- ਮੁੱਖ ਪੰਨਾ
- ਸਮਾਜ
- ਸੰਗਠਿਤ ਅਪਰਾਧ
ਗੈਂਗਸਟਰਾਂ ਨਾਲ ਕਥਿਤ ਤੌਰ ‘ਤੇ ਸਬੰਧਿਤ ਇਹ 11 ਵਿਅਕਤੀ ਬੀ.ਸੀ. ‘ਚ ਜਨਤਕ ਸੁਰੱਖਿਆ ਲਈ ਖ਼ਤਰਾ
ਪੁਲਿਸ ਵੱਲੋਂ ਜਾਰੀ ਸੂਚੀ ਵਿਚ ਕਈ ਪੰਜਾਬੀ ਨਾਂ ਵੀ ਸ਼ਾਮਲ

ਬੀ.ਸੀ. ਵਿਚ ਪੁਲਿਸ ਨੇ ਗੈਂਗਸਟਰਾਂ ਨਾਲ ਕਥਿਤ ਤੌਰ ‘ਤੇ ਸਬੰਧਿਤ 11 ਵਿਅਕਤੀਆਂ ਦੇ ਨਾਮ ਨਸ਼ਰ ਕੀਤੇ ਹਨ। ਪੁਲਿਸ ਨੇ ਲੋਕਾਂ ਨੂੰ ਇਨ੍ਹਾਂ ਤੋਂ ਦੂਰ ਰਹਿਣ ਦੀ ਚਿਤਾਵਨੀ ਜਾਰੀ ਕੀਤੀ ਹੈ।
ਤਸਵੀਰ: (CFSEU-BC)
ਬ੍ਰਿਟਿਸ਼ ਕੋਲੰਬੀਆ ਵਿਚ ਸੰਗਠਿਤ ਅਪਰਾਧ ਅਤੇ ਗੈਂਗ ਹਿੰਸਾ ਦੀ ਜਾਂਚ ਕਰਨ ਵਾਲੀ ਏਜੰਸੀ ਨੇ ਆਪਣੇ ਪੁਲਿਸ ਸਹਿਯੋਗੀਆਂ ਨਾਲ ਮਿਲਕੇ ਗੈਂਗਸਟਰਾਂ ਨਾਲ ਕਥਿਤ ਤੌਰ ‘ਤੇ ਸਬੰਧਿਤ 11 ਵਿਅਕਤੀਆਂ ਦੇ ਨਾਮ ਨਸ਼ਰ ਕੀਤੇ ਹਨ। ਪੁਲਿਸ ਦਾ ਕਹਿਣਾ ਹੈ ਕਿ ਇਹ ਲੋਕ ਆਮ ਜਨਤਾ ਲਈ ਖ਼ਤਰਾ ਹਨ ਅਤੇ ਲੋਕਾਂ ਨੂੰ ਇਨ੍ਹਾਂ ਤੋਂ ਦੂਰ ਰਹਿਣ ਦੀ ਚਿਤਾਵਨੀ ਜਾਰੀ ਕੀਤੀ ਹੈ।
ਕੰਬਾਇੰਡ ਫ਼ੋਰਸੇਜ਼ ਸਪੈਸ਼ਲ ਇਨਫ਼ੋਰਸਮੈਂਟ ਯੂਨਿਟ ਔਫ਼ ਬ੍ਰਿਟਿਸ਼ ਕੁਲੰਬੀਆ (CFSEU-BC) ਨੇ ਕਿਹਾ ਕਿ ਪੁਲਿਸ ਇਹਨਾਂ ਵਿਅਕਤੀਆਂ ਤੋਂ ਜਾਣੂ ਹੈ ਅਤੇ ਇਹ ਲੋਕ ਉੱਚ ਪੱਧਰੀ ਗਿਰੋਹ ਅਤੇ ਸੰਗਠਿਤ ਅਪਰਾਧ ਸਬੰਧਤ ਹਿੰਸਾ ਨਾਲ ਸਬੰਧ ਰੱਖਦੇ ਹਨ।
ਪੁਲਿਸ ਦਾ ਮੰਨਣਾ ਹੈ ਕਿ ਇਹਨਾਂ ਵਿਅਕਤੀਆਂ ਦੇ ਨਾਲ, ਜਾਂ ਇਹਨਾਂ ਦੇ ਨਜ਼ਦੀਕ ਕੋਈ ਵੀ ਵਿਅਕਤੀ, ਆਪਣੇ ਆਪ ਨੂੰ ਜੋਖਮ ਵਿੱਚ ਪਾ ਰਿਹਾ ਹੋ ਸਕਦਾ ਹੈ।
CFSEU-BC, ਆਪਣੇ ਪੁਲਿਸ ਸਹਿਯੋਗੀਆਂ ਨਾਲ, ਇੱਕ ਜਨਤਕ ਚਿਤਾਵਨੀ ਜਾਰੀ ਕਰ ਰਿਹਾ ਹੈ ਅਤੇ ਉਹਨਾਂ ਦੀ ਪਛਾਣ ਕਰ ਰਿਹਾ ਹੈ ਤਾਂ ਜੋ ਪਰਿਵਾਰ, ਦੋਸਤ, ਸਹਿਯੋਗੀ ਅਤੇ ਜਨਤਾ ਆਪਣੀ ਨਿੱਜੀ ਸੁਰੱਖਿਆ ਨੂੰ ਵਧਾਉਣ ਲਈ ਉਪਾਅ ਕਰੇ
।
ਜਿਹਨਾਂ ਵਿਅਕਤੀਆਂ ਖ਼ਿਲਾਫ਼ ਜਨਤਕ ਚਿਤਾਵਨੀ ਜਾਰੀ ਹੋਈ ਹੈ ਉਨ੍ਹਾਂ ਦੇ ਨਾਮ ਹੇਠਾਂ ਦਰਜ ਹਨ:
- ਸ਼ਕੀਲ ਬਸਰਾ, 28 ਸਾਲ
- ਜਗਦੀਪ ਚੀਮਾ, 30 ਸਾਲ
- ਬਰਿੰਦਰ ਧਾਲੀਵਾਲ, 39 ਸਾਲ
- ਗੁਰਪ੍ਰੀਤ ਧਾਲੀਵਾਲ, 35 ਸਾਲ
- ਸਮਰੂਪ ਗਿੱਲ, 29 ਸਾਲ
- ਸੁਮਦੀਸ਼ ਗਿੱਲ, 28 ਸਾਲ
- ਸੁਖਦੀਪ ਪੰਸਲ, 33 ਸਾਲ
- ਅਮਰਪ੍ਰੀਤ ਸਾਮਰਾ, 28 ਸਾਲ
- ਰਵਿੰਦਰ ਸਾਮਰਾ, 35 ਸਾਲ
- ਐਂਡੀ ਸੇਂਟ ਪੀਅਰ, 40 ਸਾਲ
- ਰਿਚਰਡ ਜੋਸੇਫ਼ ਵ੍ਹਿਟਲੌਕ, 40 ਸਾਲ

ਪੁਲਿਸ ਵੱਲੋਂ ਇਨ੍ਹਾਂ 11 ਜਣਿਆਂ ਤੋਂ ਬਚਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਤਸਵੀਰ: (CFSEU-BC)
CFSEU ਦਾ ਕਹਿਣਾ ਹੈ ਕਿ ਪੂਰੇ ਲੋਅਰ ਮੇਨਲੈਂਡ ਵਿੱਚ ਹੀ ਗੈਂਗ-ਸਬੰਧਤ ਮੁਠਭੇੜਾਂ ਕਾਰਨ ਜਨਤਕ ਥਾਵਾਂ 'ਤੇ ਹਾਲ ਹੀ ਦੇ ਮਹੀਨਿਆਂ ਵਿੱਚ ਕਤਲ ਅਤੇ ਇਰਾਦਾ ਕਤਲ ਦੀਆਂ ਘਟਨਾਵਾਂ ਵਾਪਰੀਆਂ ਹਨ ਅਤੇ ਪੁਲਿਸ ਨੂੰ ਇਸ ਹਿੰਸਾ ਦੇ ਜਾਰੀ ਰਹਿਣ ਦੀ ਸੰਭਾਵਨਾ ਹੈ। ਪੁਲਿਸ ਦਾ ਕਹਿਣਾ ਹੈ ਕਿ ਲੋਕ ਇਨ੍ਹਾਂ ਵਿਅਕਤੀਆਂ ਤੋਂ ਬਚਣ ਕਿਉਂਕਿ ਇਹ ਭਵਿੱਖ ਵਿੱਚ ਹਿੰਸਾ ਦਾ ਨਿਸ਼ਾਨਾ ਬਣ ਸਕਦੇ ਹਨ।
ਵੈਨਕੂਵਰ ਦੀ ਡਿਪਟੀ ਚੀਫ਼ ਫਿਓਨਾ ਵਿਲਸਨ ਨੇ ਬੁੱਧਵਾਰ ਨੂੰ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ ਸੂਚੀ ਵਿੱਚ ਸ਼ਾਮਲ ਦੋ ਵਿਅਕਤੀਆਂ ਦਾ ਭਰਾ ਪਹਿਲਾਂ ਹੀ ਮਾਰਿਆ ਜਾ ਚੁੱਕਾ ਹੈ। ਮਨਿੰਦਰ ਧਾਲੀਵਾਲ ਦੀ ਪਿਛਲੇ ਮਹੀਨੇ ਵਿਸਲਰ ਵਿਚ ਇੱਕ ਹੋਟਲ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਫਿਓਨਾ ਨੇ ਕਿਹਾ, ਮੈਂ ਇਹ ਸਪਸ਼ਟ ਕਰਨਾ ਚਾਹੁੰਦੀ ਹਾਂ ਕਿ ਅੱਜ ਦਾ ਐਲਾਨ ਕਿਸੇ ਦਾ ਨਾਂ ਲੈਣ ਜਾਂ ਜ਼ਲੀਲ ਕਰਨ ਬਾਰੇ ਨਹੀਂ ਹੈ। ਇਨ੍ਹਾਂ ਵਿਅਕਤੀਆਂ ਦੀ ਪਛਾਣ ਨਸ਼ਰ ਕਰਨਾ ਜਨਤਕ ਸੁਰੱਖਿਆ ਦੇ ਹਿੱਤ ਵਿਚ ਹੈ
।

ਪੁਲਿਸ ਟੇਪ ਦੇ ਪਿੱਛੇ ਖੜੇ ਇੱਕ ਪੈਰਾਮੈਡਿਕਸ ਵਾਹਨ ਦੀ ਤਸਵੀਰ। 2 ਜੁਲਾਈ ਨੂੰ ਬੀਸੀ ਦੇ ਵਿਸਲਰ ਵਿਚ ਹੋਈ ਗੈਂਗ ਸਬੰਧੀ ਹਿੰਸਾ ਵਿਚ ਆਰਸੀਐਮਪੀ ਨੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ I
ਤਸਵੀਰ: Jessica Cheung/CBC
ਮਰਿਅਮ ਗੈਮਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ