੀ ਦੇ ਤਗ਼ਮੇ ਜਿੱਤ ਚੁੱਕਾ ਹੈ I

ਐਬਟਸਫੋਰਡ ਦੇ ਹੀ ਜਸਮੀਤ ਫੂਲਕਾ ਨੇ ਇਹਨਾਂ ਖੇਡਾਂ ਵਿੱਚ  ਨਿਊਜ਼ੀਲੈਂਡ ਦੇ ਖਿਡਾਰੀ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਕੈਨੇਡਾ ਦੇ ਨਾਮ ਕੀਤਾ ਹੈ I 47 ਕਿਲੋਗ੍ਰਾਮ ਭਾਰ ਵਰਗ ਦੇ ਮੁਕਾਬਲੇ ਵਿੱਚ ਜਸਮੀਤ ਨੇ ਆਪਣੇ ਵਿਰੋਧੀ ਖਿਡਾਰੀ ਨੂੰ 11 -1 ਨਾਲ ਹਰਾਇਆ I 

ਜਸਮੀਤ ਐਬਟਸਫੋਰਡ ਦੇ ਮੀਰੀ ਪੀਰੀ ਰੈਸਲਿੰਗ ਕਲੱਬ ਨਾਲ ਜੁੜੇ ਹੋਏ ਹਨ I ਯੂ ਕੇ ਤੋਂ ਰੇਡੀਓ ਕੈਨੇਡਾ ਇੰਟਰਨੈਸ਼ਨਲ ਨਾਲ ਗੱਲਬਾਤ ਦੌਰਾਨ ਕਲੱਬ ਦੇ ਬਾਨੀ ਚਨਮੀਤ ਫੂਲਕਾ ਨੇ ਦੱਸਿਆ ਕਿ ਉਹਨਾਂ ਨੇ ਕਲੱਬ ਦੀ ਸ਼ੁਰੂਆਤ 1996 ਦੌਰਾਨ ਕੀਤੀ ਸੀ ਅਤੇ ਉਹਨਾਂ ਦੇ ਪਹਿਲਵਾਨਾਂ ਨੇ ਵੱਖ ਵੱਖ ਮੁਕਾਬਲਿਆਂ ਵਿੱਚ ਕੈਨੇਡਾ ਲਈ ਮੈਡਲ ਜਿੱਤੇ ਹਨ I 

ਮੀਰੀ ਪੀਰੀ ਰੈਸਲਿੰਗ ਕਲੱਬ ਦੇ ਕੋਚ ਸੁੱਚਾ ਮਾਨ ਨੇ ਕਿਹਾ ਕਿ ਜਸਮੀਤ ਉਸ ਸਮੇਂ ਤੋਂ ਉਹਨਾਂ ਕੋਲ ਟ੍ਰੇਨਿੰਗ ਲੈ ਰਿਹਾ ਹੈ ਜਦੋਂ ਉਹ ਛੇਵੀ ਕਲਾਸ ਵਿੱਚ ਸੀ I ਸੁੱਚਾ ਮਾਨ ਨੇ ਕਿਹਾ ਇਹ ਸਫ਼ਰ ਤੈਅ ਕਰਨ ਵਿੱਚ ਬਹੁਤ ਸਮਾਂ ਲੱਗਾ ਹੈ I ਜਸਮੀਤ ਇਕ ਬਹੁਤ ਹੀ ਵਧੀਆ ਪਹਿਲਵਾਨ ਹੈ I

ਸੁੱਚਾ ਮਾਨ ਦਾ ਕਹਿਣਾ ਹੈ ਕਿ ਉਹ ਖ਼ੁਦ ਵੀ ਕਈ ਦਹਾਕੇ ਪਹਿਲਾਂ ਕਾਮਨਵੈਲਥ ਖੇਡਾਂ ਵਿੱਚ ਇਕ ਖਿਡਾਰੀ ਵਜੋਂ ਭਾਗ ਲੈ ਚੁੱਕੇ ਹਨ , ਪਰ ਅੱਜ ਉਹਨਾਂ ਦੇ ਖਿਡਾਰੀ ਨੇ ਮੈਡਲ ਜਿੱਤ ਕੇ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਹੈ , ਜਿਸਤੇ ਉਹ ਫ਼ਖਰ ਮਹਿਸੂਸ ਕਰ ਰਹੇ ਹਨ I

ਵਿਨੀਪੈਗ  ਦੀ ਪ੍ਰਿਯੰਕਾ ਢਿੱਲੋਂ ਨੇ ਮਹਿਲਾਵਾਂ ਦੇ 48 ਕਿਲੋਗ੍ਰਾਮ ਭਾਰਵਰਗ 'ਚ ਕਾਂਸੀ ਦਾ ਤਗ਼ਮਾ ਜਿੱਤਿਆ I

22ਵੀਆਂ ਕਾਮਨਵੈਲਥ ਗੇਮਜ਼ ਇੰਗਲੈਂਡ ਦੇ ਬਰਮਿੰਘਮ ਵਿਚ ਆਯੋਜਿਤ ਕੀਤੀਆਂ ਗਈਆਂ ਹਨ। ਇਹ ਅੰਤਰਰਾਸ਼ਟਰੀ ਖੇਡ ਮੁਕਾਬਲਾ 28 ਜੁਲਾਈ ਨੂੰ ਸ਼ੁਰੂ ਹੋਇਆ ਸੀ ਅਤੇ 8 ਅਗਸਤ ਤੱਕ ਜਾਰੀ ਰਹੇਗਾ।

ਕੈਨੇਡਾ ਹੁਣ ਤੱਕ ਕਾਮਨਵੈਲਥ ਖੇਡਾਂ ਵਿੱਚ ਕੁੱਲ 91 ਮੈਡਲ ਜਿੱਤ ਚੁੱਕਾ ਹੈ I ਇਹਨਾਂ ਵਿੱਚ ਸੋਨੇ ਦੇ 25 , ਚਾਂਦੀ ਦੇ 32 ਅਤੇ ਕਾਂਸੀ ਦੇ 34 ਤਗ਼ਮੇ ਸ਼ਾਮਿਲ ਹਨ I

Sarbmeet Singh

ਸੁਰਖੀਆਂ