1. ਮੁੱਖ ਪੰਨਾ
  2. ਸਿਹਤ
  3. ਜਨਤਕ ਸਿਹਤ

ਓਨਟੇਰਿਓ ਵੱਲੋਂ ਰੈਗੂਲੇਟਰ ਨੂੰ ਵਿਦੇਸ਼ਾਂ ਤੋਂ ਸਿੱਖਿਅਤ ਨਰਸਾਂ ਨੂੰ ਤੇਜ਼ੀ ਨਾਲ ਰਜਿਸਟਰ ਕਰਨ ਦੇ ਨਿਰਦੇਸ਼

ਹੈਲਥ ਮਿਨਿਸਟਰ ਨੇ ਰੈਗੂਲੇਟਰੀ ਅਦਾਰਿਆਂ ਨੂੰ ਯੋਜਨਾ ਤਿਆਰ ਕਰਨ ਲਈ 2 ਹਫ਼ਤਿਆਂ ਦਾ ਸਮਾਂ ਦਿੱਤਾ ਹੈ

ਓਨਟੇਰਿਓ ਦੀ ਹੈਲਥ ਮਿਨਿਸਟਰ ਨੇ ਨਰਸਾਂ ਦੇ ਰੈਗੂਲੇਟਰੀ ਅਦਾਰਿਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਅੰਤਰਰਾਸ਼ਟਰੀ ਪੱਧਰ ‘ਤੇ ਸਿਖਲਾਈ ਪ੍ਰਾਪਤ ਨਰਸਾਂ ਦੀ ਰਜਿਸਟ੍ਰੇਸ਼ਨ ਵਿਚ ਤੇਜ਼ੀ ਲਿਆਉਣ।

ਓਨਟੇਰਿਓ ਦੀ ਹੈਲਥ ਮਿਨਿਸਟਰ ਨੇ ਨਰਸਾਂ ਦੇ ਰੈਗੂਲੇਟਰੀ ਅਦਾਰਿਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਅੰਤਰਰਾਸ਼ਟਰੀ ਪੱਧਰ ‘ਤੇ ਸਿਖਲਾਈ ਪ੍ਰਾਪਤ ਨਰਸਾਂ ਦੀ ਰਜਿਸਟ੍ਰੇਸ਼ਨ ਵਿਚ ਤੇਜ਼ੀ ਲਿਆਉਣ।

ਤਸਵੀਰ: Getty Images

RCI

ਓਨਟੇਰਿਓ ਦੀ ਹੈਲਥ ਮਿਨਿਸਟਰ ਨੇ ਕੌਲੇਜ ਔਫ਼ ਨਰਸੇਜ਼ ਔਫ਼ ਓਨਟੇਰਿਓ ਅਤੇ ਕੌਲੇਜ ਔਫ਼ ਫ਼ਿਜ਼ੀਸ਼ੀਅਨਜ਼ ਐਂਡ ਸਰਜਨਜ਼ ਔਫ਼ ਓਨਟੇਰਿਓ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਅੰਤਰਰਾਸ਼ਟਰੀ ਪੱਧਰ ‘ਤੇ ਸਿਖਲਾਈ ਪ੍ਰਾਪਤ ਨਰਸਾਂ ਦੀ ਰਜਿਸਟ੍ਰੇਸ਼ਨ ਵਿਚ ਤੇਜ਼ੀ ਲਿਆਉਣ।

ਮਿਨਿਸਟਰ ਸਿਲਵੀਆ ਜੋਨਜ਼ ਨੇ ਉਕਤ ਰੈਗੂਲੇਟਰੀ ਅਦਾਰਿਆਂ ਨੂੰ ਦੋ ਹਫ਼ਤਿਆਂ ਦੇ ਅੰਦਰ ਇਸ ਬਾਬਤ ਯੋਜਨਾ ਤਿਆਰ ਕਰਨ ਲਈ ਆਖਿਆ ਹੈ।

ਮਿਨਿਸਟਰ ਨੇ ਨਰਸਿੰਗ ਕਾਲਜ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਸਿੱਖਿਅਤ ਨਰਸਾਂ ਲਈ ਸਹਾਇਤਾ ਵਿਕਸਤ ਕਰਨ ਲਈ ਵੀ ਨਿਰਦੇਸ਼ ਦਿੱਤੇ ਹਨ - ਜਿਸ ਵਿਚ ਉਨ੍ਹਾਂ ਦੇ ਹੁਨਰ ਨੂੰ ਓਨਟੇਰੀਓ ਦੇ ਮਿਆਰਾਂ 'ਤੇ ਲਿਆਉਣਾ ਅਤੇ ਉਨ੍ਹਾਂ ਨੂੰ ਸਮੇਂ ਸਿਰ ਅਭਿਆਸ ਕਰਨ ਦੀ ਆਗਿਆ ਦੇਣਾ ਵੀ ਸ਼ਾਮਲ ਹੈ।

ਜ਼ਿਕਰਯੋਗ ਹੈ ਕਿ ਸੂਬੇ ਦੇ ਹਸਪਤਾਲ ਇਸ ਸਮੇਂ ਸਟਾਫ਼ ਦੀ ਕਮੀ ਨਾਲ ਜੂਝ ਰਹੇ ਹਨ ਅਤੇ ਕੁਝ ਹਸਪਤਾਲਾਂ ਵਿਚ ਤਾਂ ਸਟਾਫ਼ ਦੀ ਘਾਟ ਕਰਕੇ ਐਮਰਜੈਂਸੀ ਰੂਮ ਵੀ ਬੰਦ ਕਰਨੇ ਪਏ ਹਨ।

ਨਰਸਿੰਗ ਗਰੁੱਪਾਂ, ਹੌਸਪਿਟਲ ਅਧਿਕਾਰੀਆਂ ਅਤੇ ਕਈ ਹੋਰ ਹੈਲਥ ਪ੍ਰੋਫ਼ੈਸ਼ਨਲਜ਼ ਦਾ ਕਹਿਣਾ ਹੈ ਕਿ ਕੋਵਿਡ-19 ਦੌਰਾਨ ਫ਼੍ਰੰਟ ਲਾਈਨ ਵਰਕਰਾਂ ਦੇ ਬੇਤਹਾਸ਼ਾ ਵਧੇ ਕੰਮ ਦੇ ਅਕੇਵੇਂ ਅਤੇ ਇਸ ਸਬੰਧ ਵਿਚ ਉਚਿਤ ਮੁਆਵਜ਼ੇ ਦੀ ਅਣਹੋਂਦ ਕਾਰਨ ਬਹੁਤ ਸਾਰੇ ਲੋਕ ਇਸ ਪੇਸ਼ੇ ਨੂੰ ਛੱਡ ਰਹੇ ਹਨ।

ਓਨਟੇਰਿਓ ਦੇ ਫ਼ੇਅਰਨੈਸ ਕਮਿਸ਼ਨਰ ਦੀ 2020 ਦੀ ਇੱਕ ਰਿਪੋਰਟ ਅਨੁਸਾਰ, ਕੌਲੇਜ ਔਫ਼ ਨਰਸੇਜ਼ ਔਫ਼ ਓਨਟੇਰਿਓ ਰਾਹੀਂ 14,633 ਵਿਦੇਸ਼ਾਂ ਤੋਂ ਸਿਖਲਾਈ ਪ੍ਰਾਪਤ ਨਰਸਾਂ ਲਾਇਸੈਂਸ ਲੈਣ ਦੀ ਪ੍ਰਕਿਰਿਆ ਵਿਚ ਸਨ। ਉਸ ਸਾਲ ਸਿਰਫ਼ 2,000 ਤੋਂ ਕੁਝ ਵੱਧ ਅੰਤਰਰਾਸਟਰੀ ਬਿਨੈਕਾਰ ਪੂਰੀ ਤਰ੍ਹਾਂ ਰਜਿਸਟਰਡ ਨਰਸ ਬਣੇ ਸਨ।

ਰਜਿਸਟਰਡ ਨਰਸੇਜ਼ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਪਿਛਲੇ ਇੱਕ ਦਹਾਕੇ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਸਿਖਲਾਈ ਪ੍ਰਾਪਤ ਬਿਨੈਕਾਰਾਂ ਦਾ ਇੱਕ ਵੱਡਾ ਬੈਕਲੌਗ ਪੈਦਾ ਹੋਇਆ ਹੈ ਅਤੇ ਅਨੁਮਾਨ ਮੁਤਾਬਕ ਇਹ ਅੰਕੜਾ 26,000 ਦੇ ਨੇੜੇ ਹੈ।

ਨਰਸਾਂ ਦੇ ਰੈਗੁਲੇਟਰ ਅਦਾਰੇ ਦੇ ਇੱਕ ਬੁਲਾਰੇ ਨੇ ਕਿਹਾ ਸੀ ਕਿ ਅਦਾਰੇ ਵੱਲੋਂ ਹਾਲ ਹੀ ਵਿੱਚ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਕਦਮ ਚੁੱਕੇ ਗਏ ਹਨ, ਜਿਸ ਵਿੱਚ ਭਾਸ਼ਾ ਦੀ ਮੁਹਾਰਤ ਦੀਆਂ ਲੋੜਾਂ ਵਿੱਚ ਤਬਦੀਲੀਆਂ ਅਤੇ ਵਧੇਰੇ ਨਿਗਰਾਨੀ ਵਾਲੇ ਅਭਿਆਸ ਦੇ ਮੌਕੇ ਪੈਦਾ ਕਰਨ ਲਈ ਸੂਬੇ ਨਾਲ ਪਾਰਟਨਰਸ਼ਿਪ ਸ਼ਾਮਲ ਹੈ।

ਕਾਲਜ ਅਨੁਸਾਰ ਇਸ ਸਾਲ ਨਰਸਾਂ ਦੀ ਰਿਕਾਰਡ ਗਿਣਤੀ ਰਜਿਸਟਰ ਕੀਤੀ ਗਈ ਹੈ, ਜਿਸ ਵਿੱਚ ਪਿਛਲੇ ਸਾਲਾਂ ਨਾਲੋਂ ਵੱਧ ਅੰਤਰਰਾਸ਼ਟਰੀ ਨਰਸਾਂ ਸ਼ਾਮਲ ਹਨ। ਅਗਸਤ ਦੀ ਸ਼ੁਰੂਆਤ ਤੱਕ 4,728 ਰਜਿਸਟ੍ਰੇਸ਼ਨ ਦਰਜ ਹੋਏ ਹਨ। ਕਾਲਜ ਦਾ ਕਹਿਣਾ ਹੈ ਕਿ ਉਹ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਦੇ ਤਰੀਕਿਆਂ 'ਤੇ ਵਿਚਾਰ ਕਰ ਰਿਹਾ ਹੈ।

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ